(ਸਮਾਜ ਵੀਕਲੀ)
ਪੰਜਾਬ ਵਿੱਚ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਜ਼ਿਮੀਂਦਾਰਾਂ ਦੀਆਂ ਪੱਕੀਆਂ ਫ਼ਸਲਾਂ ਆਏਂ ਸਿਰ ਸੁੱਟੀਂ ਪਈਆਂ ਹੁੰਦੀਆਂ ਹਨ ਜਿਵੇਂ ਯੁੱਧ ਦੇ ਮੈਦਾਨ ਵਿੱਚ ਇੱਕ ਦੁਸ਼ਮਣ ਫੌਜਾਂ ਵੱਲੋਂ ਵਿਰੋਧੀ ਫੌਜਾਂ ਦੇ ਆਹੂ ