ਏਹੁ ਹਮਾਰਾ ਜੀਵਣਾ ਹੈ -348

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)-  ਬੰਸੀ ਮਾਪਿਆਂ ਦਾ ਤਿੰਨਾਂ ਪੁੱਤਾਂ ਵਿੱਚੋਂ ਸਾਰਿਆਂ ਤੋਂ ਛੋਟਾ ਮੁੰਡਾ ਸੀ। ਗਰੀਬ ਜਿਹਾ ਪਰਿਵਾਰ ਸੀ। ਵੱਡੇ ਦੋਵੇਂ ਮੁੰਡੇ ਵਿਆਹੇ ਹੋਏ ਸਨ ਉਹ ਉਂਝ ਤਾਂ ਅੱਡ ਨਹੀਂ ਹੋਏ ਸਨ ਪਰ ਮਜਬੂਰੀਆਂ ਕਰਕੇ ਜਿੱਥੇ ਜਿੱਥੇ ਉਹਨਾਂ ਨੂੰ ਮਾੜਾ ਮੋਟਾ ਵਧੀਆ ਕੰਮ ਮਿਲ਼ ਗਿਆ ਉੱਥੇ ਆਪਣੇ ਨਾਲ ਆਪਣੇ ਟੱਬਰਾਂ ਨੂੰ ਰੱਖ ਲਿਆ। ਬੰਸੀ ਨੇ ਵੀ ਦਸ ਜਮਾਤਾਂ ਮਸਾਂ ਨਕਲ ਨੁਕਲ ਮਾਰ ਕੇ ਪਾਸ ਕੀਤੀਆਂ ਸਨ। ਪਹਿਲਾਂ ਪਹਿਲਾਂ ਤਾਂ ਛੋਟੀ ਮੋਟੀ ਨੌਕਰੀ ਤੇ ਲਵਾਉਣ ਲਈ ਉਸ ਦੀ ਮਾਂ ਕਿਤੇ ਨਾ ਕਿਤੇ ਕਿਸੇ ਕੋਲ ਮਿੰਨਤਾਂ ਤਰਲੇ ਕਰਦੀ ਰਹੀ।ਪਰ ਫਿਰ ਇਸ ਨੇ ਘਰਾਂ ਨੂੰ ਰੰਗ ਰੋਗਨ ਕਰਨ ਦਾ ਕੰਮ ਸਿੱਖ ਲਿਆ। ਕਈ ਵਾਰ ਕਿਤੇ ਦੂਜੇ ਸ਼ਹਿਰ ਕਿਸੇ ਕੋਠੀ ਦਾ ਠੇਕਾ ਮਿਲ਼ ਜਾਂਦਾ ਤਾਂ ਉਹ ਕਈ ਕਈ ਦਿਨ ਘਰ ਨਾ ਆਉਂਦਾ। ਮਿਹਨਤੀ ਹੋਣ ਕਰਕੇ ਉਸ ਨਾਲ਼ ਕੰਮ ਕਰਦੇ ਮੁੰਡੇ ਨੇ ਉਸ ਨੂੰ ਆਪਣੀ ਸਾਲ਼ੀ ਦਾ ਰਿਸ਼ਤਾ ਕਰਵਾ ਦਿੱਤਾ। ਬੰਸੀ ਦਾ ਵਿਆਹ ਹੋ ਗਿਆ। ਉਸ ਨੇ ਵੀ ਆਪਣੀ ਘਰਵਾਲ਼ੀ ਨਾਲ਼ ਪਿੰਡ ਛੱਡ ਕੇ ਸ਼ਹਿਰ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਪਹਿਲਾਂ ਪਹਿਲ ਤਾਂ ਕਮਰਾ ਕਿਰਾਏ ਤੇ ਲੈਕੇ ਰਹਿੰਦੇ ਰਹੇ ਫਿਰ ਹੌਲ਼ੀ ਹੌਲ਼ੀ ਛੋਟਾ ਜਿਹਾ ਪਲਾਟ ਲੈ ਲਿਆ ਤੇ ਫਿਰ ਦੋ ਕਮਰੇ ਛੱਤ ਕੇ ਆਪਣਾ ਘਰ ਬਣਾ ਲਿਆ ਸੀ। ਇਹ ਸਭ ਬੰਸੀ ਦੀ ਮਿਹਨਤ ਅਤੇ ਸਮਝਦਾਰੀ ਸਦਕਾ ਹੀ ਸੰਭਵ ਹੋ ਸਕਿਆ ਸੀ।

        ਬੰਸੀ ਦੇ ਵਿਆਹ ਨੂੰ ਛੇ ਵਰ੍ਹੇ ਹੋ ਗਏ ਸਨ।ਸੁੱਖ ਨਾਲ ਹੁਣ ਤਾਂ ਉਸ ਦੇ ਦੋ ਨਿਆਣੇ ਵੀ ਹੋ ਗਏ ਸਨ। ਪਰ ਉਸ ਦੀ ਪਤਨੀ ਦੇ ਸੁਭਾਅ ਵਿੱਚ ਜਮ੍ਹਾਂ ਫ਼ਰਕ ਨਹੀਂ ਆਇਆ ਸੀ। ਉਹ ਨਿੱਕੀ ਨਿੱਕੀ ਗੱਲ ਤੇ ਲੜ ਕੇ ਪੇਕੇ ਚਲੀ ਜਾਂਦੀ। ਅੱਠ ਦਸ ਦਿਨਾਂ ਬਾਅਦ ਬੰਸੀ ਉਸ ਨੂੰ ਮਨਾ ਕੇ ਲੈ ਆਉਂਦਾ। ਉਸ ਦੇ ਪੇਕੇ ਵੀ ਉਸ ਨੂੰ ਬਥੇਰਾ ਸਮਝਾਉਂਦੇ ਸਨ ਕਿ ਐਵੇਂ ਛੋਟੀ ਛੋਟੀ ਗੱਲ ਤੇ ਘਰ ਵਿੱਚ ਕਲੇਸ਼ ਨਾ ਕਰਿਆ ਕਰੇ।ਪਰ ਉਸ ਦਾ ਤਾਂ ਸੁਭਾਅ ਹੀ ਬਣ ਗਿਆ ਸੀ। ਉਹ ਬੰਸੀ ਨੂੰ ਹਰ ਵੇਲੇ ਤਾਹਨੇ ਮਿਹਣੇ ਮਾਰਦੀ ਰਹਿੰਦੀ ਸੀ ਕਿ ਉਹ ਉਸ ਨੂੰ ਕਿਤੇ ਘੁੰਮਾਉਣ ਨਹੀਂ ਲੈ ਕੇ ਜਾਂਦਾ। ਉਸ ਨਾਲ਼ ਲੜ ਕੇ ਉਸ ਨੂੰ ਕੁਛ ਖਾ ਕੇ ਮਰਨ ਦੀਆਂ ਧਮਕੀਆਂ ਦਿੰਦੀ ਰਹਿੰਦੀ। ਬੰਸੀ ਦਾ ਕੰਮ ਹੱਥੀਂ ਮਿਹਨਤ ਕਰਨ ਵਾਲ਼ਾ ਸੀ। ਜੇ ਉਹ ਵਧੀਆ ਕੰਮ ਕਰਦਾ ਸੀ ਤਾਂ ਚਾਰ ਪੈਸੇ ਵੱਧ ਕਮਾਈ ਹੋ ਜਾਂਦੀ ਸੀ। ਨਹੀਂ ਤਾਂ ਬੰਸੀ ਨਾਲ਼ ਦੇ ਹੋਰ ਬਥੇਰੇ ਮੁੰਡੇ ਸਨ ਜਿਨ੍ਹਾਂ ਦੇ ਘਰ ਹਜੇ ਤੱਕ ਭੰਗ ਭੁੱਜਦੀ ਸੀ। ਉਹਨਾਂ ਲਈ ਆਪਣਾ ਘਰ ਬਣਾਉਣਾ ਤਾਂ ਦੂਰ ਦੀ ਗੱਲ ਸੀ ਕਿਉਂਕਿ ਉਹਨਾਂ ਤੋਂ ਤਾਂ ਚੜ੍ਹੇ ਮਹੀਨੇ ਘਰ ਦਾ ਕਿਰਾਇਆ ਨਹੀਂ ਦਿੱਤਾ ਜਾਂਦਾ ਸੀ।
ਬੰਸੀ ਨੇ ਆਪਣੀ ਪਤਨੀ ਨੂੰ ਬਥੇਰਾ ਪਿਆਰ ਨਾਲ ਸਮਝਾਉਂਦੇ ਹੋਏ ਆਖਣਾ,”ਦੇਖ ਪ੍ਰੀਤੋ….. ਆਪਾਂ ਮਿਹਨਤ ਮਜ਼ਦੂਰੀ ਵਾਲ਼ੇ ਬੰਦੇ ਆਂ….. ਤੂੰ ਰੱਬ ਦਾ ਸ਼ੁਕਰ ਮਨਾਇਆ ਕਰ ਕਿ ਆਪਾਂ ਨੇ ਸ਼ਹਿਰ ਵਿੱਚ ਰਹਿ ਕੇ ਆਪਣਾ ਸਿਰ ਢਕਣ ਨੂੰ ਛੱਤ ਬਣਾ ਲਈ….. ਫੇਰ ਸੁੱਖ ਨਾਲ ਦਾਤੇ ਦੀ ਕਿਰਪਾ ਨਾਲ ਆਪਾਂ ਬਹੁਤਿਆਂ ਤੋਂ ਵਧੀਆ ਖਾਂਦੇ – ਹੰਢਾਉਂਦੇ ਆਂ….. ਹੋਰ ਦੱਸ ਆਪਾਂ ਨੂੰ ਹੋਰ ਕੀ ਚਾਹੀਦਾ……. ਨਾਲ਼ੇ ਜੇ ਮੈਂ ਘੁੰਮਣ ਘੁਮਾਉਣ ਵਾਲੇ ਚੱਕਰਾਂ ਵਿੱਚ ਪੈ ਗਿਆ…… ਤੇ ਇੱਕ ਛੁੱਟੀ ਕਰਲੀ ਤਾਂ……. ਗਾਹਾਂ ਵਾਲੇ ਬੰਦੇ ਮੇਰੇ ਵਰਗੇ ਦਿਹਾੜੀਦਾਰ ਨੂੰ ਕੰਮ ਤੋਂ ਜਵਾਬ ਦੇ ਕੇ ਕੋਈ ਹੋਰ ਲਾ ਲੈਂਦੇ ਆ……. ਨਾਲ਼ੇ ਬੰਦੇ ਦੀ ਮਾਰਕੀਟ ਵਿੱਚ ਪੜਤ ਮਾੜੀ ਬਣ ਜਾਂਦੀ ਆ……. ਗਾਹਾਂ ਤੋਂ ਕੋਈ ਕੰਮ ਦੇਣ ਨੂੰ ਤਿਆਰ ਨੀ ਹੁੰਦਾ….. ਕੰਮ ਤੋਂ ਆ ਕੇ ਊਂ ਟੈਮ ਨੀ ਰਹਿੰਦਾ…… (ਥੋੜ੍ਹਾ ਸੋਚ ਕੇ) …… ਨਾਲ਼ੇ ਸਾਰੀ ਦਿਹਾੜੀ ਰੰਗ ਕਰਦੇ ਦੀਆਂ ਬਾਹਵਾਂ ਰਹਿ ਜਾਂਦੀਆਂ ਨੇ……. ਮਸਾਂ ਰਾਤ ਨੂੰ ਰੋਟੀ ਖਾ ਕੇ ਸੌਣ ਨੂੰ ਮੰਜਾ ਮਿਲਦਾ…..!”
ਬਥੇਰੀ ਵਾਰ ਬੰਸੀ ਉਸ ਨੂੰ ਇਸ ਤਰ੍ਹਾਂ ਪਿਆਰ ਨਾਲ ਸਮਝਾਉਂਦਾ…… ਜਿੰਨਾ ਉਹ ਉਸ ਨੂੰ ਤੰਗ ਕਰਦੀ ਸੀ…. ਭਾਵੇਂ ਬੰਸੀ ਨਿੱਤ ਕੁੱਟ ਕੁਟਾਪਾ ਕਰਦਾ। ਸ਼ਾਇਦ ਉਹ ਬੰਸੀ ਦੀ ਸ਼ਰਾਫ਼ਤ ਦਾ ਫਾਇਦਾ ਚੁੱਕਦੀ ਸੀ।
         ਹਜੇ ਮਹੀਨਾ ਕੁ ਪਹਿਲਾਂ ਹੀ ਬੰਸੀ ਪ੍ਰੀਤੋ ਨੂੰ ਸਮਝਾ ਕੇ ਉਸ ਨੂੰ ਪੇਕਿਆਂ ਤੋਂ ਲਿਆਇਆ ਸੀ। ਉਸ ਨੇ ਆਪਣੇ ਸੱਸ ਸਹੁਰੇ ਸਾਹਮਣੇ ਵੀ ਕਿਹਾ ਸੀ,” ਪ੍ਰੀਤੋ….. ਹੁਣ ਤਾਂ ਤੂੰ ਜਵਾਕਾਂ ਨੂੰ ਲੈ ਕੇ ਪੇਕੀਂ ਬੈਠੀ ਰਹਿੰਨੀ ਐਂ….. ਕੱਲ੍ਹ ਨੂੰ ਜਵਾਕਾਂ ਨੂੰ ਆਪਾਂ ਨੇ ਸਕੂਲ ਪੜ੍ਹਨ ਲਾਉਣਾ….. ਐਦਾਂ ਤਾਂ ਉਹਨਾਂ ਦੀ ਪੜ੍ਹਾਈ ਖ਼ਰਾਬ ਹੋ ਜਾਊ….. ਨਾਲ਼ੇ ਕੱਲ੍ਹ ਨੂੰ ਜੀਤ ਦਾ ਵਿਆਹ ਹੋਣਾਂ, ਫੇਰ ਉਸ ਤੋਂ ਛੋਟੇ ਤੇਰੇ ਭਾਈ ਦਾ ਜਦ ਵਿਆਹ ਹੋ ਗਿਆ….. ਤਾਂ ਵੀ ਤੂੰ ਐਥੇ ਬੈਠੀ ਰਹੇਂਗੀ….?” ਬੰਸੀ ਦੀ ਸੱਸ ਨੇ ਵੀ ਕਿਹਾ ਸੀ,” ਕੁੜੀਏ! ਬੰਸੀ ਤੈਨੂੰ ਬਿਲਕੁਲ ਸਹੀ ਗੱਲ ਕਹਿੰਦਾ….. ਆਪਣੇ ਘਰ ਰਹੀਦਾ ਰਲ਼ ਮਿਲ਼ ਕੇ…..!”
         ਇੱਕ ਸ਼ਾਮ ਨੂੰ ਬੰਸੀ ਜਿਵੇਂ ਈ ਕੰਮ ਤੋਂ ਆਇਆ ਤਾਂ ਪ੍ਰੀਤੋ ਨੇ ਫ਼ਿਲਮ ਵਿਖਾ ਕੇ ਲਿਆਉਣ ਦੀ ਜ਼ਿੱਦ ਫੜ ਲਈ। ਬੰਸੀ ਉਸ ਦੀ ਜ਼ਿੱਦ ਅੱਗੇ ਮੰਨ ਗਿਆ ਤੇ ਆਖਣ ਲੱਗਾ,”ਇਸ ਵੇਲੇ ਤਾਂ ਮੈਂ ਬਹੁਤ ਥੱਕਿਆ ਹੋਇਆ ਹਾਂ……..,ਕੱਲ੍ਹ ਨੂੰ ਛੁੱਟੀ ਕਰਕੇ ਦਿਖਾ ਲਿਆਵਾਂਗਾ….।” ਅਗਲੀ ਸਵੇਰ ਤੜਕੇ ਹੀ ਉਸ ਨੂੰ ਉਸ ਦੇ ਠੇਕੇਦਾਰ ਦਾ ਫੋਨ ਆ ਗਿਆ ਕਿ ਥੋੜ੍ਹਾ ਜਲਦੀ ਕੰਮ ਤੇ ਆ ਜਾਵੇ। ਉਸ ਨੇ ਪ੍ਰੀਤੋ ਨੂੰ ਫੇਰ ਕਿਸੇ ਦਿਨ ਜਾਣ ਦੀ ਗੱਲ ਆਖ ਦਿੱਤੀ। ਬੱਸ ਫੇਰ ਕੀ ਸੀ ਉਸ ਨੇ ਤਾਂ ਘਰ ਵਿੱਚ ਕਲੇਸ਼ ਕਰਕੇ ਪਿੱਟ ਸਿਆਪਾ ਪਾ ਲਿਆ। ਬੰਸੀ ਓਵੇਂ ਭੁੱਖਾ ਭਾਣਾ ਕੰਮ ਤੇ ਜਾਣ ਲਈ ਵਿਹੜੇ ਵਿੱਚ ਖੜ੍ਹਾ ਮੋਟਰਸਾਈਕਲ ਕੱਢਣ ਲੱਗਿਆ ਤਾਂ ਉਸ ਨੂੰ ਹਮੇਸ਼ਾ ਦੀ ਤਰ੍ਹਾਂ ਡਰਾਵਾ ਦੇਣ ਲੱਗੀ,” ਤੂੰ ਜਾਹ ਧੱਕੇ ਖਾਹ….. ਬਾਹਰ…..ਮੈਂ ਕੁਛ ਖਾ ਕੇ ਮਰ ਜਾਣਾ….. ।” ਬੰਸੀ ਦੇ ਦਿਮਾਗ਼ ਤੇ ਇੱਕ ਤਾਂ ਕੰਮ ਤੇ ਜਲਦੀ ਜਾਣ ਦਾ ਬੋਝ,ਦੂਜਾ ਪ੍ਰੀਤੋ ਦੇ ਕਲੇਸ਼ ਦਾ ਬੋਝ ਤੇ ਤੀਜਾ ਜਮ੍ਹਾਂ ਈ ਖਾਲੀ ਢਿੱਡ ਘਰੋਂ ਕੰਮ ਤੇ ਜਾਣ ਕਰਕੇ ਉਹ ਵੀ ਖਿਝ ਕੇ ਬੋਲਿਆ,” ਜਾਹ ਤੂੰ ਜੋ ਕਰਨਾ ਕਰ ਲੈ…… ਅੱਗੇ ਵੀ ਆਪਣੀਆਂ ਮਰਜ਼ੀਆਂ ਈ ਕਰਦੀ ਐਂ…..।” ਕਹਿ ਕੇ ਮੋਟਰਸਾਈਕਲ ਸਟਾਰਟ ਕਰ ਕੇ ਚਲਿਆ ਗਿਆ।
          ਦਸ ਕੁ ਵਜੇ ਬੰਸੀ ਦੇ ਫ਼ੋਨ ਦੀ ਘੰਟੀ ਵੱਜੀ….. ਉਸ ਨੇ ਦੇਖਿਆ ਉਹਨਾਂ ਦੀ ਗੁਆਂਢਣ ਦਾ ਫ਼ੋਨ ਸੀ…. ਫ਼ੋਨ ਚੱਕਦੇ ਸਾਰ ਗੁਆਂਢਣ ਬੋਲੀ,” ਵੇ ਬੰਸੀ…… ਛੇਤੀ ਛੇਤੀ ਘਰ ਨੂੰ ਆ ਜਾ …… ਪ੍ਰੀਤੋ ਨੇ ਫਿਨੈਲ ਪੀ ਲੀ…..।” ਬੰਸੀ ਉਹਨੀਂ ਪੈਰੀਂ ਫਟਾਫਟ ਕੰਮ ਵਾਲ਼ੇ ਲਿੱਬੜੇ-ਤਿੱਬੜੇ ਕੱਪੜਿਆਂ ਵਿੱਚ ਹੀ ਠੇਕੇਦਾਰ ਨੂੰ ਦੱਸ ਕੇ ਘਰ ਲਈ ਨਿਕਲਿਆ। ਸਾਰਾ ਵਿਹੜਾ ਉਲਟੀਆਂ ਨਾਲ਼ ਭਰਿਆ ਪਿਆ ਸੀ।ਫਟਾਫਟ ਗੁਆਂਢੀਆਂ ਦੀ ਗੱਡੀ ਵਿੱਚ ਪਾ ਕੇ ਹਸਪਤਾਲ ਲੈ ਕੇ ਗਿਆ ਤਾਂ ਹਸਪਤਾਲ ਵਾਲਿਆਂ ਨੇ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਤੇ ਫੇਰ ਉਸ ਨੂੰ ਦਾਖ਼ਲ ਕੀਤਾ। ਪੁਲਿਸ ਬੰਸੀ ਨੂੰ ਉਵੇਂ ਲਿੱਬੜੇ ਤਿੱਬੜੇ ਤੇ ਘਬਰਾਏ ਹੋਏ ਤੇ ਭੁੱਖੇ ਭਾਣੇ ਨੂੰ ਫੜ ਕੇ ਲੈ ਗਈ। ਐਨੇ ਵਿੱਚ ਪ੍ਰੀਤੋ ਦੀ ਮੌਤ ਹੋ ਗਈ। ਉਸ ਦੇ ਪੇਕੇ ਵੀ ਆ ਗਏ।
         ਠਾਣੇਦਾਰ ਬੰਸੀ ਤੋਂ ਕੇਸ ਦੀ ਤਹਿਕੀਕਾਤ ਕਰਨ ਲੱਗਿਆ ਤਾਂ ਬੰਸੀ ਨੇ ਸੱਚੀ ਗੱਲ ਦੱਸਦਿਆਂ ਕਿਹਾ,” ਸਾਬ੍ਹ ਜੀ…… ਮੈਂ ਦਿਹਾੜੀ ਭੰਨ ਕੇ ਜੇ ਉਸ ਨੂੰ ਦੂਜੇ ਚੌਥੇ ਦਿਨ ਘੁੰਮਾਉਣ ਲੈ ਕੇ ਜਾਂਦਾ ਤਾਂ ਕਮਾਈ ਘਟ ਜਾਣੀ ਸੀ….. ਫਿਰ ਘਰ ਦਾ ਗੁਜ਼ਾਰਾ ਔਖਾ ਹੋਣਾ ਸੀ….. ਫੇਰ ਇਹਨੇ ਘਰ ਦੀ ਆਰਥਿਕ ਤੰਗੀ ਤੋਂ ਤੰਗ ਹੋ ਕੇ ਖੁਦਕੁਸ਼ੀ ਕਰਨੀ ਸੀ…. ਦਿਨ ਤਿਹਾਰ ਵਾਲ਼ੇ ਦਿਨ ਜਵਾਕਾਂ ਨੂੰ ਲਿਜਾ ਕੇ ਘੁੰਮ ਆਉਂਦੇ ਸੀ….. ਇਹਦਾ ਤਾਂ ਰੋਜ਼ ਦਾ ਐਸੇ ਗੱਲ ਪਿੱਛੇ ਕਲੇਸ਼ ਰਹਿੰਦਾ ਸੀ…..!” ਠਾਣੇਦਾਰ ਨੇ ਵੀ ਉਸ ਉੱਤੇ ਕੋਈ ਸਖ਼ਤਾਈ ਨਾ ਵਰਤਦਿਆਂ ਗੱਲ ਧਿਆਨ ਨਾਲ ਸੁਣੀ। ਪਰ ਪ੍ਰੀਤੋ ਦੇ ਪੇਕਿਆਂ ਦੇ ਬਿਆਨਾਂ ਦੇ ਆਧਾਰ ਤੇ ਉਸ ਨੇ ਕਾਰਵਾਈ ਤਾਂ ਕਰਨੀ ਹੀ ਕਰਨੀ ਸੀ। ਉਹਨਾਂ ਨੂੰ ਠਾਣੇ ਬੁਲਾਇਆ ਗਿਆ। ਉਸ ਦੇ ਪੇਕੇ ਪਰਿਵਾਰ ਨੇ ਸਾਫ਼ ਸਾਫ਼ ਕਹਿ ਦਿੱਤਾ,” ਠਾਣੇਦਾਰ ਸਾਹਬ ਅਸੀਂ ਵੀ ਰੱਬ ਨੂੰ ਜਾਨ ਦੇਣੀ ਆ…… ਸਾਡੀ ਧੀ ਮਰਨ ਦਾ ਸਾਨੂੰ ਬਹੁਤ ਦੁੱਖ਼ ਹੈ…..ਪਰ ਅਸੀਂ ਗ਼ਰੀਬ ਮਾਰ ਵੀ ਨਹੀਂ ਕਰ ਸਕਦੇ ….. ਇਹਨੇ ਹੁਣ ਤੱਕ ਕਮਾਈ ਵੀ ਤਾਂ ਉਸੇ ਕਰਕੇ ਹੀ ਕੀਤੀ ਹੈ….. ਸਾਰੀ ਕਮਾਈ ਉਹਦੇ ਨਾਂ ਦੇ ਖਾਤੇ ਵਿੱਚ ਜਮ੍ਹਾਂ ਕਰਦਾ ਰਿਹਾ ਹੁਣ ਤੱਕ…..।” ਠਾਣੇਦਾਰ ਨੇ ਸੁਣਦੇ ਸਾਰ ਬੰਸੀ ਨੂੰ ਛੱਡ ਦਿੱਤਾ ਤੇ ਕੋਈ ਕੇਸ ਨਾ ਪਾਇਆ।
             ਪ੍ਰੀਤੋ ਮਰੀ ਨੂੰ ਮਹੀਨਾ ਹੋ ਗਿਆ ਸੀ। ਪ੍ਰੀਤੋ ਦੀ ਮਾਂ ਕੁਝ ਦਿਨਾਂ ਲਈ ਬੱਚਿਆਂ ਨੂੰ ਆਪਣੇ ਕੋਲ ਲੈ ਗਈ ਤੇ ਕੁਝ ਦਿਨ ਜਵਾਈ ਦੇ ਘਰ ਰਹਿ ਕੇ ਉਸ ਦਾ ਔਖਾ ਸਮਾਂ ਕਢਵਾ ਕੇ ਗਈ। ਇੱਕ ਦਿਨ ਬੰਸੀ ਦੇ ਸਹੁਰਿਆਂ ਨੇ ਉਸ ਨੂੰ ਬੁਲਾਇਆ ਤੇ ਝਿਜਕਦਿਆਂ ਝਿਜਕਦਿਆਂ ਨੇ ਆਖਿਆ,” ਦੇਖ ਬੰਸੀ ਹੁਣ ਜੋ ਹੋਣਾ ਸੀ ਹੋ ਗਿਆ…… ਰੱਬ ਨੂੰ ਇੱਦਾਂ ਹੀ ਮਨਜ਼ੂਰ ਸੀ…..ਹੁਣ….ਅਸੀਂ…. ਆਪਣੀ ਛੋਟੀ ਧੀ….. ਜੀਤ ਦਾ ਰਿਸ਼ਤਾ ਤੈਨੂੰ ਕਰਨਾ ਚਾਹੁੰਦੇ ਹਾਂ….. ਉਮਰ ਦਾ ਚਾਹੇ ਥੋਡਾ ਦਸ ਸਾਲ ਦਾ ਫ਼ਰਕ ਹੈ….. ਪਰ ਜਵਾਕਾਂ ਨੂੰ ਮਾਂ ਵਾਲਾ ਪਿਆਰ ਦੇਣ ਲਈ ਮਾਸੀ ਮਿਲ਼ ਜਾਵੇਗੀ …. ਉਹ ਚੰਦਰੀ ਤੋਂ ਸਭ ਕੁਝ ਨਹੀਂ ਸਾਂਭਿਆ ਗਿਆ……ਇਹ ਤਾਂ ਓਹਦੀ ਮੂਰਖਤਾਈ ਸੀ…… ਤੇਰੇ ਵੱਲੋਂ ਸਾਨੂੰ ਕੋਈ ਗਿਲਾ ਨਹੀਂ……!”
“ਪਰ …… ਤੁਸੀਂ ਜੀਤ ਨਾਲ਼ ਧੱਕਾ ਕਿਉਂ ਕਰ ਰਹੇ ਹੋ….?” ਬੰਸੀ ਬੋਲਿਆ।
“ਨਾ ਪੁੱਤ…… ਅਸੀਂ ਧੱਕਾ ਨੀ ਕਰਦੇ….. ਸਾਨੂੰ ਜੀਤ ਨੇ ਆਪ ਕਿਹਾ….. ਉਹ ਕਹਿੰਦੀ ਆ ਕਿ ਉਹਦੀ ਖ਼ਾਤਰ ਐਧਰ ਓਧਰ ਮੁੰਡੇ ਦੇਖਣੇ ਬੰਦ ਕਰ ਦਿਓ….. ।” ਕਹਿੰਦੇ ਕਹਿੰਦੇ ਚੁੱਪ ਕਰ ਗਏ।
ਬੰਸੀ ਸਮਝ ਗਿਆ ਸੀ। ਉਸ ਨੇ ਵੀ ਹਾਂ ਕਰ ਦਿੱਤੀ …. !
ਜੀਤ ਨੂੰ ਬੰਸੀ ਦੇ ਘਰ ਆਈ ਨੂੰ ਪੂਰੇ ਪੰਜ ਸਾਲ ਹੋ ਗਏ ਸਨ ਦੋ ਬੱਚੇ ਪ੍ਰੀਤੋ ਦੇ ਅਤੇ ਇੱਕ ਇਸ ਦੀ ਆਪਣੀ ਧੀ ਜੋ ਤਿੰਨ ਸਾਲਾਂ ਦੀ ਸੀ…. ਬਹੁਤ ਖੁਸ਼ਹਾਲ ਪਰਿਵਾਰ ਬਣ ਗਿਆ ਸੀ। ਬੰਸੀ ਵੀ ਹੁਣ ਰੰਗ ਰੋਗਨ ਦੇ ਵੱਡੇ ਵੱਡੇ ਠੇਕੇ ਲੈਣ ਲੱਗ ਗਿਆ ਸੀ।ਉਹ ਵੀ ਠੇਕੇਦਾਰ ਬਣ ਗਿਆ ਸੀ,ਘਰ ਤੋਂ ਕੋਠੀ ਬਣ ਗਈ ਸੀ…. ਮੋਟਰਸਾਈਕਲ ਦੀ ਜਗ੍ਹਾ ਕਾਰ ਸੀ ਇਹ ਸਭ ਤਾਂ ਹੀ ਸੰਭਵ ਹੋਇਆ ਸੀ ਕਿਉਂਕਿ ਪ੍ਰੀਤੋ ਦੀ ਜਗ੍ਹਾ ਜੀਤ ਸੀ। ਐਨੇ ਖੁਸ਼ਹਾਲ ਪਰਿਵਾਰ ਵਿੱਚ ਬੰਸੀ ਤੇ ਜੀਤ ਦੀ ਉਮਰ ਵਿਚਲਾ ਅੰਤਰ ਵੀ ਢਕਿਆ ਗਿਆ ਸੀ। ਆਪਣੇ ਢੰਗ ਨਾਲ ਜ਼ਿੰਦਗੀ ਨੂੰ ਨਰਕ ਜਾਂ ਸਵਰਗ ਬਣਾਉਣਾ ਇਨਸਾਨ ਦੇ ਆਪਣੇ ਹੱਥ ਹੈ ਫਿਰ ਜੇ ਸਵਰਗ ਬਣਾ ਲਿਆ ਜਾਵੇ ਤਾਂ ਇਸ ਵਧੀਆ ਗੱਲ ਹੋਰ ਕੀ ਹੋ ਸਕਦੀ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
99889-01324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਵਲੋਂ ਮਣੀਪੁਰ ਘਟਨਾਵਾਂ ਦੀ ਪੁਰਜ਼ੋਰ ਨਿਖੇਧੀ.
Next articleਨਗਰ ਪੰਚਾਇਤ ਮਹਿਤਪੁਰ ਵਿਖੇ ਧਰਨਾ ਦਿੱਤਾ ਗਿਆ ਈ.ੳ ਦਾ ਪੁਤਲਾ ਫੂਕਿਆ ਗਿਆ