ਏਹੁ ਹਮਾਰਾ ਜੀਵਣਾ ਹੈ -309

(ਸਮਾਜ ਵੀਕਲੀ)

ਜੀਵਨ ਨੂੰ ਪਿੰਡੋਂ ਆਏ ਨੂੰ ਕਿੰਨੇ ਵਰ੍ਹੇ ਹੋ ਗਏ ਸਨ। ਪਹਿਲਾਂ ਪੜ੍ਹਾਈ ਪੂਰੀ ਕਰਦੇ ਸਾਰ ਹੀ ਸਰਕਾਰੀ ਨੌਕਰੀ ਮਿਲ ਗਈ ਸੀ।ਦੂਰ ਹੋਣ ਕਰਕੇ ਉਸ ਨੂੰ ਉੱਥੇ ਹੀ ਕਮਰਾ ਕਿਰਾਏ ਤੇ ਲੈਕੇ ਰਹਿਣਾ ਪੈਂਦਾ ਸੀ। ਦੂਜਾ ਇਸ ਦੇ ਸਰਕਾਰੀ ਅਫ਼ਸਰ ਹੋਣ ਕਰਕੇ ਸ਼ਹਿਰ ਦੀ ਜੰਮੀ ਪਲੀ ਕੁੜੀ ਰੁਬੀਨਾ ਦੇ ਪਿਓ ਨੇ ਇਸ ਨਾਲ ਆਪਣੀ ਧੀ ਦਾ ਵਿਆਹ ਕਰ ਦਿੱਤਾ ਸੀ। ਪਰ ਰੁਬੀਨਾ ਨੂੰ ਪਿੰਡ ਵਿੱਚ ਰਹਿਣਾ ਪਸੰਦ ਨਹੀਂ ਸੀ ਜਿਸ ਕਰਕੇ ਉਸ ਨੇ ਸ਼ਹਿਰ ਵਿੱਚ ਹੀ ਕੋਠੀ ਪਾ ਲਈ ਸੀ। ਉੰਝ ਤਾਂ ਜੀਵਨ ਦਾ ਛੋਟਾ ਭਰਾ ਮਾਹਣਾ ਵੀ ਸੀ ਜੋ ਪਿੰਡ ਖੇਤੀ ਬਾੜੀ ਕਰਦਾ ਸੀ। ਪਹਿਲਾਂ ਤਾਂ ਕਦੇ ਕਦਾਈਂ ਮਾਹਣਾ ਜਾਂ ਉਹਨਾਂ ਦੇ ਬੀਬੀ ਬਾਪੂ ਸ਼ਹਿਰ ਉਹਨਾਂ ਨੂੰ ਮਿਲਣ ਆਉਂਦੇ ਤਾਂ ਰੁਬੀਨਾ ਨੇ ਮੱਥੇ ਵਿੱਚ ਸੌ ਵੱਟ ਪਾਉਣੇ ਕਿਉਂ ਕਿ ਉਸ ਨੂੰ ਪਿੰਡਾਂ ਦੇ ਲੋਕ ਬਹੁਤੇ ਪਸੰਦ ਨਹੀਂ ਸਨ। ਜੀਵਨ ਦੀ ਬੀਬੀ ਤਾਂ ਦੋ ਵਾਰ ਈ ਉਹਨਾਂ ਕੋਲ ਰਹਿਣ ਆਈ ਸੀ ਜਦੋਂ ਉਸ ਦੀ ਵੱਡੀ ਧੀ ਜਿੰਮੀ ਤੇ ਛੋਟਾ ਮੁੰਡਾ ਸੰਕੇਤ ਹੋਇਆ ਸੀ। ਨਹੀਂ ਤਾਂ ਕਦੇ ਕਦੇ ਸਵੇਰੇ ਆ ਕੇ ਸ਼ਾਮ ਨੂੰ ਸੁੱਖ ਸਾਂਦ ਪੁੱਛ ਕੇ ਵਾਪਸ ਮੁੜ ਜਾਂਦੀ ਸੀ।

ਜਦੋਂ ਮਾਹਣੇ ਦਾ ਵਿਆਹ ਹੋਇਆ ਸੀ ਤਾਂ ਵੀ ਜੀਵਨ ਆਪਣੀ ਪਤਨੀ ਤੇ ਜਵਾਕਾਂ ਨੂੰ ਲੋਕਾਂ ਵਾਂਗ ਹੀ ਦਿਨ ਦੇ ਦਿਨ ਈ ਵਿਆਹ ਤੇ ਲੈ ਕੇ ਗਿਆ ਸੀ।ਜੇ ਰਿਸ਼ਤੇਦਾਰ ਇਸ ਬਾਰੇ ਉਸ ਨੂੰ ਪੁੱਛਦੇ ਤਾਂ ਸਭ ਨੂੰ ਸਾਫ਼ ਸਾਫ਼ ਆਖ ਦਿੰਦਾ,” ਮੇਰੇ ਬੱਚੇ ਸ਼ਹਿਰ ਵਿੱਚ ਰਹਿਣ ਦੇ ਆਦੀ ਨੇ… ਉਹਨਾਂ ਨੂੰ ਪਿੰਡ ਦਾ ਮਾਹੌਲ ਪਸੰਦ ਨਹੀਂ ਹੈ… ਕਿਉਂ ਕਿ ਇੱਥੇ ਸ਼ਹਿਰ ਵਾਲੀਆਂ ਸੁੱਖ ਸਹੂਲਤਾਂ ਨਹੀਂ ਹਨ…. ਇਸ ਲਈ ਇਹਨਾਂ ਨੂੰ ਓਪਰੀ ਜਗ੍ਹਾ ਰਾਤ ਰਹਿਣਾ ਔਖਾ ਲੱਗਦਾ….!” ਬੀਬੀ ਬਾਪੂ ਨੇ ਤਾਂ ਸਬਰ ਕਰ ਲਿਆ ਸੀ ਕਿਉਂਕਿ ਨਾ ਤਾਂ ਉਹ ਤੇ ਉਸ ਦਾ ਪਰਿਵਾਰ ਉਹਨਾਂ ਨਾਲ਼ ਕੋਈ ਮੋਹ ਕਰਦੇ ਸਨ ਤੇ ਨਾ ਹੀ ਜੀਵਨ ਉਹਨਾਂ ਨੂੰ ਕੋਈ ਖ਼ਰਚਾ ਪਾਣੀ ਦਿੰਦਾ ਸੀ।

ਮਾਹਣੇ ਦੀ ਵਹੁਟੀ ਤਾਂ ਪਿੰਡ ਦੀ ਜੰਮੀ ਪਲੀ ਕੁੜੀ ਸੀ।ਉਹ ਦੋ ਕੁ ਮਹੀਨੇ ਵਿੱਚ ਈ ਘਰ ਦਾ ਭੇਤ ਪਾ ਗਈ ਸੀ ਤੇ ਉਸ ਨੇ ਅੱਡ ਹੋਣ ਦਾ ਰੌਲ਼ਾ ਪਾ ਲਿਆ । ਇੱਕ ਦਿਨ ਉਹ ਆਖਣ ਲੱਗੀ,”ਬੀਬੀ ਬਾਪੂ ਦੀਆਂ ਰੋਟੀਆਂ ਮੈਥੋਂ ਨੀ ਲਹਿੰਦੀਆਂ…. ਅਗਲੇ ਆਪ ਸ਼ਹਿਰ ਕੋਠੀਆਂ ਵਿੱਚ ਰਹਿੰਦੇ ਨੇ… ਐਸ਼ਾਂ ਕਰਦੇ ਆ…. ਕਾਰਾਂ ਚ ਘੁੰਮਦੇ ਆ…. ਅਸੀਂ ਐਥੇ ਧੰਦ ਪਿੱਟਦੇ ਫਿਰਦੇ ਆਂ…. ਮੈਨੂੰ ਕੱਲੀ ਨੂੰ ਚਉਣੇ ਦੀਆਂ ਰੋਟੀਆਂ ਲਾਹੁਣ ਲਈ ਲੈ ਆਂਦਾ… !” ਹੁਣ ਤਾਂ ਉਸ ਨੇ ਅੱਡ ਹੋਣ ਦੀ ਰਟ ਹੀ ਲਾ ਲਈ ਸੀ। ਘਰ ਵਿੱਚ ਹੀ ਦੀਵਾਰ ਕੱਢ ਕੇ ਘਰ ਦੇ ਦੋ ਹਿੱਸੇ ਬਣਾ ਲਏ ਸਨ।

ਹੁਣ ਮਾਹਣੇ ਦੀ ਵਹੁਟੀ ਨੇ ਬੀਬੀ ਬਾਪੂ ਨਾਲੋਂ ਰੋਟੀ ਅੱਡ ਕਰਕੇ ਸੁਖ ਦਾ ਸਾਹ ਲਿਆ ਸੀ। ਜ਼ਮੀਨ ਵੀ ਤਿੰਨ ਹਿੱਸੇ ਵੰਡੀ ਗਈ। ਖੇਤੀ ਤਾਂ ਮਾਹਣਾ ਈ ਕਰਦਾ ਸੀ ਪਰ ਉਹ ਠੇਕਾ ਸਭ ਨੂੰ ਉਹਨਾਂ ਦੇ ਹਿੱਸੇ ਦਾ ਦੇ ਦਿੰਦਾ ਸੀ। ਜੀਵਨ ਨੇ ਜਦ ਆਪਣਾ ਠੇਕਾ ਲੈਣ ਆਉਣਾ ਕਦੇ ਕਦੇ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਆਉਣਾ। ਉਹਨਾਂ ਨੂੰ ਬੀਬੀ ਬਾਪੂ ਨੇ ਪਿਆਰ ਨਾਲ ਬੁਲਾਉਣਾ ਤਾਂ ਬੱਚਿਆਂ ਨੂੰ ਵੀ ਬੀਬੀ ਬਾਪੂ ਦਾ ਪਿਆਰ ਆਉਣਾ ਤੇ ਆਪਣੇ ਪਿਓ ਨੂੰ ਆਖਣਾ,” ਡੈਡੀ… ਬੀਬੀ ਜੀ ਤੇ ਬਾਪੂ ਜੀ ਨੂੰ ਵੀ ਆਪਣੇ ਕੋਲ ਲੈ ਚੱਲੋ…!” ਤਾਂ ਜੀਵਨ ਨੇ ਝੱਟ ਆਖ ਦੇਣਾ,”ਬੇਟਾ! ਇਹਨਾਂ ਨੂੰ ਪਿੰਡ ਵਿੱਚ ਰਹਿਣ ਦੀ ਆਦਤ ਐ…. ਇਸ ਲਈ ਐਥੇ ਈ ਠੀਕ ਨੇ…. ਨਾਲ਼ੇ ਇਹ ਘਰ ਵੀ ਮੇਰਾ ਈ ਐ… ਜਿਸ ਵਿੱਚ ਬੀਬੀ ਬਾਪੂ ਬੈਠੇ ਨੇ…” ਕਹਿ ਕੇ ਜੀਵਨ ਤਾਂ ਉਲਟਾ ਆਪਣੇ ਮਾਂ ਬਾਪ ਤੇ ਅਹਿਸਾਨ ਜਤਾਉਂਦਾ ਸੀ ਕਿ ਉਹ ਉਸ ਦੇ ਹਿੱਸੇ ਦੇ ਘਰ ਵਿੱਚ ਰਹਿੰਦੇ ਹਨ। ਇਹ ਗੱਲਾਂ ਸੁਣ ਕੇ ਬਾਪੂ ਨੂੰ ਉਹ ਸਭ ਯਾਦ ਆ ਜਾਣਾ ਜਦ ਇਹੀ ਘਰ ਬਣਾਉਣ ਲਈ ਇੱਕ ਮਜ਼ਦੂਰ ਦੀ ਦਿਹਾੜੀ ਦੀ ਬਚਤ ਕਰਨ ਲਈ ਉਹ ਆਪ ਸਾਰਾ ਦਿਨ ਮਿਸਤਰੀਆਂ ਨਾਲ਼ ਮਿੱਟੀ ਨਾਲ ਮਿੱਟੀ ਹੋਇਆ ਮਿਹਨਤ ਕਰਦਾ ਹੁੰਦਾ ਸੀ।

ਅੱਡ ਹੋਣ ਤੋਂ ਚਹੁੰ ਕੁ ਵਰ੍ਹਿਆਂ ਬਾਅਦ ਬੀਬੀ ਬੀਮਾਰ ਹੋ ਕੇ ਰੱਬ ਨੂੰ ਪਿਆਰੀ ਹੋ ਗਈ । ਜੀਵਨ ਆਪਣੇ ਜਵਾਕਾਂ ਨਾਲ ਭੋਗ ਤੇ ਆਇਆ ਤਾਂ ਉਸ ਦੀ ਧੀ ਜਿੰਮੀ ਨੇ ਬੀਬੀ ਬਾਪੂ ਦੀ ਇਕੱਠਿਆਂ ਦੀ ਫੋਟੋ ਜੋ ਉਹਨਾਂ ਦੇ ਕਮਰੇ ਵਿੱਚ ਲੱਗੀ ਹੋਈ ਸੀ,ਲਾਹ ਲਈ ਤੇ ਬਾਪੂ ਨੂੰ ਕਹਿਣ ਲੱਗੀ,”ਬਾਪੂ ਜੀ… ਮੈਂ ਤੁਹਾਡੀ ਫੋਟੋ ਆਪਣੇ ਕਮਰੇ ਵਿੱਚ ਲਗਾਵਾਂਗੀ ਤੇ ਰੋਜ਼ ਬੀਬੀ ਜੀ ਤੇ ਤੁਹਾਨੂੰ ਦੇਖ਼ ਲਿਆ ਕਰਾਂਗੀ।” ਬਾਪੂ ਨੇ ਵੀ ਖੁਸ਼ ਹੋ ਕੇ ਦੇ ਦਿੱਤੀ ਤੇ ਮਨ ਵਿੱਚ ਸੋਚ ਰਿਹਾ ਸੀ ਕਿ ਆਪਣੀ ਔਲਾਦ ਨੂੰ ਤਾਂ ਸਾਡੇ ਨਾਲ ਪਿਆਰ ਹੈ ਨਹੀਂ,ਚਲੋ ਪੋਤੀ ਤਾਂ ਕਰਦੀ ਹੈ। ਰੁਬੀਨਾ ਨੂੰ ਜਿੰਮੀ ਦੀਆਂ ਇਹ ਹਰਕਤਾਂ ਬਿਲਕੁਲ ਪਸੰਦ ਨਹੀਂ ਸਨ।ਉਸ ਨੇ ਮੁੜ ਕੇ ਕਦੇ ਜਵਾਕਾਂ ਨੂੰ ਪਿੰਡ ਨਾ ਆਉਣ ਦਿੱਤਾ। ਜਿੰਮੀ ਨੇ ਅਕਸਰ ਆਪਣੇ ਪਿਓ ਨੂੰ ਕਹਿਣਾ,” ਡੈਡੀ, ਆਪਾਂ ਬਾਪੂ ਜੀ ਨੂੰ ਐਥੇ ਲੈ ਆਓ…. ਮੈਨੂੰ ਬਾਪੂ ਜੀ ਬਹੁਤ ਪਿਆਰੇ ਲੱਗਦੇ ਹਨ!” ਜੀਵਨ ਨੇ ਕੋਈ ਨਾ ਕੋਈ ਬਹਾਨਾ ਲਾ ਦੇਣਾ।

ਜਿੰਮੀ ਸ਼ਹਿਰ ਦੇ ਸਭ ਤੋਂ ਵੱਡੇ ਸਕੂਲ ਵਿੱਚ ਪੜ੍ਹਦੀ ਸੀ। ਉਸ ਦੇ ਸਕੂਲ ਵਿੱਚ “ਗਰੈਂਡ ਪੇਰੈਂਟ ਡੇ” ਮਨਾਇਆ ਗਿਆ ਅਤੇ ਬੱਚਿਆਂ ਨੂੰ ਆਪਣੇ ਵੱਡਿਆਂ ਨਾਲ ਰਹਿ ਕੇ ਉਹਨਾਂ ਨੂੰ ਬਹੁਤ ਪਿਆਰ ਕਰਨ ਲਈ ਪ੍ਰੇਰਿਤ ਕੀਤਾ ਗਿਆ। ਬੱਚਿਆਂ ਨੂੰ ਇੱਕ ਬਿਰਧ ਆਸ਼ਰਮ ਲਿਜਾ ਕੇ ਬਜ਼ੁਰਗਾਂ ਪ੍ਰਤੀ ਸਨਮਾਨ ਵਧਾਉਣ ਲਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਬਿਰਧ ਆਸ਼ਰਮ ਵਿੱਚ ਬੱਚੇ ਬਜ਼ੁਰਗਾਂ ਨੂੰ ਮਿਲਦੇ ਹੋਏ ਗੱਲਾਂ ਕਰਦੇ ਹੋਏ ਅੱਗੇ ਵਧ ਰਹੇ ਸਨ ਕਿ ਜਿੰਮੀ ਇੱਕ ਬਜ਼ੁਰਗ ਨੂੰ ਲਿਪਟ ਕੇ ਧਾਹਾਂ ਮਾਰ ਮਾਰ ਕੇ ਰੋਣ ਲੱਗੀ,”ਬਾਪੂ ਜੀ,ਬਾਪੂ ਜੀ… ਤੁਸੀਂ ਐਥੇ…. ਮੈਨੂੰ ਮੰਮੀ ਡੈਡੀ ਝੂਠ ਕਹਿੰਦੇ ਰਹੇ ਹਨ….ਕਿ ਤੁਸੀਂ ਪਿੰਡ ਹੋ …..!” ਉਹ ਬਹੁਤ ਚਿਰ ਬਾਪੂ ਜੀ ਦੇ ਗਲ਼ ਲੱਗ ਕੇ ਰੋਂਦੀ ਰਹੀ। ਉਹ ਸਕੂਲ ਤੋਂ ਚੁੱਪ ਚਾਪ ਘਰ ਚਲੀ ਗਈ। ਉਸ ਨੂੰ ਆਪਣੇ ਮੰਮੀ ਡੈਡੀ ਨਾਲ਼ ਬਹੁਤ ਘਿਣ ਉੱਠ ਰਹੀ ਸੀ,ਉਹ ਉਹਨਾਂ ਨਾਲ਼ ਗੱਲ ਨਹੀਂ ਕਰਨਾ ਚਾਹੁੰਦੀ ਸੀ।

ਉਹ ਸਮੇਂ ਦਾ ਇੰਤਜ਼ਾਰ ਕਰਦੀ ਰਹੀ ਪਰ ਉਹ ਸਾਰਿਆਂ ਤੋਂ ਚੋਰੀ ਹਰ ਹਫ਼ਤੇ ਬਾਪੂ ਜੀ ਨੂੰ ਮਿਲ਼ ਕੇ ਆਉਂਦੀ ਕਿਉਂਕਿ ਉੱਥੇ ਪ੍ਰਬੰਧਕਾਂ ਨੇ ਦੱਸਿਆ ਸੀ ਕਿ ਇਹਨਾਂ ਨੂੰ ਮਿਲਣ ਲਈ ਕੋਈ ਕਦੇ ਨਹੀਂ ਆਉਂਦਾ, ਇਹਨਾਂ ਦੇ ਪੁੱਤਰ ਮਹੀਨੇ ਬਾਅਦ ਸਿਰਫ਼ ਪੈਸੇ ਭੇਜ ਦਿੰਦੇ ਹਨ। ਬਾਪੂ ਜੀ ਨੇ ਆਪਣੀ ਉੱਥੇ ਪਹੁੰਚਣ ਦੀ ਦਰਦ ਭਰੀ ਕਹਾਣੀ ਸੁਣਾਉਂਦਿਆਂ ਦੱਸਿਆ ਸੀ ਕਿ ਉਹਨਾਂ ਦੀ ਬੀਬੀ ਦੇ ਭੋਗ ਤੋਂ ਕੁਝ ਦਿਨ ਬਾਅਦ ਹੀ ਜੀਵਨ ਤੇ ਮਾਹਣੇ ਨੇ ਸਾਰੀ ਜ਼ਮੀਨ ਦੀ ਪੱਕੀ ਵਸੀਅਤ ਬਣਾ ਕੇ ਆਸ਼ਰਮ ਵਿੱਚ ਰਹਿਣ ਦਾ ਹੁਕਮ ਸੁਣਾ ਦਿੱਤਾ ਸੀ। ਬਾਪੂ ਜੀ ਦੀਆਂ ਜਿੰਮੀ ਨੂੰ ਦੱਸਦੇ ਹੋਏ ਅੱਖਾਂ ਭਰ ਆਈਆਂ,” ਪੁੱਤ ਮੈਂ ਦੋਹਾਂ ਦੇ ਬਹੁਤ ਤਰਲੇ ਮਿੰਨਤਾਂ ਕੀਤੀਆਂ… ਮੈਂ ਬਥੇਰਾ ਕਿਹਾ… ਮੇਰਾ ਕਿਤੇ ਹੋਰ ਜੀਅ ਨੀ ਲੱਗਣਾ… ਇੱਥੇ ਪਿੰਡ ਦੇ ਸਾਰੇ ਲੋਕ ਮੇਰੇ ਪਰਿਵਾਰ ਵਰਗੇ ਲੱਗਦੇ ਨੇ….!” ਬਾਪੂ ਦਾ ਗਲ਼ਾ ਭਰ ਆਇਆ ਤੇ ਗੱਲ ਪੂਰੀ ਨਾ ਹੋਈ। ਉਸ ਦਿਨ ਤੋਂ ਹੀ ਜਿੰਮੀ ਨੇ ਬਾਪੂ ਜੀ ਨੂੰ ਉਹਨਾਂ ਦੀ ਦੁਨੀਆਂ ਵਿੱਚ ਵਾਪਸ ਲਿਆਉਣ ਦਾ ਪ੍ਰਣ ਕਰ ਲਿਆ ਸੀ।

ਜਿੰਮੀ ਹੁਣ ਹੋਰ ਵੱਡੀ ਹੋ ਗਈ ਸੀ ਕਿਉਂਕਿ ਉਸ ਨੇ ਵਕਾਲਤ ਪਾਸ ਕਰ ਲਈ ਸੀ। ਜਿਸ ਸਮੇਂ ਦਾ ਉਸ ਨੂੰ ਇੰਤਜ਼ਾਰ ਸੀ ਹੁਣ ਉਹ ਵੇਲ਼ਾ ਆ ਗਿਆ ਸੀ। ਉਹ ਆਪਣੇ ਪੈਰਾਂ ਤੇ ਖੜੀ ਹੋ ਗਈ ਸੀ ਕਿਉਂਕਿ ਹੁਣ ਉਹ ਕਮਾਉਣ ਲੱਗ ਪਈ ਸੀ। ਉਸ ਨੇ ਬਾਪੂ ਜੀ ਤੋਂ ਉਹਨਾਂ ਦੀ ਵਸੀਅਤ ਤੁੜਵਾ ਦਿੱਤੀ ਤੇ ਉਨ੍ਹਾਂ ਦੇ ਦੋਹਾਂ ਪੁੱਤਰਾਂ ਨੂੰ ਜ਼ਮੀਨ ਦਾ ਕਬਜ਼ਾ ਛੱਡਣ ਲਈ ਨੋਟਿਸ ਭਿਜਵਾ ਦਿੱਤਾ। ਜੀਵਨ ਤੇ ਮਾਹਣਾ ਹੈਰਾਨ ਸਨ ਕਿ ਬਾਪੂ ਨੂੰ ਐਨੇ ਚਿਰ ਦੇ ਚੁੱਪ ਚਾਪ ਬੈਠੇ ਨੂੰ ਕੀ ਹੋ ਗਿਆ ਸੀ।

ਆਪਣੇ ਸਾਥੀ ਵਕੀਲ ਨੂੰ ਬਾਪੂ ਜੀ ਨਾਲ ਭੇਜ ਕੇ ਆਪਣੇ ਮਾਹਣੇ ਚਾਚੇ ਤੋਂ ਘਰ ਅਤੇ ਜ਼ਮੀਨ ਉੱਤੋਂ ਕਬਜ਼ਾ ਛੁਡਵਾਇਆ ਤੇ ਬਾਪੂ ਜੀ ਨੂੰ ਪਿੰਡ ਆਪਣੇ ਘਰ ਵਿੱਚ ਰਹਿਣ ਲਈ ਆਖ ਦਿੱਤਾ। ਮਾਹਣਾ ਤੇ ਉਸ ਦੀ ਘਰਵਾਲ਼ੀ ਨੇ ਬਹੁਤ ਮਿੰਨਤਾਂ ਤਰਲੇ ਕੀਤੇ ਪਰ ਕਾਨੂੰਨ ਤਾਂ ਆਪਣੀ ਕਾਰਵਾਈ ਕਰ ਰਿਹਾ ਸੀ। ਮਾਹਣੇ ਨੂੰ ਪਿੰਡ ਵਿੱਚ ਈ ਕਿਰਾਏ ਦਾ ਘਰ ਲੈ ਕੇ ਰਹਿਣਾ ਪਿਆ। ਵਕੀਲ ਨੇ ਮਾਹਣੇ ਨੂੰ ਆਖ ਦਿੱਤਾ,” ਜੇ ਤੁਸੀਂ ਇਹਨਾਂ ਦੀ ਜ਼ਮੀਨ ਵਿੱਚ ਖੇਤੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਿੰਡ ਵਿੱਚ ਚੱਲ ਰਹੇ ਰੇਟ ਦੇ ਹਿਸਾਬ ਨਾਲ ਇਹਨਾਂ ਨੂੰ ਠੇਕਾ ਦੇਣਾ ਪਵੇਗਾ…. ਉਹ ਠੇਕਾ ਵੀ ਕਾਨੂੰਨ ਦੇ ਰਸਤੇ ਬਾਪੂ ਜੀ ਤੱਕ ਆਵੇਗਾ…. ਤੁਸੀਂ ਕੋਈ ਠੱਗੀ ਨਹੀਂ ਮਾਰ ਸਕਦੇ।”

ਮਾਹਣਾ ਵਕੀਲ ਸਾਹਮਣੇ ਹੱਥ ਜੋੜੀ ਖੜ੍ਹਾ ਸਾਰੀਆਂ ਕਾਨੂੰਨੀ ਸ਼ਰਤਾਂ ਮੰਨ ਗਿਆ… ਮਰਦਾ ਅੱਕ ਨਾ ਚੱਬਦਾ ਤਾਂ ਹੋਰ ਕੀ ਕਰਦਾ… ਨਹੀਂ ਤਾਂ ਰੋਜ਼ਗਾਰ ਤੋਂ ਵੀ ਅਵਾਜ਼ਾਰ ਹੋਣਾ ਪੈਣਾ ਸੀ। ਓਧਰ ਜੀਵਨ ਆਪਣੀ ਧੀ ਤੋਂ ਹੀ ਬਾਪੂ ਜੀ ਦੀ ਜ਼ਮੀਨ ਹਥਿਆਉਣ ਲਈ ਕਾਨੂੰਨੀ ਦਾਅ ਪੇਚ ਪੁੱਛਦਾ ਹੈ ਤਾਂ ਜਿੰਮੀ ਸਾਫ਼ ਸਾਫ਼ ਕਹਿ ਦਿੰਦੀ ਹੈ,” ਪਾਪਾ …. ਜਿੰਨਾਂ ਚਿਰ ਤੱਕ ਬਾਪੂ ਜੀ ਜਿਊਂਦੇ ਹਨ… ਹੁਣ ਉਹਨਾਂ ਦੀ ਜ਼ਮੀਨ ਵੱਲ ਕੋਈ ਅੱਖ ਚੁੱਕ ਕੇ ਨਹੀਂ ਵੇਖ ਸਕਦਾ… ਬਾਪੂ ਜੀ ਨੇ ਬਹੁਤੀ ਜ਼ਮੀਨ ਤੇ ਘਰ ਆਪ ਕਮਾ ਕੇ ਬਣਾਏ ਹੋਏ ਸਨ…ਇਸ ਲਈ ਇਹ ਉਹਨਾਂ ਦੀ ਮਰਜ਼ੀ ਹੈ ਕਿ ਕਿਸ ਨੂੰ ਦੇਣ…!”

ਜਿੰਮੀ ਨੇ ਬਾਪੂ ਜੀ ਦੀ ਸਾਂਭ ਸੰਭਾਲ ਅਤੇ ਨਿਗਰਾਨੀ ਲਈ ਇੱਕ “ਕੇਅਰ ਟੇਕਰ” ਰੱਖ ਦਿੱਤਾ ਸੀ। ਜਿੰਮੀ ਜਦੋਂ ਬਾਪੂ ਜੀ ਨੂੰ ਮਿਲਣ ਆਉਂਦੀ ਤਾਂ ਦੋਵੇਂ ਦਾਦਾ – ਪੋਤੀ ਇੱਕ ਦੂਜੇ ਨੂੰ ਵੇਖ ਕੇ ਖਿੜ ਜਾਂਦੇ। ਬਾਪੂ ਜੀ ਹੁਣ ਪਹਿਲਾਂ ਨਾਲੋਂ ਬਹੁਤ ਖੁਸ਼ ਤੇ ਤਕੜਾ ਦਿਸਣ ਲੱਗ ਪਿਆ ਸੀ । ਉਸ ਦੇ ਰਹਿਣ ਸਹਿਣ ਵਿੱਚ ਬਹੁਤ ਬਦਲਾਅ ਆ ਗਿਆ ਸੀ। ਉਹ ਪਿੰਡ ਦੇ ਲੋਕਾਂ ਵਿੱਚ ਖੁਸ਼ੀ ਖੁਸ਼ੀ ਵਿਚਰਦਾ, ਜਿਹੜਾ ਬਾਪੂ ਆਪਣੀ ਔਲਾਦ ਤੋਂ ਡਰ ਡਰ ਕੇ ਸਹਿਮ ਕੇ ਅੱਧ ਮਰਿਆ ਜਿਹਾ ਹੋਇਆ ਪਿਆ ਸੀ , ਉਸ ਨੂੰ ਉਸ ਦੀ ਪੋਤੀ ਨੇ ਜਿਊਣਾ ਸਿਖਾ ਦਿੱਤਾ ਸੀ। ਜੀਵਨ ਤੇ ਮਾਹਣਾ ਹੁਣ ਵਾਰੋ ਵਾਰੀ ਬਾਪੂ ਜੀ ਦਾ ਹਾਲ ਪੁੱਛਣ ਆਉਂਦੇ ਤੇ ਬਹੁਤ ਸਤਿਕਾਰ ਨਾਲ ਪੇਸ਼ ਆਉਂਦੇ ਕਿਉਂ ਕਿ ਉਹਨਾਂ ਨੂੰ ਆਪਣੀ ਕਰੋੜਾਂ ਰੁਪਿਆਂ ਦੀ ਜ਼ਮੀਨ ਖੁੱਸਣ ਦਾ ਡਰ ਸੀ , ਹੁਣ ਉਹ ‘ਬਾਪੂ ਜੀ ‘ ਬਾਪੂ ਜੀ ‘ ਕਰਦੇ ਨਾ ਥੱਕਦੇ। ਪਿੰਡ ਦੇ ਹੋਰ ਬਜ਼ੁਰਗਾਂ ਲਈ ਵੀ ‘ ਬਾਪੂ ਜੀ’ ਪ੍ਰੇਰਨਾ ਸਰੋਤ ਬਣ ਗਿਆ ਸੀ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਾਂ
Next articleਰੀਝ ਨਾਲ