(ਸਮਾਜ ਵੀਕਲੀ)- ਅੱਜ ਇਨਸਾਨ ਦੇ ਸਿਰ ਤੇ ਸਵਾਰਥਪੁਣਾ ਭਾਰੂ ਹੈ, ਕੋਈ ਕਿਸੇ ਦੀ ਤਰੱਕੀ ਨੂੰ ਨਹੀਂ ਜਰਦਾ,ਕੋਈ ਕਿਸੇ ਦੇ ਹਾਸੇ ਨੂੰ ਨਹੀਂ ਜਰਦਾ, ਕੋਈ ਕਿਸੇ ਨੂੰ ਚੰਗਾ ਪਹਿਨਿਆ ਦੇਖ਼ ਕੇ ਨਹੀਂ ਜਰਦਾ। ਆਖ਼ਰ ਇਨਸਾਨ ਦੀ ਸੋਚ ਦਾ ਪੱਧਰ ਐਨਾ ਡਿੱਗਦਾ ਕਿਉਂ ਜਾ ਰਿਹਾ ਹੈ? ਕਦੇ ਕਿਸੇ ਨੇ ਸੋਚਿਆ ਹੈ? ਕਹਿਣ ਨੂੰ ਤਾਂ ਹਰ ਕੋਈ ਆਖਦਾ ਹੈ,” ਅਸੀਂ ਤਾਂ ਕਿਸੇ ਨੂੰ ਦੇਖ ਕੇ ਊਈਂ ਨੀ ਸੜਦੇ?” ਭਾਈ ਕਹਿਣ ਨੂੰ ਜੋ ਮਰਜ਼ੀ ਆਖੀ ਜਾਵੋ, ਕਿਸੇ ਨੂੰ ਦੇਖ ਕੇ ਕੋਈ ਖੁਸ਼ ਵੀ ਕਿੱਥੇ ਹੁੰਦਾ। ਇਹ ਤਾਂ ਕੋਈ ਲੱਖਾਂ ਵਿੱਚੋਂ ਵਿਰਲਾ ਹੀ ਹੁੰਦਾ ਹੋਵੇਗਾ ਜੋ ਇਹੋ ਜਿਹੀ ਬਿਰਤੀ ਦਾ ਮਾਲਕ ਹੋਵੇ। ਵੈਸੇ ਤਾਂ ਹਰ ਕਿਸੇ ਨੂੰ ਕਿਸੇ ਨਾ ਕਿਸੇ ਗੱਲੋਂ ਸਾੜਾ ਹੋ ਹੀ ਜਾਂਦਾ ਹੈ।
ਪਿੱਛੇ ਜਿਹੇ ਇੱਕ ਮਾੜਾ ਮੋਟਾ ਨਾਮਣਾ ਖੱਟਣ ਵਾਲੇ ਕਵੀ ਭਾਈ ਨੇ ਆਪਣੀ ਫੇਸਬੁੱਕ ਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਸ ਨੇ ਨਵਿਆਂ ਕਵੀਆਂ ਤੇ ਤੰਜ ਕਸ ਕੇ ਉਹਨਾਂ ਨੂੰ ਕਾਫ਼ੀ ਭੰਡਿਆ ਹੋਇਆ ਸੀ ਅਤੇ ਆਪਣੀ ਸਮਝ ਮੁਤਾਬਕ ਉਹਨਾਂ ਨੂੰ ਗੁਰੂ ਧਾਰਨ ਕੀਤੇ ਬਿਨਾਂ ਅਤੇ ਕਿਸੇ ਤੋਂ ਕਵਿਤਾ ਲਿਖਣ ਦੀ ਸਿਖਲਾਈ ਦੇ ਬਿਨਾਂ ਕਵਿਤਾ ਲਿਖਣ ਬਾਰੇ ਕਾਫੀ ਮੰਦਾ ਚੰਗਾ ਆਖਿਆ ਹੋਇਆ ਸੀ ਪਰ ਉਹ ਸਭ ਕੁਝ ਐਨੀ ਭੱਦੀ ਅਤੇ ਮਜ਼ਾਕ ਉਡਾਉਣ ਦੇ ਲਹਿਜ਼ੇ ਵਿੱਚ ਲਿਖਿਆ ਸੀ ਕਿ ਨਵੇਂ ਕਵੀਆਂ ਦਾ ਮਨੋਬਲ ਗਿਰਾਉਣ ਲਈ ਕਾਫੀ ਸੀ।ਜਦ ਕਿ ਉਹ ਕਵੀ ਸਾਹਿਬ ਆਪ ਅੱਠ ਨੌਂ ਜਮਾਤਾਂ ਹੀ ਪੜ੍ਹੇ ਹੋਏ ਹਨ।ਇਹੋ ਜਿਹੇ ਲੋਕ ਇਸ ਗੱਲੋਂ ਬੇਖ਼ਬਰ ਹੁੰਦੇ ਹਨ ਕਿ ਫੇਸਬੁੱਕ ਤੇ ਆਪਣਾ ਮਨੋਰੰਜਨ ਕਰਨ ਲਈ ਇਹੋ ਜਿਹੀ ਪੋਸਟ ਪਾ ਕੇ ਕਿੰਨਿਆਂ ਨਵੀਂ ਪੀੜ੍ਹੀ ਦੇ ਉੱਭਰ ਰਹੇ ਸਿਤਾਰਿਆਂ ਦਾ ਦਿਲ ਤੋੜ ਕੇ ਗੁੰਮਰਾਹ ਕਰਨ ਦਾ ਕੰਮ ਕਰਦੇ ਹਨ। ਜਦ ਕਿ ਸਮੇਂ ਦੀ ਲੋੜ ਹੈ ਕਿ ਨਵੀਂ ਪੀੜ੍ਹੀ ਨੂੰ ਉਤਸ਼ਾਹਿਤ ਕਰਕੇ ਉਸ ਨੂੰ ਸਰਾਹਿਆ ਜਾਵੇ ਅਤੇ ਸਹੀ ਸੇਧ ਦੇ ਕੇ ਉਹਨਾਂ ਦੀ ਕਲਾ ਨੂੰ ਨਿਖਾਰਿਆ ਜਾਵੇ।
ਹੌਸਲਾ ਵਧਾਉਣ ਵਾਲੇ ਇਨਸਾਨ ਦਾ ਨਾ ਕੁਛ ਘਟਦਾ ਹੈ ਤੇ ਨਾ ਕੁਝ ਵਿਗੜਦਾ ਹੈ। ਕਿਸੇ ਦਾ ਵੀ ਹੌਸਲਾ ਵਧਾਉਣ ਲਈ ਹਰ ਇਨਸਾਨ ਨੂੰ ਆਪਣੇ ਆਪ ਨੂੰ ਤਿਆਰ ਕਰਨਾ ਪੈਂਦਾ ਹੈ। ਆਪਣੇ ਅੰਦਰ ਸਕਾਰਾਤਮਕ ਊਰਜਾ ਪੈਦਾ ਕਰਨੀ ਪੈਂਦੀ ਹੈ। ਆਪਣੇ ਮਨ ਵਿੱਚੋਂ ਹਉਮੈ ਦਾ ਭਾਵ ਖ਼ਤਮ ਕਰ ਕੇ ਦੂਜਿਆਂ ਪ੍ਰਤੀ ਨੇਕ ਵਿਚਾਰ ਉਤਪੰਨ ਕਰਨੇ ਪੈਂਦੇ ਹਨ। ਕਿਸੇ ਦੇ ਕੀਤੇ ਕੰਮਾਂ ਵਿੱਚੋਂ ਪਹਿਲਾਂ ਚੰਗੀਆਂ ਅਤੇ ਲਾਹੇਵੰਦ ਗੱਲਾਂ ਨੂੰ ਦੇਖਣਾ
