(ਸਮਾਜ ਵੀਕਲੀ)
ਆਓ ਵਿਸ਼ਵ ਵਾਤਾਵਰਨ ਦਿਵਸ ਮਨਾਈਏ…!
ਨਿੱਤ ਦਿਹਾੜੇ ਬਦਲਦੇ ਮੌਸਮ ਦੇ ਮਿਜ਼ਾਜ, ਲੂਆਂ ਚੱਲਣ ਦੇ ਵੇਲੇ ਠੰਢੀਆਂ ਹਵਾਵਾਂ ਵਗਣੀਆਂ , ਮੈਦਾਨੀ ਇਲਾਕਿਆਂ ਵਿੱਚ ਚੱਕਰਵਰਤੀ ਤੂਫਾਨਾਂ ਦੁਆਰਾ ਤਬਾਹੀ ਮਚਾਉਣਾ, ਮੌਸਮੀ ਸਮਾਂ ਸੀਮਾ ਘਟਣਾ ਵਧਣਾ,ਇਹ ਆਲਮੀ ਤਪਸ਼ ਦਾ ਨਤੀਜਾ ਹੀ ਤਾਂ ਹੈ ਤੇ ਆਲਮੀ ਤਪਸ਼ ਅੱਜ ਦੀ ਮਨੁੱਖਤਾ ਦੁਆਰਾ ਵਾਤਾਵਰਣ ਦੂਸ਼ਿਤ ਕਰਨ ਦਾ ਨਤੀਜਾ ਹੈ। ਇਸ ਲਈ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਵਿਸ਼ਵ ਵਾਤਾਵਰਣ ਦਿਵਸ 5 ਜੂਨ ਨੂੰ ਸਵਾ ਸੌ ਤੋਂ ਵੱਧ ਦੇਸ਼ਾਂ ਦੇ ਲੋਕਾਂ ਦੁਆਰਾ ਮਨਾਇਆ ਜਾਂਦਾ ਹੈ। ਵਿਸ਼ਵ ਵਾਤਾਵਰਣ ਦਿਵਸ’ ਕੁਦਰਤ ਅਤੇ ਹਰਿਆਲੀ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣ ਲਈ ਸੰਯੁਕਤ ਰਾਸ਼ਟਰ ਦੁਆਰਾ ਆਯੋਜਿਤ ਸਭ ਤੋਂ ਵੱਡੇ ਸਾਲਾਨਾ ਸਮਾਗਮਾਂ ਵਿੱਚੋਂ ਇੱਕ ਹੁੰਦਾ ਹੈ। ਸੰਯੁਕਤ ਰਾਸ਼ਟਰ ਅਸੈਂਬਲੀ ਦੁਆਰਾ 1972 ਵਿੱਚ ਵਿਸ਼ਵ ਵਾਤਾਵਰਣ ਦਿਵਸ ਮਨਾਉਣਾ ਸ਼ੁਰੂ ਕੀਤਾ ਗਿਆ, ਜੋ ਕਿ ਮਨੁੱਖੀ ਵਾਤਾਵਰਣ ਉੱਤੇ ਸਟਾਕਹੋਮ ਕਾਨਫਰੰਸ ਦਾ ਪਹਿਲਾ ਦਿਨ ਸੀ।
ਇਹ 1974 ਵਿੱਚ ‘ਸਿਰਫ਼ ਇੱਕ ਧਰਤੀ’ ਥੀਮ ਹੇਠ ਮਨਾਇਆ ਗਿਆ ਸੀ। ਉਦੋਂ ਤੋਂ ਕਈ ਦੇਸ਼ ਇਸ ਦਿਨ ਦਾ ਆਯੋਜਨ ਕਰ ਰਹੇ ਹਨ। ਵਿਸ਼ਵ ਵਾਤਾਵਰਣ ਦਿਵਸ ਸਭ ਤੋਂ ਪਹਿਲਾਂ ਅਮਰੀਕਾ ਵਿੱਚ 1974 ਵਿੱਚ ਮਨਾਇਆ ਗਿਆ ਸੀ। 1972 ਵਿੱਚ ਸੰਯੁਕਤ ਰਾਸ਼ਟਰ ਦੀ ਸਰਪ੍ਰਸਤੀ ਹੇਠ ਵਾਤਾਵਰਣ ਦੀਆਂ ਸਮੱਸਿਆਵਾਂ ਬਾਰੇ ਪਹਿਲੀ ਵੱਡੀ ਕਾਨਫਰੰਸ ਸਟਾਕਹੋਮ (ਸਵੀਡਨ) ਵਿੱਚ 5-16 ਜੂਨ ਤੱਕ ਆਯੋਜਿਤ ਕੀਤੀ ਗਈ ਸੀ ਜਿਸ ਨੂੰ ਮਨੁੱਖੀ ਵਾਤਾਵਰਣ ਬਾਰੇ ਕਾਨਫਰੰਸ ਜਾਂ ਸਟਾਕਹੋਮ ਕਾਨਫਰੰਸ ਵਜੋਂ ਜਾਣਿਆ ਜਾਂਦਾ ਹੈ। ਇਸਦਾ ਮੰਤਵ ਮਨੁੱਖੀ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦੀ ਚੁਣੌਤੀ ਨੂੰ ਹੱਲ ਕਰਨ ਦੇ ਤੌਰ ਤਰੀਕਿਆਂ ਬਾਰੇ ਇੱਕ ਬੁਨਿਆਦੀ ਆਮ ਪਹੁੰਚ ਬਣਾਉਣਾ ਸੀ। ਇਸ ਸਾਲ ਬਾਅਦ ਵਿੱਚ 15 ਦਸੰਬਰ ਨੂੰ ਜਨਰਲ ਅਸੈਂਬਲੀ ਨੇ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਵਜੋਂ ਮਨਾਉਣ ਦਾ ਮਤਾ ਪਾਸ ਕੀਤਾ ਗਿਆ।
5 ਜੂਨ ਨੂੰ ਵਾਤਾਵਰਨ ਦਿਵਸ ਲੋਕਾਂ ਨੂੰ ਕੁਦਰਤ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਵਿਸ਼ਵ ਪੱਧਰ ‘ਤੇ ਮਨਾਇਆ ਜਾਂਦਾ ਹੈ। ਇਸ ਦੇ ਨਾਲ ਕੁਦਰਤ ਦੇ ਵਿਨਾਸ਼ਕਾਰੀ ਪਹਿਲੂਆਂ ਅਤੇ ਇਸ ਦੀਆਂ ਕਦਰਾਂ-ਕੀਮਤਾਂ ਨੂੰ ਖੁੱਲ੍ਹ ਕੇ ਪੇਸ਼ ਕੀਤਾ ਜਾਂਦਾ ਹੈ।ਇਸ ਬਾਰੇ ਸਭ ਤੋਂ ਵੱਡੀ ਮਿਸਾਲ ਸੰਨ 2020 ਵਿੱਚ ਕੋਰੋਨਾ ਵਾਇਰਸ ਦੇ ਸਮੇਂ ਦੀ ਹੈ ਜਦੋਂ ਕਰੋਨਾ ਦੇ ਪ੍ਰਕੋਪ ਕਾਰਨ ਇੱਕ ਸਾਲ ਤੋਂ ਵੱਧ ਸਮੇਂ ਤੋਂ ਲੋਕ ਘਰਾਂ ਵਿੱਚ ਪੂਰੀ ਤਰ੍ਹਾਂ ਬੰਦ ਸਨ, ਉਹ ਵਾਤਾਵਰਣ ਨੂੰ ਤੰਦਰੁਸਤ ਬਣਾਉਣ ਲਈ ਸਭ ਤੋਂ ਉੱਤਮ ਸਮਾਂ ਸਾਬਤ ਹੋਇਆ ਸੀ ਜਿਸ ਤੋਂ ਸਿੱਧ ਹੋ ਗਿਆ ਸੀ ਕਿ ਵਾਤਾਵਰਣ ਨੂੰ ਦੂਸ਼ਿਤ ਕਰਨ ਵਿੱਚ ਮਨੁੱਖ ਦਾ ਅਹਿਮ ਯੋਗਦਾਨ ਹੈ।ਸਭ ਤਰ੍ਹਾਂ ਦੇ ਕੁਦਰਤੀ ਤੱਤ, ਜੋ ਜੀਵਨ ਨੂੰ ਸੰਭਵ ਬਣਾਉਂਦੇ ਹਨ, ਵਾਤਾਵਰਨ ਦਾ ਹਿੱਸਾ ਹਨ, ਜਿਵੇਂ ਪਾਣੀ, ਹਵਾ, ਧਰਤੀ, ਪ੍ਰਕਾਸ਼, ਜੰਗਲ ਆਦਿ। ਅੱਜ ਮਨੁੱਖ ਲਈ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਵਾਤਾਵਰਣ ਦਾ ਅਣਸੁਖਾਵਾਂ ਹੋਣਾ ਹੈ।
