ਏਹੁ ਹਮਾਰਾ ਜੀਵਣਾ ਹੈ -344 

ਬਰਜਿੰਦਰ ਕੌਰ ਬਿਸਰਾਓ...

(ਸਮਾਜ ਵੀਕਲੀ)  ਦੁਨੀਆਂ ਵਿੱਚ ਸ਼ਾਇਦ ਇੱਕੋ ਇੱਕ ਦੇਸ਼ ਭਾਰਤ ਹੈ ਜਿਸ ਨੂੰ ਲੋਕ “ਮਾਤਾ” ਦਾ ਦਰਜਾ ਦੇ ਕੇ ਸੰਬੋਧਨ ਕਰਦੇ ਹਨ।ਜਿਸ ਤੋਂ ਤਾਂ ਇਹ ਲੱਗਦਾ ਹੈ ਕਿ ਇੱਥੇ ਹੀ ਔਰਤ ਦਾ ਸਭ ਤੋਂ ਵੱਧ ਸਤਿਕਾਰ ਹੁੰਦਾ ਹੈ। “ਭਾਰਤ ਮਾਤਾ” ਦੀ ਰਾਸ਼ਟਰਪਤੀ ਇੱਕ ਔਰਤ ਹੈ ਅਤੇ ਉਹ ਵੀ ਘੱਟ ਗਿਣਤੀਆਂ ਵਿੱਚੋਂ ਹੈ ਜੋ ਔਰਤਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਰਾਹੀਂ ਸਾਡੇ ਦੇਸ਼ ਦੀ ਅਮੀਰ ਵਿਰਾਸਤ ਦੀ ਝਲਕ ਦਿਖਾਈ ਦਿੰਦੀ ਹੈ। ਪਰ ਮਨੀਪੁਰ ਵਿੱਚ ਦੋ ਔਰਤਾਂ ਨੂੰ ਨਗਨ ਹਾਲਤ ਵਿੱਚ ਪਰੇਡ ਕਰਵਾਉਣ ਅਤੇ ਸਮੂਹਿਕ ਬਲਾਤਕਾਰ ਦੀ ਭਿਆਨਕ ਘਟਨਾ ਨੇ ਦੇਸ਼ ਦੇ ਨਾਂ ਉੱਤੇ  ਕਲੰਕ ਲਗਾ ਦਿੱਤਾ ਹੈ। ਇਹਨਾਂ ਔਰਤਾਂ ਰਾਹੀਂ ਦੇਸ਼ ਦੀ ਸਮੁੱਚੀ ਔਰਤ ਜਾਤੀ ਨੂੰ ਸਿਰਫ਼ ਬੇਇੱਜ਼ਤੀ ਅਤੇ ਹਿੰਸਾ ਦੇ ਸਾਧਨ ਵਜੋਂ ਵਰਤਿਆ ਜਾਣਾ ਦਰਸਾਉਂਦਾ ਹੈ।ਇਸ ਦਰਦਨਾਕ ਘਟਨਾ ਨੇ ਨਾ ਸਿਰਫ਼ ਪੀੜਤ ਔਰਤਾਂ ਦੀ ਮਾਨਸਿਕਤਾ ਦਾ ਕੋਹ ਕੋਹ ਕੇ ਕਤਲ ਕਰਨ ਦੀ ਕੋਸ਼ਿਸ਼ ਹੈ, ਸਗੋਂ ਦੇਸ਼ ਦੀ ਹਰ ਔਰਤ ਨੂੰ ਡਰਾ ਕੇ ਰੱਖ ਦਿੱਤਾ ਹੈ। ਇਸ ਤੋਂ ਪਹਿਲਾਂ ਨਿਰਭਇਆ ਕਾਂਡ ਅਤੇ ਹੋਰ ਅਨੇਕਾਂ ਅਜਿਹੇ ਕਾਂਡ ਹਨ ਜਿਨ੍ਹਾਂ ਨੇ ਸਾਡੇ ਦੇਸ਼ ਵਿੱਚ ਔਰਤ ਦੀ ਮਾਨਸਿਕਤਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਠੇਸ ਪਹੁੰਚਾਈ ਹੈ।

“ਮੁੱਢ ਕਦੀਮ ਤੋਂ ਹੀ ਸਾਡੇ ਦੇਸ਼ ਵਿੱਚ ਵਸਤੂਆਂ ਵਾਂਗ ਔਰਤਾਂ ਦੀਆਂ ਮੰਡੀਆਂ ਲੱਗਦੀਆਂ ਰਹੀਆਂ ਹਨ।” ਸੰਤ ਸਿੰਘ ਮਸਕੀਨ ਜੀ ਦੇ ਇਹਨਾਂ ਸ਼ਬਦਾਂ ਤੋਂ ਸਾਡੇ ਦੇਸ਼ ਵਿੱਚ ਔਰਤ ਦੀ ਸਮਾਜਿਕ ਸਥਿਤੀ ਕਾਫੀ ਹੱਦ ਤੱਕ ਸਾਫ ਹੋ ਜਾਂਦੀ ਹੈ।ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਔਰਤ ਵਿਕਦੀ ਰਹੀ ਹੈ ਤੇ ਅੱਜ ਵੀ ਵਿਕ ਰਹੀ ਹੈ। ਮਰਦ ਖ਼ਰੀਦਦਾਰ ਹੁੰਦਾ ਹੈ । ਸਮੇਂ ਦੇ ਬਦਲਾਅ ਨਾਲ ਸਤਿਕਾਰ ਵਧਿਆ ਹੈ ਪਰ ਫਿਰ ਵੀ ਫਰਕ ਸਿਰਫ਼ ਇੰਨਾ ਹੈ ਕਿ ਹੁਣ ਵਸਤੂਆਂ ਵੇਚਣ ਲਈ ਦਿਲਚਸਪ ਤਰੀਕੇ ਨਾਲ ਖੂਬਸੂਰਤ ਔਰਤਾਂ ਦੀਆਂ ਤਸਵੀਰਾਂ ਜਾਂ ਬੁੱਤਾਂ ਨੂੰ ਪਹਿਨਾ ਕੇ ਪ੍ਰਦਰਸ਼ਨੀ ਲਗਾਈ ਜਾਂਦੀ ਹੈ।ਵੱਡੇ ਵੱਡੇ ਵਪਾਰਕ ਅਦਾਰਿਆਂ ਵਿੱਚ ਸਿਰਫ਼ ਖੂਬਸੂਰਤ ਔਰਤਾਂ ਨੂੰ ਰਿਸੈਪਸ਼ਨਿਸਟ ਜਾਂ ਹੋਰ ਇਹੋ ਜਿਹੇ ਅਹੁਦਿਆਂ ਤੇ ਬਿਰਾਜਮਾਨ ਕਰਨਾ ਜਿੱਥੇ ਸਿੱਧੇ ਤੌਰ ਤੇ ਗ੍ਰਾਹਕਾਂ ਨੂੰ ਆਕਰਸ਼ਿਤ ਕਰ ਸਕਣ।ਇਸ ਵਿੱਚ ਵੀ ਇਹੀ ਸਵਾਲ ਉੱਠਦਾ ਹੈ ਕਿ ਇਸਤਰੀ ਵੇਚੀ ਜਾ ਰਹੀ ਹੈ ਜਾਂ ਵਸਤੂ ਵੇਚੀ ਜਾ ਰਹੀ ਹੈ? ਔਰਤ ਨੂੰ ਅੱਗੇ ਕਰਕੇ ਵਸਤੂ ਨੂੰ ਵੇਚਿਆ ਜਾਂਦਾ ਹੈ ਜਦ ਕਿ ਉਹ ਸਾਰੀਆਂ ਵਸਤੂਆਂ ਇਕੱਲੀ ਔਰਤ ਹੀ ਤਾਂ ਨੀ ਵਰਤਦੀ ਜਾਂ ਫਿਰ ਜੇ ਉਸ ਦੀ ਜਗ੍ਹਾ ਮਰਦ ਨੂੰ ਨਾ ਤਰਜੀਹ ਦੇਣਾ ਵੀ ਔਰਤ ਦੀ ਸਮਾਜਿਕ ਹੋਂਦ ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ।

            ਦੂਜੇ ਪਾਸੇ ਧਿਆਨ ਮਾਰੀਏ ਤਾਂ ਔਰਤ ਦੀ ਜਿੰਨੀ ਪੂਜਾ ਸਾਡੇ ਦੇਸ਼ ਵਿੱਚ ਕੀਤੀ ਜਾਂਦੀ ਹੈ ਸ਼ਾਇਦ ਹੀ ਕਿਸੇ ਹੋਰ ਦੇਸ਼ ਵਿੱਚ ਹੁੰਦੀ ਹੋਵੇਗੀ । ਔਰਤ ਉੱਤੇ ਜਿੰਨੇ ਅੱਤਿਆਚਾਰ ਸਾਡੇ ਦੇਸ਼ ਵਿੱਚ ਹੁੰਂਦੇ ਹਨ ਐਨੇ ਅੱਤਿਆਚਾਰ ਵੀ ਸ਼ਾਇਦ ਹੀ ਕਿਸੇ ਹੋਰ ਦੇਸ਼ ਵਿੱਚ ਹੁੰਦੇ ਹੋਣਗੇ। ਸਾਡੇ ਦੇਸ਼ ਵਿੱਚ ਔਰਤ ਨੂੰ ਮਰਦਾਂ ਦੇ ਬਰਾਬਰ ਹੱਕ ਦੇਣ ਦੀ ਦੁਹਾਈ ਵੀ ਸਭ ਤੋਂ ਵੱਧ ਦਿੱਤੀ ਜਾਂਦੀ ਹੈ। ਤੁਹਾਡੇ ਸਾਹਮਣੇ ਹੀ ਹੈ , ਰਿਜ਼ਰਵ ਸੀਟਾਂ ਤੇ ਔਰਤਾਂ ਚੋਣ ਤਾਂ ਲੜ ਲੈਂਦੀਆਂ ਹਨ ਪਰ ਬਹੁਤੀਆਂ ਸਰਪੰਚ ਜਾਂ ਕਾਊਂਸਲਰ ਔਰਤਾਂ ਦੇ ਪਤੀ ਕੰਮ ਕਾਜ ਸੰਭਾਲ ਰਹੇ ਹੁੰਦੇ ਹਨ। ਜੇ ਕੋਈ ਲੜਕੀ ਜਾਂ ਔਰਤ ਮਰਦ ਦੀ ਸੱਚ ਮੁੱਚ ਬਰਾਬਰੀ ਕਰਦੀ ਹੈ ਤਾਂ ਉਸ ਦੇ ਮੱਥੇ ਤੇ “ਇਹ ਤਾਂ ਇਹੋ ਜਿਹੀ ਹੀ ਹੈ” ਭਾਵ ਚਰਿੱਤਰਹੀਣ ਹੈ ਦਾ ਟੈਗ ਲਗਾ ਦਿੱਤਾ ਜਾਂਦਾ ਹੈ।ਇਹ ਹੈ ਸਾਡੇ ਮਰਦ-ਪ੍ਰਧਾਨ ਦੇਸ਼ ਵਿੱਚ ਔਰਤ ਦੀ ਅਜ਼ਾਦੀ ਦੀ ਕਹਾਣੀ । ਸਾਡੇ ਸਮਾਜ ਵਿੱਚ ਔਰਤ ਬਹੁਤ ਕੁਝ ਕਰਨਾ ਚਾਹੁੰਦੀ ਹੈ,ਪਰ ਕਰ ਨਹੀਂ ਸਕਦੀ ਕਿਉਂਕਿ ਕਿਤੇ ਰਾਹਾਂ ਵਿੱਚ ਦਰਿੰਦੇ ਜਾਲ਼ ਵਿਛਾਈ ਖੜ੍ਹੇ ਹੁੰਦੇ ਹਨ , ਕਿਸੇ ਨੂੰ ਘਰ ਦੀਆਂ ਦਹਿਲੀਜ਼ਾਂ ਦੀ ਲਛਮਣ ਰੇਖਾ ਰੋਕ ਰਹੀ ਹੁੰਦੀ ਹੈ ਤੇ ਕਿਸੇ ਦੇ ਪੈਰਾਂ ਵਿੱਚ ਰਿਸ਼ਤਿਆਂ ਦੀਆਂ ਬੇੜੀਆਂ ਪਾਈਆਂ ਜਾਂਦੀਆਂ ਹਨ।ਜੇ ਕੋਈ ਔਰਤ ਹੌਂਸਲਾ ਕਰਕੇ ਇਹ ਸਭ ਰੁਕਾਵਟਾਂ ਨੂੰ ਤੋੜਦੀ ਹੋਈ ਅੱਗੇ ਵਧਦੀ ਹੈ ਤਾਂ ਉਸ ਦੇ ਚਰਿੱਤਰ ਨੂੰ ਮਾਪਣ ਵਾਲੇ ਲੋਕ ਫੀਤੇ ਲੈ ਕੇ ਖੜ੍ਹੇ ਹੁੰਦੇ ਹਨ,ਜਿਹੜੀ ਔਰਤ ਚਰਿੱਤਰ ਦੇ ਮਾਪਦੰਡਾਂ ਦੀ ਪ੍ਰਵਾਹ ਨਹੀਂ ਕਰਦੀ ਤਾਂ ਉਸ ਦੇ ਨਾਲ ਜੁੜੇ ਰਿਸ਼ਤਿਆਂ ਨੂੰ ਬੋਲ ਕੁਬੋਲ ਬੋਲ ਕੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਔਰਤਾਂ ਨਾਲ ਛੇੜ ਛਾੜ ਦੇ ਮਾਮਲੇ ਤਾਂ ਆਮ ਜਿਹੀ ਗੱਲ ਹੋ ਗਈ ਹੈ।
ਘਰਾਂ ਤੋਂ ਲੈ ਕੇ ਗਲੀਆਂ, ਬਜ਼ਾਰਾਂ,ਸਕੂਲਾਂ, ਕਾਲਜਾਂ, ਬੱਸਾਂ, ਰਸਤਿਆਂ, ਥਾਣਿਆਂ, ਜੇਲ੍ਹਾਂ, ਗੁਰਦੁਆਰਿਆਂ, ਮੰਦਰਾਂ, ਡੇਰਿਆਂ ਭਾਵ ਕਿਸੇ ਸਥਾਨ ਤੇ ਵੀ ਔਰਤਾਂ ਸੁਰੱਖਿਅਤ ਨਹੀਂ ਹਨ। ਔਰਤਾਂ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਬਣਾਏ ਕਾਨੂੰਨ ਤਾਂ ਜਦੋਂ ਤੱਕ ਕੰਮ ਕਰਦੇ ਹਨ ਉਦੋਂ ਤੱਕ ਤਾਂ ਔਰਤ ਦੀ ਹੋਂਦ ਦੇ ਕਈ ਪੱਖ ਧੁੰਦਲੇ ਹੋ ਚੁੱਕੇ ਹੁੰਦੇ ਹਨ, ਉਦੋਂ ਤੱਕ ਤਾਂ ਔਰਤ ਸਿਰਫ ਆਪਣਾ ਅਕਸ ਬਚਾ ਰਹੀ ਹੁੰਦੀ ਹੈ। ਔਰਤ ਦੀ ਸਮਾਜਿਕ ਦਸ਼ਾ ਨੂੰ ਸੁਧਾਰਨ ਲਈ ਔਰਤਾਂ ਨੂੰ ਅਤੇ ਸਾਡੇ ਸਮਾਜ ਦੇ ਮਰਦਾਂ ਨੂੰ ਰਲ਼ ਕੇ ਹੰਭਲਾ ਮਾਰਨਾ ਪਵੇਗਾ। ਇੱਕ ਇਹੋ ਜਿਹੇ ਸਮਾਜ ਦੀ ਸਿਰਜਣਾ ਕੀਤੀ ਜਾਵੇ, ਜਿੱਥੇ ਔਰਤਾਂ ਆਪਣੇ ਆਪ ਨੂੰ ਸੁਰੱਖਿਅਤ ਸਮਝਣ। ਮਰਦਾਂ ਨੂੰ ਆਪਣੇ ਅੰਦਰੋਂ ‘ਪੈਰ ਦੀ ਜੁੱਤੀ’ ਵਾਲੀ ਧਾਰਨਾ ਖ਼ਤਮ ਕਰਨੀ ਪਵੇਗੀ। ਔਰਤਾਂ ਨੂੰ ਅੱਗੇ ਵਧਣ ਦੇ ਮੌਕੇ ਦਿੱਤੇ ਜਾਣ,ਔਰਤ ਦੀ ਸੁੰਦਰਤਾ ਦੀ ਪਰਖ਼ ਉਸ ਦੇ ਸਰੀਰ ਤੋਂ ਨਹੀਂ ਬਲਕਿ ਉਸ ਦੇ ਗੁਣਾਂ ਤੋਂ ਕੀਤੀ ਜਾਵੇ। ਔਰਤਾਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਉਚਿਤ ਕਦਮ ਚੁੱਕੇ ਜਾਣ। ਔਰਤ ਅੰਦਰਲੇ ਜੋਸ਼ ਅਤੇ ਉਤਸ਼ਾਹ ਨੂੰ ਵਧਣ ਫੁੱਲਣ ਲਈ ਮੌਕੇ ਦਿੱਤੇ ਜਾਣ। ਉਹਨਾਂ ਨੂੰ ਉਡਾਰੀ ਮਾਰਨ ਲਈ ਆਪਣੇ ਪੰਖ ਫੈਲਾਉਣ ਲਈ ਖੁੱਲ੍ਹਾ ਅਕਾਸ਼ ਦਿੱਤਾ ਜਾਵੇ। ਸਿੱਖ ਧਰਮ ਵਿੱਚ ਔਰਤ ਨੂੰ ਸਤਿਕਾਰਿਆ ਗਿਆ ਤਾਂ ਮਾਤਾ ਭਾਗੋ ਵਰਗੀਆਂ ਮਹਾਨ ਸ਼ਖ਼ਸੀਅਤਾਂ ਨੇ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਦੇ ਆਹੂ ਲਾਹ ਸੁੱਟੇ ਸੀ।ਝਾਂਸੀ ਦੀ ਰਾਣੀ ਦੀ ਮਿਸਾਲ ਲੈ ਲਵੋ ਜਾਂ ਫਿਰ ਹੋਰ ਕਿੰਨੀਆਂ ਉਦਾਹਰਣਾਂ ਕਾਇਮ ਹਨ।ਅੱਜ ਦੀਆਂ ਔਰਤਾਂ ਅੰਦਰੋਂ ਵੀ ਕਿੰਨੀਆਂ ਕਲਪਨਾਂ ਚਾਵਲਾ, ਸਰੋਜਨੀ ਨਾਇਡੂ, ਅੰਮ੍ਰਿਤਾ ਪ੍ਰੀਤਮ ਪੈਦਾ ਹੋ ਜਾਣਗੀਆਂ। ਸਾਡੇ ਸਮਾਜ ਵਿੱਚ ਔਰਤਾਂ ਪ੍ਰਤੀ ਨਿੱਘਰ ਰਹੇ ਮਰਦ ਕਿਰਦਾਰਾਂ ਦੇ ਰਵੱਈਏ ਅਤੇ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਦੀ ਲੋੜ ਹੈ ਇਸ ਲਈ ਸਮਾਜ ਵਿੱਚ ਔਰਤ ਦੀ ਦਸ਼ਾ ਸੁਧਾਰਨ ਲਈ ਯਤਨਸ਼ੀਲ ਹੋਣਾ ਹਰ ਇੱਕ ਇਨਸਾਨ ਦਾ ਮੁੱਢਲਾ ਫ਼ਰਜ਼ ਬਣਦਾ ਹੈ।ਇਹ ਤਾਂ ਹੀ ਸੰਭਵ ਹੈ ਜੇ ਸਮਾਜ ਦੀ ਸਭ ਤੋਂ ਛੋਟੀ ਇਕਾਈ ਘਰ ਤੋਂ ਸ਼ੁਰੂ ਕੀਤਾ ਜਾਵੇ।ਹਰ ਨਰੋਏ ਸਮਾਜ ਦੀ ਸਿਰਜਣਾ ਕਰਨ ਲਈ ਔਰਤ ਪ੍ਰਤੀ ਸੋਚ ਨੂੰ ਬਦਲਣਾ ਜ਼ਰੂਰੀ ਹੈ। ਜਿਹੜੇ ਲੋਕ ਮਨੀਪੁਰ ਵਰਗੀਆਂ ਘਿਣਾਉਣੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਉਹਨਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਇਨਸਾਨ ਜਾਂ ਕਬੀਲਾ ਇਹੋ ਜਿਹੀ ਘਿਨਾਉਣੀ ਹਰਕਤ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ।
ਪਰ ਸਾਡੇ ਦੇਸ਼ ਵਿੱਚ ਇਹੋ ਜਿਹੇ ਕੇਸ ਐਨੇ ਲੰਮੇ ਖਿੱਚੇ ਜਾਂਦੇ ਹਨ ਕਿ ਜਦ ਤੱਕ ਇਹਨਾਂ ਨੂੰ ਇਨਸਾਫ ਮਿਲ ਸਕੇ,ਉਸ ਤੋਂ ਪਹਿਲਾਂ ਇਹੈ ਜਿਹੀ ਕੋਈ ਹੋਰ ਵਾਰਦਾਤ ਹੋ ਜਾਂਦੀ ਹੈ। ਸਾਡੀਆਂ ਸਰਕਾਰਾਂ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਿੱਧੇ ਤੌਰ ਤੇ ਦਖ਼ਲ ਦੇਣ ਦੀ ਲੋੜ ਹੈ, ਦੋਸ਼ੀਆਂ ਖਿਲਾਫ ਜਲਦੀ ਤੋਂ ਜਲਦੀ ਇਹੋ ਜਿਹੀ ਸਖ਼ਤ ਕਾਰਵਾਈ ਕੀਤੀ ਜਾਵੇ ਕਿ ਪੀੜਤਾਂ ਨੂੰ ਵੀ ਲੱਗੇ ਕਿ ਉਹਨਾਂ ਨੂੰ ਇਨਸਾਫ਼ ਮਿਲਿਆ ਹੈ। ਉਹਨਾਂ ਦੀ ਮਾਨਸਿਕਤਾ ਨੂੰ ਲੱਗੀ ਸੱਟ ਉੱਤੇ ਮਲ੍ਹਮ ਲਾਉਣ ਲਈ ਸਮਾਜ ਵੱਲੋਂ ਵੀ ਉਹਨਾਂ ਦਾ ਤ੍ਰਿਸਕਾਰ ਨਹੀਂ ਸਗੋਂ ਅਪਣਾਉਣ ਦੀ ਲੋੜ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਜਦੋਂ ਅਸੀਂ ਫੁੱਲਾਂ ਘਾਟੀ ਵੇਖਣ ਗਏ