ਏਹੁ ਹਮਾਰਾ ਜੀਵਣਾ ਹੈ -295

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਹਰਚਰਨ ਤੇ ਬਿੰਦਰ ਦੇ ਵਿਆਹ ਨੂੰ ਕਈ ਵਰ੍ਹੇ ਬੀਤ ਗਏ ਸਨ। ਹਰਚਰਨ ਸ਼ਹਿਰ ਵਿੱਚ ਨੌਕਰੀ ਕਰਦਾ ਸੀ। ਉਹ ਕਿਸੇ ਸਰਕਾਰੀ ਮਹਿਕਮੇ ਵਿੱਚ ਕਲਰਕ ਸੀ। ਹਰਚਰਨ ਨੂੰ ਰੋਜ਼ ਪਿੰਡ ਆਉਣਾ ਜਾਣਾ ਬਹੁਤ ਔਖਾ ਸੀ ਕਿਉਂਕਿ ਉਹਨਾਂ ਦਾ ਪਿੰਡ ਸ਼ਹਿਰ ਤੋਂ ਬਹੁਤ ਦੂਰ ਸੀ ਇਸ ਲਈ ਸ਼ਹਿਰ ਵਿੱਚ ਹੀ ਇੱਕ ਕਮਰਾ ਕਿਰਾਏ ਤੇ ਲੈਕੇ ਉਹ ਦੋਵੇਂ ਜਣੇ ਰਹਿੰਦੇ ਸਨ। ਉਹਨਾਂ ਦੀ ਜ਼ਿੰਦਗੀ ਉਂਝ ਤਾਂ ਬਹੁਤ ਵਧੀਆ ਲੰਘ ਰਹੀ ਸੀ ਕਿਉਂਕਿ ਸਵੇਰੇ ਬਿੰਦਰ ਹਰਚਰਨ ਨੂੰ ਦਫ਼ਤਰ ਲਈ ਤੋਰਨ ਦੀ ਤਿਆਰੀ ਕਰਦੀ ਰਹਿੰਦੀ ਤੇ ਫਿਰ ਘਰ ਦੇ ਕੰਮ ਕਰਨ ਲੱਗ ਜਾਂਦੀ ਤੇ ਸ਼ਾਮ ਨੂੰ ਹਰਚਰਨ ਘਰ ਆ ਜਾਂਦਾ। ਇਸ ਤਰ੍ਹਾਂ ਈ ਉਹ ਖੁਸ਼ੀ ਖੁਸ਼ੀ ਆਪਣਾ ਵਿਆਹੁਤਾ ਜੀਵਨ ਬਿਤਾ ਰਹੇ ਸਨ। ਉਹਨਾਂ ਦੇ ਵਿਆਹ ਨੂੰ ਦਸ ਵਰ੍ਹੇ ਲੰਘ ਗਏ ਸਨ ਪਰ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ। ਕਿਸੇ ਨੇ ਆਖਣਾ ਕਿ ਕਿਸੇ ਤੋਂ ਪੁੱਛ ਲਓ ਤਾਂ ਉਹਨਾਂ ਨੇ ਕਹਿਣਾ,” ਪਰਮਾਤਮਾ ਨੇ ਚਾਹਿਆ ਤਾਂ ਠੀਕ ਹੈ ਨਹੀਂ ਤਾਂ ਓਹਦੀ ਮਰਜ਼ੀ….।” ਦਸਾਂ ਸਾਲਾਂ ਬਾਅਦ ਰੱਬ ਨੇ ਸੁਣ ਲਈ,ਘਰ ਪੁੱਤਰ ਦੀ ਪ੍ਰਾਪਤੀ ਹੋਈ। ਉਹ ਬਹੁਤ ਖ਼ੁਸ਼ ਸਨ। ਦੋ ਸਾਲ ਬਾਅਦ ਇੱਕ ਹੋਰ ਪੁੱਤਰ ਦੇ ਮਾਂ ਬਾਪ ਬਣ ਗਏ। ਇਸ ਤਰ੍ਹਾਂ ਹੁਣ ਉਹ ਬਹੁਤ ਖੁਸ਼ਹਾਲ ਪਰਿਵਾਰ ਬਣ ਗਿਆ ਸੀ।

ਵੱਡਾ ਮੁੰਡਾ ਪੰਜਾਂ ਕੁ ਵਰ੍ਹਿਆਂ ਦਾ ਹੋਇਆ ਤਾਂ ਉਸ ਨੂੰ ਸਿਰ ਵਿੱਚ ਕੋਈ ਤਕਲੀਫ ਹੋਣ ਲੱਗੀ ਤੇ ਆਮ ਨਾਲੋਂ ਸਿਰ ਆਕਾਰ ਵਿੱਚ ਥੋੜ੍ਹਾ ਜਿਹਾ ਵਧਣ ਲੱਗਿਆ। ਡਾਕਟਰਾਂ ਨੇ ਤੁਰੰਤ ਸਿਰ ਦਾ ਅਪਰੇਸ਼ਨ ਕਰਵਾਉਣ ਲਈ ਕਿਹਾ। ਉਹਨਾਂ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ। ਉਹਨਾਂ ਨੇ ਮੁੰਡੇ ਦੇ ਸਿਰ ਦਾ ਅਪ੍ਰੇਸ਼ਨ ਕਰਵਾ ਦਿੱਤਾ। ਮੁੰਡੇ ਦਾ ਸਿਰ ਤਾਂ ਠੀਕ ਹੋ ਗਿਆ ਪਰ ਉਸ ਨੂੰ ਹੋਰ ਈ ਰੋਗ ਲੱਗ ਗਿਆ। ਉਸ ਦੇ ਪੇਟ ਵਿੱਚ ਪਾਣੀ ਭਰਕੇ ਉਸ ਦਾ ਪੇਟ ਫੁੱਲਣ ਲੱਗ ਪਿਆ। ਉਹਨਾਂ ਨੇ ਸ਼ਹਿਰ ਦਾ ਵੱਡੇ ਤੋਂ ਵੱਡੇ ਡਾਕਟਰਾਂ , ਹਕੀਮਾਂ ਨੂੰ ਦਿਖਾਇਆ , ਪਰ ਉਸ ਦਾ ਕਿਤੋਂ ਸਹੀ ਇਲਾਜ ਨਾ ਹੋ ਸਕਿਆ। ਉਸ ਦੇ ਪੇਟ ਵਿੱਚ ਐਨਾ ਪਾਣੀ ਭਰ ਜਾਣਾ ਕਿ ਪਹਿਲਾਂ ਮਹੀਨੇ ਕੁ ਬਾਅਦ ਡਾਕਟਰ ਕੋਲ ਜਾ ਕੇ ਕਢਵਾਉਣਾ ਪੈਂਦਾ ਤੇ ਫਿਰ ਹੌਲ਼ੀ ਹੌਲ਼ੀ ਹਫ਼ਤੇ ਬਾਅਦ ਤੇ ਹੁਣ ਤਾਂ ਰੋਜ਼ ਹੀ ਭਰਨ ਲੱਗ ਪਿਆ ਸੀ।

ਆਂਢ ਗੁਆਂਢ ਜਾਂ ਰਿਸ਼ਤੇਦਾਰਾਂ ਨੇ ਖ਼ਬਰ ਲੈਣ ਆਉਣਾ, ਜਿੰਨੇਂ ਮੂੰਹ ਓਨੀਆਂ ਹੀ ਸਲਾਹਾਂ ਦੇ ਕੇ ਜਾਣਾ। ਕਿਸੇ ਨੇ ਕਹਿਣਾ ਮੁੰਡੇ ਨੂੰ ਕਿਸੇ ਨੇ ਕੁਛ ਕਰ ਦਿੱਤਾ ਹੋਊ, ਕਿਸੇ ਨੇ ਕਹਿਣਾ ਕਿ ਕਿਸੇ ਪਾਂਧੇ ਪਾਂਡੇ ਨੂੰ ਪੁੱਛ ਲਓ,ਕਿਸੇ ਨੇ ਕਿਸੇ ਸਿਆਣੇ ਕੋਲੋਂ ‘ਹੱਥ ਔਲ਼ਾ’ ਕਰਵਾਉਣ ਲਈ ਆਖਣਾ, ਕਿਸੇ ਨੇ ਟੂਮਣੇ -ਟਾਮਣੇ ਦੀ ਗੱਲ ਆਖਣੀ, ਕਿਸੇ ਨੇ ਮੁੰਡੇ ਤੇ ਓਪਰੀ ਕਸਰ ਹੋਣ ਬਾਰੇ ਆਖਣਾ ਪਰ ਹਰਚਰਨ ਤੇ ਬਿੰਦਰ ਦੋਵੇਂ ਜੀਅ ਅਡੋਲ ਰਹੇ। ਉਹਨਾਂ ਨੇ ਸਭ ਨੂੰ ਇੱਕੋ ਗੱਲ ਆਖਣੀ,” ਇਹ ਬੱਚਾ ਪਰਮਾਤਮਾ ਦੀ ਦਿੱਤੀ ਹੋਈ ਦਾਤ ਹੈ….. ਉਸੇ ਨੂੰ ਪਤਾ ਹੈ…. ਅਸੀਂ ਇੱਕ ਪਰਮਾਤਮਾ ਤੋਂ ਇਲਾਵਾ ਹੋਰ ਕਿਸੇ ਵਹਿਮਾਂ ਭਰਮਾਂ ਵਿੱਚ ਨਹੀਂ ਪੈਣਾ। ਪਰ ਡਾਕਟਰੀ ਇਲਾਜ ਵਿੱਚ ਕੋਈ ਕਸਰ ਨਹੀਂ ਛੱਡਣੀ।”

ਹੁਣ ਮੁੰਡੇ ਦੀ ਹਾਲਤ ਬਦ ਤੋਂ ਬੱਤਰ ਹੋ ਗਈ ਸੀ। ਉਸ ਦੇ ਪੇਟ ਵਿੱਚ ਐਨਾ ਪਾਣੀ ਭਰ ਗਿਆ ਸੀ ਕਿ ਉਸ ਨੂੰ ਤਕਲੀਫ਼ ਅੰਤਾਂ ਦੀ ਸੀ। ਮਾਪਿਆਂ ਤੋਂ ਉਸ ਦੀ ਹਾਲਤ ਦੇਖੀ ਨਹੀਂ ਜਾ ਰਹੀ ਸੀ ਤੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ। ਹਰਚਰਨ ਤੇ ਬਿੰਦਰ ਨੇ ਜਿਵੇਂ ਕਿਵੇਂ ਕਰਕੇ ਰਾਤ ਕੱਟੀ ਤੇ ਤੜਕਸਾਰ ਦੇਗ਼ ਬਣਾ ਕੇ ਗੁਰੂ ਘਰ ਮੱਥਾ ਟੇਕਣ ਗਏ। ਦੇਗ਼ ਰੱਖ ਕੇ ਮੱਥਾ ਟੇਕਿਆ ਤੇ ਹੱਥ ਜੋੜ ਕੇ ਅਰਦਾਸ ਕੀਤੀ ,” ਹੇ ਅਕਾਲਪੁਰਖ! ਸੱਚੇ ਪਾਤਸ਼ਾਹ!….. ਤੂੰ ਤਾਂ ਜਾਣੀਂ ਜਾਣ ਹੈਂ…..! ਸਾਡਾ ਬੱਚਾ ਅੰਤਾਂ ਦੀ ਤਕਲੀਫ਼ ਵਿੱਚ ਹੈ…… ਅਸੀਂ ਦੁਨਿਆਵੀ ਜੀਵ ਹਾਂ…. ਸਾਥੋਂ ਬੱਚੇ ਦੀ ਤਕਲੀਫ਼ ਦੇਖੀ ਨਹੀਂ ਜਾਂਦੀ…… ਬੱਚੇ ਨੂੰ ਕਸ਼ਟ ਤੋਂ ਮੁਕਤ ਕਰੋ….. ਹੇ ਅਕਾਲਪੁਰਖ! ਜੋ ਤੇਰਾ ਫੈਸਲਾ ਹੋਵੇਗਾ….. ਸਾਨੂੰ ਮਨਜ਼ੂਰ ਹੋਵੇਗਾ……!” ਦੋਵੇਂ ਜੀਅ ਮਨ ਵਿੱਚ ਇਹ ਅਰਦਾਸ ਕਰਕੇ ਮੱਥਾ ਟੇਕ ਕੇ ਬੈਠ ਗਏ…. ਪਾਠ ਅਤੇ ਕੀਰਤਨ ਇੱਕ ਮਨ ਹੋ ਕੇ ਸੁਣਿਆ ਤੇ ਭੋਗ ਪੈਣ ਉਪਰੰਤ ਘਰ ਆ ਗਏ।

ਘਰ ਆ ਕੇ ਦੇਖਿਆ ਤਾਂ ਬੱਚੇ ਦੀ ਧੁੰਨੀ ਵਿੱਚੋਂ ਪਾਣੀ ਰਿਸ ਰਿਹਾ ਸੀ ਤੇ ਬੱਚੇ ਦੀ ਤੜਪਣ ਘਟੀ ਹੋਈ ਸੀ। ਪਰ ਪਾਣੀ ਰਿਸਣ ਕਰਕੇ ਉਸ ਨੂੰ ਉਹ ਹਸਪਤਾਲ ਲੈ ਕੇ ਗਏ। ਬੱਚੇ ਦੇ ਪੇਟ ਵਿੱਚੋਂ ਆਪਣੇ ਆਪ ਇਹ ਪਹਿਲੀ ਤੇ ਆਖਰੀ ਵਾਰ ਪਾਣੀ ਨਿਕਲਿਆ ਸੀ। ਕਿਉਂ ਕਿ ਉਹਨਾਂ ਦਾ ਬੱਚਾ ਹੁਣ ਬਿਲਕੁਲ ਠੀਕ ਹੋ ਗਿਆ ਸੀ । ਮੁੜਕੇ ਉਸ ਬੱਚੇ ਨੂੰ ਕਦੇ ਕੋਈ ਤਕਲੀਫ਼ ਨਹੀਂ ਹੋਈ। ਉਹ ਪੜ੍ਹ ਲਿਖ ਕੇ ਨੌਕਰੀ ਤੇ ਲੱਗ ਗਿਆ,ਵਿਆਹ ਹੋ ਗਿਆ ਤੇ ਉਸ ਦੇ ਬੱਚੇ ਵੀ ਹੋ ਗਏ।

ਜਦੋਂ ਮੇਰੀ ਮਾਂ ਨੇ ਸਾਡੇ ਘਰ ਦੇ ਬਿਲਕੁਲ ਸਾਹਮਣੇ ਕਿਰਾਏ ਤੇ ਰਹਿ ਕੇ ਗਏ ਪਰਿਵਾਰ ਦੀ ਇਹ ਗੱਲ ਸਾਨੂੰ ਸੁਣਾਉਣੀ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਇਹ ਤੁਕ ਯਾਦ ਆ ਜਾਣੀਂ ਤੇ ਪਰਮਾਤਮਾ ਤੇ ਯਕੀਨ ਹੋਰ ਪੱਕਾ ਹੋ ਜਾਣਾ…
ਦੁਇ ਕਰ ਜੋੜਿ ਕਰਉ ਅਰਦਾਸਿ ॥ ਤੁਧੁ ਭਾਵੈ ਤਾ ਆਣਹਿ ਰਾਸਿ ॥

ਜਿਸ ਦਾ ਮਤਲਬ , ਮੈਨੂੰ ਕੁਝ ਇਵੇਂ ਸਮਝ ਆਇਆ , ਹੇ ਪ੍ਰਭੂ ! ਮੈਂ ਆਪਣੇ ਦੋਵੇਂ ਹੱਥ ਜੋੜ ਕੇ , ਤੇਰੇ ਅੱਗੇ ਅਰਦਾਸ ਕਰਦਾ ਹਾਂ , ਮੇਰੇ ਤੇ ਬਖਸ਼ਿਸ਼ ਕਰ , ਜੋ ਤੈਨੂੰ ਭਾਉਂਦਾ ਹੋਵੇ , ਜੋ ਤੈਨੂੰ ਚੰਗਾ ਲੱਗਦਾ ਹੋਵੇ , ਜੋ ਤੇਰੀ ਰਜ਼ਾ , ਤੇਰਾ ਹੁਕਮ ਹੋਵੇ , ਉਹ ਹੀ ਮੈਨੂੰ ਰਾਸ ਆਵੇ , ਚੰਗਾ ਲੱਗੇ , ਮੇਰਾ ਮਨ ਉਸ ਵਿਚ ਹੀ ਰਾਜ਼ੀ ਰਹੇ ਕਿਉਂ ਕਿ ਉਸ ਦੀ ਰਜ਼ਾ ਵਿੱਚ ਰਹਿਣਾ ਹੀ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਣਗਹਿਲੀ
Next articleਗੀਤ