(ਸਮਾਜ ਵੀਕਲੀ)
ਮਨਜੀਤ ਤੇ ਹਰਨੂਰ ਦੇ ਵਿਆਹ ਨੂੰ ਅੱਠ ਵਰ੍ਹੇ ਬੀਤ ਗਏ ਸਨ। ਦੋਵੇਂ ਸਰਕਾਰੀ ਨੌਕਰੀ ਕਰਦੇ ਸਨ। ਉਹਨਾਂ ਦੀ ਵੱਡੀ ਕੁੜੀ ਮੀਤੀ ਛੇ ਵਰ੍ਹਿਆਂ ਦੀ ਤੇ ਉਸ ਤੋਂ ਛੋਟਾ ਮੁੰਡਾ ਰਮਨ ਵੀ ਤਿੰਨ ਵਰ੍ਹਿਆਂ ਦਾ ਹੋ ਗਿਆ ਸੀ। ਰੋਜ਼ ਪਿੰਡੋਂ ਨੌਕਰੀਆਂ ਤੇ ਜਾਣਾ ਆਉਣਾ ਔਖਾ ਸੀ ਇਸ ਲਈ ਦੋਵਾਂ ਨੇ ਨੌਕਰੀਆਂ ਅਤੇ ਜਵਾਕਾਂ ਦੀ ਸੁੱਖ ਸਹੂਲਤ ਦੇ ਹਿਸਾਬ ਨਾਲ ਨੇੜਲੇ ਕਸਬੇ ਵਿੱਚ ਘਰ ਕਿਰਾਏ ਤੇ ਲੈਕੇ ਰਹਿਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਦਾ ਜੀਵਨ ਕਿੰਨਾ ਵਧੀਆ ਚੱਲ ਰਿਹਾ ਸੀ। ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਤੇ ਦੋਵੇਂ ਆਪਸ ਵਿੱਚ ਵਧੀਆ ਖੁਸ਼ਹਾਲ ਜ਼ਿੰਦਗੀ ਨਿਭਾਅ ਰਹੇ ਸਨ।
ਜਿੰਨਾਂ ਚਿਰ ਤੱਕ ਉਹ ਪਿੰਡ ਰਹਿੰਦੇ ਸਨ ਉਹਨਾਂ ਨੂੰ ਸਵੇਰੇ ਸਵੇਰੇ ਘਰਦਿਆਂ ਦਾ ਸਾਥ ਮਿਲ਼ਣ ਕਰਕੇ ਪਤਾ ਈ ਨੀ ਲੱਗਿਆ ਕਿ ਕਿਵੇਂ ਉਹਨਾਂ ਦੇ ਬੱਚੇ ਵੱਡੇ ਹੋ ਗਏ ਸਨ। ਚਾਹੇ ਉਹਨਾਂ ਨੂੰ ਨੌਕਰੀਆਂ ਤੇ ਆਉਣ ਜਾਣ ਦੀ ਖੇਚਲ ਜਰੂਰ ਹੁੰਦੀ ਸੀ ਪਰ ਬੱਚਿਆਂ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਉਹਨਾਂ ਦੇ ਘਰ ਦੇ ਚੁੱਕੀ ਫਿਰਦੇ ਸਨ। ਪਰ ਹੁਣ ਸਵੇਰੇ ਸਵੇਰੇ ਆਪ ਤਿਆਰ ਹੋਣਾ, ਸਾਰਿਆਂ ਦੇ ਟਿਫਨ ਤਿਆਰ ਕਰਨੇ, ਛੋਟੇ ਮੁੰਡੇ ਰਮਨ ਨੂੰ ਛੋਟੇ ਬੱਚਿਆਂ ਵਾਲ਼ੇ ਸਕੂਲ ਵਿੱਚ ਛੱਡਣਾ ਅਤੇ ਲਿਆਉਣਾ ਮਨਜੀਤ ਦੀ ਜ਼ਿੰਮੇਵਾਰੀ ਸੀ ਕਿਉਂਕਿ ਮੀਤੀ ਨੂੰ ਹਰਨੂਰ ਆਪਣੇ ਨਾਲ ਹੀ ਸਕੂਲ ਲੈ ਜਾਂਦੀ। ਪਰ ਸਵੇਰੇ ਸਵੇਰੇ ਕੰਮ ਕਰਦਿਆਂ ਜਾਂ ਬੱਚਿਆਂ ਨੂੰ ਤਿਆਰ ਕਰਦਿਆਂ ਤੇ ਉੱਪਰੋਂ ਡਿਊਟੀਆਂ ਤੇ ਸਮੇਂ ਸਿਰ ਪਹੁੰਚਣ ਦੀ ਕਾਹਲੀ ਹੋਣ ਕਰਕੇ ਉਨ੍ਹਾਂ ਦੀ ਆਪਸ ਵਿੱਚ ਕਦੇ ਕਦਾਈਂ ਦੀ ਬਹਿਸ ਕਦ ਹਰ ਵੇਲੇ ਦੀ ਲੜਾਈ ਰਹਿਣ ਲੱਗੀ ਕਿ ਪਤਾ ਈ ਨਾ ਲੱਗਿਆ।
ਹੁਣ ਦੋਵਾਂ ਦੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਤਕਰਾਰ ਹੋ ਕੇ ਵੱਡੇ ਕਲੇਸ਼ ਦਾ ਰੂਪ ਧਾਰਨ ਕਰਨ ਲੱਗੀ। ਹਰਨੂਰ ਆਪਣੀ ਮਾਂ ਨੂੰ ਫ਼ੋਨ ਕਰਕੇ ਆਪਣੀ ਨਿੱਕੀ ਨਿੱਕੀ ਗੱਲ ਦੱਸਣ ਲੱਗੀ । ਉਹਨਾਂ ਨੂੰ ਲੱਗਣਾ ਕਿ ਉਹਨਾਂ ਦੀ ਕੁੜੀ ਬਹੁਤ ਦੁਖੀ ਹੈ। ਹਰਨੂਰ ਦੇ ਪੇਕਿਆਂ ਵੱਲੋਂ ਉਸ ਨਾਲ਼ ਹਮਦਰਦੀ ਜਿਤਾਉਂਦੇ ਹੋਏ ਉਸ ਨੂੰ ‘ਅਬਲਾ’ ਅਤੇ ਵਿਚਾਰੀ ‘ ਵਰਗੇ ਸ਼ਬਦਾਂ ਰਾਹੀਂ ਉਸ ਨੂੰ ਹੋਰ ਕਮਜ਼ੋਰ ਬਣਾ ਦੇਣਾ ਤੇ ਨਾਲ਼ ਹੀ ਹੱਲਾਸ਼ੇਰੀ ਦੇਣੀ,” ਪੁੱਤ….. ਡਰੀਦਾ ਨੀ ਹੁੰਦਾ….. ਤੂੰ ਓਹਦੇ ਬਰਾਬਰ ਕਮਾਈ ਕਰਦੀ ਆਂ…. ਉਹ ਤੈਨੂੰ ਧੌਂਸ ਕਿਹੜੀ ਗੱਲ ਦੀ ਦਿੰਦਾ….. ਕਿਸੇ ਦਿਨ ਸਾਨੂੰ ਈ ਨਿਪਟਣਾ ਪੈਣਾ ਇਹਦੇ ਨਾਲ…..!”
ਇੱਕ ਦਿਨ ਆਮ ਵਾਂਗ ਹੀ ਘਰ ਦੇ ਕੰਮਾਂ ਕਰਕੇ ਅਤੇ ਨੌਕਰੀਆਂ ਤੇ ਜਾਣ ਦੀ ਕਾਹਲੀ ਕਰਦੇ ਹੋਏ ਦੋਵਾਂ ਦੀ ਬਹਿਸ ਹੋ ਗਈ ਤੇ ਦੋਹਾਂ ਵਿੱਚ ਹਲਕੀ ਜਿਹੀ ਹੱਥੋਪਾਈ ਹੋਈ। ਬੱਚੇ ਵੀ ਸਹਿਮ ਗਏ ਸਨ। ਵੈਸੇ ਵੀ ਬੱਚੇ ਆਪਣੇ ਮਾਪਿਆਂ ਦੀ ਨਿੱਤ ਦਿਨ ਦੀ ਲੜਾਈ ਕਾਰਨ ਸਹਿਮੇ ਸਹਿਮੇ ਰਹਿੰਦੇ ਸਨ। ਮਨਜੀਤ ਦੁਖੀ ਮਨ ਨਾਲ ਰਮਨ ਨੂੰ ਰੋਜ਼ ਦੀ ਤਰ੍ਹਾਂ ਸਕੂਲ ਛੱਡ ਕੇ ਆਪਣੀ ਨੌਕਰੀ ਲਈ ਨਿਕਲ਼ ਗਿਆ। ਹਰਨੂਰ ਮੀਤੀ ਨੂੰ ਸਕੂਲ ਛੱਡ ਕੇ ਵਾਪਸ ਆ ਗਈ। ਤਿੰਨ ਕੁ ਵਜੇ ਮੀਤੀ ਦੀ ਮੈਡਮ ਦਾ ਫ਼ੋਨ ਮਨਜੀਤ ਦੇ ਫੋਨ ਤੇ ਆਇਆ ਕਿ ਉਹ ਕਦੋਂ ਦੇ ਹਰਨੂਰ ਮੈਡਮ ਨੂੰ ਫ਼ੋਨ ਲਗਾ ਰਹੇ ਹਨ ਉਹ ਚੁੱਕ ਈ ਨਹੀਂ ਰਹੇ।ਇਸ ਕਰਕੇ ਤੁਸੀਂ ਆ ਕੇ ਮੀਤੀ ਨੂੰ ਲੈ ਜਾਓ। ਮਨਜੀਤ ਸਕੂਟਰ ਤੇ ਜਾਂਦਾ ਹੋਇਆ ਸੋਚਦਾ ਹੈ ਕਿ ਸ਼ਾਇਦ ਸਵੇਰ ਵਾਲੀ ਨਰਾਜ਼ਗੀ ਕਰਕੇ ਹਰਨੂਰ ਕਿਤੇ ਪੇਕੇ ਚਲੀ ਗਈ ਹੋਵੇਗੀ।
ਉਹ ਮੀਤੀ ਨੂੰ ਲੈ ਕੇ, ਜ਼ਲਦੀ ਨਾਲ਼ ਰਮਨ ਨੂੰ ਸਕੂਲੋਂ ਲੈ ਕੇ ਘਰ ਪਹੁੰਚਦਾ ਹੈ ਤਾਂ ਘਰ ਖੁੱਲ੍ਹਾ ਪਿਆ ਸੀ , ਹਰਨੂਰ ਕਿਤੇ ਨਹੀਂ ਸੀ ਪਰ ਉਸ ਦਾ ਫ਼ੋਨ ਵੀ ਘਰੇ ਪਿਆ ਸੀ। ਮਨਜੀਤ ਨੇ ਉਸ ਦੇ ਪੇਕਿਆਂ ਨੂੰ,ਉਸ ਦੀਆਂ ਸਹੇਲੀਆਂ ਨੂੰ, ਆਪਣੇ ਪਿੰਡ ਸਭ ਜਗ੍ਹਾ ਲੱਭਿਆ ਪਰ ਉਹ ਨਹੀਂ ਮਿਲ਼ੀ।
ਓਧਰ ਹਰਨੂਰ ਦੇ ਪੇਕਿਆਂ ਨੇ ਆਪਣੇ ਜਵਾਈ,ਉਸ ਦੇ ਮਾਂ,ਬਾਪ,ਭੈਣ, ਭਰਾ ਅਤੇ ਭਰਜਾਈ ਖ਼ਿਲਾਫ਼ ਕੇਸ ਦਰਜ਼ ਕਰਵਾ ਦਿੱਤਾ ਕਿ ਉਹ ਹਰਨੂਰ ਨੂੰ ਦਾਜ ਲਈ ਤੰਗ ਕਰਦੇ ਸਨ,ਇਸ ਲਈ ਉਹਨਾਂ ਨੇ ਉਸ ਨੂੰ ਕਿਧਰੇ ਮਾਰ ਕੇ ਸੁੱਟ ਦਿੱਤਾ ਹੋਵੇਗਾ। ਪੁਲਿਸ ਉਹਨਾਂ ਦੇ ਸਾਰੇ ਟੱਬਰ ਨੂੰ ਫ਼ੜ ਕੇ ਲੈ ਗਈ। ਮਾਸੂਮ ਬੱਚੇ ਘਰ ਵਿੱਚ ਹੀ ਭੁੱਖੇ ਭਾਣੇ ਸਹਿਮੇ ਹੋਏ ਯਤੀਮਾਂ ਵਾਂਗ ਇਕੱਲੇ ਰਹਿ ਗਏ ਸਨ। ਮਕਾਨ ਮਾਲਕਣ ਨੇ ਹਰਨੂਰ ਦੇ ਪੇਕਿਆਂ ਨੂੰ ਬੱਚੇ ਲਿਜਾਣ ਲਈ ਕਿਹਾ ਤਾਂ ਉਸ ਦੀ ਮਾਂ ਨੇ ਆਖਿਆ, “ਅਸੀਂ ਨੀ ਲੈ ਕੇ ਜਾਣੇ… ਇਹ ਕਿਹੜਾ ਓਹਨਾਂ ਦੁਸ਼ਟਾਂ ਨਾਲੋਂ ਘੱਟ ਹੋਣਗੇ ਜਿਹੜੇ ਸਾਡੀ ਧੀ ਨੂੰ ਖਾ ਗਏ…. ਜਿਹੋ ਜਿਹੇ ਉਹ ਸੱਪ ਨੇ ਉਹੋ ਜਿਹੇ ਇਹ ਸਪੋਲ਼ੀਏ ਨਿਕਲਣਗੇ…..!”
