ਏਹੁ ਹਮਾਰਾ ਜੀਵਣਾ ਹੈ – 264

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਕਿਸੇ ਵੀ ਧਰਮ ਨਾਲ ਸਬੰਧਤ ਤਿਉਹਾਰ ਹੋਵੇ, ਫਿਜ਼ਾਵਾਂ ਵਿੱਚ ਇੱਕ ਵੱਖਰੀ ਜਿਹੀ ਮਹਿਕ ਹੁੰਦੀ ਹੈ। ਚਾਰ ਚੁਫ਼ੇਰਾ ਖਿੜਿਆ ਖਿੜਿਆ ਲੱਗਦਾ ਹੈ।ਇਹ ਜ਼ਰੂਰੀ ਨਹੀਂ ਕਿ ਆਪਾਂ ਵੀ ਉਸ ਤਿਉਹਾਰ ਨੂੰ ਮਨਾ ਰਹੇ ਹੁੰਦੇ ਹਾਂ,ਪਰ ਉਹ ਆਪਣੇ ਆਲ਼ੇ ਦੁਆਲ਼ੇ ਦੇ ਮਾਹੌਲ ਨੂੰ ਖੁਸ਼ੀ ਦਾ ਹੁਲਾਰਾ ਜਿਹਾ ਜ਼ਰੂਰ ਦਿੰਦਾ ਹੈ। ਈਦ ਦਾ ਦਿਨ ਸੀ। ਛੁੱਟੀ ਹੋਣ ਕਰਕੇ ਮੈਂ ਆਪਣੇ ਪਤੀ ਨੂੰ ਕਿਹਾ ਕਿ ਮੈਂ ਦੰਦਾਂ ਦੇ ਡਾਕਟਰ ਤੋਂ ਸਮਾਂ ਲੈ ਲੈਂਦੀ ਹਾਂ, ਮੇਰੇ ਨਾਲ ਚੱਲਿਓ।ਉਹ ਮੰਨ ਗਏ। ਮੈਂ ਡਾਕਟਰ ਨੂੰ ਫ਼ੋਨ ਕੀਤਾ ਤਾਂ ਮੈਨੂੰ ਸਵੇਰੇ ਦਸ ਵਜੇ ਦਾ ਸਮਾਂ ਮਿਲ ਗਿਆ।ਪਰ ਪਹਿਲੀ ਵਾਰ ਅਤੇ ਦੂਰ ਜਾਣ ਕਰਕੇ ਅਸੀਂ ਘਰੋਂ ਜਲਦੀ ਨਿਕਲ ਪਏ ਕਿਉਂਕਿ ਇੱਕ ਤਾਂ ਮੈਂ ਡਾਕਟਰ ਵੀ ਉਹ ਲੱਭਿਆ ਸੀ ਜੋ ਸ਼ਹਿਰ ਦੇ ਦੂਜੇ ਪਾਸੇ ਸੀ ਤੇ ਦੂਜਾ ਸਾਨੂੰ ਕਲੀਨਿਕ ਲੱਭਣ ਨੂੰ ਵੀ ਸਮਾਂ ਲੱਗਣਾ ਸੀ ਤੀਜਾ ਅਸੀਂ ਸੋਚਿਆ ਸੀ ਕਿ ਨਾਸ਼ਤਾ ਕਿਤੇ ਬਾਹਰ ਹੀ ਕਰਾਂਗੇ।

ਅਸੀਂ ਤਕਰੀਬਨ ਸਵਾ ਕੁ ਨੌਂ ਵਜੇ ਕਲੀਨਿਕ ਪੁੱਜ ਕੇ ਰਿਸੈਪਸ਼ਨਿਸਟ ਨੂੰ ਆਪਣਾ ਨਾਂ ਅਤੇ ਸਮਾਂ ਨੋਟ ਕਰਵਾ ਕੇ ਨਾਸ਼ਤੇ ਲਈ ਕੋਈ ਵਧੀਆ ਢਾਬਾ ਵਗੈਰਾ ਲੱਭਣ ਲੱਗੇ। ਪੰਦਰਾਂ ਵੀਹ ਮਿੰਟਾਂ ਦੀ ਮੁਸ਼ੱਕਤ ਤੋਂ ਬਾਅਦ ਸਾਨੂੰ ਇੱਕ ਠੀਕ ਜਿਹਾ ਢਾਬਾ ਲੱਭਿਆ ਤਾਂ ਅਸੀਂ ਪੂਰੀਆਂ ਖਾਣ ਬੈਠ ਗਏ। ਉੱਥੇ ਪਹਿਲਾਂ ਤੋਂ ਹੀ ਇੱਕ ਖਾਣ ਪੀਣ ਦਾ ਸ਼ੌਕੀਨ ਬੰਦਾ ਦੋ ਤਿੰਨ ਡਬਲਰੋਟੀ ਵਾਲੇ ਪਕੌੜੇ ਫਟਾਫਟ ਖਾਈ ਜਾ ਰਿਹਾ ਸੀ। ਐਧਰ ਓਧਰ ਨੂੰ ਵੀ ਝਾਤੀ ਮਾਰ ਲੈਂਦਾ ਤੇ ਨਾਲ਼ ਹੀ ਉਸ ਦੇ ਖਾਣ ਦੇ ਢੰਗ ਤੋਂ ਲੱਗਦਾ ਸੀ ਕਿ ਬੇਫ਼ਿਕਰ ਜਿਹਾ ਮਸਤ ਮੌਲਾ ਬੰਦਾ ਹੈ ਜਿਸ ਨੂੰ ਖਾਣ ਪੀਣ ਲਈ ਕਿਸੇ ਦੀ ਸੰਗਤ ਕਰਨ ਦੀ ਲੋੜ ਨਹੀਂ। ਅਸੀਂ ਦੂਜੇ ਨੰਬਰ ਵਾਲੇ ਗਾਹਕ ਹੀ ਸੀ। ਅਸੀਂ ਵੀ ਪੂਰੀਆਂ ਖਾਣ ਲੱਗੇ,ਉਸ ਬੰਦੇ ਨੇ ਸਾਡੀਆਂ ਗਰਮ ਗਰਮ ਫੁੱਲੀਆਂ ਹੋਈਆਂ ਪੂਰੀਆਂ ਵੱਲ ਨੂੰ ਝਾਤੀ ਮਾਰਦਿਆਂ ਹੀ ਇੱਕ ਪਲੇਟ ਪੂਰੀਆਂ ਦਾ ਆਰਡਰ ਕਰ ਦਿੱਤਾ।

ਅਸੀਂ ਜਲਦੀ ਜਲਦੀ ਖਾ ਰਹੇ ਸੀ ਕਿਉਂਕਿ ਡਾਕਟਰ ਕੋਲ ਜਾਣ ਦਾ ਸਮਾਂ ਹੋ ਰਿਹਾ ਸੀ। ਐਨੇ ਨੂੰ ਤੀਜਾ ਗਾਹਕ ਇੱਕ ਪੈਂਤੀ ਸੈਂਤੀ ਕੁ ਵਰ੍ਹਿਆਂ ਦਾ ਕਾਲ਼ੇ ਜਿਹੇ ਰੰਗ ਦਾ ਮੱਚੜ ਜਿਹਾ ਬੰਦਾ, ਇੱਕ ਸੱਤ ਅੱਠ ਸਾਲ ਦੇ ਜਵਾਕ ਦੀ ਉਂਗਲੀ ਫ਼ੜੀ ਸਾਡੇ ਨਾਲ਼ ਦੇ ਮੇਜ਼ ਕੋਲ਼ ਆ ਕੇ ਖੜ੍ਹੋ ਗਿਆ। ਮੁੰਡੇ ਦੇ ਸਿਰ ਤੇ ਈਦਗਾਹ ਨੂੰ ਜਾਣ ਸਮੇਂ ਪਹਿਨਣ‌ ਵਾਲ਼ੀ ਮੁਸਲਿਮ ਸਟਾਈਲ ਦੀ ਟੋਪੀ ਪਾਈ ਹੋਈ ਸੀ ਜਿਸ ਤੋਂ ਪਤਾ ਲੱਗਦਾ ਸੀ ਕਿ ਉਹ ਮੁਸਲਮਾਨ ਹਨ।ਉਹ ਜਦ ਅੰਦਰ ਆਏ ਹੀ ਸਨ ਤਾਂ ਜਵਾਕ ਵਾਹਵਾ ਖੁਸ਼ ਲੱਗਦਾ ਸੀ ਤੇ ਉਹ ਆਲ਼ੇ ਦੁਆਲ਼ੇ ਖਾਣ ਵਾਲੀਆਂ ਚੀਜ਼ਾਂ ਨੂੰ ਦੇਖ਼ ਕੇ ਆਪਣੇ ਪਿਓ ਨੂੰ ਕੁਛ ਕਹਿ ਰਿਹਾ ਸੀ।ਜਵਾਕ ਦੇ ਕੱਪੜੇ ਵੀ ਨਵੇਂ ਨਹੀਂ ਪਰ ਧੋਤੇ ਹੋਏ ਪਾਏ ਹੋਏ ਸਨ ,ਟੋਪੀ ਨਵੀਂ ਜ਼ਰੂਰ ਲੱਗਦੀ ਸੀ,ਜਿਸ ਤੋਂ ਪਤਾ ਲੱਗਦਾ ਸੀ ਕਿ ਉਹ ਦੋਵੇਂ ਸ਼ਾਇਦ ਕਿਤੇ ਈਦ ਮਨਾਉਣ ਲਈ ਈਦਗਾਹ ਜਾ ਰਹੇ ਸਨ।

ਪਿਓ ਨੇ ਜਵਾਕ ਦੀ ਗੁੱਸੇ ਨਾਲ ਬਾਂਹ ਹਲੂਣ‌ ਕੇ ਝਟਕਾ ਜਿਹਾ ਮਾਰਿਆ ਤੇ ਹੌਲੀ ਆਵਾਜ਼ ਵਿੱਚ ਕੁਝ ਤੇਜ਼ ਤੇਜ਼ ਬੋਲ ਕੇ ਡਾਂਟ ਰਿਹਾ ਸੀ। ਮੁੰਡੇ ਨੇ ਬੁੱਲ੍ਹ ਜਿਹੇ ਬਟੇਰ ਕੇ ਨਿਰਾਸ਼ਾ ਜ਼ਾਹਿਰ ਕੀਤੀ। ਮੁੰਡੇ ਦੇ ਪਿਓ ਨੇ ਮੱਥੇ ਵਿੱਚ ਤਿਊੜੀਆਂ ਪਹਿਲਾਂ ਹੀ ਭਰੀਆਂ ਹੋਈਆਂ ਸਨ ਤੇ ਤੇਜ਼ ਤੇਜ਼ ਕੁਝ ਬੋਲੀ ਜਾ ਰਿਹਾ ਸੀ ਪਰ ਹੁਣ ਗ਼ੁੱਸੇ ਵਿੱਚ ਮੁੰਡੇ ਦੇ ਮੂੰਹ ਤੇ ਦੋ ਤਾੜ੍ਹ ਤਾੜ੍ਹ ਚਪੇੜਾਂ ਜੜ ਦਿੱਤੀਆਂ। ਚਪੇੜਾਂ ਸੁਣਦੇ ਸਾਰ ਮੈਂ ਵੀ ਇੱਕ ਦਮ ਗੁੱਸੇ ਵਿੱਚ ਕੁਝ ਬੋਲਣ ਹੀ ਲੱਗੀ ਸੀ ਜਦ ਨੂੰ ਨਾਲ਼ ਦੇ ਮੇਜ਼ ਤੇ ਖਾਣਾ ਖਾਂਦਾ ਬੰਦਾ ਗੁੱਸੇ ਵਿੱਚ ਬੋਲਿਆ,”ਓਏ! ਕਿਉਂ ਮਾਰ ਰਹੇ ਹੋ ਬੱਚੇ ਕੋ,ਆਜ ਈਦ ਹੈ,ਤੇਰੇ ਕੋ ਸ਼ਰਮ ਨਹੀਂ ਆ ਰਹੀ….।”

ਕਹਿ ਕੇ ਤੇਜ਼ੀ ਨਾਲ ਪੂਰੀਆਂ ਦੀ ਪਲੇਟ ਨਿਬੇੜਨ ਲੱਗਿਆ ਹੋਇਆ ਸੀ ਤੇ ਨਾਲ਼ੇ ਸਾਡੇ ਵੱਲ ਨੂੰ ਦੇਖ ਕੇ ਹੱਸ ਕੇ ਬੋਲਣ ਲੱਗਿਆ,” ਹਾ…… ਦੇਖੋ ਜੀ ਐਵੇਂ ਜਵਾਕ ਦੇ ਥੱਪੜ ਮਾਰੀ‌ ਜਾਂਦਾ …..ਤਿਹਾਰ ਵਾਲੇ ਦਿਨ ਵੀ ਜਵਾਕ ਨੂੰ ਕੁੱਟੀ ਜਾਂਦਾ।” ਮੇਰਾ ਉਸ ਵੱਲ ਮੂੰਹ ਹੋਣ ਕਰਕੇ ਥੋੜ੍ਹਾ ਜਿਹਾ ਮੁਸਕਰਾ ਕੇ ਹਾਂ ਵਿੱਚ ਸਿਰ ਹਿਲਾ ਦਿੱਤਾ ਤੇ ਸੋਚ ਰਹੀ ਸੀ ਕਿ ਚੰਗਾ ਕੀਤਾ ਤੂੰ ਜੋ ਜਵਾਕ ਦੇ ਪਿਓ ਨੂੰ ਡਾਂਟ ਦਿੱਤਾ,ਮੇਰਾ ਕੰਮ ਤੂੰ ਹੀ ਕਰ ਦਿੱਤਾ। ਮੈਂ ਉਸ ਮਾਸੂਮ ਦੇ ਚਿਹਰੇ ਵੱਲ ਤੱਕੀ ਜਾਵਾਂ,ਉਹ ਅੱਖਾਂ ਵਿੱਚੋਂ ਮੋਟੇ ਮੋਟੇ ਹੰਝੂ ਵਹਾ ਰਿਹਾ ਕਦੇ ਇੱਕ ਹੱਥ ਨਾਲ ਆਪਣੀ ਸੱਜੀ ਅੱਖ ਮਲਦਾ ਤੇ ਕਦੇ ਖੱਬੇ ਹੱਥ ਨਾਲ ਆਪਣੀ ਖੱਬੀ ਅੱਖ ਦਾ ਹੰਝੂ ਪੂੰਝਦਾ।ਉਹ ਭਰੀਆਂ ਹੋਈਆਂ ਅੱਖਾਂ ਨਾਲ ਮੇਰੇ ਵੱਲ ਨੂੰ ਸ਼ਰਮ ਮਹਿਸੂਸ ਕਰਦਾ ਹੋਇਆ ਦੇਖਦਾ।ਐਨੀ ਗੱਲ ਪਿਓ ਦੀ ਮੇਰੇ ਕੰਨੀਂ ਪਈ,” ਘਰ ਸੇ ਬਾਹਰ ਨਿਕਲਤੇ ਤੇਰੇ ਕੋ ਭੂਖ ਲਗ ਜਾਤੀ ਹੈ , ਫ਼ਾਲਤੂ ਮੇਂ ਖ਼ਰਚਾ ਕਰਵਾਤਾ ਹੈ, ਇਤਨੇ ਪੈਸੇ ਕਹਾਂ ਸੇ ਆਏਂਗੇ…..?”

ਚਾਹੇ ਉਹ ਕੁਰਸੀਆਂ ਤੇ ਬੈਠ ਗਏ ਸਨ ਪਰ ਹਜੇ ਤੱਕ ਉਸ ਨੇ ਖਾਣ ਲਈ ਕੁਝ ਆਰਡਰ ਨਹੀਂ ਕੀਤਾ ਸੀ। ਮੇਰਾ ਦਿਲ ਕਰੇ ਮੈਂ ਦੋ ਪਲੇਟ ਪੂਰੀਆਂ ਆਰਡਰ ਕਰ ਕੇ ਇਹਨਾਂ ਨੂੰ ਆਪਣੇ ਵੱਲੋਂ ਬੱਚੇ ਨੂੰ ਈਦ ਦੀ ਪਾਰਟੀ ਦੇ ਦੇਵਾਂ, ਕਦੇ ਮੇਰੇ ਅੰਦਰ ਉਤਾਵਲਾਪਣ ਪੈਦਾ ਹੋਏ ਕਿ ਮੈਂ ਬੱਚੇ ਨੂੰ ਪੁੱਛਾਂ ਕਿ ਬੇਟਾ ਤੇਰਾ ਕੀ ਖਾਣ ਨੂੰ ਦਿਲ ਕਰਦਾ ਹੈ ਤੇ ਉਹੀ ਚੀਜ਼ ਲੈ ਕੇ ਦੇ ਦੇਵਾਂ। ਕਦੇ ਕੁਝ ਸੋਚਾਂ,ਕਦੇ ਕੁਝ……………ਪਰ ਮੇਰੀ ਹਿੰਮਤ ਇਸ ਲਈ ਨਹੀਂ ਪਈ ਕਿਉਂ ਕਿ ਜੇ ਕਿਤੇ ਜਵਾਕ ਦੇ ਪਿਓ ਨੇ ਕੁਝ ਉਲਟਾ ਪੁਲਟਾ ਬੋਲ ਦਿੱਤਾ ਤਾਂ ਇੱਕ ਔਰਤ ਹੋਣ ਦੇ ਨਾਤੇ ਤੇ ਦੂਜਾ ਪਤੀ ਤੋਂ ਡਾਂਟ ਦੇ ਡਰ ਤੋਂ ‌ਕੁਝ ਨਾ ਪੁੱਛ ਸਕੀ।ਸਵਾ ਦਸ ਹੋਣ ਕਰਕੇ ਡਾਕਟਰ ਦੇ ਫੋਨ ਤੇ ਫੋਨ ਆ ਰਹੇ ਸਨ। ਸਾਨੂੰ ਜਾਣ ਦੀ ਕਾਹਲ਼ੀ ਸੀ।ਜੇ ਜਾਣ ਦੀ ਕਾਹਲੀ ਨਾ ਹੁੰਦੀ ਤਾਂ ਮੈਂ ਦੋ ਮਿੰਟ ਬੱਚੇ ਕੋਲ਼ ਰੁਕ ਕੇ ਜਰੂਰ ਪੁੱਛਦੀ,” ਇਤਨਾ ਪਿਆਰਾ ਬੱਚਾ ਕਿਉਂ ਰੋ ਰਿਹਾ ਹੈ?” ਉਸ ਦੇ ਬਾਪ ਦਾ ਦਿਲ ਰੱਖਣ ਲਈ ਵੀ ਆਖ ਦਿੰਦੀ ,” ਬੇਟੇ ਆਪਣੇ ਪਾਪਾ ਕੋ ਤੰਗ ਨਹੀਂ ਕਰਤੇ ਅੱਛੇ ਬੱਚੇ…. ।

“ਪਰ ਮੇਰੇ ਇਹ ਦਿਲ ਦੇ ਦਿੱਤੇ ਸੁਝਾਅ ਦਿਲ ਵਿੱਚ ਹੀ ਰਹਿ ਗਏ ਸਨ। ਇੱਕ ਗੱਲ ਮੈਂ ਹੁਣ ਤੱਕ ਸੋਚਦੀ ਹਾਂ ਕਿ ਚਾਹੇ ਈਦ ਹੋਵੇ ਜਾਂ ਦੀਵਾਲੀ,ਪਤਾ ਨਹੀਂ ਕਿੰਨੇ ਇਹੋ ਜਿਹੇ ਮਾਪੇ ਚਾਹੁੰਦੇ ਹੋਏ ਵੀ ਆਪਣੇ ਬੱਚਿਆਂ ਦੀਆਂ ਨਿੱਕੀਆਂ ਨਿੱਕੀਆਂ ਖਵਾਹਿਸ਼ਾਂ ਪੂਰੀਆਂ ਕਰਕੇ ਵੱਡੀਆਂ ਵੱਡੀਆਂ ਖੁਸ਼ੀਆਂ ਨਹੀਂ ਦੇ ਸਕਦੇ ਕਿਉਂਕਿ ਹਰ ਦੀਵਾਲੀ ਦੀ ਰਾਤ ਜਦ ਸਾਰੇ ਪਟਾਕੇ ਚਲਾ ਰਹੇ ਹੁੰਦੇ ਹਨ ਤਾਂ ਗਰੀਬਾਂ ਦੇ ਬੱਚੇ ਰੇਹੜ੍ਹੀਆਂ ਲਈ ਲੋਕਾਂ ਦੇ ਖਾਲੀ ਕੀਤੇ ਪਟਾਕਿਆਂ ਵਾਲੇ ਗੱਤੇ ਦੇ ਡੱਬੇ ਇਕੱਠੇ ਕਰ ਕਰ ਕੇ ਖੁਸ਼ ਹੋ ਰਹੇ ਹੁੰਦੇ ਹਨ।

ਪਰ ਇਹ ਘਟਨਾ ਵਾਰ ਵਾਰ ਯਾਦ ਆ ਕੇ ਮੇਰੇ ਦਿਲ ਨੂੰ ਹਲੂਣਾ ਜਿਹਾ ਦੇ ਦਿੰਦੀ ਹੈ ਤੇ ਮੇਰੇ ਸਾਹਮਣੇ ਓਹੀ ਮਾਸੂਮ ਦੀਆਂ ਗੱਲਾਂ ਤੇ ਟਪਕਦੇ ਮੋਟੇ ਮੋਟੇ ਅੱਥਰੂ ਨੱਚਣ ਲੱਗਦੇ ਹਨ ਜਿਵੇਂ ਮੈਨੂੰ ਚਿੜਾ ਕੇ ਆਖ ਰਹੇ ਹੋਣ,” ਤਿਉਹਾਰਾਂ ਦੇ ਦਿਨਾਂ ਵਿੱਚ ਗ਼ਰੀਬਾਂ ਦੀਆਂ ਅਧੂਰੀਆਂ ਖਵਾਹਿਸ਼ਾਂ ਦਾ ਜਸ਼ਨ ਮਨਾਉਣ ਉਹ ਤਾਂ ਏਦਾਂ ਹੀ ਆਉਂਦੇ ਹਨ।” ਮੇਰੇ ਅੰਦਰ ਇੱਕ ਅਲੱਗ ਕਿਸਮ ਦਾ ਖ਼ਿਆਲੀ ਵਲਵਲਿਆਂ ਦਾ ਤੂਫ਼ਾਨ ਜਿਹਾ ਪੈਦਾ ਕਰ ਦਿੰਦੀ ਹੈ। ਮੈਂ ਹਰ ਵਾਰ ਸੋਚਦੀ ਹਾਂ ਕਿ ਜਦੋਂ ਉਸ ਦਾ ਪਿਤਾ ਘਰੋਂ ਆਪਣੇ ਬੱਚੇ ਨੂੰ ਲੈਕੇ ਈਦ ਮਨਾਉਣ ਤੁਰਿਆ ਹੋਵੇਗਾ ਉਦੋਂ ਉਹ ਬੱਚੇ ਨੂੰ ਤਿਉਹਾਰ ਦੀ ਖੁਸ਼ੀ ਦੇਣ ਨਿਕਲਿਆ ਹੋਵੇਗਾ ਪਰ ਗਰੀਬ ਬੰਦੇ ਦੀ ਖੁਸ਼ੀ ਨੂੰ ਪ੍ਰਵਾਨ ਚੜ੍ਹਾਉਣ ਲਈ ਗ਼ਰੀਬੀ ਨਾਂ ਦੀ ਰੁਕਾਵਟ ਰਸਤੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਖੜ੍ਹੀ ਹੁੰਦੀ ਹੈ। ਇਸ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਜੀਵਨ ਵਿੱਚ ਕਦੇ ਕਦੇ ਬੇਬਸ ਜਿਹੇ ਹੋ ਕੇ ਅੱਗੇ ਵਧਣਾ ਹੀ ਤਾਂ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਆਯੋਜਿਤ
Next articleਐੱਨ. ਆਰ. ਆਈ ਰਣਵੀਰ ਸਿੰਘ ਸਹੋਤਾ ( ਯੂ. ਕੇ) ਵਲੋਂ ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਨੂੰ ਜਨਰੇਟਰ ਭੇਂਟ