ਏਹੁ ਹਮਾਰਾ ਜੀਵਣਾ ਹੈ -292

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਸ਼ੁਰੂ ਤੋਂ ਹੀ ਹਰ ਭਾਈਚਾਰੇ ਵਿੱਚ ਸਭ ਨੂੰ ਸੁਭਾਅ ਪੱਖੋਂ ਵੱਖ ਵੱਖ ਕਿਸਮ ਦੇ ਲੋਕ ਮਿਲ਼ਦੇ ਹਨ। ਕਿਸੇ ਦਾ ਸੁਭਾਅ ਨਰਮ ਹੁੰਦਾ ਤੇ ਕਿਸੇ ਦਾ ਸੁਭਾਅ ਗਰਮ ਹੁੰਦਾ ਹੈ। ਕੋਈ ਨਿਮਰ ਸੁਭਾਅ ਦਾ ਤੇ ਕੋਈ ਬੜਾ ਹੰਕਾਰੀ ਹੁੰਦਾ ਹੈ। ਕੋਈ ਵਹਿਮੀ ਤੇ ਕੋਈ ਸਪਸ਼ਟ ਜਿਹਾ ਇਨਸਾਨ ਹੁੰਦਾ ਹੈ।ਚਲੋ ਇਹ ਤਾਂ ਆਮ ਜਿਹੀ ਗੱਲ ਹੈ ਪਰ ਅੱਜ ਆਪਾਂ ਇੱਕ ਹੋਰ ਈ ਕਿਸਮ ਦੇ ਸੁਭਾਅ ਦੀ ਗੱਲ ਕਰਦੇ ਹਾਂ ਮਤਲਬ ਕਿ ਫੁਕਰਿਆਂ ਦੀ ਗੱਲ ਕਰਦੇ ਹਾਂ। ਵੈਸੇ ਫੁਕਰਾ ਕੌਣ ਹੁੰਦਾ ਹੈ? ਅਸਲ ਵਿੱਚ ਫ਼ੁਕਰੇ ਬਾਹਲ਼ੇ ਈ ਡੰਡਪਾਊ ,ਵਿਖਾਵਾ ਕਰ ਕਰ ਕੇ ਆਪਣੇ ਆਪ ਨੂੰ ਮਹਾਨ,ਵੱਡੇ , ਅਮੀਰ, ਚੰਗੇ ਜਾਂ ਇਉਂ ਸਮਝ ਲਓ ਕਿ ਸਰਬ ਗੁਣਾਂ ਦੀ ਪੋਟਲੀ ਹੋਣ ਦੀ ਡੌਂਡੀ ਪਿੱਟਣ ਵਾਲੇ ਕਮੀਨੇ ਲੋਕ ਹੁੰਦੇ ਹਨ। ਇਸ ਕਿਸਮ ਦੇ ਲੋਕ ਸਾਡੇ ਸਮਾਜਿਕ, ਧਾਰਮਿਕ, ਰਾਜਨੀਤਕ ਤੇ ਸੱਭਿਆਚਾਰਕ ਖੇਤਰਾਂ ਵਿੱਚ ਆਮ ਹੀ ਵੇਖਣ ਨੂੰ ਮਿਲ ਜਾਂਦੇ ਹਨ।

ਇੱਕ ਵਾਰੀ ਦੀ ਗੱਲ ਆ ਕਿ ਸਾਡੇ ਜਾਣ ਪਛਾਣ ਚੋਂ ਇੱਕ ਕੁੜੀ ਮਿਲ਼ੀ,ਓਹਦਾ ਇੱਕ ਫੌਜੀ ਮੁੰਡੇ ਨਾਲ ਨਵਾਂ ਨਵਾਂ ਵਿਆਹ ਹੋਇਆ ਸੀ। ਮੈਂ ਉਸ ਨੂੰ ਪੁੱਛ ਲਿਆ ਕਿ ਪਤੀ ਫੌਜ ਵਿੱਚ ਕੀ ਕਰਦਾ ਹੈ ਤੇ ਕਿੰਨੇ ਚਿਰ ਬਾਅਦ ਗੇੜਾ ਮਾਰ ਲੈਂਦਾ ਹੈ, ਬੱਸ ਫੇਰ ਕੀ ਸੀ ਉਹਦੀਆਂ ਗੱਲਾਂ ਸੁਣ ਸੁਣ ਕੇ ਆਏਂ ਲੱਗੇ ਬਈ ਜਿਵੇਂ ਭਾਰਤ ਦੀ ਸਾਰੀ ਫੌਜ ਓਹਦੇ ਆਦਮੀ ਦੇ ਸਿਰ ਤੇ ਈ ਚੱਲਦੀ ਹੈ,ਆਖਣ ਲੱਗੀ,”ਇਹ (ਉਸ ਦਾ ਪਤੀ) ਤਾਂ ਰੋਜ਼ ਬਾਰਡਰ ਟੱਪ ਕੇ ਗੁਆਂਢੀ ਮੁਲਕ ਜਾਂਦੇ ਹਨ,ਤੇ ਰਾਤ ਨੂੰ ਉਹਨਾਂ ਦਾ ਭੇਤ ਲੈ ਕੇ ਮੁੜਦੇ ਨੇ, ਇਹਨਾਂ ਦੀ ਸਲਾਹ ਬਿਨਾਂ ਆਰਮੀ ਵਾਲੇ ਕੁਛ ਨੀ ਕਰਦੇ।

ਇਹ ਓਧਰੋਂ ਸਿਗਨਲ ਮਾਰ ਮਾਰ ਕੇ ਦੱਸ ਦੇ ਆ ਕਿ ਕਿੱਥੇ ਕੀ ਹੁੰਦਾ,ਬਾਰਡਰ ਦੀ ਸਾਰੀ ਆਰਮੀ ਇੰਨ੍ਹਾਂ ਦੇ ਸਿਰ ਤੇ ਈ ਚੱਲਦੀ ਆ,ਇਸ ਲਈ ਛੁੱਟੀ ਬਹੁਤ ਔਖੀ ਮਿਲਦੀ ਹੈ।”ਮੇਰੀ ਤਾਂ ਉਸ ਤੋਂ ਅੱਗੇ ਕੁਛ ਪੁੱਛਣ ਦੀ ਹਿੰਮਤ ਹੀ ਨਾ ਪਈ। ਇਸ ਕਿਸਮ ਦੇ ਫ਼ੁਕਰੇ ਸਾਡੇ ਸਮਾਜ ਨਾਲ਼ ਸਬੰਧ ਰੱਖਦੇ ਹਨ। ਬਹੁਤ ਲੋਕਾਂ ਕੋਲ ਭਾਵੇਂ ਸਾਈਕਲ ਲੈਣ‌ ਦੀ ਹਿੰਮਤ ਨਾ ਹੋਵੇ ਪਰ ਜੇ ਕਿਸੇ ਦੀ ਕੋਈ ਨਵੀਂ ਚੀਜ਼ ਦੇਖਣ ਲੱਗਣ ਤਾਂ ਆਪਣੇ ਬਾਰੇ ਵਧਾ ਚੜ੍ਹਾ ਕੇ ਉਸ ਤੋਂ ਵੀ ਮਹਿੰਗੀ ਚੀਜ਼ ਦਾ ਨਾਂ ਲੈ ਲੈ ਕੇ ਆਖਣਗੇ ਕਿ ਅਸੀਂ ਵੀ ਲੈਣ ਲੱਗੇ ਸੀ ਬੱਸ ਐਵੇਂ ਸਾਡੇ ਫਲਾਣੇ ਨੂੰ ਪਸੰਦ ਨੀ ਆਈ ਤਾਂ ਫਿਰ ਅਸੀਂ ਲਈ ਨੀ।

ਸਮਾਜ ਵਿੱਚ ਫੁਕਰਿਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।ਲੋਕ ਅਸਲੀਅਤ ਤੋਂ ਦੂਰ ਭੱਜਦੇ ਬਨਾਵਟੀ ਜ਼ਿੰਦਗੀ ਵਿੱਚ ਜ਼ਿਆਦਾ ਦਿਲਚਸਪੀ ਲੈਣ ਲੱਗ ਪਏ ਹਨ। ਇੱਕ ਹੋਰ ਮੀਆਂ ਬੀਵੀ ਦੀ ਗੱਲ ਦੱਸਦੀ ਹਾਂ। ਉਹਨਾਂ ਨੇ ਸੋਸ਼ਲ ਮੀਡੀਆ ਤੇ ਯੂਟਿਊਬ ਤੇ ਆਪਣੇ ਆਪ ਨੂੰ ਲੋਕਾਂ ਵਿੱਚ ਇਸ ਤਰ੍ਹਾਂ ਪੇਸ਼ ਕੀਤਾ ਹੋਇਆ ਹੈ ਕਿ ਉਹ ਬਹੁਤ ਘੁੰਮਣ ਫਿਰਨ ਵਾਲੇ, ਬਹੁਤ ਅਮੀਰ ਲੋਕ ਹਨ। ਬਹੁਤ ਲੋਕ ਮਗਰ ਲਾਏ ਹੋਏ ਹਨ। ਜਦ ਉਨ੍ਹਾਂ ਦੀ ਅਸਲੀਅਤ ਜ਼ਿੰਦਗੀ ਸਾਹਮਣੇ ਆਈ ਤਾਂ ਪਤਾ ਲੱਗਿਆ ਉਹ ਲੋਕਾਂ ਤੋਂ ਉਧਾਰ ਫ਼ੜ ਫ਼ੜ ਕੇ ਇਹ ਸਭ ਵਿਖਾਵੇ ਦੇ ਕੰਮ ਕਰ ਰਹੇ ਹਨ ਉਨ੍ਹਾਂ ਸਿਰ ਕਈ ਲੱਖਾਂ ਦਾ ਕਰਜ਼ਾ ਹੈ। ਕਈ ਵਾਰ ਉਹਨਾਂ ਦਾ ਬਿਜਲੀ ਦਾ ਬਿੱਲ ਨਾ ਭਰਨ ਕਾਰਨ ਕੁਨੈਕਸ਼ਨ ਕੱਟਿਆ ਗਿਆ ਹੈ।ਫੋਕੀ ਸ਼ੋਹਰਤ ਲਈ ਜਿਸ ਨਵੇਂ ਬੰਦੇ ਕੋਲ ਬੈਠਦੇ ਹਨ ਉਹਨਾਂ ਨੂੰ ਕਰੋੜਾਂ ਦੀਆਂ ਫੁਕਰੀਆਂ ਗੱਲਾਂ ਨਾਲ ਪ੍ਰਭਾਵਿਤ ਕਰਕੇ ਦੋ ਚਾਰ ਲੱਖ ਦੇ ਥੱਲੇ ਲਾ ਦਿੰਦੇ ਹਨ। ਮਗਰੋਂ ਕੀਹਦੀ ਮਾਂ ਨੂੰ ਮਾਸੀ ਆਖਣਾ?

ਸਾਡੇ ਸਮਾਜ ਵਿੱਚ ਕਈ ਫ਼ੁਕਰੇ ਬਹੁਤ ਮਹਿੰਗੇ ਤੋਂ ਮਹਿੰਗੇ ਕੱਪੜੇ ਪਾ ਕੇ ਫਿਰ ਚਾਰ ਲੋਕਾਂ ਵਿੱਚ ਖੜ੍ਹ ਜਾਣ ਜਾਂ ਕਿਸੇ ਰਿਸ਼ਤੇਦਾਰੀ ਵਿੱਚ ਚਲੇ ਜਾਣ,ਫੁਕਰੀ ਸ਼ੁਰੂ ਹੋਣ ਲੱਗੇ ਦੇਰ ਨੀ ਲੱਗਦੀ, ਆਪਣੇ ਕੱਪੜਿਆਂ ਦੀ ਗੱਲ ਸ਼ੁਰੂ ਕਰਕੇ ਉਨ੍ਹਾਂ ਦੀ ਕੀਮਤ ਦੱਸੇ ਬਿਨਾਂ ਕਿੱਥੇ ਚੈਨ ਮਿਲਦੀ ਹੈ ।ਕਈਆਂ ਵੱਲੋਂ ਗੱਡੀਆਂ ਦੀਆਂ ਗੱਲਾਂ ਕਰੀ ਜਾਣੀਆਂ, ਕਈਆਂ ਵੱਲੋਂ ਆਪਣੇ ਘਰ ਰੱਖੇ ਨੌਕਰਾਂ ਦੀਆਂ ਗੱਲਾਂ ਕਰੀ ਜਾਣਾ, ਰੁਤਬਿਆਂ‌ ਦੀਆਂ ਗੱਲਾਂ ਕਰਨਾ, ਹੋਰ ਤਾਂ ਹੋਰ ਅੱਜ ਕੱਲ੍ਹ ਆਪਣੇ ਸ਼ਕਲ ਸੂਰਤ ਜਾਂ ਉਮਰ ਨੂੰ ਲੈਕੇ ਫੁਕਰੀਆਂ ਮਾਰਨਾ ਆਮ ਜਿਹੀ ਗੱਲ ਹੁੰਦੀ ਜਾ ਰਹੀ ਹੈ। ਕਈ ਫੁਕਰੇ ਤਾਂ ਆਪਣੇ ਆਪ ਨੂੰ ਮੋਹਤਬਰਪੁਣੇ ਦਾ ਦਿਖਾਵਾ ਕਰਨ ਲਈ ਅੱਠ ਦਸ ਚਮਚਿਆਂ ਨੂੰ ਦੋ ਤਿੰਨ ਗੱਡੀਆਂ ਵਿੱਚ ਬਿਠਾਏ ਬਿਨਾਂ ਕਿਤੇ ਤੁਰਦੇ ਈ ਨਹੀਂ,ਚਾਹੇ ਗਾਹਾਂ ਵਾਲਿਆਂ ਦਾ ਕੂੰਡਾ ਹੋ ਜਾਵੇ। ਕਿਸੇ ਦਾ ਧੇਲੇ ਦਾ ਕੰਮ ਨਾ ਕਰਨ ਵਾਲੇ ਮੋਢੀ ਬਣੇ ਫਿਰਦੇ ਹਨ, ਕਾਬਲੀਅਤਖੁਣੇ ਲੋਕ ਫੁਕਰੀਆਂ ਦੇ ਸਿਰ ਤੇ ਮਾਹਿਰਾਂ ਦੀਆਂ ਸੂਚੀਆਂ ਵਿੱਚ ਨਾਂ ਲਿਖਵਾਈ ਫਿਰਨਗੇ। ਸਾਡੇ ਸਮਾਜ ਵਿੱਚ ਫੁਕਰੀਆਂ ਮਾਰ ਮਾਰ ਕੇ ਗੱਲਾਂ ਦਾ ਕੜਾਹ ਬਣਾਉਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਹੈ।

ਇਸੇ ਤਰ੍ਹਾਂ ਧਾਰਮਿਕ ਖੇਤਰਾਂ ਵਿੱਚ ਸੱਚੇ ਸੁੱਚੇ ਮਾਰਗ ਦਰਸ਼ਕ ਬਹੁਤ ਘੱਟ ਮਿਲਣਗੇ,ਇਸ ਤੋਂ ਉਲਟ ਐਸ਼ੋ ਇਸ਼ਰਤ ਦਾ ਜੀਵਨ ਬਤੀਤ ਕਰਨ ਵਾਲੇ, ਬਹੁਤੀਆਂ ਗੱਲਾਂ ਮਾਰਨ ਵਾਲੇ, ਆਪਣੀ ਵਡਿਆਈ ਦੇ ਗੀਤ ਗਾਉਣ ਵਾਲੇ ਤੇ ਦੂਜਿਆਂ ਦਾ ਭੰਡੀ ਪ੍ਰਚਾਰ ਕਰ ਕਰ ਕੇ ਲੋਕਾਂ ਨੂੰ ਆਪਣੀਆਂ ਫੁਕਰੀਆਂ ਗੱਲਾਂ ਨਾਲ ਪ੍ਰਭਾਵਿਤ ਕਰਨ ਵਾਲੇ ਬਹੁਤੇ ਮਿਲਦੇ ਹਨ। ਰਾਜਨੀਤਕ ਫੁਕਰਿਆਂ ਦੀ ਤਾਂ ਗੱਲ ਹੀ ਛੱਡੋ,ਉਹ ਦੱਸਦੇ ਕੁਝ ਹਨ ਤੇ ਕਰਦੇ ਕੁਝ ਹਨ। ਸਭਿਆਚਾਰਕ ਖੇਤਰ ਵਿੱਚ ਵੀ ਫੁਕਰਿਆਂ ਨੇ ਕਮੀ ਨਹੀਂ ਛੱਡੀ ਉਸ ਵਿੱਚ ਵੀ ਸਭਿਆਚਾਰ ਦਾ ਊੜਾ ਆੜਾ ਨਾ ਜਾਨਣ ਵਾਲੇ ਲੋਕ ਸਭਿਆਚਾਰ ਦੇ ਰਖਵਾਲੇ ਬਣੇ ਫਿਰਦੇ ਹਨ।ਇਹ ਸਭ ਫੁਕਰੀਆਂ ਮਾਰ ਕੇ ਹੀ ਉੱਪਰ ਤੱਕ ਪਹੁੰਚਣ ਦਾ ਮਾਧਿਅਮ ਹੈ।

ਇਸ ਤਰ੍ਹਾਂ ਕਈ ਵਾਰ ਹਮਾਤੜ – ਤਮਾਹਤੜ ਫ਼ੁਕਰੇ ਨਾ ਹੁੰਦੇ ਹੋਏ ਵੀ ਕਿਤੇ ਨਾ ਕਿਤੇ ਗ਼ਲਤੀ ਵਸ ਮਾੜੀ ਮੋਟੀ ਫੁਕਰੀ ਮਾਰ ਹੀ ਬੈਠਦੇ ਹਨ।ਪਰ ਫਿਰ ਵੀ‌ ਫੁਕਰਿਆਂ ਦੀਆਂ ਫੁਕਰੀਆਂ ਗੱਲਾਂ ਨਾਲ ਮਨੋਰੰਜਨ ਤਾਂ ਕਰ ਲੈਣਾ ਚਾਹੀਦਾ ਹੈ ਪਰ ਫ਼ੁਕਰੇ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਅਸਲੀਅਤ ਵਿੱਚ ਜਿਊਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੈਵਿਕ ਵਿਭਿੰਨਤਾ ਦੀ ਸੰਭਾਲ ਦੀ ਲੋੜ ਤੇ ਜੋਰ
Next article*ਸਰਬ ਸਾਂਝੀ ਗੁਰਬਾਣੀ ਦੇ ਪ੍ਰਸਾਰਨ ਦਾ ਹੱਕ ਕਿਸੇ ਇੱਕ ਚੈਨਲ ਦੀ ਬਜਾਏ ਸਭ ਨੂੰ ਦਿੱਤਾ ਜਾਵੇ : ਸੁਖਦੀਪ ਅੱਪਰਾ*