ਪੈਂਦਾ ਹੈ। ਆਪਣੇ ਆਪ ਨੂੰ ਹੀ ਵੱਡਾ ਸਮਝਣ ਦੀ ਸਮਝ ਨੂੰ ਬਦਲਣਾ ਪੈਂਦਾ ਹੈ। ਜਿਸ ਤਰ੍ਹਾਂ ਦੀ ਅੱਖ ਨਾਲ ਆਪਾਂ ਦੂਜਿਆਂ ਨੂੰ ਦੇਖਾਂਗੇ ਉਸੇ ਤਰ੍ਹਾਂ ਦੇ ਹੀ ਉਸ ਪ੍ਰਤੀ ਆਪਣੇ ਵਿਚਾਰ ਅੰਦਰੋ ਅੰਦਰੀ ਗੁਣਾ ਹੋ ਕੇ ਕਈ ਗੁਣਾਂ ਵਧ ਜਾਂਦੇ ਹਨ। ਫਿਰ ਉਹੋ ਜਿਹਾ ਹੀ ਉਸ ਮਨੁੱਖ ਪ੍ਰਤੀ ਆਪਣਾ ਰਵੱਈਆ ਹੋ ਜਾਂਦਾ ਹੈ । ਕੋਸ਼ਿਸ਼ ਕੀਤੀ ਜਾਵੇ ਕਿ ਹਰ ਕਿਸੇ ਪ੍ਰਤੀ ਚੰਗਾ ਹੀ ਸੋਚਿਆ ਜਾਵੇ। ਇੱਕ ਗੱਲ ਅਕਸਰ ਆਪਣੇ ਵੱਡਿਆਂ ਤੋਂ ਆਪਾਂ ਸੁਣਦੇ ਆ ਰਹੇ ਹਾਂ ਕਿ ਜੇ ਕਿਸੇ ਦੀ ਕੁੜੀ ਨਿੰਦਣੀ ਹੋਵੇ ਤਾਂ ਉਸ ਨੂੰ ਕਹਿ ਦੇਵੋ ਕਿ ਆਟਾ ਗੁੰਨ੍ਹਦੀ ਹਿੱਲਦੀ ਹੈ ਤੇ ਜੇ ਕਿਸੇ ਦਾ ਮੁੰਡਾ ਨਿੰਦਣਾ ਹੋਵੇ ਤਾਂ ਆਖ ਦੇਵੋ ਕਿ ਭਾਈ ਇਹਦੀ ਤਾਂ ਰੋਟੀ ਖਾਂਦੇ ਦੀ ਦਾੜ੍ਹੀ ਹਿੱਲਦੀ ਹੈ। ਗੱਲ ਕੀ ਜੇ ਕਿਸੇ ਵਿੱਚ ਨੁਕਸ ਕੱਢਣਾ ਹੀ ਹੈ ਤਾਂ ਕੁਝ ਨਾ ਕੁਝ ਤਾਂ ਲੱਭ ਹੀ ਜਾਂਦਾ ਹੈ।
ਕਿਸੇ ਦੁਖੀ ਇਨਸਾਨ ਦੀਆਂ ਏਧਰ ਓਧਰ ਖੜ੍ਹ ਕੇ ਗੱਲਾਂ ਕਰਕੇ, ਖੁੰਢ ਚਰਚਾ ਕਰਕੇ ਆਪਣਾ ਮਨਪ੍ਰਚਾਵਾ ਕਰਨ ਦੀ ਥਾਂ ਜੇ ਉਸ ਦੇ ਮੋਢੇ ਤੇ ਪਿਆਰ ਨਾਲ ਹੱਥ ਰੱਖ ਕੇ ਦੋ ਬੋਲ ਹਮਦਰਦੀ ਦੇ ਬੋਲ ਕੇ ਉਸ ਨੂੰ ਹੌਸਲਾ ਦਿੱਤਾ ਜਾਵੇ ਤਾਂ ਤੁਹਾਡੇ ਉਹ ਦੋ ਬੋਲ ਉਸ ਟੁੱਟ ਚੁੱਕੇ ਇਨਸਾਨ ਦੇ ਜ਼ਖ਼ਮ ਭਰਨ ਲਈ ਮਲ੍ਹਮ ਦਾ ਕੰਮ ਕਰਦੇ ਹਨ। ਪਿਆਰ ਭਰੇ ਦੋ ਬੋਲ ਬੋਲਣ ਲਈ ਨਾ ਸਾਨੂੰ ਕੋਈ ਖਰਚਾ ਕਰਨਾ ਪੈਂਦਾ ਹੈ ਤੇ ਨਾ ਹੀ ਕੋਈ ਮਿਹਨਤ ਕਰਨੀ ਪੈਂਦੀ ਹੈ। ਨਵੀਂ ਪੀੜ੍ਹੀ ਦੇ ਬੱਚਿਆਂ ਦੀਆਂ ਗਲਤੀਆਂ ਨੂੰ ਉਜਾਗਰ ਕਰਕੇ ਥਾਂ ਥਾਂ ਭੰਡਣ ਦੀ ਥਾਂ ਉਹਨਾਂ ਨੂੰ ਉਹਨਾਂ ਤੋਂ ਜਾਣੂ ਕਰਵਾ ਕੇ ਅੱਗੇ ਤੋਂ ਹੋਰ ਚੰਗਾ ਕਰਨ ਦਾ ਹੌਸਲਾ ਦਿੱਤਾ ਜਾਵੇ ਤਾਂ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਕੁਰਾਹੇ ਪੈਣ ਤੋਂ ਰੋਕਣ ਲਈ ਕਾਰਾਗਰ ਸਾਬਤ ਹੋ ਸਕਦਾ ਹੈ। ਹਮੇਸ਼ਾ ਇਹ ਗੱਲ ਲੜ ਨਾਲ ਬੰਨ੍ਹ ਲੈਣੀ ਚਾਹੀਦੀ ਹੈ ਕਿ ਕਿਸੇ ਵੀ ਟੁੱਟ ਚੁੱਕੇ ਇਨਸਾਨ ਨੂੰ ਦਿੱਤੇ ਥੋੜ੍ਹੇ ਜਿਹੇ ਹੌਸਲੇ ਨਾਲ ਉਸ ਨੂੰ ਨਮੋਸ਼ੀ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ, ਕਿਸੇ ਆਤਮਘਾਤ ਤੱਕ ਪਹੁੰਚਣ ਵਾਲੇ ਮਨ ਨੂੰ ਵਾਪਸ ਜ਼ਿੰਦਗੀ ਜਿਊਣ ਦੇ ਰਸਤੇ ਵੱਲ ਮੋੜਿਆ ਜਾ ਸਕਦਾ ਹੈ , ਕਿਸੇ ਨੌਜਵਾਨ ਨੂੰ ਨਸ਼ਿਆਂ ਜਾਂ ਕੁਸੰਗਤ ਦੀ ਦਲਦਲ ਵਿੱਚ ਡੁੱਬਣੋਂ ਬਚਾਇਆ ਜਾ ਸਕਦਾ ਹੈ।
ਇਸ ਤਰ੍ਹਾਂ ਕਿਸੇ ਦਾ ਵੀ ਹੌਸਲਾ ਵਧਾਉਣਾ ਇੱਕ ਕਲਾ ਹੈ,ਜੇ ਤੁਸੀਂ ਇਸ ਨੂੰ ਬਹੁਤ ਚੰਗੀ ਤਰ੍ਹਾਂ ਨਿਭਾ ਰਹੇ ਹੋ ਤਾਂ ਸਮਝੋ ਤੁਸੀਂ ਪਰਮਾਤਮਾ ਦੀ ਇਸ ਦੁਨੀਆ ਰੂਪੀ ਮੰਚ ਦੇ ਮਹਾਂਨਾਇਕ ਹੋ ਕਿਉਂ ਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly