(ਸਮਾਜ ਵੀਕਲੀ)- ਚਾਰ ਅੱਖਰੀ ਸ਼ਬਦ ‘ਸਟੇਟਸ’ ਦੇ ਪੰਜਾਬੀ ਵਿੱਚ ਕਈ ਮਤਲਬ ਨਿਕਲਦੇ ਹਨ ਜਿਵੇ ਹੈਸੀਅਤ ,ਦਰਜਾ, ਪਦਵੀ, ਰੁਤਬਾ,ਅਹੁਦਾ, ਸਥਿਤੀ, ਪ੍ਰਤਿਸ਼ਠਾ, ਔਕਾਤ ਆਦਿ। ਜੇ ਦੇਖਿਆ ਜਾਵੇ ਤਾਂ ਮਨੁੱਖ ਸਾਰੀ ਉਮਰ ਆਪਣਾ ਸਟੇਟਸ ਬਣਾਉਣ ਦੇ ਚੱਕਰ ਵਿੱਚ ਹੀ ਭੰਬੀਰੀ ਵਾਂਗ ਘੁੰਮਿਆ ਫ਼ਿਰਦਾ ਹੈ। ਆਪਣਾ ਸਟੇਟਸ ਕਾਇਮ ਕਰਨ ਲਈ ਮਨੁੱਖ ਐਨੀ ਭੱਜ ਦੌੜ ਤੇ ਮਿਹਨਤ ਕਰਦਾ ਹੈ ਕਿ ਨਾ ਉਸ ਨੂੰ ਦਿਨੇ ਚੈਨ ਹੈ ਤੇ ਨਾ ਹੀ ਉਸ ਨੂੰ ਰਾਤੀਂ ਨੀਂਦ ਪੈਂਦੀ ਹੈ। ਕੋਈ ਪੜ੍ਹ ਲਿਖ ਕੇ ਉੱਚੇ ਅਹੁਦੇ ਤੇ ਲੱਗਕੇ ਆਪਣਾ ਸਟੇਟਸ ਬਣਾਉਂਦਾ ਹੈ,ਕੋਈ ਛੋਟੀ ਜਿਹੀ ਦੁਕਾਨ ਤੋਂ ਵੱਡਾ ਸ਼ੋਅ ਰੂਮ ਬਣਾ ਕੇ ਆਪਣਾ ਸਟੇਟਸ ਕਾਇਮ ਕਰਦਾ ਹੈ ਤੇ ਕੋਈ ਨੇਤਾ ਬਣ ਕੇ ਜਾਂ ਕਈ ਹੋਰ ਹੋਰ ਤਰੀਕਿਆਂ ਨਾਲ ਆਪਣਾ ਸਟੇਟਸ ਬਣਾਉਂਦੇ ਹਨ।ਇਸ ਤਰ੍ਹਾਂ ਲੋਕ ਸਾਰੀ ਉਮਰ ਆਪਣਾ ਸਟੇਟਸ ਬਣਾਉਣ ਦੇ ਚੱਕਰਵਿਊ ਵਿੱਚ ਫ਼ਸੇ ਰਹਿੰਦੇ ਹਨ। ਮਨੁੱਖ ਅੰਦਰ ਇਸ ਦੀ ਲਾਲਸਾ ਐਨੀ ਕਿਉਂ ਹੁੰਦੀ ਹੈ?
ਅਸਲ ਵਿੱਚ ਜੋ ਵਿਅਕਤੀ ਆਪਣਾ ਸਟੇਟਸ ਉੱਚਾ ਚੁੱਕ ਲੈਂਦਾ ਹੈ,ਉਸ ਨੂੰ ਆਮ ਲੋਕ ਸਲਾਮਾਂ ਕਰਦੇ ਹਨ,ਉਸ ਦੀ ਸਮਾਜ ਵਿੱਚ ਇੱਜ਼ਤ ਵਧਦੀ ਹੈ, ਜਿੰਨਾਂ ਉੱਚਾ ਸਟੇਟਸ ਓਨੀ ਉੱਚੀ ਨਿਗਾਹ ਨਾਲ ਲੋਕ ਉਹਨਾਂ ਨੂੰ ਦੇਖਦੇ ਹਨ,ਓਨੀ ਹੀ ਉਹਨਾਂ ਦੀ ਵਡਿਆਈ ਹੁੰਦੀ ਹੈ।ਇਸ ਦਾ ਮਤਲਬ ਸਿੱਧੇ ਤੌਰ ਤੇ ਇਹ ਹੋਇਆ ਕਿ ਉਹਨਾਂ ਦੀ ਹੈਸੀਅਤ ਵਧ ਜਾਂਦੀ ਹੈ,ਰੁਤਬਾ ਉੱਚਾ ਹੋ ਜਾਂਦਾ ਹੈ,ਉਸ ਦੀ ਸਥਿਤੀ,ਅਹੁਦਾ ਤੇ ਦਰਜਾ ਆਮ ਲੋਕਾਂ ਨਾਲੋਂ ਬਿਹਤਰ ਹੁੰਦਾ ਹੈ ਜਿਸ ਕਰਕੇ ਉਹ ਇੱਕ ਪ੍ਰਤਿਸ਼ਠਾਵਾਨ ਸਮਾਜਿਕ ਪ੍ਰਾਣੀ ਬਣ ਜਾਂਦਾ ਹੈ ।ਇਹ ਤਾਂ ਗੱਲ ਹੋਈ ਮਨੁੱਖ ਦੇ ਰੁਤਬੇ ਵਾਲੇ ਸਟੇਟਸ ਦੀ ਪਰ ਇੱਕ ਬਹੁਤ ਹੀ ਚਰਚਾ ਯੋਗ ਗੱਲ ਹੈ -ਸੋਸ਼ਲ ਮੀਡੀਆ ਦੇ ਸਟੇਟਸ ਦੀ ,ਜੋ ਮਨੁੱਖ ਦੇ ਉਪਰੋਕਤ ਬਿਆਨ ਕੀਤੇ ਸਟੇਟਸ ਤੇ ਸਿੱਧੇ ਜਾਂ ਅਸਿੱਧੇ ਤੌਰ ਤੇ ਬਹੁਤ ਅਸਰ ਪਾਉਂਦਾ ਹੈ। ਫੇਸਬੁੱਕ ‘ਸਟੇਟਸ’, ਵਟਸਐਪ ‘ਸਟੇਟਸ’ ਜਾਂ ਹੋਰ ਕਈ ਥਾਈਂ ਸਟੇਟਸ ਪਾਉਣ ਦੀ ਸਹੂਲਤ ਇਹਨਾਂ ਐਪਾਂ ਵੱਲੋਂ ਦਿੱਤੀ ਗਈ ਹੈ। ਵੈਸੇ ਵੀ ਸਟੇਟਸ ਤੋਂ ਭਾਵ ਸਥਿਤੀ ਤੋਂ ਜਾਣੂ ਕਰਵਾਉਣਾ ਹੁੰਦਾ ਹੈ ਕਿ ਤੁਸੀਂ ਕਿਸ ਸਥਿਤੀ ਵਿੱਚੋਂ ਗੁਜ਼ਰ ਰਹੇ ਹੋ। ਜ਼ਾਹਿਰ ਜਿਹੀ ਗੱਲ ਹੈ ਕਿ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਕੰਮ ਦਾ ਸਟੇਟਸ ਜਾਣਿਆ ਜਾਂਦਾ ਹੈ ,ਉਦਾਹਰਨ ਦੇ ਤੌਰ ਤੇ, ਦਫ਼ਤਰ ਦੇ ਕੰਮ ਦਾ ਕੀ ਸਟੇਟਸ ਹੈ, ਬਿਲਡਿੰਗ ਉਸਾਰੀ ਦੇ ਕੰਮ ਦਾ ਕੀ ਸਟੇਟਸ ਹੈ ਕਿ ਕਦ ਤੱਕ ਪੂਰੀ ਹੋ ਜਾਵੇਗੀ ਜਾਂ ਸਮਝ ਲਓ ਕਿ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਕੰਮ ਦਾ ਸਟੇਟਸ ਜਾਣਿਆ ਜਾਂਦਾ ਹੈ,ਰੋਗੀ ਦੀ ਬੀਮਾਰੀ ਦਾ, ਸੰਸਥਾਵਾਂ ਦੀ ਤਰੱਕੀ ਦਾ, ਸਮਾਗਮਾਂ ਦੀਆਂ ਤਿਆਰੀਆਂ ਦਾ ਭਾਵ ਨਿੱਕੇ ਤੋਂ ਵੱਡੇ ਕੰਮਾਂ ਦਾ ਸਟੇਟਸ ਜਾਣਨਾ ਬਹੁਤ ਜ਼ਰੂਰੀ ਹੁੰਦਾ ਹੈ। ਉਸੇ ਤਰ੍ਹਾਂ ਸੋਸ਼ਲ ਮੀਡੀਆ ਦੀਆਂ ਬਹੁਤ ਸਾਰੀਆਂ ਐਪਾਂ ਤੇ ਮਨੁੱਖ ਨੂੰ ਸਟੇਟਸ ਪਾਉਣ ਦੀ ਸਹੂਲਤ ਹੈ।
ਕੀ ਮਨੁੱਖ ਸੋਸ਼ਲ ਮੀਡੀਆ ਤੇ ਸਟੇਟਸ ਪਾਉਂਦਾ ਪਾਉਂਦਾ ਕਿਤੇ ਆਪਣੀ ਛੁਪੀ ਹੋਈ ਔਕਾਤ ਹੀ ਤਾਂ ਨਹੀਂ ਬਿਆਨ ਕਰ ਬੈਠਦਾ? ਦਰ ਅਸਲ ਜੇ ਦੇਖਿਆ ਜਾਵੇ ਤਾਂ ਹਰ ਕੋਈ ਆਪਣੀ ਦਿਮਾਗੀ ਹਾਲਤ ਅਤੇ ਆਪਣੇ ਆਲ਼ੇ ਦੁਆਲ਼ੇ ਦੇ ਵਰਤਾਰੇ ਮੁਤਾਬਕ ਸਟੇਟਸ ਤਾਂ ਜ਼ਰੂਰ ਪਾਉਂਦਾ ਹੈ ਪਰ ਉਹ ਉਸ ਲਈ ਕਿੰਨਾ ਕੁ ਸਾਰਥਕ ਸਿੱਧ ਹੁੰਦਾ ਹੈ ਤੇ ਕਿੰਨਾ ਕੁ ਉਸ ਨੂੰ ਨੁਕਸਾਨ ਕਰ ਦਿੰਦਾ ਹੈ, ਕਈ ਵਾਰ ਉਹ ਇਸ ਗੱਲੋਂ ਬੇਖ਼ਬਰ ਹੁੰਦਾ ਹੈ। ਅੱਜ ਕੱਲ੍ਹ ਆਮ ਕਰਕੇ ਕਿਸੇ ਇੱਕ ਰਿਸ਼ਤੇਦਾਰ ਜਾਂ ਜਾਣਕਾਰ ਜਾਂ ਦੋਸਤ ਮਿੱਤਰ ਨਾਲ਼ ਮਨ ਮੁਟਾਵ ਜਾਂ ਗ਼ਿਲਾ ਸ਼ਿਕਵਾ ਹੋ ਜਾਣ ਤੇ ਕਈ ਵਿਅਕਤੀ ਇਹੋ ਜਿਹੇ ਸਟੇਟਸ ਪਾਉਣਗੇ ਜਿੰਨਾਂ ਰਾਹੀਂ ਆਪਣਾ ਗੁੱਸਾ, ਆਪਣੇ ਅੰਦਰ ਦੀ ਕੜਵਾਹਟ ਪੂਰੀ ਤਰ੍ਹਾਂ ਕੱਢਣਗੇ ਕਿ ਜਿਸ ਨੂੰ ਉਹ ਮੂੰਹ ਤੇ ਬੋਲ ਕੇ ਨਹੀਂ ਕਹਿ ਸਕਦੇ ਜਾਂ ਸਾਹਮਣੇ ਆ ਕੇ ਮੂੰਹ ਤੇ ਚਪੇੜ ਨਹੀਂ ਮਾਰ ਸਕਦੇ ਉਹਨਾਂ ਦਾ ਇਹ ਸਾਰਾ ਕੰਮ ਉਹਨਾਂ ਦਾ ਸਟੇਟਸ ਕਰ ਰਿਹਾ ਹੁੰਦਾ ਹੈ।ਉਹ ਚਾਹੇ ਇੱਕ ਦੋ ਲੋਕਾਂ ਲਈ ਉਹ ਸਟੇਟਸ ਪਾ ਰਹੇ ਹੁੰਦੇ ਹਨ ਪਰ ਉਸ ਨੂੰ ਪੜ੍ਹਨ ਵਾਲੇ ਤਾਂ ਹੋਰ ਵੀ ਬਹੁਤ ਲੋਕ ਹੁੰਦੇ ਹਨ,ਜਿਨ੍ਹਾਂ ਨੂੰ ਉਹਨਾਂ ਦੀਆਂ ਉਹ ਕੌੜੀਆਂ ਕਰਾਰੀਆਂ, ਨਫ਼ਰਤ ਭਰੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ,ਜਿਸ ਕਰਕੇ ਉਨ੍ਹਾਂ ਦੇ ਦਿਲ ਵਿੱਚ ਜਿਹੜਾ ਪਿਆਰ ਤੇ ਸਤਿਕਾਰ ਉਹਨਾਂ ਦੇ ‘ਰੁਤਬੇ ਵਾਲੇ ਸਟੇਟਸ ‘ ਕਰਕੇ ਭਰਿਆ ਹੁੰਦਾ ਹੈ ਉਹ ਸਿਰਫ਼ ‘ਔਕਾਤ’ ਤੇ ਆ ਕੇ ਮੁੱਕ ਜਾਂਦਾ ਹੈ। ਆਮ ਕਰਕੇ ਲੋਕਾਂ ਵੱਲੋਂ ਸੋਸ਼ਲ ਐਪਾਂ ਦੇ ਸਟੇਟਸ ਆਪਣੇ ਮਨ ਦੀ ਭੜਾਸ ਕੱਢਣ, ਜਿਹੜੇ ਮਿਹਣੇ ਤਾਹਨੇ ਮੂੰਹ ਤੇ ਨਹੀਂ ਮਾਰੇ ਜਾ ਸਕਦੇ ਉਹ ਸਟੇਟਸਾਂ ਰਾਹੀਂ ਮਾਰੇ ਜਾਂਦੇ ਹਨ । ਕਈ ਡਰਪੋਕਾਂ ਨੇ ਸਟੇਟਸਾਂ ਰਾਹੀਂ ਆਪਣੇ ਆਪ ਨੂੰ ਨਾਢੂ ਖ਼ਾਂ ਬਣਨ ਦਾ ਜ਼ੋਰ ਲਾਇਆ ਹੋਇਆ ਹੁੰਦਾ ਹੈ। ਕਈ ਚੋਰ ਠੱਗ ਜਾਂ ਹੋਰ ਕਈ ਤਰ੍ਹਾਂ ਦੀਆਂ ਬੁਰਾਈਆਂ ਦੇ ਧਾਰਨੀ ਮਨੁੱਖ ਐਨੇ ਕੁ ਧਾਰਮਿਕ ਸਟੇਟਸ ਪਾਉਂਦੇ ਹਨ ਕਿ ਦੁਨੀਆਂ ਸਾਹਮਣੇ ਆਪਣੇ ਆਪ ਨੂੰ ਕਿਸੇ ਧਰਮਾਤਮਾ ਤੋਂ ਘੱਟ ਨਹੀਂ ਪੇਸ਼ ਕਰਦੇ। ਕਿਸੇ ਪਤੀ ਪਤਨੀ ਜਾਂ ਪ੍ਰੇਮੀ ਪ੍ਰੇਮਿਕਾ ਦੀ ਲੜਾਈ ਹੋਈ ਹੋਵੇ ਤਾਂ ਉਹਨਾਂ ਦੁਆਰਾ ਪਾਏ ਗਏ ਸਟੇਟਸ ਜਾਂ ਤਾਂ ਰੁੱਸਿਆਂ ਨੂੰ ਮਨਾਉਣ ਦਾ ਕੰਮ ਕਰ ਜਾਂਦੇ ਹਨ ਜਾਂ ਫਿਰ ਜਮ੍ਹਾਂ ਈ ਰਿਸ਼ਤੇ ਨੂੰ ਤੋੜਨ ਦੀ ਭੂਮਿਕਾ ਵੀ ਅਦਾ ਕਰਦੇ ਹਨ। ਬਹੁਤਾ ਕਰਕੇ ਸਟੇਟਸ ਕਿਸੇ ਇੱਕ ਦੋ ਲੋਕਾਂ ਨੂੰ ਆਪਣੀ ਮਾਨਸਿਕ ਸਥਿਤੀ ਬਿਆਨ ਕਰਨ ਲਈ ਮਨੁੱਖ ਪਾਉਂਦਾ ਹੈ ਪਰ ਉਹ ਭੁੱਲ ਜਾਂਦਾ ਹੈ ਕਿ ਬਾਕੀ ਦੁਨੀਆਂ ਉੱਤੇ ਉਸ ਦੀ ਇਸ ਮਾਨਸਿਕਤਾ ਦਾ ਕੀ ਅਸਰ ਪਵੇਗਾ। ਕਈ ਲੋਕ ਆਪਣੇ ਹੁਨਰਾਂ ਨੂੰ ਵੀ ਸਟੇਟਸਾਂ ਰਾਹੀਂ ਪੇਸ਼ ਕਰਕੇ ਦੁਨੀਆ ਵਿੱਚ ਆਪਣੀ ਨਿਵੇਕਲੀ ਪਛਾਣ ਸਥਾਪਤ ਕਰ ਲੈਂਦੇ ਹਨ ਤੇ ਸਟੇਟਸਾਂ ਰਾਹੀਂ ਆਪਣਾ ਸਟੇਟਸ ਉੱਚਾ ਚੁੱਕ ਲੈਂਦੇ ਹਨ।
ਪਰ ਆਮ ਕਰਕੇ ਲੋਕ ਆਪਣੀ ਮਿਹਨਤ ਸਦਕਾ ਕਮਾਏ ਉੱਚੇ ਸਟੇਟਸ ਭਾਵ ਰੁਤਬੇ ਨੂੰ ਕਿਸੇ ਇੱਕ ਲਈ ਆਪਣੇ ਕੜਵਾਹਟ ਭਰੇ ਜਾਂ ਊਟ ਪਟਾਂਗ ਸਟੇਟਸਾਂ ਰਾਹੀਂ ਆਪਣੀ ਔਕਾਤ ਦਿਖਾ ਕੇ ਨੀਵਾਂ ਕਰ ਦਿੰਦੇ ਹਨ ਕਿਉਂਕਿ ਇੱਕ ਤੋਂ ਇਲਾਵਾ ਦੂਜੇ ਲੋਕ ਉਸ ਨੂੰ ਉਸ ਦੀ ਮਾਨਸਿਕਤਾ ਸਮਝ ਬੈਠਦੇ ਹਨ। ਇਸ ਲਈ ਜੇ ਆਪਣੀ ਜ਼ਿੰਦਗੀ ਵਿੱਚ ਦੁਨਿਆਵੀ ਸਟੇਟਸ ਨੂੰ ਕਾਇਮ ਰੱਖਣਾ ਚਾਹੁੰਦੇ ਹੋ ਤਾਂ ਸੋਸ਼ਲ ਨੈੱਟਵਰਕਿੰਗ ਵਾਲੇ ਸਟੇਟਸਾਂ ਰਾਹੀਂ ਆਪਣੀ ਨਿੱਜਤਾ ਬਿਆਨ ਕਰਕੇ ਆਪਣੀ ਔਕਾਤ ਦਿਖਾਉਣੀ ਛੱਡਣੀ ਪਵੇਗੀ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324