ਏਹੁ ਹਮਾਰਾ ਜੀਵਣਾ ਹੈ -342 

ਬਰਜਿੰਦਰ-ਕੌਰ-ਬਿਸਰਾਓ-

(ਸਮਾਜ ਵੀਕਲੀ)- ਕਦੇ‌ ਮੋਇਆਂ ਹਲ ਨੀ ਲੱਭਿਆ ਕਰਦੇ,ਕਦੇ ਟੁੱਟਿਆਂ ਹੌਂਸਲੇ ਨੀ ਹੋਇਆ ਕਰਦੇ। ਜ਼ਿੰਦਗੀ ਜਿਊਣੀ ਹੈ ਤਾਂ ਪਹਿਲਾਂ ਦਿਲ ਨੂੰ ਜਿਊਂਦਾ ਰੱਖਣਾ ਜ਼ਰੂਰੀ ਹੁੰਦਾ ਹੈ। ਦਿਲ ਨੂੰ ਜਿਊਂਦਾ ਰੱਖਣ ਤੋਂ ਭਾਵ ਇਸ ਅੰਦਰ ਹੌਸਲੇ ਵਾਲੀ ਤਾਰ ਤੋਂ ਰਾਗ ਛੇੜਦੇ ਰਹਿਣਾ ਪਵੇਗਾ। ਦੂਜਿਆਂ ਦੇ ਦਿੱਤੇ ਹੌਸਲੇ ਤਾਂ ਮਲ੍ਹਮ ਲਾਉਣ ਦਾ ਕੰਮ ਹੀ ਕਰ ਸਕਦੇ ਹਨ ਪਰ ਅੰਦਰੋਂ ਉੱਠੇ ਹੌਸਲੇ ਜਿਗਰਿਆਂ ਨੂੰ ਫ਼ੌਲਾਦੀ ਤਾਕਤ ਬਖਸ਼ਦੇ ਹਨ। ਕਿਸੇ ਦਾ ਦਿੱਤਾ ਹੌਸਲਾ ਵੀ ਤਾਂ ਹੀ ਕਿਸੇ ਟੁੱਟਦੇ ਹੋਏ ਦਿਲ ਨੂੰ ਧਰਵਾਸ ਦੇ ਸਕਦਾ ਹੈ, ਜੇ ਉਸ ਦੇ ਆਪਣੇ ਅੰਦਰ ਜ਼ਿੰਦਗੀ ਜਿਊਣ ਦੀ ਚਾਹਤ ਹੋਵੇ। ਜ਼ਿੰਦਗੀ ਵੀ ਆਪਣੇ ਅੰਦਰ ਉਮੰਗ ,ਚਾਅ ਪੈਦਾ ਕੀਤੇ ਬਿਨਾਂ ਨਹੀਂ ਸੰਵਾਰੀ ਜਾ ਸਕਦੀ ।ਹਰ ਵੇਲੇ ਮਰੂੰ ਮਰੂੰ ਕਰਨ ਵਾਲੇ ਲੋਕ ਅਕਸਰ ਬੁਝੇ ਬੁਝੇ ਜਿਹੇ ਰਹਿੰਦੇ ਹਨ।ਇਸ ਦਾ ਕਾਰਨ ਆਪਣੇ ਆਲ਼ੇ ਦੁਆਲ਼ੇ ਦਾ ਪ੍ਰਭਾਵ ਆਪਣੇ ਉੱਪਰ ਜ਼ਿਆਦਾ ਰੱਖਣਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ,ਘਰ ਜਾਂ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਦਿਲ ਦਿਮਾਗ ਉੱਪਰ ਅਸਰ ਪਾਉਂਦੀਆਂ ਹਨ ਪਰ ਉਹ ਪ੍ਰਭਾਵ ਓਨਾਂ ਹੀ ਪਾਓ ਜਿੰਨੇ ਨਾਲ ਤੁਹਾਡੀ ਮਾਨਸਿਕ ਅਤੇ ਸਰੀਰਕ ਅਵਸਥਾ ਵਿੱਚ ਵਿਗਾੜ ਨਾ ਪੈਦਾ ਹੋਵੇ। ਜੇ ਕਿਸੇ ਤੋਂ ਸਤਿਕਾਰ ਚਾਹੁੰਦੇ ਹੋ ਤਾਂ ਪਹਿਲਾਂ ਖੁਦ ਨੂੰ ਪਿਆਰ ਕਰੋ।ਖੁਦ ਨੂੰ ਪਿਆਰ ਕੀਤਿਆਂ ਹੀ ਸਵੈ ਵਿਸ਼ਵਾਸ਼ ਪੈਦਾ ਹੋ ਸਕਦਾ ਹੈ,ਸਵੈ ਵਿਸ਼ਵਾਸ਼ ਪੈਦਾ ਹੋਣ ਨਾਲ ਹੀ ਜ਼ਿੰਦਗੀ ਪਿਆਰੀ ਲੱਗ ਸਕੇਗੀ।

    ਪੰਜਾਬੀ ਲੋਕ ਜ਼ਿੰਦਾਦਿਲੀ ਦੀ ਸਭ ਤੋਂ ਵੱਡੀ ਮਿਸਾਲ ਬਣ ਕੇ ਉੱਭਰਦੇ ਹਨ। ਔਖੇ ਵੇਲੇ ਇਹ ਹਮੇਸ਼ਾ ਸੰਕਟ ਮੋਚਨ ਬਣਕੇ ਅੱਗੇ ਆਉਂਦੇ ਹਨ। ਇਥੋਂ ਤੱਕ ਕਿ ਸੰਸਾਰ ਵਿੱਚ ਵੀ ਜੇਕਰ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਪੰਜਾਬੀ ਲੋਕ ਹਮੇਸ਼ਾ ਸੇਵਾ ਭਾਵਨਾ ਨਾਲ ਤੱਤਪਰ ਰਹਿੰਦੇ ਹਨ। ਪੰਜਾਬੀ ਬਹਾਦਰ, ਮਿਹਨਤੀ ਅਤੇ ਮਾਨਵਤਾ ਦੀ ਸੇਵਾ ਦੇ ਪ੍ਰਤੀਕ ਹਨ।ਜੇ ਦੇਖੀਏ ਤਾਂ ਇਸ ਦੀ ਤਾਜ਼ਾ ਮਿਸਾਲ ਪੰਜਾਬ ਵਿੱਚ ਆਏ ਹੜ੍ਹਾਂ ਦੇ ਦੌਰਾਨ ਉਨ੍ਹਾਂ ਵੱਲੋਂ ਹੜ੍ਹ ਪੀੜਤਾਂ ਦੇ ਬਚਾਓ ਅਤੇ ਉਨ੍ਹਾਂ ਲਈ ਡੂੰਘੇ ਪਾਣੀਆਂ ਵਿੱਚ ਜਾ ਕੇ ਰਾਹਤ ਸਮਗਰੀ ਵੰਡਣ ਤੋਂ ਸ਼ਪਸ਼ਟ ਹੁੰਦੀ ਹੈ। ਉਹ ਹਰ ਮੁਸੀਬਤ ਅਤੇ ਕੁਦਰਤੀ ਕਰੋਪੀ ਦੇ ਸਮੇਂ ਲੋਕਾਈ ਦੀ ਬਾਂਹ ਫੜਦੇ ਨਜ਼ਰ ਆ ਰਹੇ ਹਨ ਜਦੋਂ ਕਿ ਪੰਜਾਬੀ ਖੁਦ ਹੜ੍ਹਾਂ ਤੋਂ ਪ੍ਰਭਾਵਿਤ  ਹਨ। ਪੰਜਾਬ ਦੇ ਕਿਸਾਨਾ ਦੀਆਂ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਗਈਆਂ ਹਨ। ਜਾਨ ਅਤੇ ਮਾਲ ਦਾ ਬੇਇੰਤਹਾ ਨੁਕਸਾਨ ਹੋ ਰਿਹਾ ਹੈ।  ਇਸ ਪ੍ਰਕਾਰ ਪੰਜਾਬ ਦੀ ਆਰਥਿਕਤਾ ਨੂੰ ਗਹਿਰੀ ਸੱਟ ਵੱਜੀ ਹੈ। ਪੰਜਾਬੀ ਹਰ ਸਾਲ ਆਪ ਇਨ੍ਹਾਂ ਹੜ੍ਹਾਂ ਦਾ ਸੰਤਾਪ ਭੋਗਦੇ ਹਨ ਪ੍ਰੰਤੂ ਫਿਰ ਵੀ ਉਹਨਾਂ ਦੁਆਰਾ ਇੱਕ ਦੂਜੇ ਦੀ ਜਾਂ ਲੋਕਾਈ ਦੀ ਵੱਖ ਵੱਖ ਤਰੀਕਿਆਂ ਨਾਲ ਮਦਦ ਕਰਕੇ ਜ਼ਿੰਦਾਦਿਲੀ ਦੀ ਮਿਸਾਲ ਕਾਇਮ ਕੀਤੀ ਜਾ ਰਹੀ ਹੈ।
               ਪੰਜਾਬੀਆਂ ਦੀ ਤਰ੍ਹਾਂ ਜ਼ਿੰਦਗੀ ਜਿਊਣਾ ਵੀ ਇੱਕ ਕਲਾ ਹੈ । ਜੋ ਇਹ ਕਲਾ ਆਪਾਂ ਆਮ ਹੀ ਦੁਨੀਆਂ ਵਿੱਚ ਵਿਚਰਦੇ ਹੋਏ ਵੇਖਦੇ ਹਾਂ । ਕਈ ਲੋਕਾਂ ਕੋਲ ਸਭ ਕੁਝ ਹੁੰਦਿਆਂ ਵੀ ਝੁਰਦੇ ਰਹਿੰਦੇ ਹਨ ਅਤੇ ਕਈਆਂ ਕੋਲ ਦੋ ਵਕਤ ਦੀ ਰੋਟੀ ਦੇ ਹੀ ਸਾਧਨ ਹੋਣ ਉਹ ਰਾਜਿਆਂ ਵਾਂਗ ਹੱਸ ਕੇ ਬਾਹਵਾਂ ਖਿਲਾਰ ਕੇ ਸਭ ਨੂੰ ਮਿਲ਼ਦੇ ਹਨ।ਇਹੀ ਤਾਂ ਜ਼ਿੰਦਗੀ ਜਿਊਣ ਦਾ ਸਲੀਕਾ ਹੁੰਦਾ ਹੈ। ਝੁਰਨ ਵਾਲੇ ਲੋਕ ਅਕਸਰ ਆਪਣੀਆਂ ਖੁਸ਼ੀਆਂ ਦਾ ਆਨੰਦ ਮਾਣਨ ਦੀ ਬਜਾਏ ਦੂਜਿਆਂ ਦੀ ਤਰੱਕੀ ਨੂੰ ਵੇਖ ਵੇਖ ਕੇ ਸੜਦੇ ਖਿਝਦੇ ਰਹਿੰਦੇ ਹਨ। ਇਹੋ ਜਿਹੇ ਲੋਕ ਇਸ ਗੱਲੋਂ ਅਣਜਾਣ ਹੁੰਦੇ ਹਨ ਕਿ ਉਹ ਆਪਣਾ ਹੀ ਕਿੰਨਾ ਵੱਡਾ ਨੁਕਸਾਨ ਕਰ ਰਹੇ ਹਨ।ਇਹ ਮਨੁੱਖੀ ਜ਼ਿੰਦਗੀ ਪਰਮਾਤਮਾ ਵੱਲੋਂ ਬਖ਼ਸ਼ਿਆ ਹੋਇਆ ਇੱਕ ਬੇਸ਼ੁਮਾਰ ਕੀਮਤੀ ਤੋਹਫ਼ਾ ਹੈ । ਇਸ ਨੂੰ ਕਦੇ ਅਜਾਈਂ ਨਹੀਂ ਗਵਾਉਣਾ ਚਾਹੀਦਾ।ਜਿਵੇਂ ਕੁਦਰਤ ਦੇ ਨਿਯਮਾਂ ਅਨੁਸਾਰ ਦਿਨ ਅਤੇ ਰਾਤ ਬਣਦੇ ਹਨ,ਗਰਮੀ ਅਤੇ ਸਰਦੀ, ਪੱਤਝੜ ਤੇ ਬਹਾਰ ਆਉਂਦੇ ਹਨ ਉਸੇ ਤਰ੍ਹਾਂ ਜ਼ਿੰਦਗੀ ਵਿੱਚ ਜੇ ਦੁੱਖ, ਨਾਕਾਮਯਾਬੀ ਅਤੇ ਅਸਫ਼ਲਤਾ ਆਉਂਦੇ ਹਨ ਤਾਂ ਉਸ ਨੂੰ ਖਿੜੇ ਮੱਥੇ ਸਵੀਕਾਰ ਕਰੋ ਕਿਉਂਕਿ ਜੇ ਰਾਤ ਆਈ ਹੈ ਤਾਂ ਸਵੇਰ ਦਾ ਆਉਣਾ ਨਿਸ਼ਚਿਤ ਹੁੰਦਾ ਹੈ। ਜੇਕਰ ਜ਼ਿੰਦਗੀ ਦੀ ਤੁਸੀਂ ਕਦਰ ਕਰੋਗੇ ਤਾਂ ਜ਼ਿੰਦਗੀ ਤੁਹਾਡੀ ਕਦਰ ਕਰੇਗੀ। ਅਸੀਂ ਕੁਦਰਤ ਨੂੰ ਜੋ ਦਿੰਦੇ ਹਾਂ ਉਹ ਸਾਨੂੰ ਕਈ ਗੁਣਾ ਕਰਕੇ ਵਾਪਸ ਕਰਦੀ ਹੈ। ਉਦਾਹਰਣ ਦੇ ਤੌਰ ਤੇ ਜੇ ਅਸੀਂ ਇੱਕ ਬੀਜ ਬੀਜਦੇ ਹਾਂ ਤਾਂ ਉਹ ਸਾਨੂੰ ਕਈ ਗੁਣਾ ਵਾਧਾ ਕਰਕੇ ਵਾਪਸ ਕਰਦੀ ਹੈ
।ਇਹੀ ਉਸ ਦਾ ਹਰ ਗੱਲ ਵਿੱਚ ਅਸੂਲ ਹੈ।ਜੇ ਦੂਜਿਆਂ ਦੀ ਖੁਸ਼ੀ ਨੂੰ ਦੇਖ ਕੇ ਹਉਕਾ ਲਵੋਗੇ ਤਾਂ ਉਹੀ ਨਕਾਰਤਮਿਕਤਾ ਨਾਲ ਤੁਹਾਡੀ ਝੋਲੀ ਭਰਦੀ ਜਾਵੇਗੀ ,ਇਸ ਤੋਂ ਉਲਟ ਜੇ‌ ਤੁਸੀਂ ਦੂਜਿਆਂ ਦੀ ਖੁਸ਼ੀ ਨੂੰ ਦੇਖ ਕੇ ਸੱਚੇ ਦਿਲੋਂ ਖੁਸ਼ ਹੁੰਦੇ ਜਾਵੋਗੇ ਤਾਂ ਤੁਹਾਡੀਆਂ ਝੋਲੀਆਂ ਵੀ ਰੱਬ ਖੁਸ਼ੀਆਂ ਨਾਲ ਭਰ ਦੇਵੇਗਾ।ਇਹੀ ਅਸੂਲ ਸਫ਼ਲਤਾ ਅਤੇ ਜਿੱਤਾਂ ਤੇ ਲਾਗੂ ਹੁੰਦਾ ਹੈ।ਇਸ ਲਈ ਜੇ ਤੁਸੀਂ ਜ਼ਿੰਦਗੀ ਦਾ ਅਸਲੀ ਆਨੰਦ ਮਾਣਨਾ ਚਾਹੁੰਦੇ ਹੋ ਤਾਂ ਆਪਣੇ ਹਿਰਦੇ ਨਿਰਮਲ ਜਲ ਵਾਂਗੂੰ ਸਾਫ਼ ਰੱਖ ਕੇ ਆਪਣੀ ਸੋਚ ਨੂੰ ਸਾਫ਼ ਸੁਥਰੀ ਬਣਾ ਕੇ ,ਆਨੰਦ ਮਾਣਦੇ ਹੋਏ, ਠਾਠਾਂ ਮਾਰਦੇ ਦਰਿਆ ਵਾਂਗ ਅੱਗੇ ਵਧਦੇ ਜਾਓ।ਫਿਰ ਦੇਖਿਓ ਤੁਹਾਡੀ ਜ਼ਿੰਦਗੀ ਵਿੱਚ ਆਈਆਂ ਮੁਸੀਬਤਾਂ ਕਿਵੇਂ ਪਾਣੀ ਦੀਆਂ ਛੱਲਾਂ ਵਿੱਚ ਰੁੜ੍ਹਦੇ ਤਿਣਕਿਆਂ ਜਿੰਨੀਆਂ ਹੀ ਰਹਿ ਜਾਣਗੀਆਂ। ਇਸ ਲਈ ਜ਼ਿੰਦਗੀ ਨੂੰ ਮੁੱਲਵਾਨ ਬਣਾਉਣ ਲਈ ਇਸ ਨੂੰ ਕਰਤੇ ਦੇ ਨਿਯਮਾਂ ਅਨੁਸਾਰ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਹਾਥੀ ਦੀ ਮਸਤ ਤੋਰ ਵਧਦੇ ਜਾਓ,ਅੱਗੇ ਵਧਿਆਂ ਹੀ ਮੰਜ਼ਿਲਾਂ ਸਰ ਹੁੰਦੀਆਂ ਨੇ, ਰਾਹਾਂ ਵਿੱਚ ਖੜ੍ਹੇ ਹੋ ਕੇ ਐਧਰ ਓਧਰ ਦੇਖਣ ਨਾਲ ਪਤਾ ਵੀ ਨਹੀਂ ਲੱਗਦਾ ਕਦੋਂ ਹਨੇਰੇ ਦਸਤਕ ਦੇਣ ਲੱਗਦੇ ਹਨ।ਇਸ ਲਈ ਪੰਜਾਬੀਆਂ ਵਾਂਗ ਔਖੀ ਘੜੀ ਵਿੱਚ ਵੀ ਹੱਸ ਕੇ ਜਿਉਣਾ ਤੇ ਸਰਬੱਤ ਦੇ ਭਲੇ ਵਾਲੇ ਵਿਸ਼ਾਲ ਹਿਰਦਿਆਂ ਦੇ ਧਾਰਨੀ ਬਣ ਕੇ, ਜ਼ਿੰਦਗੀ ਦੇ ਪੰਧ ਸ਼ਿੰਗਾਰਦੇ ਹੋਏ ਵਧਦੇ ਜਾਣਾ ਹੀ ਜੀਵਨ ਹੈ। ਇਸੇ ਲਈ ਤਾਂ ਕਿਹਾ ਜਾਂਦਾ ਹੈ ਕਿ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
    ਬਰਜਿੰਦਰ ਕੌਰ ਬਿਸਰਾਓ …
    9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਿੰਡ ਖਡਿਆਲ ਵਿਖੇ ਬਣਨ ਜਾ ਰਹੇ ਬਿਜਲੀ ਗਰਿਡ ਦਾ ਐਸ ਸੀ ਪਟਿਆਲਾ ਵਲੋਂ ਦੌਰਾ ਕੀਤਾ ਗਿਆ
Next articleਸੈਂਕੜੇ ਕਬੱਡੀ ਪ੍ਰੇਮੀਆਂ ਨੇ ਨਮ ਅੱਖਾਂ ਨਾਲ ਦਿੱਤੀ ਕੋਚ ਗੁਰਮੇਲ ਸਿੰਘ ਨੂੰ ਅੰਤਿਮ ਵਿਦਾਇਗੀ