(ਸਮਾਜ ਵੀਕਲੀ)
ਜ਼ਮਾਨੇ ਦੇ ਬਦਲਣ ਨਾਲ ਰਿਸ਼ਤਿਆਂ ਵਿਚਲੀ ਪਾਕੀਜ਼ਗੀ ਵਿੱਚ ਬਹੁਤ ਤੇਜ਼ੀ ਨਾਲ ਗਿਰਾਵਟ ਆਈ ਹੈ। ਇੱਕ ਜਾਂ ਦੋ ਪੀੜ੍ਹੀਆਂ ਪਿੱਛੇ ਝਾਤੀ ਮਾਰੀਏ ਤਾਂ ਲੋਕਾਂ ਅੰਦਰ ਵਸਤੂਆਂ ਨਾਲੋਂ ਵੱਧ ਰਿਸ਼ਤਿਆਂ ਦੀ ਖਿੱਚ ਅਤੇ ਕਦਰ ਹੁੰਦੀ ਸੀ। ਜਦੋਂ ਦਾ ਮਨੁੱਖ ਪਦਾਰਥਵਾਦੀ ਫ਼ਲਸਫ਼ੇ ਨਾਲ ਅੱਗੇ ਵਧਣ ਲੱਗਿਆ ਹੈ, ਉਦੋਂ ਤੋਂ ਜ਼ਿੰਦਗੀ ਵਿੱਚ ਰਿਸ਼ਤਿਆਂ ਦੀ ਅਹਿਮੀਅਤ ਘਟ ਗਈ ਹੈ ਅਤੇ ਆਪਣੇ ਆਲੇ ਦੁਆਲੇ ਵਸਤਾਂ ਇਕੱਠੀਆਂ ਕਰਨ ਦੀ ਜ਼ਿਆਦਾ ਹੋੜ ਲੱਗ ਗਈ ਹੈ। ਪਦਾਰਥਕ ਸੋਚ ਤੋਂ ਵੀ ਵੱਧ ਮਨੁੱਖੀ ਰਿਸ਼ਤਿਆਂ ਦਾ ਘਾਣ ਕਰਨ ਵਾਲੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਉਹ ਹੈ ਵਿਸ਼ਵੀਕਰਨ। ਵਿਸ਼ਵੀਕਰਨ ਹੋਣ ਕਰਕੇ ਜਿੱਥੇ ਇੱਕ ਪਾਸੇ ਤਰੱਕੀ ਦੇ ਰਾਹ ਖੁੱਲ੍ਹ ਰਹੇ ਹਨ, ਉੱਥੇ ਦੂਜੇ ਪਾਸੇ ਸਾਡੇ ਦੇਸ਼ ਦੇ ਵਿਰਸੇ, ਮਨੁੱਖੀ ਸੋਚ, ਜੀਵਨਸ਼ੈਲੀ ਅਤੇ ਰਿਸ਼ਤਿਆਂ ਵਿਚਲੀ ਸਾਂਝ ਉੱਪਰ ਗਹਿਰੀ ਸੱਟ ਵੱਜ ਰਹੀ ਹੈ ਖਾਸ ਕਰਕੇ ਸਾਡੇ ਪੰਜਾਬੀ ਸੱਭਿਆਚਾਰ ਉੱਪਰ ਇਸ ਦਾ ਗਹਿਰਾ ਪ੍ਰਭਾਵ ਪੈ ਰਿਹਾ ਹੈ।
ਇੱਕ ਸਮਾਂ ਇਹੋ ਜਿਹਾ ਵੀ ਸੀ ਜਦੋਂ ਵਿਆਹ ਕਰਕੇ ਬਣਾਏ ਗਏ ਰਿਸ਼ਤੇ ਦੋ ਧਿਰਾਂ ਨੂੰ ਸਤਿਕਾਰ ਸਹਿਤ ਜੋੜ ਕੇ ਦੋਵੇਂ ਖ਼ਾਨਦਾਨਾਂ ਵਿੱਚ ਜਿੱਥੇ ਇੱਕ ਰੰਗਲਾ ਮਾਹੌਲ ਪੈਦਾ ਕਰਦੇ ਸਨ, ਉੱਥੇ ਆਲੇ ਦੁਆਲੇ ਵਿੱਚ ਵੀ ਖ਼ੁਸ਼ੀਆਂ ਭਰਿਆ ਮਾਹੌਲ ਸਿਰਜਦੇ ਸਨ। ਜੋ ਕਾਫ਼ੀ ਸਮੇਂ ਤੱਕ ਯਾਦਾਂ ਦਾ ਹਿੱਸਾ ਬਣ ਕੇ ਘਰਾਂ ਅੰਦਰ ਖ਼ੁਸ਼ੀਆਂ ਪੈਦਾ ਕਰਦਾ ਰਹਿੰਦਾ ਸੀ। ਜਦੋਂ ਇੱਕ ਵਿਆਹ ਦੀਆਂ ਯਾਦਾਂ ਥੋੜ੍ਹੀਆਂ ਜਿਹੀਆਂ ਫਿੱਕੀਆਂ ਪੈਣ ਲੱਗਦੀਆਂ, ਉਦੋਂ ਤੱਕ ਖਾਨਦਾਨ ਦੇ ਕਿਸੇ ਹੋਰ ਛੋਟੇ ਕੁੜੀ ਜਾਂ ਮੁੰਡੇ ਦਾ ਵਿਆਹ ਆ ਜਾਣਾ। ਇਸ ਤਰ੍ਹਾਂ ਜ਼ਿੰਦਗੀ ਨੂੰ ਜਿਊਣ ਲਈ ਰੰਗਲੇ ਮੌਕੇ ਮਿਲਦੇ ਜਾਂਦੇ ਤੇ ਪਰਿਵਾਰਾਂ ਵਿੱਚ ਖ਼ੁਸ਼ੀਆਂ ਦੀ ਲੜੀ ਜੁੜਦੀ ਜਾਂਦੀ।ਹੁਣ ਸਮਾਂ ਬਦਲ ਰਿਹਾ ਹੈ। ਸਾਡੀਆਂ ਖ਼ੁਸ਼ੀਆਂ ਦੇ ਟਿਕਾਣੇ ਵਿਦੇਸ਼ਾਂ ਵਿੱਚ ਜਾ ਵਸੇ ਹਨ।
ਸਾਡੇ ਸੱਭਿਆਚਾਰ ਦੀ ਰੀੜ੍ਹ ਦੀ ਹੱਡੀ ਨੂੰ ਸੋਸ਼ਲ ਮੀਡੀਆ ਦਾ ਕੀੜਾ ਲੱਗਣ ਲੱਗ ਪਿਆ ਹੈ ਜੋ ਇਸ ਨੂੰ ਦਿਨ-ਬ-ਦਿਨ ਖੋਖਲਾ ਕਰਦਾ ਤੁਰਿਆ ਜਾਂਦਾ ਹੈ। ਇਸ ਰਾਹੀਂ ਪਿਆਰ ਦੀਆਂ ਪੀਂਘਾਂ ਚੜ੍ਹਾਈਆਂ ਜਾਂਦੀਆਂ ਹਨ, ਉਹ ਦੋ ਪਿਆਰ ਕਰਨ ਵਾਲਿਆਂ ਵਿੱਚੋਂ ਇੱਕ ਇੱਥੇ ਤੇ ਦੂਜਾ ਵਿਦੇਸ਼ ਵਿੱਚ ਹੁੰਦਾ ਹੈ। ਦੋਵੇਂ ਪਾਸੇ ਇੱਕ ਮਤਲਬੀ ਵਿਚਾਰਧਾਰਾ ਕੰਮ ਕਰ ਰਹੀ ਹੁੰਦੀ ਹੈ। ਵਿਦੇਸ਼ ਵਾਲੇ ਨੂੰ ਫੀਸਾਂ ਭਰਨ ਲਈ ਪੈਸੇ ਦੀ ਲੋੜ ਤੇ ਇੱਥੇ ਵਾਲੇ ਨੂੰ ਬਾਹਰ ਨਿਕਲਣ ਦਾ ਰਸਤਾ। ਦੋਹਾਂ ਪਾਸੇ ਸਵਾਰਥ ਭਾਰੂ ਹੁੰਦਾ ਹੈ। ਜਿਸ ਦਾ ਸਵਾਰਥ ਪਹਿਲਾਂ ਨਿਕਲ ਗਿਆ, ਉਹ ਜੇਤੂ ਰਹਿੰਦਾ ਹੈ, ਉਹ ਇਸ ਖੋਖਲੀ ਵਿਚਾਰਧਾਰਾ ਦੀ ਨੀਂਹ ’ਤੇ ਉਸਾਰੇ ਰਿਸ਼ਤੇ ਨੂੰ ਲੱਤ ਮਾਰ ਕੇ ਅਗਾਂਹ ਤੁਰਦਾ ਹੈ। ਦੂਜੀ ਧਿਰ ਰੋਂਦੀ ਪਿੱਟਦੀ ਸਰਕਾਰੇ ਦਰਬਾਰੇ ਇਨਸਾਫ਼ ਲਈ ਪਹੁੰਚ ਕਰਦੀ ਤੁਰੀ ਫਿਰਦੀ ਹੈ।ਵਿਆਹ ਵਾਲੇ ਰਿਸ਼ਤਿਆਂ ਵਿੱਚ ਪੰਜਾਬੀ ਸਮਾਜ ਵਿੱਚ ਮੁੰਡੇ ਨੂੰ ਬਾਹਰ ਭੇਜਣ ਲਈ ਬੋਲੀ ਲੱਗਣ ਲੱਗ ਪਈ ਹੈ।
ਕੁੜੀ ਆਈਲੈਟਸ ਪਾਸ ਲੱਭੀ ਜਾਂਦੀ ਹੈ ਜਿਸ ਵਿੱਚ ਕੁੜੀ ਨੂੰ ਬਾਹਰ ਭੇਜਣ, ਉਸ ਦੀ ਵਿਦੇਸ਼ ਦੀ ਪੜ੍ਹਾਈ ਦਾ ਖ਼ਰਚਾ ਮੁੰਡੇ ਵਾਲਿਆਂ ਵੱਲੋਂ ਕਰਨ ਦਾ ਸਮਝੌਤਾ ਕੀਤਾ ਜਾਂਦਾ ਹੈ। ਇਹ ਮੁੰਡੇ ਵਾਲਿਆਂ ਦੀ ਕਿਸਮਤ ’ਤੇ ਨਿਰਭਰ ਕਰਦਾ ਹੈ ਕਿ ਉਹ ਕੁੜੀ ਖ਼ਰਚਾ ਕਰਵਾ ਕੇ ਮੁੰਡੇ ਨੂੰ ਆਪਣੇ ਕੋਲ ਬੁਲਾਉਂਦੀ ਹੈ ਜਾਂ ਸਾਰਿਆਂ ਨੂੰ ਉੱਲੂ ਬਣਾ ਕੇ ਤਿੱਤਰ ਹੋ ਜਾਂਦੀ ਹੈ। ਅੱਜਕੱਲ੍ਹ ਤੀਜੀ ਕਿਸਮ ਦੇ ਵਿਆਹ ਹੋ ਰਹੇ ਹਨ ਜਿਸ ਵਿੱਚ ਕੁੜੀ ਵਾਲਿਆਂ ਨੇ ਕੁੜੀ ਨੂੰ ਪੜ੍ਹਾ ਦਿੱਤਾ ਹੁੰਦਾ ਹੈ, ਮੁੰਡੇ ਵਾਲਿਆਂ ਨੇ ਵਿਆਹ ਦਾ ਖ਼ਰਚਾ, ਕੁੜੀ ਨੂੰ ਆਈਲੈਟਸ ਕਰਵਾਉਣ ਦਾ ਖ਼ਰਚ ਤੇ ਬਾਹਰ ਭੇਜਣ ਦੀ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ।ਇਹੋ ਜਿਹੀਆਂ ਸਵਾਰਥ ਦੀਆਂ ਨੀਹਾਂ ’ਤੇ ਖੜ੍ਹੇ ਰਿਸ਼ਤਿਆਂ ਦੀ ਬੁਨਿਆਦ ਕੀ ਹੋ ਸਕਦੀ ਹੈ? ਪਹਿਲਾਂ ਸਾਡੇ ਵਿਰਸੇ ਦਾ ਘਾਣ ਹੋਇਆ, ਹੁਣ ਸਾਡੇ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ। ਕੀ ਗੱਲ, ਮੁੰਡੇ ਆਈਲੈਟਸ ਕਿਉਂ ਨਹੀਂ ਕਰ ਸਕਦੇ? ਉਹ ਬਾਹਰ ਨਿਕਲਣ ਲਈ ਕੁੜੀਆਂ ਦਾ ਸਹਾਰਾ ਹੀ ਕਿਉਂ ਲੱਭਦੇ ਹਨ?
ਮੰਨਿਆ ਕਿ ਸਾਡੇ ਦੇਸ਼ ਵਿੱਚ ਰੁਜ਼ਗਾਰ ਦੇ ਮੌਕੇ ਘੱਟ ਹੋਣ ਕਰਕੇ ਨੌਜਵਾਨਾਂ ਨੇ ਵਿਦੇਸ਼ਾਂ ਵੱਲ ਨੂੰ ਰੁਖ਼ ਕੀਤਾ ਹੈ, ਪਰ ਇਹ ‘ਵਿਆਹ ਸੱਭਿਆਚਾਰ’ ਸਾਡੀ ਨੌਜਵਾਨ ਪੀੜ੍ਹੀ ਨੂੰ ਕਿਹੜੇ ਨਰਕ ਵੱਲ ਧਕੇਲ ਰਿਹਾ ਹੈ? ਇਸ ਵਿੱਚ ਇਕੱਲੇ ਮੁੰਡੇ- ਕੁੜੀਆਂ ਹੀ ਜ਼ਿੰਮੇਵਾਰ ਨਹੀਂ ਹਨ ਬਲਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਤੋਂ ਵੱਧ ਕਸੂਰਵਾਰ ਹਨ। ਕਈ ਵਾਰ ਤਾਂ ਆਂਢ ਗੁਆਂਢ ਵੀ ਨਾਲਦਿਆਂ ਦੇ ਵਿਹੜੇ ਵਿੱਚ ਛਮ ਛਮ ਕਰਦੀ ਕੋਈ ਨਵੀਂ ਨਵੇਲੀ ਵਿਆਹੀ ਕੁੜੀ ਦੇਖ ਕੇ ਜਾਂ ਉਸ ਘਰੋਂ ਮੂੰਹ ਮਿੱਠਾ ਕਰਵਾਉਣ ਦੀ ਰਵਾਇਤ ਅਨੁਸਾਰ ਚਾਰ ਲੱਡੂ ਆਉਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਗੁਆਂਢੀਆਂ ਨੇ ਮੁੰਡਾ ਬਾਹਰਲੀ ਕੁੜੀ ਨਾਲ ਵਿਆਹ ਲਿਆ ਹੈ। ਇਸ ਨੂੰ ਕੀ ਆਖੀਏ ਕਿ ਸਮਾਂ ਬਦਲ ਰਿਹਾ ਹੈ ਜਾਂ ਪੰਜਾਬੀ ਅਮੀਰ ਵਿਰਸੇ ਦੇ ਪਾਕ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ। ਸਾਡੇ ਇਸ ਬਦਲ ਰਹੇ ਵਿਆਹ ਸੱਭਿਆਚਾਰ ਨੂੰ ਛੇਤੀ ਸੰਭਾਲਣ ਦੀ ਲੋੜ ਹੈ ਕਿਉਂਕਿ ਆਪਣੇ ਸਮਾਜ ਨੂੰ ਸੇਧ ਦੇਣ ਲਈ ਯਤਨਸ਼ੀਲ ਰਹਿਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly