ਏਹੁ ਹਮਾਰਾ ਜੀਵਣਾ ਹੈ -270

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਜੁੱਗ ਕੀ ਬਦਲਿਆ ਕਿ ਇੱਕੀਵੀਂ ਸਦੀ ਦੇ ਬਦਲਦੇ ਭੇਖ ਨੇ ਸਾਡੇ ਸਮਾਜ ਦਾ ਹਰ ਇੱਕ ਰੰਗ ਹੀ ਬਦਲ ਕੇ ਰੱਖ ਦਿੱਤਾ ਹੈ। ਅੱਜ ਦੇ ਮਨੁੱਖ ਦੇ ਪੈਦਾ ਹੋਣ ਤੋਂ ਲੈਕੇ ਬਚਪਨ,ਜਵਾਨੀ , ਪੜ੍ਹਾਈ,ਰਹਿਣ ਸਹਿਣ , ਪਹਿਰਾਵਾ,ਬੋਲੀ , ਪਰਿਵਾਰਾਂ ਦੇ ਢਾਂਚੇ ਮਤਲਬ ਕਿ ਪੂਰੀ ਦੀ ਪੂਰੀ ਜੀਵਨ ਸ਼ੈਲੀ ਵਿੱਚ ਹੀ ਬਦਲਾਅ ਆ ਗਿਆ ਹੈ। ਇਸ ਤੇਜ਼ੀ ਨਾਲ ਬਦਲਦੇ ਹੋਏ ਦੌਰ ਵਿੱਚ ਸਾਰੀਆਂ ਧਿਰਾਂ ਭਾਵ ਬਚਪਨ,ਜਵਾਨੀ ਅਤੇ ਬੁਢਾਪਾ ਸਾਰੇ ਹੀ ਸੰਘਰਸ਼ ਦੇ ਦੌਰ ਵਿੱਚੋਂ ਗੁਜ਼ਰਦੇ ਨਜ਼ਰ ਆ ਰਹੇ ਹਨ। ਸਾਰੇ ਪਾਸੇ ਮਾਰਾ- ਮਾਰ ਤੇ ਹਫੜਾ ਦਫੜੀ ਮੱਚੀ ਹੋਈ ਲੱਗਦੀ ਹੈ। ਦੇਖਿਆ ਜਾਵੇ ਤਾਂ ਬੱਚਾ ਨਰਸਰੀ ਜਮਾਤ ਤੋਂ ਲੈਕੇ ਜਵਾਨੀ ਵਿੱਚ ਘਰ ਵਸਾਉਣ ਤੱਕ,ਘਰ ਵਸਾਉਣ ਤੋਂ ਲੈਕੇ ਬੱਚਿਆਂ ਅਤੇ ਪਰਿਵਾਰਾਂ ਦੇ ਪਾਲਣ ਪੋਸ਼ਣ ਤੱਕ, ਫਿਰ ਉਹਨਾਂ ਦੇ ਭਵਿੱਖ ਅਤੇ ਆਪਣੇ ਬੁਢਾਪੇ ਦੌਰਾਨ ਹਰ ਕੋਈ ਸੰਘਰਸ਼ ਕਰਦਾ ਹੀ ਨਜ਼ਰ ਆ ਰਿਹਾ ਹੈ। ਅੱਜ ਦੀ ਜ਼ਿੰਦਗੀ ਦਾ ਸਭ ਤੋਂ ਦੁਖਦਾਈ ਪੱਖ ਇਕਹਿਰੇ ਤੋਂ ਵੀ ਟੁੱਟ ਚੁੱਕੇ ਅਧੂਰੇ ਰਹਿ ਗਏ ਪਰਿਵਾਰਾਂ ਕਾਰਨ ਅੱਜ ਦਾ ਬਚਪਨਾ ਲੁੱਟਿਆ ਜਾ ਰਿਹਾ ਹੈ,ਜਵਾਨੀ ਭਟਕ ਰਹੀ ਹੈ ਅਤੇ ਬੁਢਾਪਾ ਰੁਲ ਰਿਹਾ ਹੈ।

ਜਿਹੜੀ ਉਮਰੇ ਦੁਨੀਆਂ ਦੀ ਸੁਧ ਬੁਧ ਆਉਣ ਲੱਗੇ , ਮਾਪਿਆਂ ਨਾਲ ਤੋਤਲੀਆਂ ਗੱਲਾਂ ਕਰਨੀਆਂ ਹੋਣ, ਮਾਂ ਦੀਆਂ ਲੋਰੀਆਂ ਵਿਚਲੇ ਭੁਲੇਖ਼ੇ ਪਾਉਂਦੇ ਨਵੇਂ ਨਵੇਂ ਅੱਖਰਾਂ ਨੂੰ ਜਾਨਣਾ, ਰਿਸ਼ਤਿਆਂ ਨੂੰ ਪਹਿਚਾਨਣਾ ਤੇ ਮਾਪਿਆਂ ਨਾਲ ਲਾਡ ਲਡਾਉਣ ਦੇ ਦਿਨ ਆਉਣ, ਨੰਨ੍ਹੇ ਪੈਰਾਂ ਨਾਲ ਤੁਰਦੇ ਤੁਰਦੇ ਆਪਣੇ ਪਿੱਛੇ ਸਾਰੇ ਟੱਬਰ ਨੂੰ ਭਜਾਈ ਫਿਰਨਾ, ਨਿੱਕੇ ਨਿੱਕੇ ਦੁੱਧ ਦੰਦਾਂ ਨਾਲ ਮਾਂ ਨਾਲ ਬੈਠ ਕੇ ਨਿੱਕੀਆਂ ਨਿੱਕੀਆਂ ਬੁਰਕੀਆਂ ਵਿੱਚੋਂ ਤਰ੍ਹਾਂ ਤਰ੍ਹਾਂ ਦੇ ਭੋਜਨਾਂ ਦੇ ਸਵਾਦ ਚਖਣਾ ਸਿੱਖਣਾ ਹੋਵੇ, ਉਸ ਉਮਰੇ ਹੱਥ ਵਿੱਚ ਮੋਬਾਇਲ ਫ਼ੋਨ ਫੜਾ ਕੇ ਉਹਨਾਂ ਨੂੰ ਰੁੱਝ ਜਾਣ ਲਈ ਇੱਕ ਖਿਡੌਣੇ ਵਜੋਂ ਦੇ ਦੇਣਾ, ਤਾਂ ਸੱਚ ਮੁੱਚ ਇਹ ਸਭ ਦੇਖ਼ ਕੇ ਲੱਗਦਾ ਹੈ ਕਿ ਬਚਪਨ ਲੁੱਟਿਆ ਜਾ ਰਿਹਾ ਹੈ।ਉਹ ਅੱਖਾਂ ਦੀ ਟਿਕਟਿਕੀ ਲਾ ਕੇ ਕਰੂੰਬਲਾਂ ਵਰਗੀਆਂ ਛੋਟੀਆਂ ਜਿਹੀਆਂ ਉਂਗਲਾਂ ਨਾਲ ਰੰਗ ਬਿਰੰਗੀਆਂ ਤਸਵੀਰਾਂ ਦੇਖ ਕੇ ਖੁਸ਼ ਹੁੰਦਾ ਹੋਇਆ ਉਸ ਵਿੱਚ ਐਨਾ ਗਵਾਚ ਜਾਂਦਾ ਹੈ ਕਿ ਉਸ ਦੇ ਨਾਲ ਹੀ ਉਸ ਦਾ ਬਚਪਨ ਵੀ ਗੁੰਮ ਹੋ ਜਾਂਦਾ ਹੈ ‌‌‌‌।

ਕਹਿੰਦੇ ਹਨ ਕਿ ਕਿਸੇ ਘਰ ਦੀ ਮਜ਼ਬੂਤੀ ਲਈ ਉਸ ਦੀ ਨੀਂਹ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ‌। ਇਸੇ ਤਰ੍ਹਾਂ ਬਚਪਨ ਦਾ ਸਮਾਂ ਵੀ ਹਰ ਮਨੁੱਖ ਦੀ ਜ਼ਿੰਦਗੀ ਦੀ ਨੀਂਹ ਦਾ ਕੰਮ ਕਰਦਾ ਹੈ। ਬਚਪਨ ਰੂਪੀ ਨੀਂਹ ਨੂੰ ਮਜ਼ਬੂਤ ਬਣਾਉਣ ਲਈ ਮਾਪਿਆਂ ਦੀ ਨਿਗਰਾਨੀ ਹੇਠ ਵਧਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਟੁੱਟ ਰਹੀਆਂ ਪਰਿਵਾਰਿਕ ਸਾਂਝਾਂ, ਬਹੁਤੇ ਪੜ੍ਹੇ ਲਿਖੇ ਮਾਪਿਆਂ ਦੇ ਵਿਚਾਰਾਂ ਦੀ ਆਪਸੀ ਅਸਹਿਮਤੀ ਅਤੇ ਨਵੀਆਂ ਨਵੀਆਂ ਤਕਨੀਕਾਂ ਅਤੇ ਸੁੱਖ ਸਹੂਲਤਾਂ ਨੂੰ ਹੀ ਵਧੀਆ ਪਾਲਣ ਪੋਸ਼ਣ ਸਮਝ ਲੈਣਾ, ਮਾਤਾ ਪਿਤਾ ਦੋਵਾਂ ਦਾ ਕੰਮ ਕਾਜੀ ਹੋਣਾ, ਬੱਚਿਆਂ ਦੀ ਸੁਰਤ ਸੰਭਾਲਦਿਆਂ ਹੀ ਨੌਕਰਾਣੀਆਂ ਜਾਂ ਸੁੱਖ ਸਹੂਲਤਾਂ ਨਾਲ਼ ਭਰਪੂਰ ਛੋਟੇ ਬੱਚਿਆਂ ਵਾਲ਼ੇ ਸਕੂਲਾਂ ਵਿੱਚ ਭੇਜ ਕੇ ਉਸਾਰਿਆ ਗਿਆ ਬਚਪਨ ਕਿੰਨਾ ਖੋਖਲਾ ਹੁੰਦਾ ਹੈ ਜਿਸ ਵਿੱਚ ਸਿਰਫ਼ ਦੂਜਿਆਂ ਦੁਆਰਾ ਦਿੱਤੀ ਟ੍ਰੇਨਿੰਗ ਹੀ ਉਸ ਦੀ ਜ਼ਿੰਦਗੀ ਦੀ ਨੀਂਹ ਉਸਾਰਦੀ ਹੈ। ਇਸ ਵਿਚਾਰਧਾਰਾ ‘ਤੇ ਅਧਾਰਿਤ ਹੀ ਬੱਚਾ ਸਕੂਲੀ ਸਮਾਂ ਅਤੇ ਸਿੱਖਿਆ ਹਾਸਲ ਕਰਨ ਵਾਲਾ ਜੀਵਨ ਬਤੀਤ ਕਰਦਾ ਹੈ ਜਿਸ ਵਿੱਚ ਮਾਪਿਆਂ ਤੋਂ ਵੱਧ ਮਾਪਿਆਂ ਦੇ ਪੈਸੇ ਦਾ ਯੋਗਦਾਨ ਹੁੰਦਾ ਹੈ।

ਉਹਨਾਂ ਦੀ ਅਪਣੱਤ , ਭਾਵਨਾਵਾਂ, ਪਿਆਰ ਤੋਂ ਸੱਖਣਾ ਪਲਿਆ ਬਚਪਨ ਜਦ ਜਵਾਨੀ ਵਿੱਚ ਪਹੁੰਚਦਾ ਹੈ ਤਾਂ ਮਾਪਿਆਂ ਨੂੰ ਉਹਨਾਂ ਕੋਲੋਂ ਸਮਾਂ ਚਾਹੀਦਾ ਹੁੰਦਾ ਹੈ ਪਰ ਉਹ ਓਪਰ ਦੁਨੀਆ ਵਿੱਚ ਐਨੇ ਮਸਤ ਹੋ ਜਾਂਦੇ ਹਨ ਕਿ ਉਨ੍ਹਾਂ ਲਈ ਪਰਿਵਾਰ ਵਿੱਚ ਬੈਠਣਾ ਇੱਕ ਕੈਦ ਲੱਗਦੀ ਹੈ, ਵਾਰ ਵਾਰ ਮਾਪਿਆਂ ਦੀ ਕੀਤੀ ਦਖਲ ਅੰਦਾਜੀ ਇੱਕ ਬੋਝ ਅਤੇ ਬੰਦਿਸ਼ ਲੱਗਦੀ ਹੈ।ਉਹ ਆਪਣੇ ਅਤੇ ਆਪਣੇ ਦੁਆਰਾ ਸਿਰਜੇ ਮਾਹੌਲ ਵਿੱਚ ਕਿੱਧਰ ਨੂੰ ਵਧਦਾ ਹੈ ਇਹ ਉਸ ਉੱਤੇ ਹੀ ਨਿਰਭਰ ਕਰਦਾ ਹੈ। ਅੱਜ ਦੀ ਜਵਾਨੀ ਨਸ਼ਿਆਂ, ਲੁੱਟਾਂ ਖੋਹਾਂ ਜਾਂ ਹੋਰ ਅਨੇਕਾਂ ਭੈੜੀਆਂ ਆਦਤਾਂ ਦੇ ਦਲਦਲ ਵਿੱਚ ਅਜਿਹੀ ਫਸਦੀ ਹੈ ਕਿ ਉਸ ਨੂੰ ਉੱਥੋਂ ਵਾਪਸ ਕੱਢਣਾ ਮੁਸ਼ਕਲ ਹੋ ਜਾਂਦਾ ਹੈ।ਇਸ ਲਈ ਜੇ ਆਉਣ ਵਾਲੀਆਂ ਪੀੜ੍ਹੀਆਂ ਦੀ ਜਵਾਨੀ ਨੂੰ ਸੰਭਾਲਣਾ ਹੈ ਤਾਂ ਪਹਿਲਾਂ ਬਚਪਨ ਨੂੰ ਸੰਭਾਲਣਾ ਜ਼ਰੂਰੀ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਨੀਂਹ ਮਜ਼ਬੂਤ ਹੋ ਸਕੇ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ

9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article27-04-2023
Next articleਫਕੀਰ ਸ਼ਾਇਰ ਅਲਮਸਤ ਦੇਸਰਪੁਰੀ ਜੀ ਪਹਿਲੀ ਬਰਸੀ 29 ਅਪ੍ਰੈਲ 2023 ਦਿਨ ਸ਼ਨੀਵਾਰ ਓਹਨਾ ਦੇ ਆਪਣੇ ਮੌਜੂਦਾ ਪਿੰਡ ਦੇਸਰਪੁਰ ।