ਏਹੁ ਹਮਾਰਾ ਜੀਵਣਾ ਹੈ -335 

ਬਰਜਿੰਦਰ ਕੌਰ ਬਿਸਰਾਓ‘

(ਸਮਾਜ ਵੀਕਲੀ)-    ਨੱਥੇ ਦੀ ਕਬੀਲਦਾਰੀ ਭਾਰੀ ਸੀ। ਪਰ ਹੱਥਾਂ ਵਿੱਚ ਮਿਹਨਤ ਤੇ ਦਿਲ ਵਿੱਚ ਸਬਰ ਹੋਣ ਕਰਕੇ ਉਹ ਹੌਲੀ ਹੌਲੀ ਕਬੀਲਦਾਰੀ ਵਾਲ਼ੀ ਗੱਡੀ ਤੋਰੀ ਜਾਂਦਾ ਸੀ। ਚਾਰ ਕੁੜੀਆਂ ਤੇ ਉਹਨਾਂ ਤੋਂ ਛੋਟਾ ਮਸਾਂ ਮਸਾਂ ਦਾ ਮੁੰਡਾ ਸੀ। ਪਹਿਲਾਂ ਕਿਸੇ ਨੇ ਵੱਡੀ ਕੁੜੀ ਦੇ ਰਿਸ਼ਤੇ ਦੀ ਦੱਸ ਪਾਈ ਤਾਂ ਮੁੰਡਾ ਦੇਖਣ ਗਇਆਂ ਨੂੰ ਪਤਾ ਲੱਗਿਆ ਕਿ ਉਸ ਦਾ ਛੋਟਾ ਭਰਾ ਵੀ ਸਾਲ ਕੁ ਈ ਛੋਟਾ ਹੈ ਤਾਂ ਉਸ ਨੇ ਆਪਣੀਆਂ ਦੋਹਾਂ ਵੱਡੀਆਂ ਕੁੜੀਆਂ ਦਾ ਰਿਸ਼ਤਾ ਕਰ ਦਿੱਤਾ ,ਮਾੜਾ ਮੋਟਾ ਜਿਹਾ,ਗਰੀਬੀ ਦਾਅਵੇ ਵਿੱਚ ਜੋ ਸਰਿਆ ਉਹ ਦੇ ਦਿੱਤਾ ਤੇ ਵਿਹੜੇ ਵਿੱਚ ਹੀ ਕਨਾਤਾਂ ਲਾ ਕੇ ਵਿਆਹ ਕਰ ਦਿੱਤਾ। ਦੋ ਕੁੜੀਆਂ ਦਾ ਬੋਝ ਲਹਿ ਗਿਆ ਸੀ। ਉਹ ਦੋਵੇਂ ਦੂਰ ਵਿਆਹੀਆਂ ਗਈਆਂ। ਦੂਰ ਹੋਣ ਕਰਕੇ ਪਹਿਲਾਂ ਤਾਂ ਨੱਥੇ ਦੀ ਘਰਵਾਲ਼ੀ ਮੰਨਦੀ ਨਹੀਂ ਸੀ ਪਰ ਫਿਰ ਨੱਥੇ ਦੇ ਸਮਝਾਉਣ ਤੇ ਮੰਨ ਗਈ ਸੀ। ਦੋ ਕੁ ਸਾਲ ਬਾਅਦ ਗੁਆਂਢੀਆਂ ਦੀ ਬਹੂ ਨੇ ਲਾਗਲੇ ਪਿੰਡ ਈ ਆਪਣੇ ਮਾਮੇ ਦੇ ਦੋਹਾਂ ਮੁੰਡਿਆਂ ਨੂੰ ਰਿਸ਼ਤਾ ਕਰਵਾ ਦਿੱਤਾ ਤੇ ਵੱਡੀਆਂ ਕੁੜੀਆਂ ਵਾਂਗ ਇਹਨਾਂ ਦੇ ਵੀ ਵੀਹ ਕੁ ਬੰਦੇ ਬਰਾਤ ਮੰਗਵਾ ਕੇ ਉਸ ਨੇ ਸਰਦਾ ਪੁੱਜਦਾ ਵਿਆਹ ਕਰ ਦਿੱਤਾ। ਹੁਣ ਨੱਥੇ ਦੇ ਦਿਮਾਗ਼ ਤੋਂ ਬੋਝ ਉਤਰ ਗਿਆ ਸੀ ।

            ਕੁੜੀਆਂ ਨੂੰ ਮਾਪਿਆਂ ਦੀ ਮਜ਼ਬੂਰੀ ਦਾ ਪਤਾ ਸੀ ਕਿ ਜੇ ਰੋਜ਼ ਰੋਜ਼ ਮਿਲ਼ਣ ਆਉਣਗੀਆਂ ਤਾਂ ਉਹਨਾਂ ਨੂੰ ਖਾਤਰਦਾਰੀ ਤੇ ਜਾਂ ਧੀਆਂ ਨੂੰ ਕੁਛ ਨਾ ਕੁਛ ਦੇ ਕੇ ਤੋਰਨ ਵਾਲ਼ੇ ਫਾਲਤੂ ਦੇ ਖਰਚੇ ਝੱਲਣੇ ਪੈਣਗੇ। ਇਸ ਲਈ ਉਹ ਪੇਕੇ ਕਦੇ ਦਿਨ ਤਿਹਾਰ ਨੂੰ ਹੀ ਚੱਕਰ ਲਾਉਂਦੀਆਂ। ਨੱਥੇ ਦਾ ਮੁੰਡਾ ਸੁੰਮਾ ਅਠਾਰਾਂ ਵਰ੍ਹਿਆਂ ਦਾ ਹੋ ਗਿਆ ਸੀ। ਉਸ ਨੂੰ ਵੀ ਕਿਸੇ ਨੇ ਪਿੰਡੋਂ ਹੀ ਰਿਸ਼ਤਾ ਕਰਵਾ ਦਿੱਤਾ। ਸੁੰਮੇ ਦਾ ਵਿਆਹ ਕਰਕੇ ਹੁਣ ਨੱਥੇ ਦੀ ਕਬੀਲਦਾਰੀ ਨਜਿੱਠੀ ਗਈ ਸੀ। ਨੱਥੇ ਦਾ ਮੁੰਡਾ ਤਾਂ ਜਿਹੋ ਜਿਹਾ ਸੀ,ਉਹ ਤਾਂ ਸਭ ਨੂੰ ਪਤਾ ਸੀ ਪਰ ਨੂੰਹ ਤਾਂ ਉਸ ਦੀ ਵੀ ਗੁਰੂ ਸੀ। ਨਿੱਤ ਦਿਹਾੜੇ ਅੱਡ ਹੋਣ ਦਾ ਕਲੇਸ਼ ਪਾਈ ਰੱਖਦੀ ਸੀ। ਨੱਥੇ ਨੇ ਇੱਟਾਂ ਮੰਗਵਾ ਕੇ ਗਾਰੇ ਨਾਲ ਆਪ ਹੀ ਵਿਹੜੇ ਵਿੱਚ ਕੰਧ ਚਿਣ ਦਿੱਤੀ। ਉਹਨਾਂ ਨੂੰ ਪੂਰਾ ਘਰ ਦੇ ਦਿੱਤਾ ਤੇ ਆਪ ਦੋਵੇਂ ਜੀਅ ਤੂੜੀ ਵਾਲੇ ਕਮਰੇ ਨੂੰ ਲਿੱਪ ਸੰਵਾਰ ਕੇ ਰਹਿਣ ਲੱਗ ਪਏ। ਉਹਨਾਂ ਨੂੰ ਹੁਣ ਤੂੜੀ ਦੀ ਲੋੜ ਨਹੀਂ ਪੈਂਦੀ ਸੀ ਕਿਉਂਕਿ ਜਦੋਂ ਤੋਂ ਨੱਥੇ ਦੀ ਘਰਵਾਲ਼ੀ ਦੇ ਮੋਤੀਆ ਉਤਰ ਆਇਆ ਸੀ ਉਦੋਂ ਤੋਂ ਹੀ ਉਨ੍ਹਾਂ ਨੇ ਸਾਰੇ ਡੰਗਰ ਪਸ਼ੂ ਵੇਚ ਦਿੱਤੇ ਸਨ। ਇੱਕ ਦਿਨ ਸੁੰਮਾ ਕੰਮ ਤੇ ਗਿਆ ਹੋਇਆ ਸੀ ਕਿ ਮਗਰੋਂ ਨੂੰਹ ਸੱਸ ਦੀ ਕਿਸੇ ਗੱਲੋਂ ਲੜਾਈ ਹੋ ਗਈ ਤਾਂ ਨੂੰਹ ਸੱਸ ਨੂੰ ਕੁੱਟਣ ਪੈ ਗਈ ਤੇ ਘੋਟਣਾ ਮਾਰ ਕੇ ਬਾਂਹ ਤੋੜ ਦਿੱਤੀ। ਨੱਥੇ ਦੀ ਘਰਵਾਲ਼ੀ ਨੇ ਅਜਿਹਾ ਮੰਜਾ ਫੜਿਆ ਕੇ ਛੇ ਮਹੀਨੇ ਦੇ ਅੰਦਰ ਹੀ ਰੱਬ ਨੂੰ ਪਿਆਰੀ ਹੋ ਗਈ।ਨੱਥੇ ਨੇ ਉਸ ਦਾ ਇਲਾਜ ਕਰਵਾਉਣ ਲਈ ਜਿਹੜੀ ਡੇਢ ਕੁ ਕਿੱਲਾ ਜ਼ਮੀਨ ਸੀ,ਵੇਚ ਦਿੱਤੀ ਸੀ।
           ਘਰਵਾਲ਼ੀ ਦੇ ਮਰਨ ਤੋਂ ਬਾਅਦ ਨੱਥੇ ਦੀ ਸਿਹਤ ਵੀ ਦਿਨੋ ਦਿਨ ਡਿੱਗਣ ਲੱਗੀ। ਆਪ ਤੋਂ ਜੇ ਰੋਟੀ ਪੱਕਦੀ ਤਾਂ ਖਾ ਲੈਂਦਾ, ਪਕਾਉਣ ਦੀ ਹਿੰਮਤ ਨਾ ਹੁੰਦੀ ਤਾਂ ਭੁੱਖਾ ਈ ਪਾਣੀ ਪੀ ਕੇ ਸੌਂ ਜਾਂਦਾ। ਹੁਣ ਤਾਂ ਦੋ ਤਿੰਨ ਦਿਨ ਤੋਂ ਉਹ ਅੰਦਰੋਂ ਬਾਹਰ ਈ ਨੀ ਨਿਕਲਿਆ ਸੀ। ਸੁੰਮਾ ਵਿਹੜੇ ਵਿਚਲੀ ਕੰਧ ਉੱਤੋਂ ਦੀ ਝਾਤੀ ਮਾਰ ਕੇ ਵੇਖ ਲੈਂਦਾ। ਸੁੰਮਾ ਸਰਪੰਚ ਕੋਲ ਜਾ ਕੇ ਕਹਿਣ ਲੱਗਾ,”ਸਰਪੰਚਾ….. ਸਾਡੀਆਂ, ਇਹ ਨਾਲ਼ ਦੇ ਪਿੰਡ ਵਾਲੀਆਂ ਕੁੜੀਆਂ ਨੂੰ ਫ਼ੋਨ ਕਰਕੇ ਕਹਿ ਦਿਓ ਕਿ ਆ ਕੇ ਬਾਪੂ ਨੂੰ ਦੇਖ਼ ਲੈਣ…..।”
ਸਰਪੰਚ ਨੇ ਕੁੜੀਆਂ ਨੂੰ ਫ਼ੋਨ ਲਾ ਕੇ ਕਿਹਾ,” ਭਾਈ…..ਨੱਥੇ ਦੀ ਸਿਹਤ ਠੀਕ ਨੀ ਲੱਗਦੀ….. ਸੁੰਮਾ ਕਹਿੰਦਾ ਆ ਕੇ ਸਾਂਭ ਲਓ ਆਪਣੇ ਬਾਪੂ ਨੂੰ…..!”
ਕੁੜੀਆਂ ਫ਼ੋਨ ਸੁਣਦੇ ਸਾਰ ਹੀ ਆਟੋ ਕਿਰਾਏ ਤੇ ਕਰਕੇ ਆਪਣੇ ਪਿਓ ਨੂੰ ਲੈਣ ਘੰਟੇ ਦੇ ਵਿੱਚ ਵਿੱਚ ਆ ਗਈਆਂ। ਆ ਕੇ ਬਾਪੂ ਨੂੰ ਪਾਣੀ ਪੀਣ ਨੂੰ ਦਿੱਤਾ ਤਾਂ ਕੋਈ ਦੋ ਲੀਟਰ ਪਾਣੀ ਪੀ ਗਿਆ ਜਿਵੇਂ ਸਦੀਆਂ ਤੋਂ ਤਿਹਾਇਆ ਹੋਏ।ਉਹ ਨੱਥੇ ਨੂੰ ਆਟੋ ਵਿੱਚ ਬਿਠਾ ਕੇ ਪਹਿਲਾਂ ਡਾਕਟਰ ਦੇ ਲੈ ਕੇ ਗਈਆਂ ਤੇ ਫਿਰ ਦਵਾਈ ਬੂਟੀ ਕਰਵਾ ਕੇ ਆਪਣੇ ਘਰ ਲੈ ਗਈਆਂ। ਪੰਦਰਾਂ ਕੁ ਦਿਨ ਨੱਥੇ ਨੇ ਕੱਢੇ ਪਰ ਕਈ ਦਿਨ ਭੁੱਖਾ ਰਹਿਣ ਕਰਕੇ ਕਮਜ਼ੋਰੀ ਕਾਰਨ ਉਹ ਠੀਕ ਨਾ ਹੋਇਆ ਤੇ ਉਸ ਨੇ ਪ੍ਰਾਣ ਤਿਆਗ ਦਿੱਤੇ। ਕੁੜੀਆਂ ਨੇ ਵੱਡੀਆਂ ਭੈਣਾਂ ਨੂੰ ਬੁਲਾਇਆ ਪਰ ਸੁੰਮੇ ਨੂੰ ਸੁਨੇਹਾ ਦੇਣਾ ਮੁਨਾਸਿਬ ਨਾ ਸਮਝਿਆ। ਪਰ ਸੁੰਮੇ ਨੂੰ ਕਿਸੇ ਤੋਂ ਪਤਾ ਲੱਗ ਗਿਆ ਸੀ। ਉਹ ਪਿੰਡ ਦੇ ਦੋ ਚਾਰ ਮੋਹਤਬਰਾਂ ਨੂੰ ਨਾਲ ਲੈਕੇ ਨੱਥੇ ਦੀ ਦੇਹ ਨੂੰ ਲੈਣ ਆਇਆ ਤਾਂ ਜੋ ਉਹ ਆਪਣਾ ਫਰਜ਼ ਨਿਭਾ ਸਕੇ। ਕੁੜੀਆਂ ਨੇ ਮਨ੍ਹਾ ਕਰ ਦਿੱਤਾ। ਸਰਪੰਚ ਕੁੜੀਆਂ ਨੂੰ ਆਖਣ ਲੱਗਿਆ,” ਭਾਈ….. ਧੀਆਂ ਲੱਖ ਹੋਣ…. ਪਰ ਹੁਣ ਆਖਰੀ ਮੌਕੇ ਤਾਂ ਉਸ ਦੀਆਂ ਰਸਮਾਂ ਨਿਭਾਉਣ ਦਾ ਤਾਂ ਪੁੱਤ ਦਾ ਈ ਫਰਜ਼ ਬਣਦਾ…. ।”
ਨੱਥੇ ਦੀ ਧੀ ਨੇ ਹੱਥ ਜੋੜ ਕੇ ਸਰਪੰਚ ਨੂੰ ਆਖਿਆ,”ਸਰਪੰਚ ਸਾਹਬ….. ਤੁਸੀਂ ਪੁੱਤ ਦੇ ਕਿਹੜੇ ਫਰਜ਼ਾਂ ਦੀ ਗੱਲ ਕਰਦੇ ਓਂ….. ਜਿਹੜੇ ਪੁੱਤ ਨੇ ਕਦੇ ਪਾਣੀ ਨੀ ਪੁੱਛਿਆ ਪਿਓ ਨੂੰ…. ਰੋਟੀ ਤਾਂ ਬਹੁਤ ਦੂਰ ਦੀ ਗੱਲ ਸੀ….. ਇਹਦੇ ਜੰਮਣ ਤੇ ਈ ਬੇਬੇ ਬਾਪੂ ਨੇ ਬਹੁਤ ਚਾਅ ਕੀਤਾ ਸੀ…… ਕਹਿੰਦਾ ਸੀ ‘ਮੇਰੇ ਘਰ ਪੁੱਤ ਹੋ ਗਿਆ…. ਮੇਰੀਆਂ ਚਾਰੇ ਧੀਆਂ ਢਕੀਆਂ ਗਈਆਂ….. ‘ (ਕੁੜੀ ਫਿਰ ਸਰਪੰਚ ਵੱਲ ਹੱਥ ਜੋੜ ਕੇ ਅਟੱਲ ਫੈਸਲਾ ਸੁਣਾਉਂਦੀ ਹੋਈ)  …. ਸਰਪੰਚ ਸਾਹਿਬ ਬਾਪੂ ਜੀ ਦੀਆਂ ਸਾਰੀਆਂ ਰਸਮਾਂ ਅਸੀਂ ਨਿਭਾਵਾਂਗੀਆਂ……  ਜਿਸ ਦਿਨ ਬਾਪੂ ਦਾ ਘਰ ਸੰਭਾਲ ਕੇ ਉਸ ਨੂੰ ਤੂੜੀ ਵਾਲੇ ਕੋਠੇ ਵਿੱਚ ਰਹਿਣ ਲਈ ਮਜ਼ਬੂਰ ਕਰ ਦਿੱਤਾ ਸੀ, ਇਹ ਤਾਂ ਉਸੇ ਦਿਨ ਸਾਰੇ ਫਰਜ਼ਾਂ ਤੋਂ ਫ਼ਾਰਗ ਹੋ ਗਿਆ ਸੀ…।” ਸੁੰਮਾ ਨੀਵੀਂ ਪਾ ਲੈਂਦਾ ਹੈ ਤੇ ਸਰਪੰਚ ਨੂੰ ਵੀ ਇਸ ਤੋਂ ਅੱਗੇ ਕੁਝ ਕਹਿਣ ਦਾ ਹੀਆ ਨਾ ਪਿਆ ਕਿਉਂਕਿ ਉਹ ਜਾਣਦਾ ਸੀ ਕਿ ਕੁੜੀਆਂ ਠੀਕ ਕਹਿ ਰਹੀਆਂ ਸਨ ਤੇ ਉਹ ਉਹਨਾਂ ਬਾਰੇ ਸੋਚਦਾ ਸੀ ਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਰਥੀ ਫੂਕ ਮੁਜ਼ਾਹਰੇ
Next articleਸਰੀ ਸੁਪਰ ਸਟਾਰਜ਼ ਕਾਮਾਗਾਟਾ ਮਾਰੂ ਕਬੱਡੀ ਕੱਪ ਨੂੰ ਚੜਿਆ ਸੁਨਹਿਰੀ ਰੰਗ