ਏਹੁ ਹਮਾਰਾ ਜੀਵਣਾ ਹੈ -371

ਬਰਜਿੰਦਰ-ਕੌਰ-ਬਿਸਰਾਓ.
(ਸਮਾਜ ਵੀਕਲੀ)-ਘਰ ਬਾਰ ਚਲਾਉਂਦਿਆਂ ਜਾਂ ਸਮਾਜ ਵਿੱਚ ਵਿਚਰਦਿਆਂ ਰੋਜ਼ਾਨਾ ਕਈ ਇਹੋ ਜਿਹੇ ਕੰਮ ਧੰਦੇ ਕਰਨ ਵਾਲੇ ਹੁੰਦੇ ਹਨ ਜਦੋਂ ਸਾਨੂੰ ਕਿਸੇ ਨਾ ਕਿਸੇ ਦੀ ਸਲਾਹ ਲੈਣੀ ਪੈਂਦੀ ਹੈ ਜਾਂ ਫਿਰ ਕਿਸੇ ਨੂੰ ਸਲਾਹ ਦੇਣੀ ਵੀ ਪੈਂਦੀ ਹੈ। ਸਲਾਹ ਮਸ਼ਵਰਾ ਕਰਨਾ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਪੱਖ ਹੈ ਤੇ ਸਲਾਹਕਾਰ ਦੀ ਉਸ ਤੋਂ ਵੀ ਵੱਧ ਅਹਿਮੀਅਤ ਹੁੰਦੀ ਹੈ। ਵੱਡਿਆਂ ਵੱਡਿਆਂ ਅਹੁਦੇਦਾਰਾਂ ਦੇ ਸਲਾਹਕਾਰ ਵੀ ਨਿਯੁਕਤ ਕੀਤੇ ਜਾਂਦੇ ਹਨ। ਪਰ ਆਮ ਜ਼ਿੰਦਗੀ ਵਿੱਚ ਵੱਡਿਆਂ ਤੋਂ ਸਲਾਹ ਲੈਣੀ ਜਾਂ ਫਿਰ ਕਿਸੇ ਦਾਨੇ ਸਾਨੇ ਬਜ਼ੁਰਗ ਤੋਂ ਸਲਾਹ ਲੈ ਕੇ ਕੰਮ ਕਰਨਾ ਤਾਂ ਸਾਡੀ ਸਦੀਆਂ ਤੋਂ ਚੱਲੀ ਆ ਰਹੀ ਰੀਤ ਹੈ। ਪਿੰਡ ਵਿੱਚ ਕੋਈ ਨਾ ਕੋਈ ਸਿਆਣੀ ਬੁੜੀ ਜਾਂ ਬਾਬਾ ਜ਼ਰੂਰ ਹੁੰਦੇ ਸਨ ਜਿਸ ਤੋਂ ਪਿੰਡ ਦੇ ਸਾਰੇ ਲੋਕ ਆਪਣੇ ਕਾਰਜਾਂ ਲਈ ਅਕਸਰ ਸਲਾਹ ਲੈਣ ਜਾਂਦੇ ਹੁੰਦੇ ਸਨ। ਜਦੋਂ ਕਿਸੇ ਨੇ ਕੋਈ ਵੱਡਾ ਕਾਰਜ ਕਰਨਾ ਹੁੰਦਾ ਸੀ ਤਾਂ ਆਪਾਂ ਅਕਸਰ ਇਹ ਗੱਲ ਜਰੂਰ ਕਿਤੇ ਨਾ ਕਿਤੇ ਸੁਣਦੇ ਰਹਿੰਦੇ ਸੀ ,” …… ਫ਼ਲਾਣਿਆਂ ਕੇ ਬਾਬੇ ਤੋਂ ਪੁੱਛ ਲਓ…… ਉਹ ਹਮੇਸ਼ਾ ਸਹੀ ਸਲਾਹ ਦਿੰਦੇ ਨੇ….. ਊਂ ਤਾਂ…. ਪਿੰਡ ਦੇ ਸਾਰੇ ਲੋਕ ਈ ਓਹਦੀ ਸਲਾਹ ਲੈ ਕੇ ਕੰਮ ਕਰਦੇ ਨੇ…..ਓਹ ਕਿਸੇ ਨੂੰ ਗਲਤ ਰਾਇ ਨੀ ਦਿੰਦੇ…..!” ਜਾਂ ਫਿਰ ਪਿੰਡ ਦੀ ਕਿਸੇ ਸਿਆਣੀ ਬੇਬੇ ਬਾਰੇ ਪਿੰਡ ਦੀਆਂ ਔਰਤਾਂ ਆਖਦੀਆਂ ਸੁਣੀਆਂ ਜਾਂਦੀਆਂ ਸਨ,” ਮੈਂ ਤਾਈ ਬਿਸ਼ਨੀ ਦੀ ਸਲਾਹ ਲੈ ਕੇ ਆਉਨੀ ਆਂ…… ਕੱਲ੍ਹ ਨੂੰ ਕੁੜੀ ਦੇ ਸਹੁਰਿਆਂ ਤੋਂ ਰਿਸ਼ਤੇਦਾਰਾਂ ਨੇ ਆਉਣੈਂ….. ਉਹਨਾਂ ਨੂੰ ਕੀ ਦੇਣ ਦਾ ਸਾਡਾ ਹੱਕ ਬਣਦਾ…. ਤਾਈ ਸਹੀ ਸਲਾਹ ਦਿੰਦੀ ਆ….. ਸਾਰੀਆਂ ਉਹਦੇ ਤੋਂ ਈ ਸਲਾਹ ਲੈ ਕੇ ਕੰਮ ਕਰਦੀਆਂ ਨੇ….. ਨਹੀਂ ਤਾਂ ਸਾਡੇ ਚਾਚੀ ਜੀ ਤੋਂ ਸਲਾਹ ਮੰਗੋ….. ਉਹ ਤਾਂ ਭੰਬਲਭੂਸੇ ਵਿੱਚ ਹੀ ਪਾ ਦਿੰਦੇ ਨੇ……ਬੰਦੇ ਦੇ ਡਿਮਾਕ ਨੂੰ ਉਲਝਾ ਕੇ ਰੱਖ ਦਿੰਦੇ ਨੇ……!” ਕਈ ਵਾਰ ਆਪਾਂ ਨੇ ਕੰਮ ਚਾਹੇ ਆਪਣੀ ਮਰਜ਼ੀ ਨਾਲ ਕਰਨਾ ਹੁੰਦਾ ਹੈ ਪਰ ਘਰ ਦੇ ਸਿਆਣੇ ਨੂੰ ਮੁੱਖ ਰੱਖ ਕੇ ਉਸ ਦੇ ਸਤਿਕਾਰ ਵਜੋਂ ਉਸ ਦੀ ਸਲਾਹ ਪੁੱਛ ਲਈ ਜਾਂਦੀ ਹੈ ਜਿਸ ਵਿੱਚ ਉਹਨਾਂ ਦੀ ਸਲਾਹ ਨਾਲ਼ੋਂ ਵੱਧ ਆਪਣਾ ਫੈਸਲਾ ਸੁਣਾ ਕੇ ਉਹਨਾਂ ਤੋਂ ‘ਹਾਂ’ ਕਰਵਾਈ ਜਾਂਦੀ ਹੈ ਜਿਵੇਂ ਕੋਈ ਪਿਤਾ ਆਪਣੇ ਪੁੱਤਰ ਦੀ ਖ਼ਾਤਰ ਆਪਣੇ ਪਿਓ ਤੋਂ ਸਲਾਹ ਮੰਗ ਕੇ ਪੁੱਤਰ ਸਾਹਮਣੇ ਵੱਡਿਆਂ ਦਾ ਆਦਰ ਕਰਨ ਦੀ ਮਿਸਾਲ ਪੇਸ਼ ਕਰਦਾ ਹੈ ਉਦਾਹਰਨ ਵਜੋਂ ਘਰ ਦੇ ਨੌਜਵਾਨ ਬੱਚੇ ਨੇ ਆਪਣੇ ਦੋਸਤਾਂ ਨਾਲ਼ ਬਾਹਰ ਘੁੰਮਣ ਜਾਣ ਦੀ ਜ਼ਿੱਦ ਫੜੀ ਹੋਈ ਹੋਵੇ ਤਾਂ ਉਸ ਦਾ ਪਿਓ ਉਸ ਦੇ ਦਾਦੇ ਦੀ ਸਲਾਹ ਬਿਨਾਂ ਇਜਾਜ਼ਤ ਨਾ ਦੇਣ ਬਾਰੇ ਇੰਝ ਆਖੇਗਾ,” ਦੇਖ਼ ਪੁੱਤਰ….. ਤੂੰ ਆਪਣੇ ਦੋਸਤਾਂ ਨਾਲ ਚਾਹੇ ਦੋ ਦਿਨ ਦੀ ਜਗ੍ਹਾ ਚਾਰ ਦਿਨ ਘੁੰਮ ਆਵੀਂ….ਪਰ ਜੇ ਤੇਰੇ ਦਾਦਾ ਜੀ ਇਜਾਜ਼ਤ ਦੇਣਗੇ…. ਮੈਂ ਤਾਂ ਅੱਜ ਤੱਕ ਉਹਨਾਂ ਦੀ ਸਲਾਹ ਬਿਨਾਂ ਕੋਈ ਕੰਮ ਨਹੀਂ ਕੀਤਾ….। ” ਓਧਰ ਉਹੀ ਪਿਤਾ ਸਰਕਾਰੀ ਬਿਲ ਪਾਸ ਕਰਵਾਉਣ ਵਾਂਗ ਆਪਣੇ ਬਾਪੁ ਜੀ ਕੋਲੋਂ ਇਸ ਤਰ੍ਹਾਂ ਸਲਾਹ ਮੰਗੇਗਾ ਕਿ ਉਸ ਨੂੰ ਹਾਂ ਕਰਨੀ ਹੀ ਪੈਂਦੀ ਹੈ,” ਬਾਪੂ ਜੀ…. ਆਪਣਾ ਜਵਾਨ…..ਪੇਪਰ ਦੇ ਕੇ ਹਟਿਆ ਸੀ…..ਓਹਦੇ ਦੋਸਤ ਘੁੰਮਣ ਚੱਲੇ ਨੇ….ਮੈਂ ਸੋਚਿਆ ਆਪਾਂ ਵੀ ਇਹਨੂੰ ਦੋ ਦਿਨ ਘੁੰਮਣ ਭੇਜ ਦੇਈਏ….. ਵਿਚਾਰਾ ਕਦੇ ਬਾਹਰ ਗਿਆ ਵੀ ਨੀ…. ਜੇ ਬਾਹਰ ਅੰਦਰ ਨੀ ਜਾਊਗਾ ਤਾਂ…. ਓਹਨੂੰ ਦੁਨੀਆਦਾਰੀ ਦੀ ਸਮਝ ਕਿਵੇਂ ਆਊ…..ਪਰ ਮੈਂ ਸੋਚਿਆ….. ਤੁਹਾਡੀ ਸਲਾਹ ਬਿਨਾਂ ਮੈਂ ਜਵਾਨ ਨੂੰ ਕਿਧਰੇ ਨੀ ਭੇਜਣਾ….. ਬਾਕੀ ਤੁਸੀਂ ਦੱਸ ਦਿਓ ਤੁਹਾਡੀ ਕੀ ਸਲਾਹ ਹੈ…..?” ਬਾਪੂ ਜੀ ਨੂੰ ਜਦ ਸਾਰੇ ਤਰਕ ਤਾਂ ਪਹਿਲਾਂ ਹੀ ਦੱਸ ਦਿੱਤੇ ਤਾਂ ਬਾਪੂ ਜੀ ਚਾਹੁੰਦੇ ਹੋਏ ਵੀ ‘ਨਾਂਹ’ ਨੀ ਆਖ ਸਕਦੇ ਤੇ ਇੰਝ ਸਲਾਹ ਦਿੰਦੇ ਹਨ,” ਆਹੋ….. ਤੁਸੀਂ ਦੇਖ ਲਓ….. ਜਿਵੇਂ ਠੀਕ ਲੱਗਦਾ….. ਮੈਂ ਨੰਨਾ ਕਾਹਨੂੰ ਪਾਉਣਾ…. ਭੇਜ ਦਿਓ ਜਵਾਕ ਨੂੰ …. ਘੁੰਮ ਫਿਰ ਆਊਗਾ ਚਾਰ ਦਿਨ….!”
      ਇਸ ਤਰ੍ਹਾਂ ਘਰ ਬਣਾਉਣ ਤੋਂ ਲੈਕੇ ਘਰ ਲਈ ਵਸਤੂਆਂ ਦੀ ਖ਼ਰੀਦੋ ਫਰੋਖਤ ਕਰਨ ਲਈ ਜਾਂ ਬੱਚਿਆਂ ਨੂੰ ਕਿਹੜੇ ਸਕੂਲ ਪੜ੍ਹਨ ਲਾਇਆ ਜਾਏ ਜਾਂ ਬੱਚਿਆਂ ਦੇ ਰਿਸ਼ਤਿਆਂ ਲਈ ਜਾਂ ਫਿਰ ਕਿਸੇ ਨਾਲ ਦੇਣ ਲੈਣ ਕਰਨ ਸਮੇਂ ਅਕਸਰ ਸਲਾਹ ਮਸ਼ਵਰਾ ਕੀਤਾ ਜਾਂਦਾ ਹੈ। ਸਲਾਹ ਮਸ਼ਵਰਾ ਕਰਨਾ ਸਹੀ ਵੀ ਹੁੰਦਾ ਹੈ ਕਿਉਂ ਕਿ ਹਰ ਵਿਅਕਤੀ ਜੋ ਫੈਸਲਾ ਇਕੱਲਾ ਨਹੀਂ ਕਰ ਸਕਦਾ ਉਹ ਦੂਜੇ ਦੀ ਸਲਾਹ ਲੈ ਕੇ ਉਸ ਦੀ ਸੋਚ ਨੂੰ ਆਪਣੇ ਨਾਲ ਰਲਾ ਕੇ ਵਧੀਆ ਨੇਪਰੇ ਚਾੜ੍ਹ ਸਕਦਾ ਹੈ। ਇਹ ਤਾਂ ਹੋਈ ਸਾਡੀ ਜ਼ਿੰਦਗੀ ਵਿੱਚ ਸਲਾਹ ਮਸ਼ਵਰੇ ਦੀ ਅਹਿਮੀਅਤ,ਜਿਸ ਰਾਹੀਂ ਸਾਡਾ ਅਤੇ ਸਾਡੇ ਵੱਡਿਆਂ ਦਾ ਸਤਿਕਾਰ ਵਧਦਾ ਹੈ ਅਤੇ ਸਹੀ ਸਮੇਂ ਤੇ ਸਹੀ ਸਲਾਹ ਲੈਣ ਨਾਲ ਗਲਤੀਆਂ ਦੀ ਸੰਭਾਵਨਾ ਵੀ ਘਟ ਜਾਂਦੀ ਹੈ।
          ਅਗਲੀ ਗੱਲ ਆਪਾਂ ਨੇ ਮੁਫ਼ਤ ਦੇ ਸਲਾਹਕਾਰਾਂ ਦੀ ਕਰਨੀ ਹੈ ਜੋ ਅਕਸਰ ਆਪਾਂ ਨੂੰ ਰਾਹ ਤੁਰੇ ਜਾਂਦੇ ਮਿਲ਼ ਜਾਂਦੇ ਹਨ ਜਾਂ ਕਈ ਵਾਰ ਉਹ ਘਰ ਤਾਂ ਕਿਸੇ ਹੋਰ ਕੰਮ ਆਏ ਹੁੰਦੇ ਹਨ ਪਰ ਆਪਣੀ ਵਿਦਵਤਾ ਦਾ ਸਬੂਤ ਪੇਸ਼ ਕਰਦੇ ਕਰਦੇ ਕਿੰਨੀਆਂ ਸਾਰੀਆਂ ਸਲਾਹਾਂ ਦੇ ਕੇ ਅਸਲੀ ਕੰਮ ਕੀਤੇ ਬਿਨਾਂ ਹੀ ਚਲੇ ਜਾਂਦੇ ਹਨ। ਇਹਨਾਂ ਅੰਦਰ ਐਨੀ ਸਿਆਣਪ ਭਰੀ ਹੁੰਦੀ ਹੈ ਕਿ ਸਾਹਮਣੇ ਵਾਲਾ ਵਿਅਕਤੀ ਚਾਹੇ ਕਿੰਨਾਂ ਵੀ ਪੜ੍ਹਿਆ ਲਿਖਿਆ ਕਿਉਂ ਨਾ ਹੋਵੇ ਉਸ ਨੂੰ ਬੁੱਧੂ ਤੇ ਅਨਪੜ੍ਹ ਬਣਾਉਣ ਦੀ ਕੋਈ ਕਸਰ ਨਹੀਂ ਛੱਡਦੇ। ‘ਕਾਸ਼ਨੀ’  ਬਿਲਕੁਲ ਅਨਪੜ੍ਹ ਔਰਤ ਸੀ,ਜਦੋਂ ਨਵੀਂ ਨਵੀਂ ਮੁਹੱਲੇ ਵਿੱਚ ਆਈ ਸੀ ਤਾਂ ਉਸ ਨੂੰ ਖਾਣ ਪਹਿਨਣ ਦਾ ਕੋਈ ਬਹੁਤਾ ਸਲੀਕਾ ਨਹੀਂ ਸੀ। ਦੋ ਜਵਾਕ ਸਨ ਜਿਨ੍ਹਾਂ ਨੂੰ ਉਹ ਕੁੱਟਦੀ ਰਹਿੰਦੀ ਸੀ ਕਿਉਂਕਿ ਕਿ ਉਹ ਬਹੁਤ ਨਲਾਇਕ ਸਨ। ਉਸ ਦੀ ਗੁਆਂਢਣ ਦਲਜੀਤ ਨੇ ਉਸ ਨੂੰ ਬੱਚਿਆਂ ਨੂੰ ਪਿਆਰ ਨਾਲ ਪਾਲਣ ਦੀ ਸਲਾਹ ਦਿੱਤੀ ਤੇ ਆਪ ਕਸਰਤ ਕਰਨ ਦੇ ਨਾਲ ਨਾਲ ਉਸ ਨੂੰ ਕਸਰਤ ਕਰਨ ਦੇ ਫਾਇਦੇ ਦੱਸ ਕੇ ਉਸ ਨੂੰ ਕਸਰਤ ਕਰਨੀ ਸਿਖਾਈ। ਡੇਢ ਕੁ ਦਹਾਕੇ ਬਾਅਦ ਉਸ ਦੇ ਜਵਾਕ ਪੜ੍ਹ ਕੇ ਪ੍ਰਾਈਵੇਟ ਨੌਕਰੀਆਂ ਕਰਨ ਲੱਗ ਪਏ ਤੇ ਆਦਮੀ ਦਾ ਕੰਮ ਕਾਰ ਚੰਗਾ ਚੱਲ ਪਿਆ। ਹੁਣ ਉਹ ਦਲਜੀਤ ਦੇ ਮੁਹੱਲੇ ਦੀ ਸਭ ਤੋਂ ਵੱਡੀ ਮੁਫ਼ਤ ਦੀ ਸਲਾਹਕਾਰ ਬਣ ਗਈ ਸੀ। ਜੇ ਕੋਈ ਔਰਤ ਉਸ ਨੂੰ ਰਾਹ ਵਿੱਚ ਮਿਲ ਪਵੇ ਤਾਂ ਆਖੇਗੀ,” ਆਪ ਕਾ ਪੇਟ ਵਧ ਗਿਆ ਹੈ…ਆਪ ਕਪਾਲ ਭਾਰਤੀ ਯੋਗਾ ਕੀਆ ਕਰੋ….. ਆਪ ਸੈਰ ਕੀਆ ਕਰੋ….. ਅਪਨੇ ਬੱਚੋਂ ਕੀ ਫਾਈਲ ਵਹਾਂ ਪੇ ਲਗਾਓਗੇ ਤੋ ਜਲਦੀ ਕਾਮ ਹੋ ਜਾਏਗਾ….ਵੋ ਸਕੂਲ ਅੱਛਾ ਹੈ….ਵੋ ਕਾਲੇਜ ਅੱਛਾ ਹੈ…..!” ਇੱਕ ਔਰਤ ਨੂੰ ਸਲਾਹ ਦੇਣ ਲੱਗੀ ਤਾਂ ਉਸ ਨੇ ਕਿਹਾ ਮੇਰਾ ਬੱਚਾ ਤਾਂ ਇੰਟਰਨੈਸ਼ਨਲ ਪਲੇਅਰ ਹੈ ਤਾਂ ਉਸ ਨੂੰ ਆਖਣ ਲੱਗੀ,” ਉਸ ਕੋ ਆਪ ਯਹ ਖਾਨੇ ਮੇਂ ਦੀਆ ਕਰੋ….ਵੋਹ ਦੀਆ ਕਰੋ…!” ਉਹ ਔਰਤ ਉਸ ਦੀਆਂ ਖਾਹਮਖਾਹ ਦੀਆਂ ਸਲਾਹਾਂ ਤੋਂ ਮਸਾਂ ਪਿੱਛਾ ਛੁਡਾ ਕੇ ਭੱਜੀ। ਮੁਫ਼ਤ ਦੇ ਸਲਾਹਕਾਰ ਕਿਸੇ ਦੇ ਬੀਮਾਰ ਹੋਣ ਤੇ,ਕਿਸੇ ਦੇ ਸੱਟ ਫੇਟ ਲੱਗਣ ਤੇ ਦੇਸੀ ਨੁਕਤਿਆਂ ਦੀ ਝੜੀ ਲਾ ਦਿੰਦੇ ਹਨ। ਪਿੱਛੇ ਜਿਹੇ ਮੇਰੀ ਬਾਂਹ ਦੀ ਹੱਡੀ ਟੁੱਟੀ ਤਾਂ ਕਿਸੇ ਨੇ ਮੈਨੂੰ ਪਨੀਰ ਖਾਣ ਦੀ ਸਲਾਹ ਦਿੱਤੀ,ਕਿਸੇ ਨੇ ਖਰੌੜਿਆਂ ਦਾ ਸੂਪ ਪੀਣ ਦੀ ਸਲਾਹ ਦਿੱਤੀ, ਕਿਸੇ ਨੇ ਹੋਰ ਚੰਗੀ ਡਾਈਟ ਖਾਣ ਦੀ ਸਲਾਹ ਦਿੱਤੀ ਤੇ ਕਿਸੇ ਨੇ ਕੁਛ ਤੇ ਕਿਸੇ ਨੇ ਕੁਛ ਖਾਣ ਦੀ ਸਲਾਹ ਦਿੱਤੀ। ਪਰ ਇਹ ਸਲਾਹਾਂ ਸੁਣ ਸੁਣ ਕੇ ਹੀ ਐਨਾ ਪੇਟ ਭਰ ਜਾਂਦਾ ਸੀ ਕਿ ਜਿਹੜੀ ਦੋ ਡੰਗ ਦੀ ਰੋਟੀ ਖਾਂਦੀ ਹੁੰਦੀ ਸੀ ਉਹ ਖਾਣ ਨੂੰ ਵੀ ਦਿਲ ਨਾ ਕਰਨਾ।ਇਸ ਤਰ੍ਹਾਂ ਮੁਫ਼ਤ ਦੇ ਸਲਾਹਕਾਰਾਂ ਦੀਆਂ ਸਲਾਹਾਂ ਫਾਇਦਾ ਘੱਟ ਤੇ ਨੁਕਸਾਨ ਵੱਧ ਕਰਦੀਆਂ ਹਨ।
         ਅੱਜ ਕੱਲ੍ਹ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਨਾ ਤਾਂ ਕਿਸੇ ਕੋਲ ਸਲਾਹ ਲੈਣ ਦਾ ਵਕਤ ਹੈ ਤੇ ਨਾ ਹੀ ਕੋਈ ਸਲਾਹ ਦੇਣੀ ਚਾਹੁੰਦਾ ਹੈ। ਅੱਜ ਕੱਲ੍ਹ ਚਲਾਕੀ ਦਾ ਜ਼ਮਾਨਾ ਹੈ,ਕੋਈ ਵੀ ਵਿਅਕਤੀ ਕਿਸੇ ਦੇ ਨਫ਼ੇ ਨੁਕਸਾਨ ਦਾ ਠੂਹਣਾ ਆਪਣੇ ਸਿਰ ਨਹੀਂ ਭੰਨਣਾ ਚਾਹੁੰਦਾ। ਘਰਾਂ ਵਿੱਚ ਵੀ ਅੱਜ ਕੱਲ੍ਹ ਬੱਚਿਆਂ ਵੱਲੋਂ ਸਲਾਹ ਮਸ਼ਵਰਾ ਕਰਨ ਦੀ ਰੀਤ ਤਾਂ ਅਲੋਪ ਹੋ ਹੀ ਰਹੀ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਉਹ ਆਪਣੇ ਵੱਡਿਆਂ ਉੱਤੇ ਆਪਣੀ ਮਰਜ਼ੀ ਥੋਪਦੇ ਨਜ਼ਰ ਆਉਂਦੇ ਹਨ। ਮੰਨਿਆ ਕਿ ਮੁਫ਼ਤ ਦੇ ਸਲਾਹਕਾਰ ਸਿਰ ਖਾਊ ਹੋ ਸਕਦੇ ਹਨ ਪਰ ਵੱਡਿਆਂ ਦਾ ਮਾਣ ਵਧਾਉਣ ਲਈ ਉਹਨਾਂ ਨੂੰ ਮੁੱਖ ਰੱਖ ਕੇ ਸਲਾਹ ਮਸ਼ਵਰਾ ਕਰਦੇ ਰਹਿਣਾ ਸਾਡੇ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਇਸ ਲਈ ਇਸ ਰੀਤ ਨੂੰ ਬਚਾਉਣ ਲਈ ਘਰਾਂ ਵਿੱਚ ਬੱਚਿਆਂ ਅਤੇ ਮਾਪਿਆਂ ਨੂੰ ਘਰ ਦੇ ਛੋਟੇ ਮੋਟੇ ਕੰਮਾਂ ਲਈ ਸਮੇਂ ਸਮੇਂ ਤੇ ਸਾਰਾ ਪਰਿਵਾਰ ਇਕੱਠੇ ਬੈਠ ਕੇ ਆਪਸੀ ਸਲਾਹ ਮਸ਼ਵਰਾ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਬੱਚਿਆਂ ਵਿੱਚ ਵੀ ਘਰ ਵਿੱਚ ਹਰ ਕੰਮ ਕਰਨ ਲਈ ਸਲਾਹ ਮਸ਼ਵਰਾ ਕਰਨ ਦੀ ਆਦਤ ਪੱਕ ਜਾਵੇ। ਅੱਜ ਕੱਲ੍ਹ ਚਾਹੇ ਇਕਹਿਰੇ ਪਰਿਵਾਰਾਂ ਦਾ ਰੁਝਾਨ ਵੱਧ ਹੈ ਪਰ ਜੇ ਇਹ ਅਭਿਆਸ ਵਾਰ ਵਾਰ ਘਰ ਵਿੱਚ ਹੁੰਦਾ ਰਹੇਗਾ ਤਾਂ ਵੱਡਿਆਂ ਤੋਂ ਸਲਾਹ ਮਸ਼ਵਰਾ ਕਰਨ ਦੀ ਰੀਤ ਨੂੰ ਅਸੀਂ ਹੋਰ ਕਾਫੀ ਸਮਾਂ ਚੱਲਦਾ ਰੱਖ ਸਕਾਂਗੇ। ਕਿਉਂ ਕਿ ਚੰਗੀਆਂ ਰੀਤਾਂ ਰਸਮਾਂ ਦਾ ਪ੍ਰਵਾਹ ਚਲਦਾ ਰੱਖਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
99889 01324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਵਲੋਂ ਜਨਤਕ ਲਾਮਬੰਦੀ ਤਹਿਤ ਪਿੰਡ ਮੁਠੱਡਾ ਕਲਾਂ ਵਿੱਚ ਭਰਵੀਂ ਮੀਟਿੰਗ।*
Next articleਸੁਖਬੀਰ ਸਿੰਘ ਬਾਦਲ ਸਮੇਤ ਸੀਨੀਅਰ ਲੀਡਰਸ਼ਿਪ 6 ਸਤੰਬਰ ਨੂੰ ਜਲੰਧਰ ਕਿਸਾਨਾਂ ਦੇ ਹੱਕ ਚ ਧਰਨਾ ਦੇਣਗੇ