ਮਕਾਨ ਮਾਲਕਣ ਨੇ ਉਹਨਾਂ ਦੇ ਹੋਰ ਕਈ ਰਿਸ਼ਤੇਦਾਰਾਂ ਨੂੰ ਬੱਚੇ ਲਿਜਾਣ ਲਈ ਕਿਹਾ ਤਾਂ ਕੋਈ ਨਾ ਮੰਨਿਆ।ਹਾਰ ਕੇ ਉਸ ਨੇ ਪੁਲਿਸ ਦੀ ਮਦਦ ਨਾਲ ਬੱਚਿਆਂ ਨੂੰ ਅਨਾਥ ਆਸ਼ਰਮ ਛੱਡ ਦਿੱਤਾ।
ਅਸਲ ਵਿੱਚ ਹਰਨੂਰ ਮੀਤੀ ਨੂੰ ਸਕੂਲ ਛੱਡ ਕੇ ਘਰ ਆ ਕੇ ਪੱਖੇ ਨਾਲ ਫਾਹਾ ਲੈਣ ਲੱਗੀ ਸੀ ਕਿ ਅਚਾਨਕ ਘਰ ਦਾ ਦਰਵਾਜ਼ਾ ਖੁੱਲ੍ਹਾ ਵੇਖ ਕੇ ਮਕਾਨ ਮਾਲਕਣ ਆ ਗਈ ਸੀ ਤੇ ਉਸ ਨੇ ਅਜਿਹਾ ਕਰਦੀ ਨੂੰ ਬਚਾਇਆ ਸੀ ਤੇ ਘਰ ਲਿਜਾ ਕੇ ਉਸ ਨੂੰ ਕਿਹਾ ਸੀ,”ਤੈਨੂੰ…. ਮਰਨ ਦਾ ਬਹੁਤ ਸ਼ੌਕ ਹੈ….? ਲੈ…. ਤੂੰ ਦੋ ਦਿਨ ਲਈ ਮਰਕੇ ਵੇਖ ਲੈ…. ਮਗਰੋਂ ਕੀ ਕੀ ਹੁੰਦਾ !” ਕਹਿ ਕੇ ਉਸ ਨੂੰ ਆਪਣੇ ਘਰ ਦੇ ਇੱਕ ਕਮਰੇ ਵਿੱਚ ਬਿਠਾ ਲਿਆ ਸੀ। ਜਿਵੇਂ ਹੀ ਮਕਾਨ ਮਾਲਕਣ ਵਾਪਸ ਆਈ ਤਾਂ ਹਰਨੂਰ ਬੱਚਿਆਂ ਬਾਰੇ ਪੁੱਛਦੀ ਹੈ ….. ਤਾਂ ਮਾਲਕਣ ਉਸ ਸਭ ਕੁਝ ਬਾਰੇ ਦੱਸਦੀ ਹੈ ਜੋ ਜੋ ਹੋਇਆ ਤਾਂ ਹਰਨੂਰ ਚੀਕਾਂ ਮਾਰਦੀ ਥਾਣੇ ਜਾ ਕੇ ਥਾਣੇਦਾਰ ਨੂੰ ਦੱਸਦੀ ਹੈ,”ਥਾਣੇਦਾਰ ਸਾਹਿਬ…. ਇਹਨਾਂ ਦਾ ਕਿਸੇ ਦਾ ਕੋਈ ਕਸੂਰ ਨਹੀਂ…. ਇਹ ਤਾਂ ਸਾਰੇ ਬਹੁਤ ਚੰਗੇ ਹਨ…. ਇਹਨਾਂ ਦੇ ਸਿਰ ਤੇ ਮੈਂ ਆਪਣੇ ਬੱਚੇ ਪਾਲੇ ਨੇ….. ਉਸ ਦਿਨ ਤਾਂ ਮੇਰੀ ਤੇ ਮਨਜੀਤ ਦੀ ਬਹਿਸ ਹੋ ਗਈ ਸੀ…. ਮੈਨੂੰ ਗੁੱਸੇ ਵਿੱਚ ਪਤਾ ਈ ਨੀ ਲੱਗਿਆ ਕਿ ਮੈਂ ਗ਼ਲਤ ਕਦਮ ਚੁੱਕਣ ਲੱਗੀ ਸੀ…..!” ਹਰਨੂਰ ਮਾਲਕਣ ਅੱਗੇ ਹੱਥ ਜੋੜ ਕੇ ਆਖਦੀ ਹੈ,” ਦੀਦੀ….ਜੇ ਤੁਸੀਂ ਮੈਨੂੰ ਇੱਕ ਦਿਨ ਵਿੱਚ ਦੁਨੀਆਂ ਦਾ ਇਹ ਭਿਆਨਕ ਚਿਹਰਾ ਨਾ ਦਿਖਾਉਂਦੇ ਤਾਂ ਮੇਰੇ ਬੱਚੇ ਸੱਚਮੁੱਚ ਅਨਾਥ ਹੋ ਜਾਣੇ ਸਨ…. ਨਹੀਂ….ਨਹੀਂ….ਮੈਂ ਜ਼ਿੰਦਗੀ ਵਿੱਚ ਕਦੇ ਇਹੋ ਜਿਹੀ ਗ਼ਲਤੀ ਕਰਨ ਬਾਰੇ ਸੋਚ ਵੀ ਨੀ ਸਕਦੀ….. ਤੁਸੀਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ ….!”
ਹਰਨੂਰ ਸਾਰਿਆਂ ਤੋਂ ਮਾਫ਼ੀ ਮੰਗਦੀ ਹੈ ਤੇ ਪਰਿਵਾਰ ਨੂੰ ਥਾਣੇ ਵਿੱਚੋਂ ਛੁਡਵਾ ਕੇ ਸਿੱਧਾ ਅਨਾਥ ਆਸ਼ਰਮ ਵਿੱਚੋਂ ਆਪਣੇ ਬੱਚਿਆਂ ਨੂੰ ਲਿਆਉਂਦੀ ਹੈ। ਉਸ ਤੋਂ ਬਾਅਦ ਉਸ ਨੇ ਪਿੰਡ ਪਰਿਵਾਰ ਵਿੱਚ ਰਹਿਣ ਦਾ ਫ਼ੈਸਲਾ ਕੀਤਾ।
ਇਹ ਗੱਲ ਹਰਨੂਰ ਮੀਤੀ ਨੂੰ ਅਠਾਰਾਂ ਵਰ੍ਹਿਆਂ ਬਾਅਦ ਸਹੁਰੇ ਘਰ ਤੋਰਨ ਲੱਗੀ ਨੂੰ ਦੱਸਦੀ ਹੈ ਤੇ ਸਮਝਾਉਂਦੀ ਹੈ ਕਿ ਕਦੇ ਵੀ ਗੁੱਸੇ ਵਿੱਚ ਆ ਕੇ ਅਜਿਹਾ ਕਦਮ ਨਾ ਚੁੱਕੋ ਜਿਸ ਨਾਲ ਆਪਣੀ ਤੇ ਦੂਜਿਆਂ ਦੀ ਜ਼ਿੰਦਗੀ ਤਬਾਹ ਹੋ ਜਾਵੇ। ਦੂਜਿਆਂ ਨੂੰ ਖੁਸ਼ ਰੱਖ ਕੇ ਆਪਣੀ ਜ਼ਿੰਦਗੀ ਖੁਸ਼ੀ ਖੁਸ਼ੀ ਬਿਤਾਉਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly