(ਸਮਾਜ ਵੀਕਲੀ)
ਸਰਵਣ ਤੇ ਹਰਮੀਤ ਸਿੰਘ ਆਪਸ ਵਿੱਚ ਤਾਏ ਚਾਚੇ ਦੇ ਪੁੱਤ ਸਨ। ਜਦੋਂ ਦਾ ਜ਼ਮੀਨ ਦਾ ਵੰਡ – ਵੰਡਈਆ ਹੋਇਆ ਸੀ ਉਦੋਂ ਤੋਂ ਇੱਕ ਵੱਟ ਪਿੱਛੇ ਰੌਲ਼ਾ ਪੈ ਗਿਆ ਸੀ।ਜਿਸ ਕਰਕੇ ਦੋਵੇਂ ਭਰਾਵਾਂ ਦਾ ਆਪਸ ਵਿੱਚ ਹੱਡ ਕੁੱਤੇ ਦਾ ਵੈਰ ਸੀ। ਸਰਵਣ ਸੁਭਾਅ ਦੀ ਬਹੁਤੀ ਤੇਜ਼ੀ ਦਿਖਾਉਣ ਕਰਕੇ ਬਹੁਤ ਜਲਦੀ ਤੱਤਾ ਹੋ ਜਾਂਦਾ ਸੀ। ਹਜੇ ਹਰਮੀਤ ਸਿੰਘ ਕੁਝ ਸਮਝਦਾਰ ਅਤੇ ਨਰਮ ਸੁਭਾਅ ਦਾ ਸੀ। ਇੱਕ ਦਿਨ ਹਰਮੀਤ ਸਿੰਘ ਦੀ ਕੁੜੀ ਕਾਲਜ ਤੋਂ ਆ ਰਹੀ ਸੀ, ਉਸ ਦੀ ਸਹੇਲੀ ਉਸ ਨੂੰ ਸਕੂਟਰੀ ਤੇ ਛੱਡਣ ਆਈ।ਉਹ ਉਸ ਨੂੰ ਪਿੰਡ ਵਾਲੇ ਮੋੜ ਤੇ ਲਾਹ ਕੇ ਚਲੀ ਗਈ। ਦੂਰ ਆਪਣੀ ਮੋਟਰ ਤੇ ਬੈਠਾ ਸਰਵਣ ਉੱਚਾ ਹੋ ਹੋ ਕੇ ਦੇਖਦਾ ਹੈ ਤੇ ਆਪਣੇ ਸੀਰੀ ਨੂੰ ਪੁੱਛਦਾ ਹੈ,” ਓਏ ਬੰਤਿਆ! ਆਹ ਕਿੰਨਾਂ ਦੀ ਕੁੜੀ ਨੂੰ ਕੋਈ ਲਾਹ ਕੇ ਗਿਆ…. ਮੈਨੂੰ ਤਾਂ ਸਿਆਣ ਨੀ ਆਉਂਦੀ…..ਔਹ ਦੇਖ …ਓਹ ਪੀਲੇ ਸੂਟ ਵਾਲੀ ਕੁੜੀ ਦੇਖ ਕਿਵੇਂ ਦਮਾਦਮ ਤੁਰੀ ਜਾਂਦੀ ਆ।”
“ਸਰਦਾਰਾ ਮੈਨੂੰ ਤਾਂ ਆਪਣੇ ਮੀਤੇ ਦੀ ਵੱਡੀ ਕੁੜੀ ਲੱਗਦੀ ਆ ਜਿਹੜੀ ਕਾਲਜ ਪੜ੍ਹਨ ਜਾਂਦੀ ਆ।”ਬੰਤੇ ਨੇ ਜਵਾਬ ਦਿੱਤਾ।
“ਆਹ ਭਲਾ ਓਹਨੂੰ ਲਾਹ ਕੇ ਕੌਣ ਗਿਆ…. ਮੈਨੂੰ ਤਾਂ ਪਛਾਣ ਨੀ ਆਈ ਕਿੰਨਾਂ ਦਾ ਮੁੰਡਾ ਸੀ?” ਸਰਵਣ ਨੇ ਜਾਣ ਬੁੱਝ ਕੇ ਗੱਲ ਚੱਕਣੀ ਚਾਹੀ।
“ਸਰਦਾਰਾ ਪਛਾਣ ਤਾਂ ਮੈਨੂੰ ਵੀ ਨੀ ਆਈ …. ਆਪਣੇ ਪਿੰਡ ਦਾ ਮੁੰਡਾ ਨੀਂ ਹੋਣਾ…. ਤਾਂ ਹੀ ਲਾਹ ਕੇ ਬਾਹਰੋਵਾਰ ਵਗ ਗਿਆ।” ਬੰਤੇ ਨੇ ਸਰਵਣ ਦੀ ਮਾੜੀ ਸੋਚ ਦਾ ਸਾਥ ਦਿੰਦੇ ਹੋਏ ਜਵਾਬ ਦਿੱਤਾ।
ਬਸ ਫੇਰ ਕੀ ਸੀ ਇਹ ਗੱਲ ਦੋ ਮੂੰਹਾਂ ਤੋਂ ਚੌਂਹ ਤੱਕ ਚੌਂਹ ਤੋਂ ਅੱਠ ਤੱਕ ਤੇ ਫਿਰ ਫੈਲਦੀ ਫੈਲਦੀ ਸਾਰੇ ਪਿੰਡ ਵਿੱਚ ਫੈਲ ਗਈ।ਬੁੜੀਆਂ ਕੁੜੀਆਂ ਕੱਠੀਆਂ ਹੋ ਕੇ ਗੱਲਾਂ ਕਰਦੀਆਂ ਤਾਂ ਹਰਮੀਤ ਸਿੰਘ ਦੀ ਕੁੜੀ ਦੇ ਆਚਰਣ ਤੇ ਖ਼ੂਬ ਚਿੱਕੜ ਸੁੱਟਦੀਆਂ ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੀਆਂ। ਇੱਕ ਬੁੜੀ ਦੂਜੀ ਨੂੰ ਆਖਣ ਲੱਗੀ ,” ਨੀ, ਮੈਂ ਤਾਂ ਮੀਤੇ ਦੀ ਵੱਡੀ ਕੁੜੀ ਦਾ ਰਿਸ਼ਤਾ ਆਪਣੇ ਭਤੀਜੇ ਨੂੰ ਕਰਵਾਉਣ ਲੱਗੀ ਸੀ…. ਸ਼ੁਕਰ ਆ ਕਿਤੇ ਕਰਵਾ ਨੀ ਸੀ ਦਿੱਤਾ।ਬਚਾਅ ਹੋ ਗਿਆ ਭੈਣੇ।” ਦੂਜੀ ਬੋਲੀ,”ਐਹੇ ਜਿਹੀਆਂ ਸਹੁਰੀਂ ਵੀ ਨੀ ਟਿਕਦੀਆਂ ਹੁੰਦੀਆਂ। ਹੋਰ ਨੀ ਭੈਣੇ,ਤੇਰਾ ਤਾਂ ਕੋਈ ਦਿੱਤਾ ਲਿਆ ਅੱਗੇ ਆ ਗਿਆ। ਨਾਲ਼ੇ ਤੂੰ ਆਪਦੇ ਸਿਰ ਸਵਾਹ ਪਵਾਉਂਦੀ ਨਾਲ਼ੇ ਅਗਾਂਹ ਵਾਲਿਆਂ ਦੇ।” ਸਾਰੀਆਂ ਬੁੜੀਆਂ,”ਹੋਰ ਨੀ ਭੈਣੇ ਬਚਗੀ ਤੂੰ।”ਕਹਿ ਕੇ ਗੱਲ ਨੂੰ ਹੋਰ ਰਸਦਾਰ ਬਣਾਉਂਦੀਆਂ।
ਹਰਮੀਤ ਸਿੰਘ ਦੀ ਪਤਨੀ ਤੇ ਕੁੜੀਆਂ ਕਦੇ ਕਿਸੇ ਕੋਲ਼ ਨਾ ਫ਼ਾਲਤੂ ਖੜ੍ਹਦੀਆਂ ਸਨ ਤੇ ਨਾ ਕਿਸੇ ਕੋਲ ਜਾਂਦੀਆਂ ਸਨ। ਹਰਮੀਤ ਸਿੰਘ ਆਪ ਵੀ ਖੇਤਾਂ ਵਿੱਚ ਕੰਮ ਕਰਦਾ, ਖੇਤਾਂ ਤੋਂ ਘਰ ਤੇ ਘਰ ਤੋਂ ਖੇਤਾਂ ਤੱਕ ਹੀ ਉਸ ਦੀ ਜ਼ਿੰਦਗੀ ਸੀ।ਲੋਕ ਬਾਹਰ ਜੋ ਮਰਜ਼ੀ ਬੋਲੀ ਜਾਂਦੇ ਹੋਣਗੇ, ਉਹਨਾਂ ਨੂੰ ਕੀ ਪਤਾ? ਮਹੀਨਾ ਕੁ ਲੋਕ ਮਸਾਲੇ ਲਾ ਲਾ ਕੇ ਹਰਮੀਤ ਦੀ ਕੁੜੀ ਦੀਆਂ ਗੱਲਾਂ ਕਰ-ਕੁਰ ਕੇ ਬੈਠ ਗਏ।
ਇੱਕ ਦਿਨ ਹਰਮੀਤ ਸਿੰਘ ਸ਼ਾਮ ਨੂੰ ਆਪਣੇ ਖੇਤਾਂ ਨੂੰ ਪਾਣੀ ਲਾਉਣ ਜਾ ਰਿਹਾ ਸੀ ਤੇ ਉਸ ਦੇ ਨਾਲ ਉਸ ਦਾ ਕਾਮਾ ਜੀਤਾ ਵੀ ਸੀ। ਸ਼ਹਿਰ ਵੱਲੋਂ ਆਉਂਦੀ ਪਿੰਡ ਦੀ ਫਿਰਨੀ ਨੂੰ ਜੋੜਨ ਵਾਲੀ ਸੜਕ ਤੇ ਦੋ ਤਿੰਨ ਜਾਣਿਆਂ ਦਾ ਕੱਠ ਜਿਹਾ ਹੋਇਆ ਲੱਗਿਆ। ਹਰਮੀਤ ਸਿੰਘ ਨੇ ਆਪਣੀ ਮੋਟਰ ਵੱਲ ਨੂੰ ਮੋਟਰਸਾਈਕਲ ਮੋੜਨ ਦੀ ਥਾਂ ਉਧਰ ਨੂੰ ਘੁਮਾ ਲਿਆ ਕਿਉਂਕਿ ਉਸ ਨੂੰ ਕਿਸੇ ਕੁੜੀ ਦੀ ਚੀਕ ਦੀ ਅਵਾਜ਼ ਦਾ ਵੀ ਭੁਲੇਖਾ ਪਿਆ ਸੀ। ਜਿਵੇਂ ਹੀ ਹਰਮੀਤ ਸਿੰਘ ਆਪਣੇ ਕਾਮੇ ਨਾਲ ਉਧਰ ਨੂੰ ਵਧਿਆ ਤਾਂ ਗੁੰਡਿਆਂ ਨੇ ਉਹਨਾਂ ਵੱਲ ਨੂੰ ਡਾਂਗਾਂ ਉਲਾਰ ਲਈਆਂ। ਹਰਮੀਤ ਸਿੰਘ ਤੇ ਉਸ ਦੇ ਕਾਮੇ ਨੇ ਉਹਨਾਂ ਨਾਲ ਚੰਗੀ ਤਰ੍ਹਾਂ ਦੋ ਹੱਥ ਕੀਤੇ ਤਾਂ ਬਦਮਾਸ਼ਾਂ ਨੇ ਉੱਥੋਂ ਭੱਜਣ ਦੀ ਕੀਤੀ। ਕੁੜੀ ਦੀ ਚੁੰਨੀ ਲੀਰੋ ਲੀਰ ਹੋਈ ਪਈ ਸੀ। ਬਚਾਅ ਕਰਦੀ ਦਾ ਕਮੀਜ਼ ਵੀ ਕਈ ਜਗ੍ਹਾ ਤੋਂ ਫਟਿਆ ਪਿਆ ਸੀ।
ਹਰਮੀਤ ਸਿੰਘ ਨੇ ਆਪਣੇ ਸਿਰ ਦਾ ਪਰਨਾ ਲਾਹ ਕੇ ਕੁੜੀ ਨੂੰ ਆਪਣਾ ਤਨ ਢਕਣ ਲਈ ਦਿੱਤਾ। ਉਸ ਨੇ ਪਛਾਣ ਲਿਆ ਸੀ ਕਿ ਉਹ ਤਾਂ ਸਰਵਣ ਦੀ ਕੁੜੀ ਸੀ ਜੋ ਸ਼ਹਿਰ ਆਪਣੇ ਵਿਆਹ ਦੇ ਕੱਪੜੇ ਸਿਊਣੇ ਦੇਣ ਗਈ ਸੀ। ਉਹ ਆਪਣੀ ਸਕੂਟਰੀ ਤੇ ਆ ਰਹੀ ਸੀ ਤਾਂ ਮੁੰਡਿਆਂ ਨੇ ਇਕੱਲੀ ਦੇਖ ਕੇ ਘੇਰ ਲਿਆ ਸੀ। ਹੁਣ ਕੁੜੀ ਆਪਣੇ ਚਾਚੇ ਹਰਮੀਤ ਦੇ ਗਲ਼ ਲੱਗ ਕੇ ਬਹੁਤ ਰੋ ਰਹੀ ਸੀ। ਹਰਮੀਤ ਸਿੰਘ ਨੇ ਉਸ ਦੇ ਸਿਰ ਤੇ ਹੱਥ ਰੱਖ ਕੇ ਕਿਹਾ,”ਧੀਏ ਰੋ ਨਾ,ਜੇ ਅੱਜ ਏਥੇ ਕੋਈ ਜਾਹ ਜਾਂਦੀ ਹੋ ਜਾਂਦੀ ਤਾਂ ਸਾਨੂੰ ਮਰਨ ਨੂੰ ਥਾਂ ਸੀ…..