ਅੱਜ ਪ੍ਰਦੂਸ਼ਣ ਦੇ ਕਾਰਨ ਵੱਧਦਾ ਤਾਪਮਾਨ ਇੱਕ ਵਿਸ਼ਵ ਵਿਆਪੀ ਸਮੱਸਿਆ ਬਣ ਚੁੱਕਿਆ ਹੈ, ਜੇ ਗਲੋਬਲ ਵਾਰਮਿੰਗ ਇਸੇ ਰਫ਼ਤਾਰ ਨਾਲ ਵਧਦੀ ਗਈ ਤਾਂ ਇੱਕ ਦਿਨ ਗਲੇਸ਼ੀਅਰ ਖਤਮ ਹੋ ਜਾਣਗੇ ਤੇ ਸਮੁੰਦਰਾਂ ਵਿੱਚ ਪਾਣੀ ਦਾ ਪੱਧਰ ਵਧ ਜਾਵੇਗਾ ਜਿਸ ਦਾ ਨਤੀਜਾ ਇਹ ਹੋਵੇਗਾ ਕਿ ਸਮੁੰਦਰ ਕੰਢੇ ਵੱਸਣ ਵਾਲੇ ਕਰੋੜਾ ਲੋਕਾਂ ਦਾ ਖਾਤਮਾ ਹੋ ਜਾਵੇਗਾ। ਦੂਜੀ ਗੱਲ ਰੁੱਖਾਂ ਦੀ ਲਗਾਤਾਰ ਬੇਰਹਿਮੀ ਨਾਲ ਹੋ ਰਹੀ ਕਟਾਈ ਹੈ, ਜੋ ਵਾਤਾਵਰਣ ਪ੍ਰਦੂਸ਼ਣ ਲਈ ਸਭ ਤੋ ਵੱਧ ਜ਼ਿੰਮੇਵਾਰ ਹੈ। ਤੀਜਾ ਵਾਹਨਾਂ ਨੇ ਜਿੱਥੇ ਮਨੁੱਖੀ ਜੀਵਨ ਦੀ ਰਫ਼ਤਾਰ ਨੂੰ ਤੇਜ਼ ਕੀਤਾ ਅਤੇ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ, ਉੱਥੇ ਇਨ੍ਹਾਂ ਦੇ ਨਾਲ ਹੋਣ ਵਾਲੇ ਪ੍ਰਦੂਸ਼ਣ ਦੇ ਕਾਰਨ ਅਨੇਕਾਂ ਭਿਅੰਕਰ ਬੀਮਾਰੀਆਂ ਪੈਦਾ ਹੋ ਰਹੀਆਂ ਹਨ।
ਸ਼ਹਿਰੀਕਰਨ ਵਧ ਰਿਹਾ ਹੈ, ਵਧਦੇ ਸ਼ਹਿਰੀਕਰਨ ਦੇ ਕਾਰਨ ਫਾਲਤੂ ਕੂੜਾ ਕਰਕਟ, ਗੰਦਗੀ, ਪਲਾਸਟਿਕ ਪਦਾਰਥ ਅਤੇ ਵਿਸ਼ੇਸ਼ ਤੌਰ ’ਤੇ ਪਾਲੀਥੀਨ ਬੈਗਾਂ ਦੇ ਢੇਰ ਹਨ, ਜੋ ਛੇਤੀ ਛੇਤੀ ਨਸ਼ਟ ਨਹੀਂ ਹੁੰਦੇ ਅਤੇ ਇਹਨਾਂ ਨੂੰ ਸਾੜੇ ਜਾਣ ਤੇ ਨਿਕਲਣ ਵਾਲੀਆਂ ਭਿਆਨਕ ਗੈਸਾਂ ਵਾਤਾਵਰਨ ਪ੍ਰਦੂਸ਼ਿਤ ਕਰਨ ਵਿੱਚ ਸਭ ਤੋਂ ਅੱਗੇ ਹਨ। ਏਅਰ ਕੰਡੀਸ਼ਨ ਚਲਾਉਣ ’ਤੇ ਨਿਕਲਣ ਵਾਲੀ ਖ਼ਤਰਨਾਕ ਗੈਸ, ਓਜ਼ੋਨ ਪਰਤ ਨੂੰ ਕਮਜ਼ੋਰ ਕਰਕੇ ਉਸ ਵਿੱਚ ਮੋਰ੍ਹੀਆਂ ਪੈਦਾ ਕਰਕੇ ਖਰਾਬ ਕਰਨ ਦੀ ਭੂਮਿਕਾ ਨਿਭਾਅ ਰਹੀ ਹੈ। ਧਾਰਮਿਕ ਸਥਾਨਾਂ ’ਤੇ ਲੱਗੇ ਵੱਡੇ ਸਪੀਕਰ, ਖੁਸ਼ੀ ਦੇ ਮੌਕੇ ਉੱਚੀ ਆਵਾਜ਼ ਵਿਚ ਚਲਦੇ ਡੀ. ਜੇ , ਘਰਾਂ ਵਿੱਚ ਉਂੱਚੀ ਅਵਾਜ਼ ਵਿੱਚ ਚਲਦੇ ਟੈਲੀਵਿਜ਼ਨ ਜਾਂ ਕੋਈ ਹੋਰ ਮਿਉਜ਼ਿਕ ਸਿਸਟਮ ਅਤੇ ਮੋਟਰ ਸਾਈਕਲਾਂ, ਟਰੱਕਾਂ ਬੱਸਾਂ ’ਤੇ ਲੱਗੇ ਪ੍ਰੈਸ਼ਰ ਹਾਰਨਾਂ ਦੇ ਕਾਰਨ, ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ, ਉਥੇ ਅਨੇਕਾਂ ਸਰੀਰਕ ਅਤੇ ਮਾਨਸਿਕ ਰੋਗ ਉਤਪੰਨ ਹੋ ਰਹੇ ਹਨ। ਜਿਨ੍ਹਾਂ ਵਿੱਚ ਤਣਾਅ, ਕੰਨ ਦੇ ਰੋਗ, ਚਮੜੀ ਦੇ ਰੰਗ ਤੇ ਨੀਂਦ ਨਾ ਆਉਣ ਦੀ ਬੀਮਾਰੀ ਆਦਿ ਪ੍ਰਮੁੱਖ ਹਨ।
ਸੋ ਸਮੇਂ ਦੀ ਲੋੜ ਨੂੰ ਸਮਝਦਿਆਂ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਏ ਜਾਣੇ ਚਾਹੀਦੇ ਹਨ, ਪਲਾਸਟਿਕ ਬੈਗਾਂ ਦਾ ਪ੍ਰਯੋਗ ਬੰਦ ਕੀਤਾ ਜਾਵੇ। ਕਾਰਖਾਨਿਆਂ ਵਿੱਚ ਵਿਸ਼ੇਸ਼ ਕਿਸਮ ਦੀਆਂ ਚਿਮਨੀਆਂ ਲੱਗਣ, ਘਰਾਂ ਅਤੇ ਦਫ਼ਤਰਾਂ ਵਿਚ ਏਅਰ ਕੰਡੀਸ਼ਨਰਾਂ ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ ਅਤੇ ਵਾਤਾਵਰਨ ਦੀ ਸੁਰੱਖਿਆ ਸਬੰਧੀ ਕਾਨੂੰਨਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ। ਇਸ ਲਈ ਸਾਨੂੰ ਉਚਿਤ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ। ਸਾਨੂੰ ਬੱਚਿਆਂ ਨੂੰ ਸਕੂਲਾਂ ਵਿੱਚ ਵਾਤਾਵਰਣ ਸਬੰਧੀ ਜਾਗਰੂਕ ਕਰਨ ਲਈ ਵੀ ਨਾਲ਼ ਦੀ ਨਾਲ਼ ਹੀ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਰਾਹੀਂ ਪੈਦਾ ਹੋਣ ਵਾਲੇ ਖਤਰਿਆਂ ਤੋਂ ਜਾਣੂ ਹੋ ਜਾਣ।
ਇਸ ਲਈ ਆਓ,ਆਪਾਂ ਸਾਰੇ ਮਿਲ ਕੇ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਹੰਭਲਾ ਮਾਰੀਏ ਅਤੇ ਇਸ ਧਰਤੀ ਨੂੰ ਸੁਹੱਪਣ ਨਾਲ ਭਰ ਕੇ ਹਰੀ ਭਰੀ ਕਰ ਦੇਈਏ। ਅੱਜ ਤੋਂ ਹੀ ਹਰ ਕਿਸੇ ਨੂੰ ਪੰਜ ਪੰਜ ਰੁੱਖ ਲਗਾ ਕੇ ਇਸ ਧਰਤੀ ਨੂੰ ਸੰਵਾਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly