ਏਹੁ ਹਮਾਰਾ ਜੀਵਣਾ ਹੈ-318

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਬੰਤੋ ਜਦੋਂ ਦੀ ਵਿਆਹੀ ਆਈ ਸੀ ਉਸ ਨੇ ਆਪਣੀ ਸੱਸ ਤੇ ਸਹੁਰੇ ਨੂੰ ਜੁੱਤੀ ਥੱਲੇ ਰੱਖਿਆ ਹੋਇਆ ਸੀ। ਮਜਾਲ ਆ ਕਿ ਉਹ ਇਹਦੇ ਮੂਹਰੇ ਬੋਲ ਜਾਣ , ਨਾਜਰ ਤਾਂ ਓਹਦਾ ਪਤੀ ਘੱਟ ਨੌਕਰ ਵੱਧ ਲੱਗਦਾ ਸੀ। ਸ਼ਰੀਕੇ ਦੀ ਕਿਹੜੀ ਔਰਤ ਸੀ ਜਿਸ ਨਾਲ ਉਹ ਗੁੱਥਮਗੁੱਥਾ ਨਾ ਹੋਈ ਹੋਵੇ। ਬੰਤੋ ਦੇ ਸੱਸ ਸਹੁਰਾ ਸ਼ਰੀਫ਼ ਈ ਐਨੇ ਸਨ ਕਿ ਤਾਂ ਹੀ ਤਾਂ ਉਹ ਉਹਨਾਂ ਦੇ ਘਰ ਟਿਕੀ ਹੋਈ ਸੀ ਨਹੀਂ ਤਾਂ ਕੋਈ ਓਹਦੇ ਵਰਗਾ ਈ ਡਾਹਢਾ ਟੱਬਰ ਮਿਲਿਆ ਹੁੰਦਾ ਤਾਂ ਕਦੋਂ ਦੀ ਪੇਕੇ ਬਿਠਾਈ ਹੁੰਦੀ। ਪਰ ਹੁਣ ਤਾਂ ਉਸ ਨੂੰ ਵਿਆਹੀ ਆਈ ਨੂੰ ਵੀ ਪੱਚੀ ਵਰ੍ਹੇ ਬੀਤ ਗਏ ਸਨ। ਸੱਸ ਨੂੰ ਸਵਰਗ ਸਿਧਾਰੇ ਨੂੰ ਪੰਦਰਾਂ ਵਰ੍ਹੇ ਹੋ ਗਏ ਸਨ ਤੇ ਨਾਜਰ ਵੀ ਲੰਮੀ ਬੀਮਾਰੀ ਕਾਰਨ ਮਾਂ ਤੋਂ ਦੋ ਕੁ ਵਰ੍ਹਿਆਂ ਬਾਅਦ ਹੀ ਪੂਰਾ ਹੋ ਗਿਆ ਸੀ। ਵੱਡਾ ਮੁੰਡਾ ਅੱਠ ਪੜ੍ਹ ਕੇ ਹਟ ਗਿਆ ਸੀ ਤੇ ਖੇਤੀਬਾੜੀ ਦਾ ਕੰਮ ਸਾਂਭ ਲਿਆ ਸੀ। ਉਸ ਨੂੰ ਬੰਤੋ ਦੀ ਭਰਜਾਈ ਨੇ ਆਪਣੀ ਭਤੀਜੀ ਦਾ ਸਾਕ ਕਰਵਾ ਦਿੱਤਾ । ਉਦੋਂ ਮੁੰਡਾ ਹਜੇ ਮਸਾਂ ਵੀਹ ਬਾਈ ਵਰ੍ਹਿਆਂ ਦਾ ਹੋਣਾ ਕਿ ਉਸ ਦਾ ਵਿਆਹ ਕਰ ਦਿੱਤਾ।

ਬੰਤੋ ਦੇ ਸੁਭਾਅ ਨੂੰ ਭਲਾ ਕੌਣ ਨੀ ਜਾਣਦਾ ਸੀ,ਉਸ ਨੇ ਤਾਂ ਆਪਣੀ ਨੂੰਹ ਦੇ ਨਾਲ ਵੀ ਚੌਥੇ ਦਿਨ ਹੀ ਆਹਢੇ ਲਾਉਣੇ ਸ਼ੁਰੂ ਕਰ ਦਿੱਤੇ। ਨੂੰਹ ਨੇ ਵੀ ਮੁੰਡੇ ਨੂੰ ਸਾਫ਼ ਸਾਫ਼ ਕਹਿ ਦਿੱਤਾ ਕਿ ਜਾਂ ਤਾਂ ਉਹ ਆਪਣੇ ਹਿੱਸੇ ਦੀ ਜ਼ਮੀਨ ਲੈ ਕੇ ਅੱਡ ਹੋ ਜਾਵੇ ਜਾਂ ਫਿਰ ਉਹ ਉਸ ਨੂੰ ਛੱਡ ਕੇ ਪੇਕੇ ਚਲੀ ਜਾਵੇਗੀ। ਮੁੰਡੇ ਨੂੰ ਮਾਂ ਦਾ ਸੁਭਾਅ ਪਤਾ ਹੋਣ ਕਰਕੇ ਉਸ ਨੇ ਅੱਡ ਹੋਣ ਵਿੱਚ ਈ ਭਲਾਈ ਸਮਝੀ। ਅੱਡ ਹੋ ਕੇ ਉਹਨਾਂ ਦੀ ਜਾਨ ਤਾਂ ਸੁਖਾਲ਼ੀ ਹੋ ਗਈ ਸੀ। ਉਹ ਕੁਛ ਆਪਣੀ ਜ਼ਮੀਨ ਤੇ ਕੁਛ ਨਾਲ਼ ਲੱਗਦੀ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕਰਦਾ,ਉਸ ਦਾ ਗੁਜ਼ਾਰਾ ਵਧੀਆ ਚੱਲਦਾ ਸੀ। ਔਖਾ ਤਾਂ ਇਹਨਾਂ ਦਾ ਹੋ ਗਿਆ ਸੀ। ਛੋਟੇ ਮੁੰਡੇ ਸਤਨਾਮ ਨੂੰ ਵੀ ਕਿਸੇ ਨੇ ਰਿਸਤਾ ਕਰਵਾ ਦਿੱਤਾ ਸੀ ਤੇ ਉਸ ਦਾ ਵਿਆਹ ਹੋ ਗਿਆ ਸੀ। ਉਹ ਮੁੰਡਾ ਥੋੜ੍ਹੀ ਜਿਹੀ ਜ਼ਮੀਨ ਦੀ ਖੇਤੀ ਤਾਂ ਕਰਦਾ ਪਰ ਗੁਜ਼ਾਰਾ ਔਖਾ ਈ ਚੱਲਦਾ ਸੀ ਕਿਉਂਕਿ ਉਸ ਦੇ ਦੋ ਸਾਲਾਂ ਵਿੱਚ ਦੋ ਜੁਆਕ ਹੋ ਗਏ ਸਨ। ਚਾਰ ਜੀਅ ਇਹ ਤੇ ਇੱਕ ਬੰਤੋ ਤੇ ਇੱਕ ਉਸ ਦਾ ਦਾਦਾ, ਸੁੱਖ ਨਾਲ ਪਰਿਵਾਰ ਵੱਡਾ ਸੀ ਤੇ ਆਮਦਨ ਥੋੜ੍ਹੀ ਸੀ। ਉਸ ਨੇ ਆਪਣੇ ਹਿੱਸੇ ਦੀ ਜ਼ਮੀਨ ਵੇਚ ਕੇ ਕਿਸੇ ਛੋਟੇ ਦੇਸ਼ ਜਾਣ ਦਾ ਫੈਸਲਾ ਕਰ ਲਿਆ। ਉਹ ਛੇਤੀ ਹੀ ਵਿਦੇਸ਼ ਚਲਿਆ ਗਿਆ। ਉੱਥੇ ਉਸ ਨੇ ਪੱਕਾ ਹੋਣ ਖਾਤਰ ਓਧਰਲੀ ਕੁੜੀ ਨਾਲ ਵਿਆਹ ਕਰਵਾ ਲਿਆ। ਐਧਰ ਉਸ ਦੀ ਪਤਨੀ ਤੇ ਬੱਚਿਆਂ ਨੂੰ ਬੰਤੋ ਦੇ ਨਾਲ ਰਹਿਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਬਚ ਗਿਆ ਸੀ।

ਸਤਨਾਮ ਨੂੰ ਪਤਾ ਸੀ ਕਿ ਪਿੱਛੇ ਕੋਈ ਕਮਾਈ ਦਾ ਸਾਧਨ ਨਹੀਂ ਸੀ, ਇਸ ਲਈ ਉਹ ਚੜ੍ਹੇ ਮਹੀਨੇ ਪੈਸੇ ਭੇਜ ਦਿੰਦਾ ਸੀ। ਬੰਤੋ ਇੱਕ ਇੱਕ ਪੈਸਾ ਨੂੰਹ ਤੋਂ ਲੈ ਕੇ ਆਪ ਸਾਂਭ ਲੈਂਦੀ। ਕਦੇ ਨੂੰਹ ਨੇ ਮਾੜਾ ਮੋਟਾ ਬੀਮਾਰ ਹੋਣਾ ਤਾਂ ਉਸ ਨੇ ਦਵਾਈ ਬੂਟੀ ਓਨੀ ਦੇਰ ਨਾ ਲੈ ਕੇ ਦੇਣੀ ਜਿੰਨਾਂ ਚਿਰ ਤੱਕ ਬੁਖਾਰ ਵਿਗੜ ਨਾ ਜਾਂਦਾ। ਕਿਸੇ ਰਿਸ਼ਤੇਦਾਰੀ ਵਿੱਚ ਵਿਆਹ ਸ਼ਾਦੀ ਤੇ ਆਪ ਹੀ ਜਾਂਦੀ ਕਿ ਜੇ ਕਿਤੇ ਨੂੰਹ ਨੂੰ ਭੇਜੇਗੀ ਤਾਂ ਉਸ ਨੂੰ ਤੇ ਉਸ ਦੇ ਜੁਆਕਾਂ ਨੂੰ ਨਵੇਂ ਕੱਪੜੇ ਸੁਆ ਕੇ ਦੇਣੇ ਪੈਣਗੇ। ਸਹੁਰੇ ਨੂੰ ਤਾਂ ਮੱਝਾਂ ਵਾਲੇ ਕੋਠੇ ਮੂਹਰੇ ਈ ਮੰਜਾ ਡਾਹਿਆ ਹੋਇਆ ਸੀ। ਆਪ ਉਹ ਚੰਗਾ ਖਾਂਦੀ ਸੀ ਤੇ ਚੰਗਾ ਪਹਿਨਦੀ ਸੀ। ਇੱਕ ਦਿਨ ਉਹ ਆਪਣੇ ਪੇਕੇ ਮਿਲ਼ਣ ਗਈ ਹੋਈ ਸੀ ਕਿ ਮਗਰੋਂ ਸਤਨਾਮ ਕੋਲੋਂ ਉਸ ਦਾ ਦੋਸਤ ਤੇ ਉਸ ਦੀ ਪਤਨੀ ਕੁਝ ਸਮਾਨ ਦੇਣ ਆਏ ਤਾਂ ਬਹੁਤ ਦੇਰ ਬੈਠਣ ਮਗਰੋਂ ਉਸ ਨੇ ਚਾਹ ਚੁੱਲ੍ਹੇ ਤੇ ਰੱਖ ਕੇ,ਕੰਧ ਉੱਤੋਂ ਦੀ ਗੁਆਂਢਣ ਨੂੰ ਹਾਕ ਮਾਰ ਕੇ ਕਿਹਾ,” ਭੈਣ ਜੀ,ਜੇ ਧਾਰਾਂ ਚੋ ਲਈਆਂ ਨੇ ਤਾਂ….ਡੋਲੂ ਵਿੱਚ ਆਪਣੇ ਨਿਆਣੇ ਹੱਥ ਅੱਜ ਦਾ ਦੁੱਧ ਭੇਜਿਓ ….!” ਗੁਆਂਢਣ ਦੀ ਅਵਾਜ਼ ਆਈ,”ਭੈਣੇ….. ਤੇਰੀ ਸੱਸ ਕਹਿ ਕੇ ਗਈ ਆ ਕਿ ਉਹ ਚਾਰ ਦਿਨਾਂ ਬਾਅਦ ਆਊਗੀ….. ਇਸ ਲਈ ਚਾਰ ਦਿਨਾਂ ਲਈ ਦੁੱਧ ਬੰਦ ਐ…… ਇਸ ਲਈ ਮੈਂ ਤਾਂ ਰੱਖਿਆ ਨੀ…. ਸਾਰਾ ਡਾਇਰੀ ਪਾ ਆਂਦਾ…..।”

ਇਹ ਸੁਣ ਕੇ ਘਰ ਆਏ ਮਹਿਮਾਨ ਕਾਫ਼ੀ ਹੈਰਾਨ ਹੋਏ ਤੇ ਸੋਚ ਰਹੇ ਸਨ ਕਿ ਕਿੰਨੀ ਅੜਬ ਬੁੜੀ ਐ …. ਭਲਾ ਮਗਰ ਚਾਰ ਜੀਆਂ ਨੂੰ ਚਾਹ ਪਾਣੀ ਦੀ ਲੋੜ ਨੀ….। ਉਹਨਾਂ ਨੇ ਸਤਨਾਮ ਦੀ ਪਤਨੀ ਨੂੰ ਪੁੱਛਿਆ ਤਾਂ ਉਸ ਨੇ ਕਿਹਾ,” ਭਾਜੀ…. ਮੇਰਾ ਕੀਹਦੇ ਅੱਗੇ ਜ਼ੋਰ ਚੱਲਣਾ ਹੁਣ….. ਉਹਨਾਂ ਨੇ ਉੱਥੇ ਵਿਆਹ ਕਰਵਾ ਲਿਆ ਤੇ ਬੀਬੀ ਸਾਨੂੰ ਐਥੇ ਤੰਗ ਕਰਦੀ ਆ…. ਮੈਂ ਜਵਾਕਾਂ ਨਾਲ਼ ਜਾ ਕੇ ਪੇਕੇ ਵੀ ਨਹੀਂ ਬੈਠ ਸਕਦੀ….. ਉੱਤੋਂ ਬਾਪੂ ਜੀ ਦੀ ਉਮਰ ਵਾਹਵਾ ਸਿਆਣੀ ਆ…. ਇਹਨਾਂ ਨੂੰ ਵੀ ਨੀ ਧੱਕ ਸਕਦੀ…..।’

ਸਤਨਾਮ ਦੇ ਦੋਸਤ ਦਾ ਉਸ ਦੀ ਗੱਲ ਸੁਣ ਕੇ ਦਿਲ ਪਿਘਲ ਗਿਆ। ਉਸ ਨੇ ਜਾ ਕੇ ਸਤਨਾਮ ਨੂੰ ਸਾਰੀ ਵਿਥਿਆ ਦੱਸੀ ਤਾਂ ਉਸ ਦੇ ਦਿਲ ਵਿੱਚ ਪਤਨੀ ਤੇ ਬੱਚਿਆਂ ਲਈ ਜਿੰਮੇਵਾਰੀ ਦਾ ਅਹਿਸਾਸ ਹੋਇਆ। ਉਹ ਉੱਥੋਂ ਦਸ ਦਿਨ ਲਈ ਆਪਣੇ ਪਰਿਵਾਰ ਨੂੰ ਮਿਲਣ ਆਇਆ ਤਾਂ ਉਸ ਨੇ ਆਪਣੀ ਪਤਨੀ ਨੂੰ ਪਿੰਡ ਵਿੱਚ ਹੀ ਅਲੱਗ ਘਰ ਲੈ ਕੇ ਉਹਨਾਂ ਨੂੰ ਬੰਤੋ ਤੋਂ ਅਲੱਗ ਕਰ ਦਿੱਤਾ ਤੇ ਬਾਪੂ ਵੀ ਉਹਨਾਂ ਨਾਲ਼ ਹੀ ਰਹਿਣ ਲੱਗਿਆ। ਹੁਣ ਸਤਨਾਮ ਸਾਰਾ ਘਰ ਦਾ ਖਰਚਾ ਆਪਣੀ ਪਤਨੀ ਨੂੰ ਸਿੱਧਾ ਹੀ ਭੇਜਦਾ।ਹੁਣ ਉਸ ਦੀ ਪਤਨੀ, ਬੱਚੇ ਅਤੇ ਦਾਦਾ ਖੁਸ਼ਹਾਲ ਜੀਵਨ ਬਤੀਤ ਕਰ ਰਹੇ ਸਨ ,ਉਹ ਆਪਣੀ ਮਰਜ਼ੀ ਨਾਲ ਖਾਂਦੇ ਪੀਂਦੇ ਤੇ ਪਹਿਨਦੇ।

ਓਧਰ ਬੰਤੋ ਆਪਣੇ ਪੁਰਾਣੇ ਘਰ ਦੇ ਵਿਹੜੇ ਵਿੱਚ ਬੈਠੀ ਆਉਂਦੇ ਜਾਂਦੇ ਲੋਕਾਂ ਵੱਲ ਬਿਟ ਬਿਟ ਤੱਕਦੀ ਰਹਿੰਦੀ। ਕਦੇ ਕਿਸੇ ਨਾਲ ਨਾਲੀ ਦੀ ਸਫ਼ਾਈ ਪਿੱਛੇ ਲੜ ਪੈਂਦੀ ਤੇ ਕਦੇ ਕਿਸੇ ਦੇ ਜਵਾਕਾਂ ਦੇ ਗਲੀ ਵਿੱਚ ਖੇਡਣ ਪਿੱਛੇ ਲੜ ਪੈਂਦੀ। ਉਸ ਦਾ ਨਾਂ ਪਿੰਡ ਵਿੱਚ ‘ਅੜਬ ਬੁੜੀ ‘ ਕਰਕੇ ਪੱਕ ਗਿਆ ਸੀ। ਲੋਕ ਉਸ ਨੂੰ ਉਸ ਦੇ ਨਾਂ ਤੋਂ ਘੱਟ ਤੇ ਅੜਬ ਬੁੜੀ ਦੇ ਨਾਂ ਤੋਂ ਵੱਧ ਜਾਣਦੇ ਸਨ। ਇਸ ਤਰ੍ਹਾਂ ਹਰ ਵਿਅਕਤੀ ਸਮਾਜ ਵਿੱਚ ਆਪਣੇ ਚੰਗੇ ਜਾਂ ਮਾੜੇ ਗੁਣਾਂ ਕਰਕੇ ਵੱਧ ਜਾਣਿਆ ਜਾਂਦਾ ਹੈ ਇਸ ਲਈ ਕਿਉਂ ਨਾ ਕੁਝ ਚੰਗਾ ਕਰ ਕੇ ਆਪਣਾ ਨਾਂ ਕਮਾਇਆ ਜਾਵੇ । ਸਿਆਣੇ ਠੀਕ ਈ ਤਾਂ ਕਹਿੰਦੇ ਨੇ ਕਿ ਨਾਂਅ ਕਮਾਉਣ ਨੂੰ ਸਾਰੀ ਉਮਰ ਲੱਗ ਜਾਂਦੀ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਸਮਾਜ ਦੀ ਭਲਾਈ ਲੋਚਦੇ ਸਨ ਬਸਪਾ ਆਗੂ ਸਤਵਿੰਦਰ ਚੌਹਾਨ ਉਰਫ ਸ਼ਾਮ ਲਾਲ