ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਅੱਜ ਕੱਲ੍ਹ ਕਣਕ ਦੀ ਵਾਢੀ ਹੋ ਚੁੱਕੀ ਹੈ,ਪਰ ਕਣਕ ਦੀ ਨਾੜ ਸਾੜਨਾ ਆਮ ਲੋਕਾਂ ਜਾਂ ਰਾਹਗੀਰਾਂ ਲਈ ਇੱਕ ਵੱਡੀ ਸਿਰਦਰਦੀ ਬਣੀ ਹੋਈ ਹੈ। ਇਸ ਤੋਂ ਉੱਠਣ ਵਾਲੇ ਧੂੰਏਂ ਤੋਂ ਪ੍ਰਭਾਵਿਤ ਹੋ ਕੇ ਰੋਜ਼ ਦਿਲ ਦਹਿਲਾ ਦੇਣ ਵਾਲੀਆਂ ਘਟਨਾਵਾਂ ਵਾਪਰਦੀਆਂ ਹਨ। ਹਰ ਸਾਲ ਅਨੇਕਾਂ ਲੋਕ ਧੂੰਏਂ ਕਾਰਨ ਦੁਰਘਟਨਾ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਕਦੇ ਕੋਈ ਸਕੂਲੀ ਬੱਸ ਧੂੰਏਂ ਕਾਰਨ ਰਸਤੇ ਤੋਂ ਭਟਕ ਕੇ ਖੇਤਾਂ ਵਿੱਚ ਲੱਗੀ ਅੱਗ ਵਿੱਚ ਸੜ ਕੇ ਸੁਆਹ ਹੋ ਜਾਂਦੀ ਹੈ, ਕਿਤੇ ਕੋਈ ਦੋ ਪਹੀਆ ਵਾਹਨ ਧੂੰਏਂ ਕਾਰਨ ਨਾ ਦਿਸਣ ਕਰਕੇ ਵੱਡੀਆਂ ਗੱਡੀਆਂ ਨਾਲ ਟਕਰਾ ਕੇ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਕਣਕ ਦੀ ਨਾੜ ਦੇ ਧੂੰਏਂ ਕਾਰਨ ਹੋਰ ਅਨੇਕਾਂ ਹੀ ਇਹੋ ਜਿਹੀਆਂ ਮੰਦਭਾਗੀ ਘਟਨਾਵਾਂ ਵਾਪਰ ਰਹੀਆਂ ਹਨ। ਇਸ ਦਾ ਹੱਲ ਕਿਸਾਨਾਂ ਨੂੰ ਆਪ ਹੀ ਸੋਚਣਾ ਪਵੇਗਾ। ਦੁਰਘਟਨਾਵਾਂ ਦਾ ਸ਼ਿਕਾਰ ਹੋਣ ਵਾਲੇ ਵੀ ਉਹਨਾਂ ਵਰਗੇ ਆਮ ਲੋਕ ਹੀ ਹੁੰਦੇ ਹਨ। ਜੇ ਦੇਖਿਆ ਜਾਵੇ ਤਾਂ ਕਣਕ ਦੀ ਨਾੜ ਨੂੰ ਸਾੜ ਕੇ ਉੱਠਣ ਵਾਲੇ ਧੂੰਏਂ ਦਾ ਸ਼ਿਕਾਰ ਤੋਂ ਪਹਿਲਾਂ ਉਹ, ਉਹਨਾਂ ਪਰਿਵਾਰ ਜਾਂ ਫਿਰ ਉਹਨਾਂ ਦੇ ਪਿੰਡ ਦੇ ਲੋਕ ਹੀ ਹੁੰਦੇ ਹਨ । ਧੂੰਆਂ ਤਾਂ ਸਭ ਤੋਂ ਪਹਿਲਾਂ ਉਹਨਾਂ ਦੇ ਫੇਫੜਿਆਂ ਵਿੱਚ ਹੀ ਪ੍ਰਵੇਸ਼ ਕਰਦਾ ਹੈ ਜਿਸ ਨਾਲ ਉਹ ਵੀ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਹਨ।

ਪੰਜਾਬ ਵਿੱਚ ਬਾਰਾਂ ਹਜ਼ਾਰ ਤੋਂ ਵੱਧ ਪਿੰਡ ਹਨ ਅਤੇ ਇੱਥੋਂ ਦੇ ਲੋਕਾਂ ਦਾ ਮੁੱਖ ਕਿੱਤਾ ਹੀ ਖੇਤੀਬਾੜੀ ਹੈ। ਇਹਨਾਂ ਵਿੱਚ ਵੱਡੀ ਖੇਤੀ ਕਰਨ ਵਾਲੇ ਥੋੜ੍ਹੇ ਕਿਸਾਨ ਹੁੰਦੇ ਹਨ ਜਦਕਿ ਘੱਟ ਜ਼ਮੀਨ ਦੀ ਖੇਤੀ ਕਰਨ ਵਾਲੇ ਬਹੁਤੇ ਕਿਸਾਨ ਹੁੰਦੇ ਹਨ। ਛੋਟੀ ਖੇਤੀ ਵਾਲ਼ੇ ਕਿਸਾਨਾਂ ਦਾ ਜੀਵਨ ਬਹੁਤ ਮੁਸ਼ਕਲਾਂ ਭਰਿਆ ਹੁੰਦਾ ਹੈ। ਖ਼ੇਤੀਬਾੜੀ ਵਿੱਚ ਕਿਸਾਨਾਂ ਨੂੰ ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ ਮੌਸਮ ਦੀਆਂ ਵਿਪਰੀਤ ਸਥਿਤੀਆਂ, ਬਿਜਲੀ ਸੰਕਟ ਅਤੇ ਆਰਥਿਕ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਤਾਂ ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਹੜਾਂ, ਗੜੇਮਾਰੀ ਜਾਂ ਜ਼ਿਆਦਾ ਬਰਸਾਤਾਂ ਕਾਰਨ ਨਸ਼ਟ ਹੋ ਜਾਂਦੀਆਂ ਹਨ ਜਾਂ ਬਿਜਲੀ ਨਾ ਮਿਲਣ ਕਾਰਨ ਡੀਜ਼ਲਾਂ ਦੇ ਵਾਧੂ ਖ਼ਰਚਿਆਂ ਕਰਕੇ ਅਕਸਰ ਹੀ ਉਹਨਾਂ ਨੂੰ ਆਰਥਿਕ ਸੰਕਟ ਦੇ ਦੌਰ ਵਿੱਚੋਂ ਗੁਜ਼ਰਨਾ ਪੈਂਦਾ ਹੈ। ਇਹਨਾਂ ਸਭ ਤੋਂ ਇਲਾਵਾ ਕਿਸਾਨਾਂ ਲਈ ਸਾਲ ਵਿੱਚ ਦੋ ਵਾਰ ਫ਼ਸਲਾਂ ਦੀ ਰਹਿੰਦ ਖੂਹੰਦ ਭਾਵ ਨਾੜ ਤੇ ਪਰਾਲੀ ਨੂੰ ਸਾੜਨਾ ਜਾਂ ਵਾਹੁਣਾ ਵੀ ਸਿਰਦਰਦ ਬਣਿਆ ਹੋਇਆ ਹੈ।

ਸਰਕਾਰਾਂ ਅਤੇ ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਵੱਲੋਂ ਖੇਤਾਂ ਵਿੱਚ ਫ਼ਸਲਾਂ ਦੀ ਰਹਿੰਦ ਖੂਹੰਦ ਨੂੰ ਸਾੜਨ ਬਾਰੇ ਦੱਸਿਆ ਜਾਂਦਾ ਹੈ। ਇਸਦੇ ਵਾਤਾਵਰਨ ਤੇ ਹੋ ਰਹੇ ਬਹੁਤ ਬੁਰੇ ਪ੍ਰਭਾਵਾਂ ਬਾਰੇ ਜਿਵੇਂ ਜ਼ਮੀਨ ਦੇ ਪੌਸ਼ਟਿਕ ਤੱਤਾਂ ਦਾ ਨੁਕਸਾਨ, ਧੂੰਏਂ ਤੋਂ ਫੈਲਣ ਵਾਲੇ ਪ੍ਰਦੂਸ਼ਣ ,ਫਲੈਟਿੰਗ ਥ੍ਰੈਡਸ ਤੋਂ ਬਿਜਲੀ ਅਤੇ ਇਲੈਕਟ੍ਰਾਨਿਕ ਸਾਜ਼ੋ-ਸਾਮਾਨ ਨੂੰ ਨੁਕਸਾਨ, ਨਿਯੰਤਰਣ ਤੋਂ ਬਾਹਰ ਫੈਲਣ ਵਾਲੀਆਂ ਅੱਗਾਂ ਦੇ ਜ਼ੋਖ਼ਮ ਆਦਿ ਬਾਰੇ ਵੀ ਜਾਣੂ ਕਰਵਾਇਆ ਜਾਂਦਾ ਹੈ। ਆਮ ਤੌਰ ਤੇ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਪਹਿਲਾਂ ਹੀ ਸੁਝਾਅ ਦੇ ਦਿੱਤਾ ਜਾਂਦਾ ਹੈ ਕਿ ਕਣਕ ਦੀ ਕਟਾਈ ਤੋਂ ਬਾਅਦ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਕਿਉਂਕਿ ਝੋਨੇ ਦੀ ਬੀਜਾਈ ਦਾ ਸਮਾਂ ਲਗਭਗ ਡੇਢ ਕੁ ਮਹੀਨਾ ਹੁੰਦਾ ਹੈ। ਇਸੇ ਦੌਰਾਨ ਉਹ ਖੇਤਾਂ ਨੂੰ ਚੰਗੀ ਤਰ੍ਹਾਂ ਵਾਹ ਕੇ ਦੋ ਤਿੰਨ ਵਾਰ ਪਾਣੀ ਲਾਉਣ ਤੇ ਫਿਰ ਖੇਤਾਂ ਨੂੰ ਵਾਹੁਣ ਅਤੇ ਸੁਹਾਗਾ ਮਾਰਨ ਅਤੇ ਫਿਰ ਪਾਣੀ ਦੇਣ।ਇਸ ਤਰ੍ਹਾਂ ਇਕ ਵਾਰ ਖੇਤ ਵਾਹੁਣ ਨਾਲ ਹੀ ਨਾੜ ਖੇਤ ਵਿਚ ਰਲ ਜਾਵੇਗੀ।

ਜਦੋਂ ਝੋਨੇ ਦੀ ਫਸਲ ਲਾਉਣੀ ਹੈ ਤਾਂ ਇਹ ਖਾਦ ਉਪਜਾਊ ਫਸਲ ਪੈਦਾ ਕਰੇਗੀ। ਇੱਕ ਹੋਰ ਹੱਲ ਇਹ ਵੀ ਹੈ ਕਿ ਕੁਝ ਦਿਨ ਨਾੜ ਨੂੰ ਖੇਤ ਵਿੱਚ ਉਸੇ ਤਰ੍ਹਾਂ ਖੜੀ ਰਹਿਣ ਦੇਣ ਨਾਲ ਤਪਦੀਆਂ ਧੁੱਪਾਂ ਨਾਲ਼ ਬੋਦੀ ਹੋ ਜਾਵੇਗੀ ਜੋ ਝੋਨੇ ਦੀ ਬਿਜਾਈ ਸਮੇਂ ਵਾਹੀ ਕਰਕੇ ਆਸਾਨੀ ਨਾਲ ਮਿੱਟੀ ਵਿੱਚ ਮਿਲ ਜਾਵੇਗੀ। ਕਣਕ ਦੇ ਨਾੜ ਨੂੰ ਸਾੜਨ ਨਾਲ ਜਿੱਥੇ ਖੇਤਾਂ ਵਿਚਲੀ ਮਿੱਟੀ ਦੇ ਜ਼ਰੂਰੀ ਤੱਤ ਨਸ਼ਟ ਹੋ ਜਾਂਦੇ ਹਨ ਉੱਥੇ ਇਸ ਨਾਲ ਧਰਤੀ ਹੇਠਲੇ ਜੀਵ ਜੰਤੂ ਜਾਂ ਦਰਖ਼ਤਾਂ ਤੇ ਰਹਿਣ ਵਾਲੇ ਨਿਰਦੋਸ਼ ਪੰਛੀ ਅਨਿਆਈ ਮੌਤ ਮਾਰੇ ਜਾਂਦੇ ਹਨ। ਦੂਜੀ ਗੱਲ ਇਖ਼ਲਾਕੀ ਤੌਰ ਤੇ ਵਿਚਾਰਨਯੋਗ ਹੈ ਕਿ ਜਿਹੜੇ ਖੇਤ ਸਾਨੂੰ ਖਾਣ ਲਈ ਅੰਨ ਦਿੰਦੇ ਹਨ। ਉਨ੍ਹਾਂ ਖੇਤਾਂ ਨੂੰ ਹੀ ਸਾਡੇ ਵੱਲੋਂ ਅੱਗ ਦੀ ਲਪੇਟ ‘ਚ ਦੇਣਾ ਇੱਕ ਗ਼ੈਰ-ਜ਼ਿੰਮੇਦਾਰਾਨਾ ਕੰਮ ਹੈ। ਤੀਜਾ ਵੱਡਾ ਨੁਕਸਾਨ ਪ੍ਰਕ੍ਰਿਤੀ ਨੂੰ ਨੁਕਸਾਨ ਪਹੁੰਚਦਾ ਹੈ,ਕਈ ਕਈ ਸਾਲਾਂ ਵਿੱਚ ਵਧੇ ਫੁੱਲੇ ਰੁੱਖ ਝੁਲਸੇ ਜਾਂਦੇ ਹਨ। ਪੰਛੀਆਂ ਦੇ ਰੈਣ ਬਸੇਰੇ ਖ਼ਤਮ ਹੋਣ ਨਾਲ ਪੰਛੀਆਂ ਅਤੇ ਜਾਨਵਰਾਂ ਦੀਆਂ ਕਈ ਜਾਤੀਆਂ ਤਾਂ ਧਰਤੀ ਤੋਂ ਅਲੋਪ ਹੋ ਰਹੀਆਂ ਹਨ ਜੋ ਬਨਸਪਤੀ ਦੇ ਖ਼ਾਤਮੇ ਪ੍ਰਤੀ ਮਨੁੱਖ ਵੱਲੋਂ ਸਭ ਤੋਂ ਘਾਤਕ ਅਲਾਮਤ ਹੈ।

ਧੂੰਏਂ ਤੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਵੀ ਬਨਸਪਤੀ ਅਤੇ ਜੀਵਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਦੂਜੇ ਪਾਸੇ ਦੇਖਿਆ ਜਾਵੇ ਤਾਂ ਕਣਕ ਦੇ ਨਾੜ ਦਾ ਨਿਪਟਾਰਾ ਕਰਨਾ ਵੀ ਅਤਿ ਜਰੂਰੀ ਹੈ, ਪਰੰਤੂ ਇਸ ਲਈ ਅੱਗ ਲਗਾਉਣਾ ਹੀ ਇੱਕ ਸਾਧਨ ਨਹੀਂ ਹੈ। ਜਿਸ ਤਰ੍ਹਾਂ ਉੱਪਰ ਦੱਸਿਆ ਗਿਆ ਹੈ ਕਿ ਇਸ ਦੇ ਬਦਲ ਵਜੋਂ ਚਾਹੇ ਖੇਤਾਂ ਵਿੱਚ ਪਾਣੀ ਲਗਾ ਕੇ ਇਸ ਨੂੰ ਵਾਹ ਕੇ ਵੀ ਨਾੜ ਦਾ ਸੁਚੱਜਾ ਨਿਪਟਾਰਾ ਕੀਤਾ ਜਾ ਸਕਦਾ ਹੈ , ਜਿਸ ਨਾਲ ਨਾ ਤਾਂ ਕਿਸੇ ਪ੍ਰਕਾਰ ਦਾ ਕੋਈ ਪ੍ਰਦੂਸ਼ਣ ਫੈਲੇਗਾ ਅਤੇ ਨਾ ਹੀ ਜ਼ਮੀਨੀ ਤੱਤ ਨਸ਼ਟ ਹੋਣਗੇ ਪਰ ਇਸ ਸਭ ਲਈ ਸਰਕਾਰਾਂ ਨੂੰ ਹੀ ਪਹਿਲ ਕਰਨੀ ਪਵੇਗੀ।ਇਸ ਦੇ ਨਿਪਟਾਰੇ ਲਈ ਕਿਸਾਨਾਂ ਦਾ ਸਾਥ ਦੇਣ ਲਈ ਸਰਕਾਰ ਨੂੰ ਹੀ ਵਿੱਢਣ ਵਿੱਢਣਾ ਪਵੇਗਾ ਕਿਉਂਕਿ ਉਹ ਪਹਿਲਾਂ ਹੀ ਮੌਸਮ ਦੀ ਮਾਰ ਕਾਰਨ ਕਾਫ਼ੀ ਨੁਕਸਾਨ ਝੱਲ ਰਿਹਾ ਹੈ।

ਨਾੜ ਨੂੰ ਸਾੜਨ ਤੇ ਕਿਸਾਨਾਂ ਉੱਤੇ ਜੁਰਮਾਨੇ ਲਗਾਉਣ ਜਾਂ ਕੋਈ ਹੋਰ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਕਿਸਾਨਾਂ ਨੂੰ ਸਬਸਿਡੀ, ਕਿਸਾਨਾਂ ਲਈ ਇਸ ਰਹਿੰਦ ਖੂਹੰਦ ਦੀ ਸਾਂਭ ਸੰਭਾਲ ਵਾਲੀ ਮਸ਼ੀਨਰੀ ਮੁਹੱਈਆ ਕਾਰਵਾਈ ਜਾਵੇ। ਸਰਕਾਰ ਵੱਲੋਂ ਫ਼ਸਲੀ ਰਹਿੰਦ ਖੂਹੰਦ ਨਸ਼ਟ ਕਰਨ ਵਾਲੀਆਂ ਸੁਪਰ ਸੀਡਰ ਮਸ਼ੀਨਾਂ ਲਈ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਰਾਹੀਂ ਮਸ਼ੀਨਾਂ ਉਪਲੱਬਧ ਕਰਵਾਉਣ ਅਤੇ ਮਸ਼ੀਨਰੀ ਸੇਵਾ ਸੈਂਟਰਾਂ ਨੂੰ ਸਥਾਪਿਤ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨ ਨਾੜ ਦੀ ਸਿਰਦਰਦੀ ਤੋਂ ਬੋਝ ਮੁਕਤ ਹੋਣ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਵੀ ਲਾਭਦਾਇਕ ਸਿੱਧ ਹੋ ਸਕੇਗਾ। ਹਰੇਕ ਪਿੰਡ ਉੱਪਰ ਨਾੜ ਨੂੰ ਅੱਗ ਲਾਉਣ ਤੋਂ ਬਚਾਉਣ ਲਈ ਖੇਤੀਬਾੜੀ ਵਿਭਾਗ ਵੱਲੋਂ ਇੱਕ ਨਜ਼ਰਸਾਨੀ ਕਰਨ ਲਈ ਕਰਮਚਾਰੀ ਨਿਯੁਕਤ ਕੀਤਾ ਜਾਵੇ ,ਤਾਂ ਜੋ ਕਾਰਵਾਈ ਦੇ ਡਰ ਤੋਂ ਕਿਸਾਨ ਨਾੜ ਨੂੰ ਅੱਗ ਲਗਾਉਣੀ ਬੰਦ ਕਰਨ।

ਇਸ ਤਰ੍ਹਾਂ ਕਰਨ ਨਾਲ ਪ੍ਰਕਿਰਤੀ ਅਤੇ ਬਨਸਪਤੀ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਬਚਾਇਆ ਜਾ ਸਕੇਗਾ ਅਤੇ ਨਿੱਤ ਦਿਹਾੜੇ ਗਹਿਰੇ ਧੂੰਏਂ ਕਾਰਨ ਵਾਪਰ ਰਹੀਆਂ ਦਰਦਨਾਕ ਘਟਨਾਵਾਂ ਨੂੰ ਠੱਲ੍ਹ ਪਵੇਗੀ। ਇਸ ਤਰ੍ਹਾਂ ਸਾਰਿਆਂ ਨੂੰ ਇਸ ਪ੍ਰਤੀ ਸੁਚੇਤ ਹੋ ਕੇ ਸਾਂਝੇ ਤੌਰ ਤੇ ਉਪਰਾਲੇ ਕਰਨ ਦੀ ਲੋੜ ਹੈ ਕਿਉਂਕਿ ਕੁਦਰਤ ਨੂੰ ਬਚਾਉਣਾ ਹੀ ਮਨੁੱਖਤਾ ਦਾ ਅਸਲੀ ਧਰਮ ਹੈ ਤੇ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ ਦੀ ਵਿਰਾਸਤ
Next articleਅੰਮ੍ਰਿਤਸਰ: ਗੁਰੂ ਰਾਮਦਾਸ ਸਰਾਂ ਨੇੜੇ ਧਮਾਕਾ