ਏਹੁ ਹਮਾਰਾ ਜੀਵਣਾ ਹੈ -251

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਪ੍ਰੀਤਮ ਕੌਰ ਦੇ ਵੱਡੇ ਮੁੰਡੇ ਸੀਤੇ ਦੇ ਵਿਆਹ ਨੂੰ ਦਸ ਕੁ ਵਰ੍ਹੇ ਹੋਏ ਸਨ ਕਿ ਉਸ ਦੀ ਘਰਵਾਲ਼ੀ ਪਿੱਛੇ ਦੋ ਜਵਾਕਾਂ ਨੂੰ ਛੱਡ ਕੇ ਰੱਬ ਨੂੰ ਪਿਆਰੀ ਹੋ ਗਈ ਸੀ।ਮੁੰਡਾ ਅੱਠ ਕੁ ਵਰ੍ਹਿਆਂ ਦਾ ਸੀ ਤੇ ਕੁੜੀ ਛੇ ਕੁ ਸਾਲ ਦੀ ਸੀ। ਇਸ ਉਮਰੇ ਜ਼ਨਾਨੀ ਬਿਨਾਂ ਬੰਦੇ ਦਾ ਘਰ ਰੁਲ਼ ਜਾਂਦਾ ਹੈ,ਉਹ ਜਵਾਕਾਂ ਨੂੰ ਵੇਖੇ ਜਾਂ ਕਮਾਈ ਕਰੇ। ਪ੍ਰੀਤਮ ਕੌਰ ਵੀ ਸਿਆਣੀ ਹੋ ਗਈ ਸੀ ਜਿਸ ਕਰਕੇ ਉਸ ਦੇ ਹੱਡ ਗੋਡੇ ਵੀ ਐਨੀ ਧਗੇੜ ਨਹੀਂ ਝੱਲ ਸਕਦੇ ਸਨ। ਪਿੰਡ ਵਿੱਚੋਂ ਹੀ ਕਿਸੇ ਨੇ ਵਿਧਵਾ ਔਰਤ ਗੁਰਜੀਤੀ ਦਾ ਉਸ ਨੂੰ ਰਿਸ਼ਤਾ ਕਰਵਾ ਦਿੱਤਾ ਤੇ ਉਸ ਨੂੰ ਚੁੱਪ ਚਾਪ ਚੁੰਨੀ ਚੜ੍ਹਾ ਕੇ ਵਿਆਹ ਲਿਆਂਦਾ। ਉਸ ਦੇ ਵੀ ਦੋ ਬੱਚੇ ਇੱਕ ਕੁੜੀ ਤੇ ਇੱਕ ਮੁੰਡਾ ਸਨ। ਉਸ ਕੋਲ ਪਹਿਲੇ ਪਤੀ ਦਾ ਪੈਸਾ ਧੇਲਾ ਵੀ ਸੀ। ਪਰ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਟਿਕਣ ਨਹੀਂ ਦਿੱਤਾ ਸੀ।ਦੋ ਸਾਲ ਹੋ ਗਏ ਸਨ ਜਵਾਕਾਂ ਨੂੰ ਲੈ ਕੇ ਪੇਕੇ ਬੈਠੀ ਨੂੰ,ਹਾਰ ਕੇ ਉਸ ਦੇ ਭਰਾਵਾਂ ਨੇ ਸੋਚਿਆ ਕਦ ਤੱਕ ਤਿੰਨ ਜੀਆਂ ਨੂੰ ਇਸ ਤਰ੍ਹਾਂ ਬਠਾਈ ਰੱਖਣਗੇ, ਅਕਸਰ ਨੂੰ ਉਹਨਾਂ ਦੇ ਘਰ ਪਰਿਵਾਰ ਵੀ ਸਨ, ਉਹਨਾਂ ਦੀ ਕਬੀਲਦਾਰੀ ਵੀ ਸੀ ਜਿਸ ਕਰਕੇ ਉਹਨਾਂ ਨੇ ਇਸ ਦੇ ਮੁੜ ਵਸੇਬੇ ਬਾਰੇ ਸੋਚਿਆ ਸੀ।

