ਏਹੁ ਹਮਾਰਾ ਜੀਵਣਾ ਹੈ -257

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਸਾਡੇ ਸਮਾਜ ਵਿੱਚ ਪਰਿਵਾਰਾਂ ਅੰਦਰ ਦਿਨ ਬ ਦਿਨ ਘਰੇਲੂ ਹਿੰਸਾ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਨਿੱਤ ਦਿਹਾੜੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਘਟਨਾਵਾਂ ਬਾਰੇ ਖ਼ਬਰਾਂ ਸੁਣ ਕੇ ਜਾਂ ਦੇਖ਼ ਕੇ ਹਿਰਦੇ ਵਲੂੰਧਰੇ ਜਾਂਦੇ ਹਨ। ਕੁਝ ਵਰ੍ਹੇ ਪਹਿਲਾਂ ਤੱਕ ਤਾਂ ਘਰੇਲੂ ਹਿੰਸਾ ਦੀ ਹੱਦ ਘਰ ਵਿੱਚ ਔਰਤਾਂ ਜਾਂ ਬੱਚਿਆਂ ਨਾਲ ਕੁੱਟ ਕੁਟਾਪੇ ਤੱਕ ਸੀਮਤ ਸੀ।ਪਰ ਅੱਜ ਕੱਲ੍ਹ ਹਿੰਸਾ ਦੀਆਂ ਵਾਰਦਾਤਾਂ ਦੇ ਕਈ ਤਰ੍ਹਾਂ ਦੇ ਰੂਪ ਸਾਹਮਣੇ ਆ ਰਹੇ ਹਨ ਜਿਵੇਂ ਘਰੇਲੂ ਹਿੰਸਾ ਕਾਰਨ ਹੋਏ ਕਲੇਸ਼ ਤੋਂ ਦੁਖੀ ਹੋ ਕੇ ਆਤਮਹੱਤਿਆ ਕਰਨਾ, ਜਾਂ ਆਪਣੇ ਆਪ ਨੂੰ ਖ਼ਤਮ ਕਰਨ ਤੋਂ ਪਹਿਲਾਂ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਮਾਰ ਦੇਣਾ, ਜ਼ਮੀਨੀ ਬਟਵਾਰਿਆਂ ਕਾਰਨ ਪੈਦਾ ਹੋਈ ਅਸੰਤੁਸ਼ਟਤਾ ਕਾਰਨ ਦੋ ਪਰਿਵਾਰਾਂ ਵਿੱਚ ਹਿੰਸਕ ਘਟਨਾਵਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਇੱਕ ਦੂਜੇ ਦੇ ਵਿਰੋਧੀ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾਉਣਾ ਆਦਿ। ਇਹਨਾਂ ਸਭ ਘਟਨਾਵਾਂ ਪਿੱਛੇ ਅੱਜ ਦੇ ਮਨੁੱਖ ਅੰਦਰ ਪੈਦਾ ਹੋ ਰਹੀ ਅਸਹਿਣਸ਼ੀਲਤਾ ਹੈ।

ਅੱਜ ਦੇ ਮਨੁੱਖ ਅੰਦਰ ਸਿਰਫ਼ ਪਦਾਰਥਵਾਦੀ ਸੋਚ ਨੇ ਡੇਰਾ ਲਾ ਲਿਆ ਹੈ । ਉਸ ਅੰਦਰ ਚੁਟਕੀ ਮਾਰਕੇ ਅਮੀਰ ਹੋਣ ਦੀ ਲਾਲਸਾ ਉਤਪੰਨ ਹੋਣ ਲੱਗ ਪਈ ਹੈ। ਉਹ ਆਪਣੀਆਂ ਪ੍ਰਾਪਤੀਆਂ ਨੂੰ ਦੇਖ ਕੇ ਖੁਸ਼ ਹੋਣ ਦੀ ਥਾਂ ਦੂਜਿਆਂ ਦੀਆਂ ਸਫਲਤਾਵਾਂ ਨੂੰ ਦੇਖ਼ ਕੇ ਖਿਝਦਾ ਸੜਦਾ ਹੈ,ਮਨ ਵਿੱਚ ਈਰਖਾ ਦਾ ਭਾਵ ਪੈਦਾ ਕਰਦਾ ਹੈ,ਉਸ ਜ਼ਹਿਰ ਨੂੰ ਆਪਣੇ ਮਨ ਅੰਦਰ ਪਾਲਦਾ ਹੈ ਤੇ ਮਨ ਅੰਦਰਲੀ ਸੋਚ ਨੂੰ ਐਨਾ ਵਿਸ਼ੈਲਾ ਬਣਾ ਬੈਠਦਾ ਹੈ ਕਿ ਅਸੰਜਮਤਾ ਪੈਦਾ ਹੁੰਦੀ ਹੈ। ਇਸ ਤਰ੍ਹਾਂ ਉਸ ਅੰਦਰ ਸਬਰ ਸੰਤੋਖ ਵਾਲ਼ੀ ਪ੍ਰਵਿਰਤੀ ਤਾਂ ਬਿਲਕੁਲ ਖਤਮ ਹੋ ਜਾਂਦੀ ਹੈ ਜਿਸ ਕਾਰਨ ਉਸ ਅੰਦਰ ਅਸਹਿਣਸ਼ੀਲਤਾ ਪੈਦਾ ਹੋ ਜਾਂਦੀ ਹੈ। ਅਸਹਿਣਸ਼ੀਲਤਾ ਕਾਰਨ ਕ੍ਰੋਧ ਉਤਪੰਨ ਹੋਣ ਲੱਗਦਾ ਹੈ। ਉਹ ਕ੍ਰੋਧ ਵੀ ਇੱਕ ਦੋ ਦਿਨ ਦਾ ਨਹੀਂ ਹੁੰਦਾ।

ਪਤਾ ਨਹੀਂ ਕਿੰਨਾ ਚਿਰ ਮਨੁੱਖ ਉਸ ਅੰਦਰ ਵਾਲੇ ਕ੍ਰੋਧ ਨਾਲ ਅੰਦਰੋਂ ਅੰਦਰ ਲੜਦਾ ਰਹਿੰਦਾ ਹੈ। ਫਿਰ ਅੰਦਰ ਵਾਲ਼ੀ ਵਿਚਾਰਾਂ ਦੀ ਲੜਾਈ ਐਨੀ ਪ੍ਰਪੱਕ ਹੋ ਜਾਂਦੀ ਹੈ ਕਿ ਉਸ ਨੂੰ ਆਪਣੇ ਅੰਦਰ ਵਾਲ਼ੀ ਵਿਸ਼ੈਲੀ ਸੋਚ ਹੀ ਸਹੀ ਲੱਗਣ ਲੱਗ ਜਾਂਦੀ ਹੈ ਜਿਸਨੂੰ ਉਹ ਜ਼ਬਰਦਸਤੀ ਘਰ ਪਰਿਵਾਰ ਵਿੱਚ ਦੂਜਿਆਂ ਉੱਤੇ ਥੋਪਣ ਲੱਗਦਾ ਹੈ।ਇਹੋ ਜਿਹੇ ਮਨੁੱਖ ਇਹ ਭੁੱਲ ਜਾਂਦੇ ਹਨ ਕਿ ਜਿਹਨਾਂ ਉੱਪਰ ਉਹ ਆਪਣੀ ਸੋਚ ਥੋਪਣਾ ਚਾਹੁੰਦੇ ਹਨ ਉਹਨਾਂ ਦੀ ਵੀ ਆਪਣੀ ਨਿੱਜੀ ਸੋਚ ਹੁੰਦੀ ਹੈ,ਉਹ ਵੀ ਆਪਣੇ ਅੰਦਰ ਕਿੰਨੀਆਂ ਯੋਜਨਾਵਾਂ ਬਣਾਈ ਬੈਠਾ ਹੁੰਦਾ ਹੈ । ਬਸ ਛੋਟਾ ਜਿਹਾ ਤਕਰਾਰ ਕਿੰਨੀਆਂ ਜ਼ਿੰਦਗੀਆਂ ਤੇ ਭਾਰੂ ਪੈ ਜਾਂਦਾ ਹੈ।

ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਮਨੁੱਖ ਕੋਲ ਪਰਿਵਾਰ ਵਿੱਚ ਬੈਠ ਕੇ ਸਮਾਂ ਬਤੀਤ ਨਾ ਕਰਨ ਕਰਕੇ ਉਹ ਔਰਤਾਂ ਅਤੇ ਬੱਚਿਆਂ ਦੀਆਂ ਜ਼ਰੂਰਤਾਂ ਤੇ ਮੁਸ਼ਕਲਾਂ ਤੋਂ ਅਣਜਾਣ ਰਹਿੰਦਾ ਹੈ। ਪਰਿਵਾਰਕ ਮੈਂਬਰ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਲਈ ਸਮਾਂ ਨਹੀਂ ਦਿੰਦੇ। ਇੱਕ ਦੂਜੇ ਨਾਲ ਬੈਠ ਕੇ ਪਰਿਵਾਰਕ ਮਸਲੇ ਵਿਚਾਰੇ ਨਹੀਂ ਜਾਂਦੇ, ਉਹਨਾਂ ਨੂੰ ਹੱਲ ਕਰਨ ਲਈ ਬੈਠ ਕੇ ਵਿਚਾਰ ਚਰਚਾ ਕਰਨ ਲਈ ਸਮਾਂ ਨਹੀਂ ਦਿੱਤਾ ਜਾਂਦਾ,ਜਿਸ ਤੋਂ ਬਹੁਤੇ ਪਰਿਵਾਰਿਕ ਮੁਖੀ ਅਣਜਾਣ ਰਹਿੰਦੇ ਹਨ, ਉਹਨਾਂ ਅੰਦਰ ਪਰਿਵਾਰ ਪ੍ਰਤੀ ਪ੍ਰਬਲ ਭਾਵਨਾਵਾਂ ਉਤਪੰਨ ਨਹੀਂ ਹੁੰਦੀਆਂ ਜਿਸ ਕਰਕੇ ਛੋਟੀ ਜਿਹੀ ਮੁਸੀਬਤ ਆਉਣ ਤੇ ਜਾਂ ਤੰਗੀ ਆਉਣ ਤੇ ਜਾਂ ਫਿਰ ਕੋਈ ਹੋਰ ਦੁੱਖ ਤਕਲੀਫ ਆਉਣ ਤੇ ਆਪਸ ਵਿੱਚ ਹੀ ਵਿਚਾਰਕ ਮਤਭੇਦ ਪੈਦਾ ਹੋ ਕੇ ਆਪਸੀ ਅਸਹਿਮਤੀ ਤੇ ਅਸਹਿਯੋਗ ਪੈਦਾ ਹੁੰਦਾ ਹੈ। ਇਸ ਨਾਲ ਉਸ ਅੰਦਰ ਸਹਿਣਸ਼ੀਲਤਾ ਦੀ ਕਮੀ ਆਉਣ ਕਰਕੇ ਕ੍ਰੋਧ ਵਧਣ ਲੱਗਦਾ ਹੈ। ਕਈ ਵਾਰ ਉਹੀ ਕ੍ਰੋਧ ਚੰਡਾਲ ਦਾ ਰੂਪ ਧਾਰਨ ਕਰ ਕੇ ਆਪਣੇ ਹੀ ਪਰਿਵਾਰ ਲਈ ਨੁਕਸਾਨਦੇਅ ਬਣ ਜਾਂਦਾ ਹੈ।

ਅੱਜ ਦਾ ਮਨੁੱਖ ਆਪਣੀ ਅਤੇ ਆਪਣੇ ਪਰਿਵਾਰ ਦੀ ਖੁਸ਼ੀ ਨੂੰ ਆਪਸ ਵਿੱਚ ਖੁੱਲ੍ਹ ਕੇ ਮਨਾਉਣ ਦੀ ਥਾਂ ਦੂਜਿਆਂ ਨੂੰ ਦਿਖਾਵੇ ਲਈ ਢੋਂਗ ਕਰਦਾ ਵੱਧ ਨਜ਼ਰ ਆਉਂਦਾ ਹੈ। ਅੱਜ ਦੀ ਜ਼ਿੰਦਗੀ ਵਿੱਚ ਰੰਗੀਨ ਮੌਕਿਆਂ ਨੂੰ ਵਧਾਉਣਾ ਮਨੁੱਖ ਲਈ ਉਸ ਦੇ ਪਰਿਵਾਰ ਦੀ ਖੁਸ਼ੀ ਨਾਲ਼ੋਂ ਵੱਧ ਦੂਜਿਆਂ ਦੀ ਨਕਲ ਕਰਨਾ ਜਾਂ ਦਿਖਾਵਾ ਕਰਨ ਦਾ ਰਿਵਾਜ਼ ਬਣ ਗਿਆ ਹੈ ਜਿਸ ਨਾਲ ਉਹ ਵੱਡੇ ਵੱਡੇ ਕਰਜ਼ਿਆਂ ਦੇ ਬੋਝ ਥੱਲੇ ਦੱਬਿਆ ਹਰ ਸਮੇਂ ਮਾਨਸਿਕ ਤਣਾਓ ਵਿੱਚ ਅੰਦਰੋਂ ਅੰਦਰ ਖ਼ਤਮ ਹੋ ਰਿਹਾ ਹੁੰਦਾ ਹੈ।ਉਹੀ ਪ੍ਰੇਸ਼ਾਨੀ ਉਸ ਅੰਦਰ ਕ੍ਰੋਧ ਅਤੇ ਖਿੱਝੂਪਣ ਪੈਦਾ ਕਰਕੇ ਘਰ ਵਿੱਚ ਤਣਾਅ ਪੂਰਨ ਸਥਿਤੀ ਉਤਪੰਨ ਕਰਦੀ ਹੈ।

ਇਸ ਨਾਲ ਸਾਰੇ ਪਰਿਵਾਰ ਵਿੱਚ ਅਸੰਜਮਤਾ ਅਤੇ ਅਸਹਿਣਸ਼ੀਲਤਾ ਪੈਦਾ ਹੋਣ ਕਰਕੇ ਪਰਿਵਾਰ ਵਿੱਚ ਘਰੇਲੂ ਹਿੰਸਾ ਦਾ ਵਾਤਾਵਰਨ ਸਿਰਜਿਆ ਜਾਂਦਾ ਹੈ। ਸਾਡੇ ਸਮਾਜ ਵਿੱਚ ਹਸਦੇ ਵਸਦੇ ਪਰਿਵਾਰਾਂ ਨੂੰ ਘੁਣ ਵਾਂਗ ਲੱਗੀ ਘਰੇਲੂ ਹਿੰਸਾ ਦੀ ਬੀਮਾਰੀ ਤੋਂ ਬਚਣ ਲਈ ਸਹਿਣਸ਼ੀਲਤਾ, ਆਪਸੀ ਵਿਚਾਰਕ ਸਾਂਝ, ਸਹਿਯੋਗ ਦੇ ਨਾਲ ਨਾਲ ਸਦਾਚਾਰਕ ਕਦਰਾਂ ਕੀਮਤਾਂ ਦੇ ਧਾਰਨੀ ਬਣਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।ਜੇ ਜ਼ਿੰਦਗੀ ਦਾ ਸਹੀ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਸਦਾਚਾਰਕ ਜੀਵਨ ਜੀਊਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਵੱਡਾ ਅਨੰਦ ਹੋਰ ਕੋਈ ਨਹੀਂ ਹੋ ਸਕਦਾ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਨੀਵਰਸਿਟੀ ਕਾਲਜ ਫੱਤੂਢੀਗਾ ਲੜਕੀਆਂ ਦੇ ਬੀ ਏ ਭਾਗ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ
Next articleਯੂ.ਬੀ.ਸੀ. ਵੈਨਕੂਵਰ ਵੱਲੋਂ ਸ਼ਾਇਰ ਮੋਹਨ ਗਿੱਲ ਦਾ ਹਰਜੀਤ ਕੌਰ ਸਿੱਧੂ ਐਵਾਰਡ ਨਾਲ ਸਨਮਾਨ