(ਆਪਣੇ ਕਾਮੇ ਨੂੰ) ….. ਜੀਤਿਆ ਤੂੰ ਕੁੜੀ ਦੀ ਸਕੂਟਰੀ ਲੈ ਕੇ ਆ ਪਿੱਛੇ ਪਿੱਛੇ…. ਮੈਂ ਆਪ ਛੱਡ ਕੇ ਆਉਨਾਂ ਰਾਣੋ ਨੂੰ ਘਰੇ।” ਕਹਿਕੇ ਰਾਣੋ ਨੂੰ ਉਸ ਦੇ ਘਰ ਲੈ ਕੇ ਜਾਂਦਾ ਹੈ। ਜਿਵੇਂ ਈ ਸਰਵਣ ਸਿੰਘ ਬਾਹਰ ਨਿਕਲ਼ਦਾ ਹੈ ਤਾਂ ਉਸ ਦੀ ਧੀ ਰਾਣੋ ਉਸ ਦੇ ਗਲ ਲੱਗ ਕੇ ਬਹੁਤ ਰੋਂਦੀ ਹੈ ਤੇ ਕਹਿੰਦੀ ਹੈ,” ਪਾਪਾ…. ਅੱਜ ਜੇ ਚਾਚਾ ਜੀ ਮੈਨੂੰ ਨਾ ਬਚਾਉਂਦੇ ਤਾਂ ਤੁਸੀਂ ਕਾਸੇ ਜੋਗੇ ਨੀ ਰਹਿਣਾ ਸੀ. ….”( ਰਾਣੋ ਰੋਂਦੇ ਹੋਏ ਸਾਰੀ ਕਹਾਣੀ ਦੱਸਦੀ ਹੈ)
ਸਰਵਣ ਸਿੰਘ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ।ਉਸ ਨੂੰ ਯਾਦ ਆਉਂਦਾ ਹੈ ਕਿ ਉਸ ਨੇ ਇਸ ਦੀ ਧੀ ਦੀ ਮਿੱਟੀ ਪਲੀਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਸੀ। ਉਹ ਹਰਮੀਤ ਅੱਗੇ ਹੱਥ ਜੋੜ ਕੇ ਅਤੇ ਸਿਰ ਝੁਕਾ ਕੇ ਖੜ੍ਹ ਜਾਂਦਾ ਹੈ।
ਹਰਮੀਤ ਸਿੰਘ ਉਸ ਨੂੰ ਕਹਿੰਦਾ ਹੈ,” ਵੱਡੇ ਵੀਰਿਆ, ਭਰਾ ਹੀ ਭਰਾਵਾਂ ਦੀਆਂ ਬਾਹਾਂ ਹੁੰਦੇ ਨੇ ….ਪਰ ਧੀਆਂ ਭੈਣਾਂ ਤਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਹਨ। ਧੀਆਂ ਭੈਣਾਂ ਦੀ ਇੱਜ਼ਤ ਦੀ ਰਾਖੀ ਕਰਨਾ ਤਾਂ ਆਪਣਾ ਸਾਰਿਆਂ ਦਾ ਫਰਜ਼ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly