(ਸਮਾਜ ਵੀਕਲੀ)
ਸੁਰਜੀਤ ਸਿੰਘ ਤੇ ਭੁਪਿੰਦਰ ਕੌਰ ਦੇ ਵਿਆਹ ਨੂੰ ਕਈ ਵਰ੍ਹੇ ਲੰਘ ਗਏ ਸਨ ਪਰ ਉਹਨਾਂ ਦੇ ਘਰ ਦਾ ਵਿਹੜਾ ਬੱਚਿਆਂ ਦੀ ਰੌਣਕ ਤੋਂ ਸੱਖਣਾ ਹੀ ਸੀ। ਪਹਿਲਾਂ ਪਹਿਲ ਤਾਂ ਦੋਵੇਂ ਜੀਆਂ ਨੇ ਡਾਕਟਰਾਂ ਦੇ ਬਹੁਤ ਧੱਕੇ ਖਾਧੇ, ਕੋਈ ਨੁਕਸ ਨਹੀਂ ਸੀ, ਕਈ ਜਗ੍ਹਾ ਇਲਾਜ ਕਰਵਾਉਣ ਦੇ ਬਾਵਜੂਦ ਵੀ ਉਹ ਇਸ ਖ਼ੁਸ਼ੀ ਤੋਂ ਵਾਂਝੇ ਰਹਿ ਗਏ ਸਨ। ਕਿਸੇ ਨੇ ਕਿਹਾ ਕਿ ਉਹ ਬੱਚਾ ਗੋਦ ਲੈ ਲੈਣ ਤਾਂ ਉਹਨਾਂ ਦੀ ਜ਼ਿੰਦਗੀ ਵਿਚਲਾ ਖ਼ਾਲੀਪਣ ਭਰ ਜਾਵੇਗਾ। ਉਹਨਾਂ ਨੇ ਇੱਕ ਨਵਜੰਮਿਆ ਬੱਚਾ ਗੋਦ ਲੈ ਲਿਆ,ਪਰ ਆਂਢ ਗੁਆਂਢ ਕਿਸੇ ਨੂੰ ਨਾ ਦੱਸਿਆ ਕਿ ਉਹਨਾਂ ਨੇ ਕਿਸ ਰਿਸ਼ਤੇਦਾਰ ਜਾਂ ਹਸਪਤਾਲ ਵਿੱਚੋਂ ਲਿਆ ਸੀ ਤਾਂ ਜੋ ਬੱਚੇ ਦੇ ਵੱਡੇ ਹੋਣ ਤੇ ਕੋਈ ਉਸ ਨੂੰ ਅਸਲੀਅਤ ਦੱਸ ਕੇ ਉਹਨਾਂ ਤੋਂ ਦੂਰ ਨਾ ਕਰ ਦੇਵੇ। ਘਰ ਵਿੱਚ ਰੌਣਕ ਲੱਗ ਗਈ। ਹਜੇ ਸਾਰਿਆਂ ਦੀਆਂ ਵਧਾਈਆਂ ਵੀ ਪੂਰੀਆਂ ਨਹੀਂ ਹੋਈਆਂ ਸਨ ਕਿ ਬੱਚਾ ਚਹੁੰ ਕੁ ਮਹੀਨਿਆਂ ਦਾ ਹੋ ਕੇ ਐਸਾ ਬੀਮਾਰ ਹੋਇਆ ਕਿ ਠੀਕ ਹੀ ਨਾ ਹੋਇਆ। ਉਹਨਾਂ ਨੇ ਇਲਾਜ ਕਰਵਾਉਣ ਵਿੱਚ ਕੋਈ ਕਸਰ ਨਾ ਛੱਡੀ ਪਰ ਮਹੀਨਾ ਕੁ ਹਸਪਤਾਲ ਵਿੱਚ ਭਰਤੀ ਰਿਹਾ ਤੇ ਆਪਣਾ ਕੋਈ ਪਿਛਲਾ ਲੇਖਾ ਜੋਖਾ ਕਰਕੇ ਉਹ ਰੱਬ ਨੂੰ ਪਿਆਰਾ ਹੋ ਗਿਆ। ਉਹਨਾਂ ਦਾ ਦਿਲ ਢਹਿ ਢੇਰੀ ਹੋ ਗਿਆ।
ਕਦੇ ਡਾਕਟਰੀ ਇਲਾਜ ਤੇ ਕਦੇ ਪਾਂਧਿਆਂ ਪਾਂਡਿਆਂ ਨੂੰ ਪੁੱਛ ਕੇ ਥੱਕ ਗਏ ਸਨ। ਦੂਜੀ ਵਾਰ ਬੱਚਾ ਗੋਦ ਲੈਣ ਤੇ ਵੀ ਉਹਨਾਂ ਨਾਲ ਇਸ ਤਰ੍ਹਾਂ ਹੀ ਹੋਇਆ। ਘਰ ਐਨਾ ਸੋਹਣਾ ਕਿ ਜਿਹੜੇ ਸਮਿਆਂ ਵਿੱਚ ਲੋਕਾਂ ਦੇ ਸੀਮੈਂਟ ਵਾਲੇ ਪੱਕੇ ਫਰਸ਼ ਲਗਵਾਉਣਾ ਹੀ ਵੱਡੀ ਗੱਲ ਹੁੰਦੀ ਸੀ,ਉਸ ਸਮੇਂ ਵਿੱਚ ਚਿਪਸ ਦੇ ਫ਼ਰਸ਼ ਲੱਗੇ ਹੋਏ ਸਨ।ਘਰ ਵਿੱਚ ਵੜਦਿਆਂ ਹੀ ਹਲਕੀ ਹਲਕੀ ਭਿੰਨੀ ਭਿੰਨੀ ਮਹਿਕ ਆਉਣੀ, ਪੈਸੇ ਦੀ ਕੋਈ ਕਮੀ ਨਹੀਂ ਸੀ ਪਰ ਕਮੀ ਸੀ ਤਾਂ ਉਹ ਕਿ ਬੱਚੇ ਦੀਆਂ ਕਿਲਕਾਰੀਆਂ ਦੀ। ਫਿਰ ਇੱਕ ਗੁਆਂਢਣ ਨੇ ਆਖਿਆ ਕਿ ਉਹ ਕਿਸੇ ਰਿਸ਼ਤੇਦਾਰੀ ਵਿੱਚੋਂ ਬੱਚੇ ਨੂੰ ਗੋਦ ਲੈ ਲੈਣ, ਆਪਣੇ ਆਪ ਨੂੰ ਮੰਮੀ ਡੈਡੀ ਕਹਾਉਣ ਦੀ ਥਾਂ ਜੋ ਰਿਸ਼ਤਾ ਹੋਵੇ ਉਹੀ ਅਖਵਾਉਣ ਤਾਂ ਕੀ ਪਤਾ ਪਰਮਾਤਮਾ ਖ਼ੁਸ਼ੀ ਬਣਾਈ ਰੱਖੇ ਤੇ ਵਿਹੜੇ ਵਿੱਚ ਰੌਣਕ ਹੋ ਜਾਵੇ। ਉਸੇ ਤਰ੍ਹਾਂ ਹੋਇਆ। ਸੁਰਜੀਤ ਸਿੰਘ ਦੀ ਭੈਣ ਦੀ ਛੋਟੀ ਧੀ ਜੋਤੀ ਸਾਰਿਆਂ ਦੀ ਸਹਿਮਤੀ ਨਾਲ ਗੋਦ ਲੈ ਲਈ।
ਸੁਰਜੀਤ ਤੇ ਭੁਪਿੰਦਰ ਜੋਤੀ ਦਾ ਪਾਲਣ ਪੋਸ਼ਣ ਬਹੁਤ ਸੋਹਣੇ ਢੰਗ ਨਾਲ ਕਰਨ ਲੱਗੇ।ਜੋਤੀ ਵੀ ਮਾਮਾ ਮਾਮੀ ਕੋਲ਼ ਆ ਕੇ ਬਹੁਤ ਖੁਸ਼ ਸੀ। ਉਸ ਨੂੰ ਅੰਗਰੇਜ਼ੀ ਸਕੂਲ ਵਿੱਚ ਪੜ੍ਹਨ ਲਾਇਆ ਗਿਆ। ਉਸ ਦੇ ਸਕੂਲ ਜਾਣ ਅਤੇ ਆਉਣ ਲਈ ਛੱਤ ਵਾਲ਼ਾ ਰਿਕਸ਼ਾ ਲਗਾਇਆ ਗਿਆ ਸੀ।ਉਸ ਦਾ ਬਸਤਾ ਵੀ ਰਿਕਸ਼ੇ ਵਾਲ਼ਾ ਆਪ ਹੀ ਚੁੱਕ ਕੇ ਰੱਖਦਾ ਤੇ ਲਾਹ ਕੇ ਅੰਦਰ ਰੱਖਦਾ। ਮਤਲਬ ਕਿ ਜੋਤੀ ਦਾ ਪਾਲਣ ਪੋਸ਼ਣ ਵਧੀਆ ਤੋਂ ਵਧੀਆ ਢੰਗ ਨਾਲ ਕੀਤਾ ਜਾਣ ਲੱਗਾ। ਜੋਤੀ ਆਪਣੇ ਮਾਮਾ ਮਾਮੀ ਨੂੰ ਬਹੁਤ ਪਿਆਰ ਕਰਦੀ ਸੀ । ਜਿਵੇਂ ਜਿਵੇਂ ਜੋਤੀ ਵੱਡੀ ਹੋਈ ਉਸ ਨੂੰ ਉਸ ਤਰ੍ਹਾਂ ਦੀ ਹੀ ਸੁੱਖ ਸਹੂਲਤ ਦਾ ਪ੍ਰਬੰਧ ਕੀਤਾ ਜਾਂਦਾ। ਕੁੜੀਆਂ ਦੇ ਜਵਾਨ ਹੁੰਦਿਆਂ ਦੇਰ ਨਹੀਂ ਲੱਗਦੀ,ਜੋਤੀ ਵੀ ਦਸਵੀਂ ਪਾਸ ਕਰਕੇ ਕਾਲਜ ਵਿੱਚ ਲੱਗ ਗਈ ਸੀ।
ਜੋਤੀ ਕਾਲਜ ਨੂੰ ਸਾਈਕਲ ਤੇ ਜਾਂਦੀ।ਉਹ ਪਤਲੀ ਜਿਹੀ,ਗੋਰੀ ਐਨੀ ਕਿ ਹੱਥ ਲਾਇਆਂ ਮੈਲ਼ੀ ਹੋਵੇ,ਹਰ ਤਰ੍ਹਾਂ ਦਾ ਪਹਿਰਾਵਾ ਉਸ ਦੇ ਫੱਬਦਾ। ਜਦ ਕੋਈ ਵੀ ਕੁੜੀ ਜਵਾਨ ਹੁੰਦੀ ਹੈ ਤਾਂ ਉਸ ਤੇ ਚਰਿੱਤਰ ਦੀ ਪਰਖ਼ ਕਰਨ ਵਾਲੇ ਤੇ ਉਸ ਨੂੰ ਫੁਸਲਾਉਣ ਵਾਲੇ ਵੀ ਅੱਖਾਂ ਟੱਡੀ ਬੈਠੇ ਹੁੰਦੇ ਹਨ। ਮੁਹੱਲੇ ਵਿੱਚ ਹੀ ਇੱਕ ਕਿਰਾਏ ਦੇ ਕਮਰੇ ਵਿੱਚ ਰਹਿਣ ਵਾਲਾ ਜੋਤੀ ਦਾ ਪਿੱਛਾ ਕਰਨ ਲੱਗਿਆ। ਅਕਸਰ ਜੋਤੀ ਦੇ ਕਾਲਜ ਜਾਣ ਅਤੇ ਆਉਣ ਸਮੇਂ ਉਹ ਉਹ ਦੇ ਅੱਗੜ ਪਿੱਛੜ ਆਉਂਦਾ ਜਾਂਦਾ ਆਮ ਹੀ ਦੇਖਿਆ ਜਾਣ ਲੱਗਾ। ਹੌਲ਼ੀ ਹੌਲ਼ੀ ਲੋਕ ਜੋਤੀ ਦੀਆਂ ਉਸ ਮੁੰਡੇ ਨਾਲ਼ ਗੱਲਾਂ ਬਣਾਉਣ ਲੱਗੇ।ਪਰ ਕਿੱਥੇ ਜੋਤੀ ਤੇ ਕਿੱਥੇ ਉਹ ਪੱਕੀ ਉਮਰ ਦਾ ਮੁੰਡਾ , ਕਿਸੇ ਗੱਲੋਂ ਵੀ ਉਹ ਜੋਤੀ ਦੇ ਕਾਬਿਲ ਨਹੀਂ ਸੀ। ਉਡਦੀ ਉਡਦੀ ਗੱਲ ਕਿਸੇ ਨੇ ਜੋਤੀ ਦੇ ਮਾਮਾ ਮਾਮੀ ਦੇ ਕੰਨੀਂ ਵੀ ਪਾ ਦਿੱਤੀ। ਬੱਸ ਅਗਲੇ ਦਿਨ ਤੋਂ ਹੀ ਜੋਤੀ ਦਾ ਕਾਲਜ ਜਾਣਾ ਬੰਦ ਹੋ ਗਿਆ। ਸੁਰਜੀਤ ਸਿੰਘ ਨੇ ਆਪਣੀ ਭੈਣ ਨੂੰ ਬੁਲਾ ਕੇ ਸਾਰੀ ਗੱਲ ਦੱਸੀ ਤਾਂ ਉਹ ਆਪਣੀ ਧੀ ਦੀ ਬੀ ਏ ਪੜ੍ਹਾਈ ਵਿੱਚੇ ਛੁਡਵਾ ਕੇ ਆਪਣੇ ਕੋਲ ਵਾਪਸ ਲੈ ਗਈ।
ਛੇ ਕੁ ਮਹੀਨਿਆਂ ਬਾਅਦ ਜੋਤੀ ਦੇ ਮਾਪਿਆਂ ਨੇ ਮੁੰਡਾ ਲੱਭ ਕੇ ਉਸ ਦਾ ਵਿਆਹ ਕਰ ਦਿੱਤਾ। ਮਾਮਾ ਮਾਮੀ ਉਸ ਦੇ ਵਿਆਹ ਦੇ ਸੱਦਾ ਪੱਤਰ ਦੀ ਉਡੀਕ ਕਰ ਰਹੇ ਸਨ।ਮਾਮੀ ਨੇ ਚਾਅ ਨਾਲ ਦਾਜ ਬਣਾ ਕੇ ਰੱਖਿਆ ਹੋਇਆ ਸੀ ਪਰ ਜੋਤੀ ਦੇ ਮਾਂ ਬਾਪ ਨੇ ਉਹਨਾਂ ਨੂੰ ਵਿਆਹ ਤੇ ਨਾ ਬੁਲਾਇਆ। ਵਿਆਹ ਵਾਲੇ ਦਿਨ ਸੁਰਜੀਤ ਸਿੰਘ ਤੇ ਭੁਪਿੰਦਰ ਕੌਰ ਆਪਸ ਵਿੱਚ ਬੈਠੇ ਆਪਣੀ ਕੀਤੀ ਹੋਈ ਛੋਟੀ ਜਿਹੀ ਗਲਤੀ ਤੇ ਪਛਤਾ ਰਹੇ ਸਨ। ਭੁਪਿੰਦਰ ਕੌਰ ਆਪਣੇ ਪਤੀ ਨੂੰ ਆਖਦੀ ਹੈ,”ਨਿਆਣੀ ਉਮਰੇ ਅਕਸਰ ਗ਼ਲਤੀਆਂ ਤਾਂ ਹੁੰਦੀਆਂ ਰਹਿੰਦੀਆਂ ਹਨ…. ਪਰ ਆਪਾਂ ਨੂੰ ਬੀਬੀ ਨੂੰ ਬੁਲਾ ਕੇ ਜੋਤੀ ਦੀ ਗ਼ਲਤੀ ਬਾਰੇ ਨਹੀਂ ਦੱਸਣਾ ਚਾਹੀਦਾ ਸੀ……. ਜੇ ਆਪਣੀ ਧੀ ਹੁੰਦੀ ਤਾਂ ਆਪਾਂ ਕੀਹਦੇ ਕੋਲ ਸ਼ਿਕਾਇਤ ਕਰਦੇ…..?
…… ਆਪਣੀ ਨੂੰ ਵੀ ਤਾਂ ਸਮਝਾਉਂਦੇ ਈ….. ਤੁਸੀਂ ਮੰਨੋ ਜਾਂ ਨਾ ਮੰਨੋ ਗਲਤੀ ਤਾਂ ਆਪਣੀ ਐ…… ਨਹੀਂ ਤਾਂ ਜਿੰਨੇ ਚਾਅ ਨਾਲ ਆਪਾਂ ਨੇ ਜੋਤੀ ਨੂੰ ਪਾਲਿਆ ਸੀ……ਓਨੇ ਚਾਅ ਨਾਲ ਹੀ ਐਥੋਂ ਓਹਦੀ ਡੋਲੀ ਟੋਰਦੇ……..ਆਹ ਐਨਾ ਦਾਜ ਦਹੇਜ ਜੋ ਮੈਂ ਬਣਾਇਆ…….!” ਕਹਿੰਦੀ ਕਹਿੰਦੀ ਦੇ ਗਲੇਡੂ ਭਰ ਆਏ ਤੇ ਉਹ ਚੁੱਪ ਹੋ ਗਈ। ਸੁਰਜੀਤ ਸਿੰਘ ਨੇ ਵੀ ਹਲਕੇ ਜਿਹੇ ਸਿਰ ਹਿਲਾਕੇ ਆਪਣੇ ਵੱਲੋਂ ਹੋਈ ਉਸ ਛੋਟੀ ਜਿਹੀ ਭੁੱਲ ਬਾਰੇ ਉਸ ਨਾਲ਼ ਸਹਿਮਤੀ ਪ੍ਰਗਟਾਈ ਤੇ ਉਸ ਦਾ ਵੀ ਮਨ ਭਰ ਆਇਆ ਤੇ ਆਪਣੇ ਸੁੰਨੇਪਣ ਬਾਰੇ ਸੋਚਦਾ ਹੈ ਏਹੁ ਹੀ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly