ਏਹੁ ਹਮਾਰਾ ਜੀਵਣਾ ਹੈ-290

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਬਾਪੂ ਬਖਤੌਰਾ ਆਪਣੇ ਵਿਚਾਲੜੇ ਪੁੱਤ ਨੂੰਹ ਨੂੰ ਮਿਲ ਕੇ ਆਇਆ ਤਾਂ ਬੈਠਕ ਵਿੱਚ ਆਪਣੇ ਕੱਪੜੇ ਬਦਲ ਕੇ ਐਧਰ ਓਧਰ ਨੂੰ ਕਦੇ ਮੰਜੇ ਹੇਠ ਤੇ ਕਦੇ ਬਿਸਤਰੇ ਉੱਤੇ ਹੱਥ ਮਾਰ ਮਾਰ ਕੇ ਕੁਝ ਲੱਭ ਰਿਹਾ ਸੀ। ਵੱਡੀ ਨੂੰਹ ਬਾਪੂ ਜੀ ਲਈ ਪਾਣੀ ਦਾ ਗਿਲਾਸ ਲੈ ਕੇ ਆਈ ਤਾਂ ਪੁੱਛਦੀ ਹੈ,”ਬਾਪੂ ਜੀ….. ਕੀ ਗੁਆਚ ਗਿਆ…. ਲਓ ਤੁਸੀਂ ਪਾਣੀ ਪੀਓ …. ਮੈਂ ਲੱਭ ਦਿੰਨੀਂ ਆਂ….।”

ਬਾਪੂ ਬਖਤੌਰਾ ਆਪਣੀ ਵੱਡੀ ਨੂੰਹ ਤੋਂ ਪਾਣੀ ਦਾ ਗਿਲਾਸ ਫੜ ਕੇ ਪੀਂਦਾ ਹੈ ਤੇ ਖ਼ਾਲੀ ਗਿਲਾਸ ਉਸ ਨੂੰ ਫੜਾਉਂਦਿਆਂ ਕਹਿੰਦਾ ਹੈ,” ਕੁੜੇ….! ਕੱਲ੍ਹ ਮੈਂ ਪੰਜ ਨੋਟ, ਸੌ-ਸੌ ਦੇ ਆਪਣੀ ਬੁਨੈਣ ਦੀ ਅੰਦਰਲੀ ਜੇਬ ਵਿੱਚ ਪਾਕੇ ਲੈਕੇ ਗਿਆ ਸੀ…. … ਬੱਸ ਦੇ ਭਾੜੇ ਲਈ ਮੈਂ ਟੁੱਟੇ ਹੋਏ ਅੱਡ ਬਾਹਰਲੀ ਜੇਬ ਵਿੱਚ ਪਾ ਲਏ ਸੀ…. ਕੁੜੀ ਨੂੰ ਮੈਂ ਸੌ ਦਾ ਨੋਟ ਜਿਹੜਾ ਦੇਣਾ ਸੀ ਓਹ ਵੀ ਮੈਂ ਭਾੜੇ ਆਲ਼ਿਆਂ ਨਾਲ਼ ਹੀ ਪਾ ਲਿਆ ਸੀ….. ਓਹ ਪੰਜ ਸੌ ਮੈਨੂੰ ਲੱਭਦਾ ਈ ਨੀ…. ਖੌਰੇ ਬੱਸ ‘ਚ ਡਿੱਗਗੇ…. ਜਾਂ ਐਥੇ ਕੱਪੜੇ ਬਦਲਦੇ ਦੇ…..!”

ਵੱਡੀ ਨੂੰਹ ਐਧਰ ਓਧਰ ਅੱਖਾਂ ਅੱਡ ਅੱਡ ਨਿਗਾਹ ਮਾਰਦੀ ਹੋਈ ਨਾਲ਼ੇ ਬਿਸਤਰੇ ਤੇ ਪੋਲੇ ਪੋਲੇ ਹੱਥ ਮਾਰਦੀ ਹੋਈ ਨੇ ਛੋਟੀ ਨੂੰ ਵੀ ਹਾਕ ਮਾਰੀ ਤੇ ਆਖਦੀ ਹੈ “ਕੋਈ ਨਾ ਬਾਪੂ ਜੀ…. ਉਰੇ ਆਪਾਂ ਦੇਖ ਲੈਨੇਂ ਆਂ….. ਜੇ ਆਪਣੇ ਹੋਏ ਤਾਂ ਲੱਭ ਪੈਣਗੇ….. ਨਹੀਂ ਤਾਂ ਅਗਲੇ ਦੀ ਕਿਸਮਤ…. ਜੀਹਨੂੰ ਮਿਲ਼ ਜਾਣਗੇ….!”

ਅੱਧਾ ਘੰਟਾ ਦੋਵੇਂ ਨੂੰਹਾਂ ਤੇ ਸਹੁਰਾ ਇੱਕ ਇੱਕ ਚੀਜ਼ ਨੂੰ ਟੋਹ ਟੋਹ ਕੇ ਲੱਭਦੇ ਰਹੇ, ਵੱਡੀ ਬਹੂ ਨੇ ਤਾਂ ਮੰਜਿਆਂ ਥੱਲੇ ਖੱਲਾਂ ਖੂੰਜਿਆਂ ਵਿੱਚ ਝਾੜੂ ਮਾਰ ਕੇ ਵੀ ਵੇਖ ਲਿਆ ਪਰ ਕਿਤੇ ਨਾ ਲੱਭੇ। ਆਖ਼ਰ ਨੂੰ ਬਾਪੂ ਕਹਿੰਦਾ,”ਚੱਲ ਛੱਡ ਭਾਈ …. ਮੈਂ ਵੀ ਕਮਲਾ ਈ ਆਂ…. ਖੌਰੇ ਕਿੱਥੇ ਗਵਾ ਆਇਆ….?”

“ਕੋਈ ਨਾ ਬਾਪੂ ਜੀ ਤੁਸੀਂ ਫ਼ਿਕਰ ਨਾ ਕਰਿਓ…. ਮਾਇਆ ਤਾਂ ਹੱਥਾਂ ਦੀ ਮੈਲ਼ ਹੁੰਦੀ ਆ….. ਆਉਂਦੀ ਜਾਂਦੀ ਰਹਿੰਦੀ ਆ….।”
ਇਹ ਗੱਲ ਬੀਤੀ ਨੂੰ ਮਹੀਨਾ ਕੁ ਹੋ ਗਿਆ ਸੀ। ਬਖਤੌਰੇ ਦੀ ਵੱਡੀ ਕੁੜੀ ਸਹੁਰਿਆਂ ਤੋਂ ਮਿਲਣ ਆਈ ਤਾਂ ਚਾਰ ਕੁ ਰਾਤਾਂ ਰਹਿ ਕੇ ਆਖਣ ਲੱਗੀ,” ਬਾਪੂ ਜੀ ਰੋਜ਼ ਰੋਜ਼ ਤਾਂ ਘਰੋਂ ਨਿਕਲਿਆ ਨੀ ਜਾਂਦਾ….. ਮੈਂ ਸੋਚਦੀ ਆਂ ਮੈਂ ਸੀਤੇ ਕੋਲ਼ ਵੀ ਦੋ ਰਾਤਾਂ ਰਹਿ ਆਵਾਂ….. ਮੈਂ ਤਾਂ ਕਹਿਨੀਂ ਆਂ…. ਬਾਪੂ ਜੀ…. ਤੁਸੀਂ ਵੀ ਮੇਰੇ ਨਾਲ ਚੱਲੋ…. ਤੂੰ ਉਰੇ ਰਹਿ ਕੇ ਕਰਨਾ ਵੀ ਕੀ ਆ…. ਸੁੱਖ ਨਾਲ ਇੱਥੇ ਹੈਗੇ ਨੇ ਤੇਰੇ ਦੋ ਸ਼ੇਰਾਂ ਵਰਗੇ ਪੁੱਤ…..!” ਬਾਪੂ ਨੇ ਤੇ ਉਸ ਦੀਆਂ ਦੋਵੇਂ ਨੂੰਹਾਂ ਨੇ ਵੀ ਹਾਂ ਵਿੱਚ ਹਾਂ ਮਿਲਾਈ।

ਦਰ ਅਸਲ ਬਖਤੌਰ ਸਿਉਂ ਦੇ ਵਿਚਾਲੜੇ ਮੁੰਡੇ ਸੀਤੇ ਦੇ ਕੋਈ ਸਾਲਾ ਨਾ ਹੋਣ ਕਰਕੇ ਉਹ ਆਪਣੇ ਸਹੁਰੇ ਘਰ ਜਵਾਈ ਬਣ ਕੇ ਹੀ ਰਹਿੰਦਾ ਸੀ। ਇਸ ਲਈ ਕਦੇ ਕਦਾਈਂ ਉਹ ਇਹਨਾਂ ਨੂੰ ਆ ਕੇ ਮਿਲ ਜਾਂਦਾ,ਊਂ ਤਾਂ ਬਹੁਤਾ ਕਰਕੇ ਇਹੀ ਸਾਰੇ ਉਸ ਨੂੰ ਸਮਾਂ ਲੱਗਦੇ ਈ ਮਿਲ਼ ਆਉਂਦੇ ਸਨ। ਉਸ ਦਾ ਇਕਲੌਤਾ ਮੁੰਡਾ ਸੋਲ਼ਾਂ ਕੁ ਸਾਲਾਂ ਦਾ ਸੀ ਜੋ ਹਜੇ ਪੜ੍ਹਦਾ ਹੀ ਸੀ । ਜ਼ਮੀਨ ਚੰਗੀ ਹੋਣ ਕਰਕੇ ਖੇਤੀਬਾੜੀ ਦਾ ਕੰਮ ਇਕੱਲੇ ਬਖਤੌਰੇ ਦੇ ਮੁੰਡੇ ਨੂੰ ਸੰਭਾਲਣ ਕਰਕੇ ਰਿਸ਼ਤੇਦਾਰੀਆਂ ਵਿੱਚ ਮਿਲਣ ਗਿਲਣ ਜਾਣ ਨੂੰ ਸਮਾਂ ਘੱਟ ਈ ਲੱਗਦਾ ਸੀ।

ਅਗਲੇ ਦਿਨ ਬਖਤੌਰਾ ਤੇ ਉਸ ਦੀ ਵੱਡੀ ਕੁੜੀ ਪਹਿਲੀ ਬੱਸ ਈ ਚਲੇ ਗਏ। ਉੱਥੇ ਦੋ ਦਿਨ ਹੱਸ ਖੇਡ ਕੇ ਪਤਾ ਈ ਨੀ ਲੱਗਿਆ ਕਿਵੇਂ ਦੋ ਦਿਨ ਬੀਤ ਗਏ। ਉਹ ਦੋ ਰਾਤਾਂ ਰਹਿ ਕੇ ਤੀਜੇ ਦਿਨ ਪਹਿਲੀ ਬੱਸ ਈ ਵਾਪਸ ਆ ਗਏ। ਚਾਹ ਪੀਂਦਿਆਂ ਛੋਟੀ ਨੂੰਹ ਦਾ ਧਿਆਨ ਵੱਡੀ ਨਣਦ ਦੇ ਕੰਨਾਂ ਵੱਲ ਪਿਆ ਤਾਂ ਇੱਕ ਦਮ ਬੋਲੀ,” ਬੀਬੀ! ਆਹ ਤੇਰਾ ਇੱਕ ਕੰਨ ਤਾਂ ਸੁੰਨਾ….. ਇੱਕ ਕੰਨ ‘ਚ ਵਾਲ਼ੀ ਓ ਈ ਨੀ।”

“ਹੈਂ! ਨੀ ਮੈਂ ਮਰਜਾਂ …. ਦੇਖਿਓ ਕਿਤੇ ਐਥੇ ਈ ਤਾਂ ਨੀ ਡਿੱਗੀ….?” ਸਾਰੇ ਐਧਰ ਓਧਰ ਨਾਲ਼ੇ ਵਾਲ਼ੀ ਲੱਭਦੇ ਹਨ ਤੇ ਨਾਲ਼ੇ ਸਲਾਹਾਂ ਦਿੰਦੇ ਹਨ। ਵੱਡੀ ਨੂੰਹ ਬੋਲੀ,” ਬੀਬੀ ਤੂੰ ਆਪਣੀ ਚੁੰਨੀ ਝਾੜ ਕੇ ਦੇਖ…… ਕਈ ਵਾਰੀ ਕੁੰਡਾ ਖੁੱਲ੍ਹ ਕੇ ਚੁੰਨੀ ‘ਚ ਵੀ ਫਸ ਜਾਂਦੀ ਆ…..!” ਛੋਟੀ ਨੂੰਹ ਬੋਲੀ,” ਬੀਬੀ , ਤੂੰ ਆਪਣੇ ਕੱਪੜੇ ਝਾੜ ਕੇ ਵੀ ਦੇਖ ਲੈ….!” ਵੱਡੇ ਦਾ ਮੁੰਡਾ ਬੋਲਿਆ,”,ਭੂਆ ਜੀ….. ਕਿਤੇ….. ਬੱਸ ‘ਚ ਤਾਂ ਨੀ ਸੁੱਟ ਆਏ….?” ਓਹਦੀ ਮਾਂ ਬੋਲੀ,” ਵੇ ਸੁੱਖ ਬੋਲੀ ਬੋਲ…..ਸੋਨਾ ਤਾਂ ਗੁੰਮਿਆ ਵੀ ਮਾੜਾ ਹੁੰਦਾ ਤੇ ਲੱਭਿਆ ਵੀ…… ਮੈਂ ਤਾਂ ਕਹਿਨੀਂ ਆਂ ਏਥੇ ਕਿਤੇ ਈ ਪਈ ਲੱਭ ਜਾਏ….!” “ਲੈ…. ਆਏਂ ਉਰੇ ਕਿਵੇਂ ਲੱਭ ਜੂ….. ਜੇ ਡਿੱਗੀ ਕਿਤੇ ਬਾਹਰ ਹੋਊ….!” ਮੁੰਡਾ ਬਗ਼ਾਵਤੀ ਸੁਰ ਵਿੱਚ ਬੋਲਿਆ। ਮਾਂ ਨੇ ” ਦੁਰ ਫਿੱਟੇ ਮੂੰਹ” ਕਹਿਕੇ ਉਸ ਦੀ ਗੱਲ ਨੂੰ ਵਿਰਾਮ ਲਗਾਇਆ।

ਓਧਰ ਬੈਠਕ ਵਿੱਚ ਬਾਪੂ ਇਸ ਗੱਲੋਂ ਬੇਖ਼ਬਰ ਸ਼ਾਂਤ ਜਿਹਾ ਹੋਇਆ ਬੈਠਾ ਸੀ। ਉਹ ਦੋ ਸੌ ਰੁਪਏ ਕਿਤੇ ਸੁੱਟ ਆਇਆ ਸੀ ਪਰ ਇਸ ਵਾਰ ਉਸ ਨੇ ਐਸ ਗੱਲੋਂ ਡਰਦੇ ਰੌਲ਼ਾ ਨੀ ਪਾਇਆ ਸੀ ਕਿ ਜਵਾਕ ਉਸ ਨੂੰ “ਕਮਲਾ” ਆਖਣਗੇ ,ਤੇ ਕਹਿਣਗੇ ਕਿ ਬਾਪੂ ਤਾਂ ਹਰ ਵਾਰੀ ਪੈਸੇ ਸੁੱਟ ਆਉਂਦੈ ….।

ਬੱਸਾਂ ਵਿੱਚ ਚੋਰ ਉਚੱਕੇ ਤੇ ਜੇਬ ਕਤਰੇ ਕਿਹੜਾ ਘੱਟ ਚੜ੍ਹਦੇ ਨੇ, ਬੀਬੀ ਦੀ ਵਾਲ਼ੀ ਦੇ ਨਾਲ ਹੀ ਬੈਗ ਦੀ ਅੰਦਰਲੀ ਜੇਬ ਵਿੱਚੋਂ ਨਿੱਕਾ ਜਿਹਾ ਬਟੂਆ ਵੀ ਗਾਇਬ ਸੀ ,ਜਿਸ ਵਿੱਚ ਬੀਬੀ ਨੇ ਸਾਰਿਆਂ ਤੋਂ ਚੋਰੀ ਚੋਰੀ ਕੁਛ ਪੈਸੇ ਜੋੜ ਕੇ ਰੱਖੇ ਸਨ ਜੋ ਉਸ ਨੇ ਗਿਣੇ ਤਾਂ ਨਈਂ ਸਨ ਪਰ ਅੰਦਾਜ਼ੇ ਨਾਲ ਹਜ਼ਾਰ ਕੁ ਰੁਪਏ ਹੋਣਗੇ। ਸਾਰਿਆਂ ਨੂੰ ਬੜਾ ਅਫਸੋਸ ਹੋਇਆ ਪਰ ਦੋਹਾਂ ਭਰਾਵਾਂ ਨੇ ਉਸ ਨੂੰ ਅਗਲੀ ਵਾਢੀ ਤੇ ਵਾਲ਼ੀ ਬਣਵਾ ਕੇ ਦੇਣ ਦਾ ਵਾਅਦਾ ਕੀਤਾ ਤੇ ਬੀਬੀ ਨੂੰ ਹੌਸਲਾ ਦੇ ਕੇ ਆਖਿਆ ਕਿ ਹੋਏ ਨੁਕਸਾਨ ਦਾ ਉਹ ਹੌਲ ਨਾ ਕਰੇ।

ਦੋ ਕੁ ਮਹੀਨਿਆਂ ਬਾਅਦ ਰੱਖ਼ੜੀ ਦਾ ਤਿਉਹਾਰ ਸੀ। ਬਖਤੌਰੇ ਦੀ ਸਾਰਿਆਂ ਤੋਂ ਛੋਟੀ ਕੁੜੀ ਆਪਣੇ ਛੋਟੇ ਛੋਟੇ ਜਵਾਕਾਂ ਨਾਲ਼ ਬੱਸ ਵਿੱਚ ਆਈ।ਉਸ ਦਾ ਘਰਵਾਲਾ ਸਰਕਾਰੀ ਬੱਸਾਂ ਦਾ ਡਰਾਈਵਰ ਹੋਣ ਕਰਕੇ ਉਹਨਾਂ ਦੇ ਪਾਸ ਬਣੇ ਹੋਏ ਸਨ। ਇਸ ਲਈ ਉਹਨਾਂ ਨੂੰ ਬੱਸ ਦਾ ਕਿਰਾਇਆ ਨਹੀਂ ਦੇਣਾ ਪੈਂਦਾ ਸੀ। ਉਹ ਆਪਣੇ ਦੋਹਾਂ ਭਰਾਵਾਂ ਦੇ ਰੱਖੜੀਆਂ ਬੰਨ੍ਹ ਕੇ ਆਪਣੇ ਤੀਜੇ ਭਰਾ ਦੇ ਰੱਖ਼ੜੀ ਬੰਨ੍ਹਣ ਲਈ ਤੁਰਨ ਲੱਗੀ ਨੇ ਪੰਦਰਾਂ ਸੌ ਰੁਪਏ ਆਪਣੇ ਪਰਸ ਦੀ ਅੰਦਰਲੀ ਜੇਬ ਵਿੱਚ ਪਾ ਲਏ । ਉਸ ਨੂੰ ਉੱਥੇ ਜਾਂਦੀ ਨੂੰ ਸ਼ਾਮ ਹੋ ਗਈ। ਭਰਾ ਅਤੇ ਭਤੀਜੇ ਦੇ ਰੱਖੜੀ ਬੰਨ੍ਹ ਕੇ ਜਿਹੜੇ ਪੈਸੇ ਉਹਨਾਂ ਤੋਂ ਮਿਲ਼ੇ ਉਹ ਵੀ ਉਸ ਨੇ ਪਰਸ ਦੀ ਦੂਜੀ ਜੇਬ ਵਿੱਚ ਪਾ ਲਏ। ਇਹ ਦੂਰ ਵਿਆਹੀ ਹੋਣ ਕਰਕੇ ਇਸ ਦਾ ਗੇੜਾ ਕਦੇ ਕਦੇ ਤਿਉਹਾਰ ਵਾਲ਼ੇ ਦਿਨ ਹੀ ਲੱਗਦਾ ਸੀ।

ਸਾਰੇ ਰਾਤ ਤੱਕ ਬਹੁਤ ਖੁਸ਼ ਗੱਲਾਂ ਬਾਤਾਂ ਕਰਦੇ ਰਹੇ। ਸਵੇਰੇ ਉੱਠ ਕੇ ਛੋਟੀ ਕੁੜੀ ਨੇ ਪਰਸ ਵਿੱਚੋਂ ਬੁਰਸ਼ ਕੱਢਣ ਲੱਗੀ ਨੇ ਦੋਵੇਂ ਜੇਬਾਂ ਦੇਖੀਆਂ ਤੇ ਪੈਸੇ ਗਿਣ ਕੇ ਉਵੇਂ ਹੀ ਰੱਖ ਦਿੱਤੇ। ਜਦ ਉਹ ਬੁਰਸ਼ ਕਰਕੇ ਆਈ ਤਾਂ ਬੁਰਸ਼ ਪਰਸ ਵਿੱਚ ਰੱਖਣ ਲੱਗੀ ਨੂੰ ਉਸ ਨੂੰ ਸ਼ੱਕ ਜਿਹਾ ਹੋਇਆ ਤਾਂ ਦੇਖਿਆ ਪੰਦਰਾਂ ਸੌ ਰੁਪਏ ਜੋ ਉਸ ਨੇ ਹੁਣੇ ਗਿਣ ਕੇ ਰੱਖੇ ਸਨ,ਉਹ ਗ਼ਾਇਬ ਸਨ। ਕੁੜੀ ਨੇ ਰੌਲ਼ਾ ਪਾ ਲਿਆ। ਭਰਾ ਨੇ ਭੈਣ ਨੂੰ ਆਖਿਆ ਕਿ ਉਸ ਨੂੰ ਗ਼ਲਤੀ ਲੱਗੀ ਹੋਵੇਗੀ। ਉਸ ਨੇ ਸਾਫ਼ ਦੱਸਿਆ ਕਿ ਹੁਣੇ ਤਾਂ ਹਜੇ ਉਹ ਗਿਣ ਕੇ ਗਈ ਸੀ…. ਘਰ ਵਿੱਚ ਤਣਾਅ ਦਾ ਮਾਹੌਲ ਪੈਦਾ ਹੋ ਗਿਆ….. ਐਨੇ ਨੂੰ ਸੀਤੇ ਦਾ ਮੁੰਡਾ ਆ ਕੇ ਆਖਣ ਲੱਗਿਆ,”ਭੂਆ ਜੀ…. ਐਥੇ ਕਿਤੇ ਦੇਖ ਲਓ ਕਿਤੇ ਗਿਣਦਿਆਂ ਤੋਂ ਨਾ ਡਿੱਗ ਪਏ ਹੋਣ.”

“ਨਾ … ਮੈਂ ਕਮਲੀ ਆਂ….. ਜੋ ਮੈਂ ਐਧਰ ਓਧਰ ਸਿੱਟਦੀ ਫਿਰੂੰ….?”

” ਭੂਆ ਜੀ ਔਹ ਦੇਖੋ…. ਪੰਜ ਸੌ ਦਾ ਨੋਟ ਪਿਆ….. !” ਗੁਛਮੁਛ ਕੀਤੇ ਨੋਟ ਵੱਲ ਇਸ਼ਾਰਾ ਕਰਕੇ ਸੀਤੇ ਦਾ ਮੁੰਡਾ ਬੋਲਿਆ।

“ਮੈਂ ਤਾਂ ਏਨੇ ਗੁਛਮੁਛ ਕਰਕੇ ਨੋਟ ਰੱਖਦੀ ਓ ਨੀ….!”

ਭਰਾ ਮੌਕਾ ਸੰਭਾਲਦੇ ਹੋਏ ਬੋਲਿਆ,” ਲੈ…. ਤੈਨੂੰ ….ਮੈਂ ਦੇ ਦਿੰਨਾਂ ਪੈਸੇ …. ਪਰ ਤੂੰ ਆਪਣੇ ਪਿੰਡ ਨਾ ਇਹ ਗੱਲ ਕਰੀਂ….!” ਕਹਿਕੇ ਛੋਟੀ ਭੈਣ ਨੂੰ ਪੈਸੇ ਦੇ ਕੇ ਤੋਰ ਦਿੱਤਾ।

ਪਰ ਛੋਟੀ ਕੁੜੀ ਨੇ ਪਿੰਡ ਆ ਕੇ ਆਪਣੇ ਦੂਜੇ ਭੈਣ ਭਰਾਵਾਂ ਨੂੰ ਅਤੇ ਬਾਪੂ ਨੂੰ ਸਾਰੀ ਗੱਲ ਦੱਸੀ। ਫੇਰ ਵੱਡੀ ਨੂੰਹ ਨੇ ਦੱਸਿਆ,”ਜਦੋਂ ਓਹਦੀ ਮਾਂ ਵਿਆਹੀ ਆਈ ਸੀ …. ਨਵੀਂ ਨਵੀਂ ਨੇ ਈ ਆਪਣੇ ਬੇਬੇ ਜੀ ਦੇ ਸੰਦੂਕ ਦੇ ਲੌਕਰ ਦੀ ਸਫ਼ਾਈ ਕਰਤੀ ਸੀ ,ਓਹ ਤਾਂ ਬੇਬੇ ਜੀ ਨੇ ਮੌਕੇ ਤੇ ਦੇਖ ਲਿਆ ਸੀ ….ਇਹ ਗੱਲ ਮੇਰੇ ਤੇ ਬੇਬੇ ਜੀ ਤੋਂ ਬਾਅਦ ਅੱਜ ਸਭ ਨੂੰ ਪਤਾ ਲੱਗੀ ਆ …. ਭਾਈ ਹੁਣ ਆਪਣੀ ਛੋਟੀ ਕੁੜੀ ਦੀ ਸਿਆਣਪ ਕਰਕੇ ਸਭ ਨੂੰ ਪਤਾ ਲੱਗ ਗਿਆ…. ਪੰਜੇ ਉਂਗਲਾਂ ਇੱਕੋ ਜਿਹੀਆਂ ਨੀ ਹੁੰਦੀਆਂ….. ਕਿਸੇ ਨੂੰ ਥੋੜ੍ਹੇ ਜਿਹੇ ਵਿੱਚ ਵੀ ਸਬਰ ਹੁੰਦਾ ਤੇ ਕਿਸੇ ਨੂੰ ਬਹੁਤੇ ਨਾਲ ਵੀ ਸੰਤੁਸ਼ਟੀ ਨੀ ਮਿਲਦੀ…. ਨਾਲ਼ੇ ਇਹ ਗਰੀਬੀ ਕਰਕੇ ਨੀ ਸੁਭਾਅ ਕਰਕੇ ਚੋਰ ਹੁੰਦੇ ਨੇ…. ਤਾਂ ਹੀ ਤਾਂ ਇਹ ਆਪਣੀ ਆਦਤ ਤੋਂ ਮਜ਼ਬੂਰ ਹੁੰਦੇ ਨੇ !”ਇਹੋ ਜਿਹੇ ਲੋਕਾਂ ਨੂੰ ਸੁਧਾਰਨ ਲਈ ਅਸੀਂ ਚਾਹ ਕੇ ਵੀ ਕੋਈ ਕਾਨੂੰਨੀ ਕਾਰਵਾਈ ਨਹੀਂ ਕਰ ਸਕਦੇ ਹੁੰਦੇ ਕਿਉਂ ਕਿ ਉਹ ਸਮਾਜ ਦੇ ਚੰਗੇ ਪਰਿਵਾਰਾਂ ਦਾ ਹਿੱਸਾ ਹੁੰਦੇ ਹਨ ਤੇ ਆਪਣੀ ਮਜਬੂਰੀ ਹੀ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ !

ਬਰਜਿੰਦਰ ਕੌਰ ਬਿਸਰਾਓ
9988901324

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪ੍ਰੈੱਸ ਕਲੱਬ ਸਬ-ਡਵੀਜ਼ਨ ਡੇਰਾਬੱਸੀ ਵੱਲੋਂ ‘ਪੜ੍ਹਤਾ ਪੰਜਾਬ’ ਮੁਹਿੰਮ ਜਾਰੀ ਹੈ
Next articleਅਸੀਂ ਕੈਦੀ ਹਾਂ