ਗੁਰਜੀਤੀ ਨੇ ਆਉਂਦੀ ਨੇ ਹੀ ਬਹੁਤ ਸੋਹਣੇ ਤਰੀਕੇ ਨਾਲ ਘਰ ਨੂੰ ਸੰਭਾਲ ਲਿਆ ਸੀ। ਉਸ ਨੇ ਪਹਿਲੇ ਦਿਨ ਤੋਂ ਹੀ ਜਵਾਕਾਂ ਨਾਲ਼ ਮੋਹ ਪਾ ਲਿਆ ਸੀ। ਚਾਰੇ ਜਵਾਕ ਇੱਕੋ ਸਕੂਲ ਵਿੱਚ ਪੜ੍ਹਦੇ ਸਨ। ਉਸ ਨੇ ਕਦੇ ਵੀ ਜਵਾਕਾਂ ਵਿੱਚ ਭੇਦ ਭਾਵ ਨਹੀਂ ਰੱਖਿਆ ਸੀ। ਸਾਰਿਆਂ ਦਾ ਖਾਣ ਪਹਿਨਣ ਦਾ ਇੱਕੋ ਜਿਹਾ ਖ਼ਿਆਲ ਰੱਖਦੀ। ਕਈ ਵਾਰ ਤਾਂ ਉਹ ਸੀਤੇ ਦੇ ਬੱਚਿਆਂ ਦੀ ਕੋਈ ਗ਼ਲਤੀ ਨੂੰ ਦੇਖ਼ ਕੇ ਵੀ ਅਣਦੇਖਿਆ ਕਰ ਦਿੰਦੀ ਪਰ ਸੀਤੇ ਅਤੇ ਉਸ ਦੀ ਮਾਂ ਪ੍ਰੀਤਮ ਕੌਰ ਨੇ ਗੁਰਜੀਤੀ ਦੇ ਬੱਚਿਆਂ ਨੂੰ ਦਿਲੋਂ ਨਹੀਂ ਅਪਣਾਇਆ ਸੀ। ਉਹ ਉਹਨਾਂ ਨੂੰ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਗ਼ਲਤੀਆਂ ਤੇ ਵੀ ਬਹੁਤ ਡਾਂਟ ਦਿੰਦੇ। ਬੱਚੇ ਚਾਹੇ ਛੋਟੇ ਸਨ ਪਰ ਸਮਝਦੇ ਜ਼ਰੂਰ ਸਨ ਕਿ ਉਨ੍ਹਾਂ ਦਾ ਪਿਓ ਤੇ ਦਾਦੀ ਉਹਨਾਂ ਨਾਲ਼ ਵਿਤਕਰਾ ਕਰਦੇ ਹਨ।

ਸੀਤੇ ਨੇ ਆਪਣੇ ਮੁੰਡੇ ਨੂੰ ਬਾਰਵੀਂ ਜਮਾਤ ਪਾਸ ਕਰਵਾ ਕੇ ਵਿਦੇਸ਼ ਭੇਜ ਦਿੱਤਾ ਤੇ ਗੁਰਜੀਤੀ ਦੇ ਮੁੰਡੇ ਨੂੰ ਬਾਰਵੀਂ ਕਰਵਾ ਹਟਾ ਲਿਆ ਤੇ ਉਸ ਨੂੰ ਕੋਈ ਕੰਮ ਕਾਰ ਕਰਨ ਲਈ ਆਖਦਾ।ਮੁੰਡਾ ਵਿਚਾਰਾ ਕੋਈ ਛੋਟੀ ਮੋਟੀ ਨੌਕਰੀ ਕਦੇ ਕਿਤੇ ਕਰਦਾ ਤੇ ਕਦੇ ਕਿਤੇ ਪਰ ਕੋਈ ਕੰਮ ਠੀਕ ਨਾ ਬੈਠਦਾ। ਕੋਈ ਤਨਖਾਹ ਘੱਟ ਦਿੰਦੇ ਤੇ ਕੋਈ ਉਸ ਤੋਂ ਕੰਮ ਬਹੁਤ ਲੈਂਦੇ। ਦੋਵੇਂ ਕੁੜੀਆਂ ਵੀ ਜੁਆਨ ਹੋ ਗਈਆਂ ਸਨ। ਕਿਸੇ ਨੇ ਦੂਰ ਹਰਿਆਣੇ ਵੱਲ ਕਿਸੇ ਮੁੰਡੇ ਦੀ ਦੱਸ ਪਾਈ ਤਾਂ ਉਸ ਨੇ ਫਟਾਫਟ ਗੁਰਜੀਤੀ ਦੀ ਕੁੜੀ ਦਾ ਰਿਸ਼ਤਾ ਕਰ ਦਿੱਤਾ। ਵਿਆਹ ਤੇ ਪੈਸਾ ਵੀ ਗੁਰਜੀਤੀ ਤੋਂ ਹੀ ਲਵਾਇਆ। ਹੁਣ ਗੁਰਜੀਤੀ ਕੋਲ਼ ਆਪਣੇ ਹੱਥ ਵਿੱਚ ਪੈਸੇ ਧੇਲਾ ਨਹੀਂ ਰਿਹਾ ਸੀ। ਸੀਤੇ ਨੇ ਆਪਣੀ ਕੁੜੀ ਨੇੜੇ ਹੀ ਵਿਆਹੀ ਤੇ ਹਰ ਦਿਨ ਤਿਉਹਾਰ ਤੇ ਉਸ ਨੂੰ ਮਿਲਣ ਜਾਂਦਾ ਤੇ ਉਹ ਵੀ ਆ ਕੇ ਕਈ ਕਈ ਦਿਨ ਰਹਿ ਜਾਂਦੀ।

ਗੁਰਜੀਤੀ ਨੂੰ ਸੀਤੇ ਅਤੇ ਉਸ ਦੀ ਮਾਂ ਵੱਲੋਂ ਆਪਣੇ ਨਾਲ ਅਤੇ ਆਪਣੇ ਬੱਚਿਆਂ ਨਾਲ ਇਸ ਤਰ੍ਹਾਂ ਦਾ ਮਤਰੇਆ ਵਤੀਰਾ ਕਰਦਿਆਂ ਵੇਖ ਕੇ ਬਹੁਤ ਦੁੱਖ ਹੁੰਦਾ। ਇੱਕ ਵਾਰ ਗੁਰਜੀਤੀ ਦੀ ਕੁੜੀ ਹਰਿਆਣੇ ਤੋਂ ਮਾਂ ਨੂੰ ਮਿਲਣ ਆਈ ਤਾਂ ਪ੍ਰਾਹੁਣਾ ਉਸ ਨੂੰ ਮਾਂ ਕੋਲ ਦੋ ਚਾਰ ਦਿਨ ਰਹਿਣ ਲਈ ਛੱਡ ਗਿਆ। ਸੀਤੇ ਅਤੇ ਉਸ ਦੀ ਮਾਂ ਨੇ ਗੁਰਜੀਤੀ ਨਾਲ ਐਨਾ ਕਲੇਸ਼ ਕੀਤਾ ਕਿ ਕੁੜੀ ਨੂੰ ਸੀਤੇ ਨੇ ਐਥੋਂ ਤੱਕ ਕਹਿ ਦਿੱਤਾ ਕਿ ਜੇ ਅੱਗੇ ਤੋਂ ਐਥੇ ਆਈ ਤਾਂ ਤੇਰੀਆਂ ਲੱਤਾਂ ਵੱਢ ਦਿਆਂਗਾ। ਕੁੜੀ ਨੇ ਆਪਣੇ ਘਰਵਾਲ਼ੇ ਨੂੰ ਫ਼ੋਨ ਕਰਕੇ ਲਿਜਾਣ ਲਈ ਆਖਿਆ ਤੇ ਪ੍ਰਾਹੁਣਾ ਆ ਕੇ ਲੈ ਗਿਆ,ਮੁੜ ਕੇ ਕੁੜੀ ਨੇ ਕਦੇ ਨਾ ਪੈਰ ਪਾਇਆ। ਉਸ ਦਾ ਪਤੀ ਅਤੇ ਸਹੁਰੇ ਪਰਿਵਾਰ ਵਾਲ਼ੇ ਆਰਥਿਕ ਪੱਖੋਂ ਤੇ ਸੁਭਾਅ ਪੱਖੋਂ ਵੀ ਬਹੁਤ ਚੰਗੇ ਸਨ। ਤਿੰਨ ਸਾਲ ਬਾਅਦ ਦਾਦੀ ਮਰੀ ਤੇ ਉਸ ਦੇ ਭੋਗ ਵਾਲ਼ੇ ਦਿਨ ਹੀ ਆਈ ਤੇ ਉਸੇ ਦਿਨ ਵਾਪਸ ਚਲੀ ਗਈ।

ਸੀਤੇ ਨੇ ਆਪਣੇ ਵੱਲੋਂ ਤਾਂ ਆਪਣੀ ਕੁੜੀ ਚੰਗੀ ਜ਼ਮੀਨ ਵਾਲ਼ਿਆਂ ਦੇ ਅਮੀਰ ਘਰ ਵਿਆਹੀ ਸੀ। ਪਰ ਆਪਣਾ ਜਵਾਈ ਨਸ਼ੜੀ ਨਿਕਲ਼ ਗਿਆ ਸੀ ਤੇ ਉਸ ਦੀ ਧੀ ਨੂੰ ਵੀ ਔਖਾ ਹੀ ਰੱਖਦਾ ਸੀ। ਅੱਧੀ ਜ਼ਮੀਨ ਤਾਂ ਕੁਝ ਕੁ ਸਾਲਾਂ ਵਿੱਚ ਹੀ ਵੇਚ ਕੇ ਖਾ ਗਿਆ ਸੀ। ਓਧਰ ਗੁਰਜੀਤੀ ਦਾ ਜਵਾਈ ਬਹੁਤ ਮਿਹਨਤੀ ਤੇ ਸੂਝਵਾਨ ਮੁੰਡਾ ਸੀ।ਉਹ ਉਸ ਦੀ ਕੁੜੀ ਨੂੰ ਹਰ ਗੱਲੋਂ ਖ਼ੁਸ਼ ਰੱਖਦਾ ਸੀ। ਜਦੋਂ ਤੋਂ ਉਹ ਭੋਗ ਤੇ ਆ ਕੇ ਗਏ ਸਨ, ਉਹਨਾਂ ਨੇ ਮਾਂ ਦੀ ਹਾਲਤ ਦੇਖ ਲਈ ਸੀ ਕਿ ਉਸ ਨੂੰ ਬੀਮਾਰ ਹੋਣ ਤੇ ਵੀ ਸੀਤੇ ਨੇ ਕਦੇ ਦਵਾਈ ਨਹੀਂ ਲੈ ਕੇ ਦਿੱਤੀ ਸੀ,ਉਸ ਦੀ ਮਾਂ ਦਾ ਸਾਰਾ ਪੈਸਾ ਵੀ ਹੜੱਪ ਕਰ ਗਿਆ ਸੀ,ਆਪਣਾ ਮੁੰਡਾ ਵੀ ਵਿਦੇਸ਼ ਵਿੱਚ ਸੈੱਟ ਕਰ ਦਿੱਤਾ ਸੀ ,ਇਹੋ ਜਿਹੇ ਹਾਲਾਤ ਤਾਂ ਗੁਰਜੀਤੀ ਦੀ ਕੁੜੀ ਬਚਪਨ ਤੋਂ ਹੀ ਦੇਖਦੀ ਆ ਰਹੀ ਸੀ ਪਰ ਪ੍ਰਾਹੁਣੇ ਨੂੰ ਹੁਣ ਪਤਾ ਲੱਗਿਆ ਸੀ।

ਗੁਰਜੀਤੀ ਦੇ ਜਵਾਈ ਨੇ ਆਪਣੀ ਮਿਹਨਤ ਸਦਕਾ ਦੋ ਤਿੰਨ ਘਰ ਬਣਾਏ ਹੋਏ ਸਨ। ਮਾਰਕੀਟ ਵਿੱਚ ਕਈ ਦੁਕਾਨਾਂ ਬਣਾ ਕੇ ਕਿਰਾਏ ਤੇ ਦਿੱਤੀਆਂ ਹੋਈਆਂ ਸਨ। ਉਸ ਨੇ ਆਪਣੀ ਸੱਸ ਗੁਰਜੀਤੀ ਅਤੇ ਸਾਲੇ ਨੂੰ ਆਪਣੇ ਕੋਲ ਹੀ ਬੁਲਾ ਲਿਆ ਤੇ ਇੱਕ ਘਰ ਉਹਨਾਂ ਨੂੰ ਰਹਿਣ ਲਈ ਦੇ ਦਿੱਤਾ। ਆਪਣੇ ਸਾਲੇ ਨੂੰ ਕੱਪੜੇ ਦੀ ਛੋਟੀ ਜਿਹੀ ਦੁਕਾਨ ਖੋਲ੍ਹ ਦਿੱਤੀ ਸੀ। ਰੱਬ ਦੀ ਕਿਰਪਾ ਨਾਲ ਅਤੇ ਮੁੰਡੇ ਦੀ ਅਣਥੱਕ ਮਿਹਨਤ ਸਦਕਾ ਉਸ ਦਾ ਦੋ ਤਿੰਨ ਸਾਲਾਂ ਵਿੱਚ ਹੀ ਕੰਮ ਬਹੁਤ ਚੜ੍ਹ ਗਿਆ ਸੀ। ਪਹਿਲਾਂ ਪਹਿਲ ਉਹ ਆਪਣੇ ਭਣੋਈਏ ਨੂੰ ਉਸ ਦੀ ਦੁਕਾਨ ਅਤੇ ਮਕਾਨ ਦਾ ਕਿਰਾਇਆ ਵੀ ਦਿੰਦਾ ਕਿਉਂ ਕਿ ਉਹਨਾਂ ਲਈ ਤਾਂ ਸੀਤੇ ਦੁਆਰਾ ਦਿੱਤੀ ਉਹਨਾਂ ਨੂੰ ਨਰਕ ਭਰੀ ਜ਼ਿੰਦਗੀ ਤੋਂ ਬਾਹਰ ਕੱਢਣਾ ਹੀ ਬਹੁਤ ਵੱਡੀ ਗੱਲ ਸੀ। ਪੰਜ ਛੇ ਸਾਲ ਬਾਅਦ ਤੱਕ ਸ਼ਹਿਰ ਵਿੱਚ ਉਸ ਦਾ ਵੱਡਾ ਸ਼ੋਅ ਰੂਮ ਬਣ ਗਿਆ ਸੀ ਤੇ ਇੱਕ ਘਰ ਵੀ ਖਰੀਦ ਲਿਆ ਸੀ। ਉਸ ਨੇ ਵਿਆਹ ਕਰਵਾ ਕੇ ਘਰ ਵਸਾ ਲਿਆ ਸੀ ਪਰ ਉਹਨਾਂ ਨੇ ਮੁੜ ਕੇ ਕਦੇ ਸੀਤੇ ਦੇ ਘਰ ਵੱਲ ਨੂੰ ਮੂੰਹ ਨਾ ਕੀਤਾ।

ਓਧਰ ਸੀਤੇ ਨੇ ਵੀ ਕਦੇ ਉਹਨਾਂ ਦੀ ਸਾਰ ਨਹੀਂ ਲਈ ਸੀ,ਉਸ ਨੇ ਤਾਂ ਉਦੋਂ ਸ਼ੁਕਰ ਮਨਾਇਆ ਸੀ ਕਿ ਮਲਾਮਤ ਗਲੋਂ ਲੱਥੀ। ਉਸ ਨੂੰ ਡਰ ਸੀ ਕਿ ਕਿਤੇ ਉਹਨਾਂ ਨੂੰ ਘਰ ਜਾਂ ਜ਼ਮੀਨ ਵਿੱਚੋਂ ਹਿੱਸਾ ਨਾ ਦੇਣਾ ਪੈ ਜਾਏ। ਬੰਦਾ ਤਾਂ ਸੌ ਲਾਲਚ ਮਨ ਵਿੱਚ ਪਾਲ਼ ਕੇ ਦੂਜਿਆਂ ਨਾਲ ਧੋਖੇ ਕਰਦਾ ਹੈ ਪਰ ਹੁੰਦਾ ਤਾਂ ਓਹੀ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਹੁੰਦਾ ਹੈ। ਗੁਰਜੀਤੀ ਦੀ ਉੱਥੇ ਆਪਣੀ ਗੁਆਂਢਣ ਨਾਲ਼ ਸਾਲ ਛੇ ਮਹੀਨੇ ਬਾਅਦ ਫੋਨ ਤੇ ਗੱਲ ਹੋ ਜਾਇਆ ਕਰਦੀ ਸੀ ਕਿਉਂਕਿ ਉਸ ਨੇ ਇਸ ਦੇ ਔਖਿਆਂ ਵੇਲਿਆਂ ਵਿੱਚ ਬਹੁਤ ਸਾਥ ਦਿੱਤਾ ਸੀ । ਇੱਕ ਦਿਨ ਗੁਆਂਢਣ ਦਾ ਫ਼ੋਨ ਆਇਆ ,” ਸੀਤੇ ਨੂੰ ਤਾਂ ਮੰਜਾ ਫੜੇ ਨੂੰ ਮਹੀਨਾ ਹੋ ਗਿਆ ਹੈ…….ਧੀ ਜਵਾਈ ਵੀ ਆਪਣਾ ਹਿੱਸਾ ਲੈ ਕੇ ਐਥੇ ਹੀ ਰਹਿੰਦੇ ਹਨ …..ਕਿਉਂ ਕਿ …..ਜਵਾਈ ਨੇ ਆਪਣੇ ਹਿੱਸੇ ਦੀ ਜ਼ਮੀਨ…… ਤੇ ਘਰ ….ਸਭ ਕੁਝ ਵੇਚ ਦਿੱਤਾ ਸੀ…. ਉਸ ਦੇ ਹੌਲ ਨਾਲ ਹੀ ਇਸ ਨੇ ਮੰਜਾ ਫੜ ਲਿਆ ਸੀ।ਗੁਰਜੀਤੀਏ….ਆ ਕੇ ਮਿਲ ਜਾਂਦੀ ਤੇ ਓਹਨੂੰ ਵੀ ਦੇਖ ਜਾਂਦੀ…..!”

ਗੁਰਜੀਤੀ ਨੇ ਇਸ ਗੱਲ ਦਾ ਕੋਈ ਖ਼ਾਸ ਹੁੰਗਾਰਾ ਨਹੀਂ ਭਰਿਆ….. ਤੇ ਆਖਿਆ,”ਹਾਂ ਭੈਣੇ…… ਤੈਨੂੰ ਮਿਲ਼ਣ ਨੂੰ ਬਹੁਤ ਦਿਲ ਕਰਦਾ ਹੈ…..ਪਰ ਮੇਰੇ ਪੋਤਾ ਤੇ ਪੋਤੀ ਬਹੁਤ ਛੋਟੇ ਹਨ……. ਵਹੁਟੀ ਨੂੰ ਤੇ ਘਰ ਬਾਰ ਛੱਡ ਕੇ ਜਾਣਾ ਹਜੇ ਬਹੁਤ ਔਖਾ ਹੈ……. ਕਿਸੇ ਦਿਨ ਤੂੰ ਈ ਐਥੇ ਆ ਕੇ ਮਿਲ਼ ਜਾ……।” ਉਸ ਨੂੰ ਗੁਰਜੀਤੀ ਦੀ ਚੁੱਪ ਵਿੱਚੋਂ ਉਸ ਦੀਆਂ ਗੁੱਝੀਆਂ ਪੀੜਾਂ ਸਮਝ ਆ ਗਈਆਂ ਸਨ ਜਿਹੜੀਆਂ ਉਸ ਨੇ ਅਤੇ ਉਸ ਦੇ ਬੱਚਿਆਂ ਨੇ ਸੀਤੇ ਨਾਲ਼ ਰਹਿ ਕੇ ਪਲ ਪਲ ਹੰਢਾਈਆਂ ਸਨ, ਸ਼ਾਇਦ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸਮੇਂ ਦੀ ਗੱਲ”
Next articleਸਤਿ ਬਚਨ