ਬਰਜਿੰਦਰ ਕੌਰ ਬਿਸਰਾਓ
(ਸਮਾਜ ਵੀਕਲੀ)- ਅੱਜ ਵਿਗਿਆਨ ਤਰੱਕੀਆਂ ਦੀ ਸਿਖਰਾਂ ਨੂੰ ਛੂਹ ਰਿਹਾ ਹੈ, ਦੁਨੀਆਂ ਵਿੱਚ ਨਵੀਨੀਕਰਨ ਹੋ ਰਿਹਾ ਹੈ, ਸੁੱਖ ਸਹੂਲਤਾਂ ਦੇ ਭੰਡਾਰ ਲੱਗੇ ਹੋਏ ਹਨ, ਐਸ਼ੋ ਇਸ਼ਰਤ ਦੀ ਹਰ ਸ਼ੈਅ ਮੌਜੂਦ ਹੈ ਪਰ ਫਿਰ ਵੀ ਮਨੁੱਖ ਦੁਖੀ ਹੈ, ਮਾਨਸਿਕ ਤਣਾਓ ਵਿੱਚ ਹੈ ,ਹਰ ਸਮੇਂ ਅੰਦਰੋਂ ਅੰਦਰ ਘੁਲਦਾ ਰਹਿੰਦਾ ਹੈ ਤੇ ਆਪਣੇ ਆਪ ਨਾਲ ਲੜਦਾ ਰਹਿੰਦਾ ਹੈ। ਇਸ ਤੋਂ ਉਲਟ ਜੇ ਅੱਧੀ ਕੁ ਸਦੀ ਪਿਛਾਂਹ ਨੂੰ ਝਾਤੀ ਮਾਰੀਏ ਤਾਂ ਮਨੁੱਖ ਦੀ ਜ਼ਿੰਦਗੀ ਵਿੱਚੋਂ ਅੱਜ ਵਾਲ਼ੀਆਂ ਸਾਰੀਆਂ ਐਸ਼ੋ ਇਸ਼ਰਤ ਦੀਆਂ ਚੀਜ਼ਾਂ ਅਤੇ ਸਾਧਨ ਮਨਫੀ ਹੋ ਜਾਣਗੇ ਪਰ ਮਨੁੱਖ ਦੀ ਮਾਨਸਿਕ ਖੁਸ਼ੀ ਅੱਜ ਨਾਲੋਂ ਕਈ ਗੁਣਾ ਵੱਧ ਨਜ਼ਰ ਆਵੇਗੀ। ਉਦੋਂ ਦਾ ਮਨੁੱਖ ਮਿਹਨਤਕਸ਼, ਗਰਮੀਆਂ ਦੀਆਂ ਧੁੱਪਾਂ, ਸਰਦੀਆਂ ਦੀਆਂ ਠੰਢਾਂ ਵਿੱਚ,ਪੈਦਲ ਤੁਰ ਕੇ,ਵਾਣ ਵਾਲੇ ਮੰਜਿਆਂ ਉੱਤੇ ਘਰੋੜੇ ਸੌਂ ਕੇ ਵੀ ਆਨੰਦਮਈ ਨੀਂਦ ਲੈਂਦਾ ਨਜ਼ਰ ਆਵੇਗਾ। ਅੱਜ ਘਰ ਵਿੱਚ ਏਸੀਆਂ ਦੀ ਠੰਢਕ ਵੀ ਉਸ ਦੇ ਦਿਮਾਗ਼ ਨੂੰ ਸ਼ਾਂਤ ਨਹੀਂ ਕਰ ਰਹੀ, ਵਾਹਨਾਂ ਦੀ ਸਵਾਰੀ ਕਰਕੇ ਵੀ ਉਹ ਮੀਲਾਂ ਤੁਰਨ ਵਾਲੇ ਵਿਅਕਤੀਆਂ ਤੋਂ ਵੱਧ ਅੱਕਿਆ ਤੇ ਥੱਕਿਆ ਹੋਇਆ ਨਜ਼ਰ ਆਉਂਦਾ ਹੈ। ਉਸ ਅੰਦਰ ਨਾਮੋਸ਼ੀ ਹੈ,ਉਸ ਅੰਦਰ ਅਸੰਤੁਸ਼ਟਤਾ ਹੈ, ਉਸ ਅੰਦਰ ਸਾੜਾ ਹੈ ਕਿਉਂਕਿ ਉਸ ਅੰਦਰ ਸਿਰਫ਼ ਨਿੱਜਤਾ ਹੈ ਜਿਸ ਕਰਕੇ ਉਸ ਦੀ ਸੋਚ ਦਾ ਦਾਇਰਾ ਸੁੰਗੜ ਗਿਆ ਹੈ। ਉਸ ਦੀ ਸੋਚ ਉਸ ਨੂੰ ਆਪਣੇ ਤੋਂ ਉੱਪਰ ਕੁਝ ਹੋਰ ਸੋਚਣ ਨਹੀਂ ਦਿੰਦੀ ਜਿਸ ਕਰਕੇ ਉਸ ਦੀ ਸੋਚ ਨੇ ਹੀ ਉਸ ਦੇ ਮਨ ਅੰਦਰ ਕਲੇਸ਼ ਪਾਇਆ ਹੋਇਆ ਹੈ ਜਿਸ ਕਰਕੇ ਉਹ ਆਪਣੇ ਆਪ ਨਾਲ ਹੀ ਲੜਦਾ ਰਹਿੰਦਾ ਹੈ।
ਅੱਜ ਦਾ ਮਨੁੱਖ ਆਪਣੀ ਗ਼ਰੀਬੀ ਤੋਂ ਘੱਟ ਦੁਖੀ ਹੈ ਪਰ ਦੂਜਿਆਂ ਦੀ ਅਮੀਰੀ ਉਸ ਨੂੰ ਬਹੁਤ ਸਤਾ ਰਹੀ ਹੈ। ਆਪਣੀ ਔਲਾਦ ਦੇ ਭਵਿੱਖ ਦੀ ਚਿੰਤਾ ਨਾਲੋਂ ਜ਼ਿਆਦਾ ਦੂਜਿਆਂ ਦੀ ਔਲਾਦ ਦੀ ਤਰੱਕੀ ਦਾ ਸਾੜਾ ਵੱਧ ਹੈ। ਆਪਣੇ ਘਰ ਦੀ ਛੱਤ ਦਾ ਆਨੰਦ ਲੈਣ ਦੀ ਬਜਾਏ ਦੂਜਿਆਂ ਦੀਆਂ ਕੋਠੀਆਂ ਉਸ ਦੀ ਸੋਚ ਦੇ ਰਸਤੇ ਘੇਰ ਕੇ ਖੜੀਆਂ ਹਨ। ਉਹ ਦੂਜਿਆਂ ਦੀ ਜਿੱਤ ਨੂੰ ਆਪਣੀ ਹਾਰ ਮੰਨਣ ਲੱਗ ਪਿਆ ਹੈ, ਦੂਜਿਆਂ ਦੀ ਖੁਸ਼ੀ ਉਸ ਅੰਦਰ ਉਦਾਸੀ ਪੈਦਾ ਕਰਦੀ ਹੈ। ਗੱਲ ਕੀ, ਅੱਜ ਮਨੁੱਖ ਕੋਲ ਸਭ ਕੁਝ ਹੁੰਦਿਆਂ ਹੋਇਆਂ ਵੀ ਸੋਚ ਪੱਖੋਂ ਗਰੀਬ ਹੋ ਗਿਆ ਹੈ। ਪ੍ਰਗਤੀ ਦੇ ਨਾਂ ਤੇ ਉਸ ਦੇ ਹਿੱਸੇ ਸਿਰਫ਼ ਮਾਨਸਿਕ ਉਲਝਣਾਂ ਹੀ ਆਈਆਂ ਹਨ। ਅੱਜ ਮਨੁੱਖ ਆਪਣੇ ਆਪ ਨਾਲ ਲੜਦਾ ਹੋਇਆ ਮਾਨਸਿਕ ਤੌਰ ਤੇ ਐਨਾ ਕਮਜ਼ੋਰ ਹੋ ਜਾਂਦਾ ਹੈ ਕਿ ਉਸ ਨੂੰ ਰਿਸ਼ਤਿਆਂ ਦੀ ਕਦਰ ਭੁੱਲ ਜਾਂਦੀ ਹੈ, ਆਪਣੀ ਅਨਮੋਲ ਜ਼ਿੰਦਗੀ ਦੀ ਕੀਮਤ ਨਜ਼ਰ ਨਹੀਂ ਆਉਂਦੀ, ਆਪਣੀ ਜ਼ਿੰਦਗੀ ਦੇ ਮਕਸਦ ਭੁੱਲ ਜਾਂਦਾ ਹੈ ਤੇ ਅਚਾਨਕ ਹੀ ਕਈ ਤਰ੍ਹਾਂ ਦੇ ਭਿਆਨਕ ਕਦਮ ਉਠਾ ਬੈਠਦਾ ਹੈ। ਉਦਾਹਰਣ ਵਜੋਂ ਇੱਕ ਬਾਪ ਨੇ ਆਪਣੇ ਤਿੰਨ ਸਾਲ ਦੇ ਇਕਲੌਤੇ ਪੁੱਤਰ ਨੂੰ ਇਸ ਲਈ ਮਾਰ ਦਿੰਦਾ ਹੈ ਕਿ ਉਹ ਵੀ ਕਿਤੇ ਵੱਡਾ ਹੋ ਕੇ ਉਸ ਵਾਂਗ ਦਿਹਾੜੀਦਾਰ ਨਾ ਬਣੇ,ਇਹ ਉਸ ਦੇ ਦਿਮਾਗ਼ ਅੰਦਰ ਚੱਲਦੀਆਂ ਸੋਚਾਂ ਦੀ ਲੜਾਈ ਦਾ ਹੀ ਤਾਂ ਨਤੀਜਾ ਸੀ।ਜੇ ਕਿਤੇ ਉਹ ਆਪਣੀ ਪਤਨੀ ਨਾਲ ਇਸ ਬਾਰੇ ਗੱਲ ਕਰਦਾ ਤਾਂ ਹੋ ਸਕਦਾ ਉਹ ਉਸ ਨੂੰ ਹੌਂਸਲਾ ਦਿੰਦੀ ਕਿ ਉਹ ਉਸ ਨੂੰ ਪੜ੍ਹਾ ਲਿਖਾ ਕੇ ਉਸ ਦਾ ਭਵਿੱਖ ਉਸਾਰਨਗੇ ਤਾਂ ਉਸ ਦੀ ਆਪਣੀ ਦਿਮਾਗੀ ਲੜਾਈ ਖ਼ਤਮ ਹੋ ਕੇ ਸਾਕਾਰਾਤਮਕ ਸੋਚ ਪੈਦਾ ਹੁੰਦੀ। ਇਸੇ ਤਰ੍ਹਾਂ ਔਲਾਦ ਦੁਆਰਾ ਮਾਪਿਆਂ ਨੂੰ ਮਾਰ ਦੇਣਾ,ਭਾਈ ਭੈਣ ਨੂੰ ਜਾਂ ਭੈਣ ਭਰਾ ਨੂੰ ਜਾਂ ਫਿਰ ਇਸ ਤੋਂ ਵੀ ਵੱਧ ਦੂਜਿਆਂ ਨੂੰ ਮੁਸੀਬਤ ਵਿੱਚ ਪਾਉਣ ਖਾਤਰ ਕਿਸੇ ਦਾ ਵੀ ਨਾਂ ਲੈ ਕੇ ਆਤਮਹੱਤਿਆ ਕਰ ਲੈਣਾ। ਇਹ ਸਭ ਖ਼ੁਦ ਨਾਲ ਲੜਨ ਦੇ ਨਤੀਜੇ ਹੀ ਤਾਂ ਨਿਕਲ਼ਦੇ ਹਨ।
ਜਦੋਂ ਮਨੁੱਖ ਅੰਦਰ ਆਲ਼ੇ ਦੁਆਲ਼ੇ ਦੇ ਵਾਤਾਵਰਨ ਨੂੰ ਵੇਖ ਕੇ ਉਸ ਵਿੱਚੋਂ ਪੈਦਾ ਹੋਈਆਂ ਮਨ ਦੇ ਅੰਦਰ ਵਾਲ਼ੀਆਂ ਸੋਚਾਂ ਨੂੰ ਉਹ ਨਕਾਰਾਤਮਕ ਢੰਗ ਨਾਲ ਲੈਕੇ ਸੋਚਦਾ ਹੈ ਤਾਂ ਉਸ ਅੰਦਰ ਇਹ ਵਾਵਰੋਲਿਆਂ ਵਾਂਗ ਕੰਮ ਕਰਦੀਆਂ ਹਨ। ਵਾਵਰੋਲੇ ਤਾਂ ਫਿਰ ਤਬਾਹੀ ਹੀ ਮਚਾਉਂਦੇ ਹਨ ਚਾਹੇ ਉਹ ਸੋਚਾਂ ਵਾਲੇ ਵਾਵਰੋਲੇ ਹੀ ਕਿਉਂ ਨਾ ਹੋਣ।ਆਓ ਆਪਾਂ ਗੱਲ ਕਰਦੇ ਹਾਂ ਕਿ ਸਾਡੇ ਅੰਦਰ ਇਹ ਨਾਕਾਰਾਤਮਕ ਸੋਚ ਪੈਦਾ ਹੀ ਕਿਉਂ ਹੁੰਦੀ ਹੈ?
ਅੱਜ ਮਨੁੱਖ ਦੇ ਦਿਮਾਗ਼ ਉੱਪਰ ਪਦਾਰਥਵਾਦੀ ਸੋਚ ਭਾਰੂ ਹੋਣ ਕਰਕੇ ਉਹ ਆਪਣੇ ਜਾਣ ਪਛਾਣ ਵਾਲਿਆਂ ਨਾਲ ਸਮਾਜਿਕ ਤੇ ਆਰਥਿਕ ਬਰਾਬਰੀ ਦੀ ਖਾਤਰ ਆਪਣੇ ਮਨ ਦੇ ਸੁੱਖ ਚੈਨ ਖੋ ਬੈਠਦਾ ਹੈ। ਉਸ ਦੀ ਸੋਚ ਉੱਤੇ ਆਪਣੇ ਆਪ ਨੂੰ ਦੁਨੀਆਂ ਵਿੱਚ ਉੱਚਾ ਚੁੱਕਣ ਦੀ ਹੋੜ ਨੇ ਕਬਜ਼ਾ ਕਰ ਲਿਆ ਹੈ ਜਿਸ ਕਰਕੇ ਉਹ ਦੁਖੀ ਹੈ ਤੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਹੈ। ਇਸ ਪ੍ਰੇਸ਼ਾਨੀ ਦਾ ਹੱਲ ਵੀ ਉਸ ਕੋਲ ਹੀ ਹੈ। ਇਸ ਲਈ ਉਸ ਨੂੰ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਖੁਸ਼ ਰੱਖਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਉਸ ਦੀ ਸੋਚਾਂ ਵਾਲ਼ੀ ਖਿੱਚੋਤਾਣ ਖਤਮ ਹੋ ਸਕੇ।
ਗੁਰੂ ਨਾਨਕ ਦੇਵ ਜੀ ਦਾ ਮਹਾਂ ਵਾਕ “ਮਨਜੀਤੇ ਜਗਜੀਤ ” ਦਾ ਸਿਧਾਂਤ ਵੀ ਤਾਂ ਮਨ ਦੀ ਸ਼ਕਤੀ ਦਾ ਭਾਵ ਹੀ ਦਰਸਾਉਂਦਾ ਹੈ। ਇਹ ਤੁਕ ‘ਜਪੁਜੀ ਸਾਹਿਬ ਦੀ 27ਵੀਂ ਪਉੜੀ ਵਿੱਚ ਦਰਜ ਹੈ। ਇਸ ਵਿੱਚ ਗੁਰੂ ਸਾਹਿਬ ਨੇ ਇਹੀ ਦੱਸਿਆ ਹੈ ਕਿ ਮਨੁੱਖ ਆਪਣੇ ਮਨ ‘ਤੇ ਕਾਬੂ ਪਾ ਕੇ ਹੀ ਸਾਰੇ ਸੰਸਾਰ ਨੂੰ ਜਿੱਤ ਲੈਣ ਦੇ ਸਮਰੱਥ ਹੋ ਸਕਦਾ ਹੈ। ਇਸ ਦੇ ਲਈ ਮਨੁੱਖ ਨੂੰ ਆਪਣੀ ਸੋਚ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਉਸ ਨੂੰ ਆਪਣੀ ਸੋਚ ਨੂੰ ਆਪਣੇ ਵਸ ਵਿੱਚ ਕਰਨਾ ਪਵੇਗਾ ਨਾ ਕਿ ਖ਼ੁਦ ਨੂੰ ਸੋਚ ਦੇ ਵਸ ਕਰੇ।ਇਹ ਛੋਟੀ ਜਿਹੀ ਗੱਲ ਬਹੁਤ ਵੱਡੇ ਸਾਕਾਰਾਤਮਕ ਨਤੀਜੇ ਦੇ ਸਕਦੀ ਹੈ। ਮਨੁੱਖ ਨੂੰ ਆਪਣੀ ਸੋਚ ਨੂੰ ਬਦਲਣ ਲਈ ਹਰ ਵੇਲੇ ਆਪਣੀ ਸੋਚ ਵੱਲ ਧਿਆਨ ਦੇਣਾ ਪਵੇਗਾ। ਜਦੋਂ ਵੀ ਉਸ ਦੀ ਸੋਚ ਵਿੱਚ ਕ੍ਰੋਧ, ਈਰਖਾ,ਵੈਰ,ਵਿਰੋਧ ਜਾਂ ਫਿਰ ਬਦਲੇ ਦੀ ਭਾਵਨਾ ਉਤਪੰਨ ਹੋਣ ਲੱਗੇ ਉਸੇ ਸਮੇਂ ਆਪਣੀ ਸੋਚ ਨੂੰ ਉਧਰੋਂ ਹਟਾ ਕੇ ਕਿਸੇ ਚੰਗੇ ਕੰਮ ਜਾਂ ਮਕਸਦ ਵੱਲ ਲੈ ਕੇ ਜਾਵੇ। ਉਸ ਉੱਤੇ ਕੰਮ ਕਰਨਾ ਸ਼ੁਰੂ ਕਰੇ। ਮਨ ਵਿੱਚ ਆਈਆਂ ਬੁਰੀਆਂ ਸੋਚਾਂ ਨੂੰ ਵਾਰ ਵਾਰ ਸੋਚ ਕੇ ਲੱਕੜੀ ਦੇ ਘੁਣ ਵਾਂਗ ਵਧਣ ਤੋਂ ਰੋਕਿਆ ਜਾਵੇ। ਜਿਹੜੀਆਂ ਗੱਲਾਂ ਜਾਂ ਵਿਅਕਤੀ ਮਨ ਅੰਦਰ ਕ੍ਰੋਧ ਪੈਦਾ ਕਰਨ ਉਹਨਾਂ ਬਾਰੇ ਸੋਚਣਾ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ।
ਮਨੁੱਖ ਨੂੰ ਆਪਣੇ ਆਪ ਨੂੰ ਜ਼ਿੰਦਗੀ ਵਿੱਚ ਕਿਸੇ ਤੋਂ ਘੱਟ ਜਾਂ ਘਟੀਆ ਨਹੀਂ ਸਮਝਣਾ ਚਾਹੀਦਾ। ਜੇ ਆਰਥਿਕ ਤੌਰ ਤੇ ਸਥਿਤੀ ਮਜ਼ਬੂਤ ਨਹੀਂ ਤਾਂ ਵਿਚਾਰਕ ਸਥਿਤੀ ਐਨੀ ਮਜ਼ਬੂਤ ਕਰੋ ਕਿ ਹਰ ਕੋਈ ਤੁਹਾਡੇ ਵਿਚਾਰਾਂ ਦਾ ਕਾਇਲ ਹੋ ਜਾਵੇ। ਆਪਣੀ ਬੁੱਧੀ ਦੀ ਪ੍ਰਸ਼ੰਸਾ ਕਿਸੇ ਅਮੀਰੀ ਤੋਂ ਘੱਟ ਨਹੀਂ ਹੁੰਦੀ। ਜਿਹੜੇ ਲੋਕ ਹਮਦਰਦ ਬਣ ਕੇ ਕਮਜ਼ੋਰੀ ਨੂੰ ਵਾਰ ਵਾਰ ਸਾਹਮਣੇ ਲਿਆ ਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹੋਣ ਤਾਂ ਉਹਨਾਂ ਤੋਂ ਕਿਨਾਰਾ ਕੀਤਾ ਹੀ ਠੀਕ ਹੁੰਦਾ ਹੈ। ਮਨੁੱਖ ਨੂੰ ਆਪਣੇ ਦਿਮਾਗ ਵਿੱਚ ਇਹ ਗੱਲ ਜਰੂਰ ਬਿਠਾ ਲੈਣੀ ਚਾਹੀਦੀ ਹੈ ਕਿ ਉਹ ਇੱਕ ਇਨਸਾਨ ਬਣ ਕੇ ਧਰਤੀ ਤੇ ਆਇਆ ਹੈ ਤਾਂ ਇਸ ਤੋਂ ਵੱਡੀ ਅਮੀਰੀ ਹੋਰ ਕੀ ਹੋ ਸਕਦੀ ਹੈ।ਜੇ ਮਨੁੱਖ ਆਪਣਿਆਂ ਨਾਲ ਪਿਆਰ ਅਤੇ ਸਤਿਕਾਰ ਵਧਾਉਣ ਦੀ ਕੋਸ਼ਿਸ਼ ਕਰੇਗਾ, ਆਪਣੇ ਦੁੱਖ਼ ਸੁੱਖ ਸਾਂਝੇ ਕਰਨ ਦੀ ਆਦਤ ਪਾਵੇਗਾ , ਦੂਜਿਆਂ ਦੇ ਦੁੱਖਾਂ ਨੂੰ ਵੰਡਾ ਕੇ ਖੁਸ਼ੀ ਹਾਸਲ ਕਰੇਗਾ, ਦੂਜਿਆਂ ਦੀ ਖੁਸ਼ੀ ਵਿੱਚ ਖੁਸ਼ੀ ਮਨਾਉਣ ਲੱਗ ਪਵੇਗਾ,ਰਾਤੋ ਰਾਤ ਸਫ਼ਲਤਾ ਹਾਸਲ ਕਰਨ ਦੀ ਬਜਾਏ ‘ਸਹਿਜ ਪਕੇ ਸੋ ਮੀਠਾ ਹੋਇ’ ਦੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਏਗਾ ਤਾਂ ਉਹ ਖ਼ੁਦ ਨਾਲ ਲੜਨਾ ਛੱਡ ਕੇ ਇੱਕ ਖੁਸ਼ਹਾਲ ਜੀਵਨ ਬਤੀਤ ਕਰਨ ਦੇ ਸਮਰੱਥ ਹੋ ਜਾਵੇਗਾ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324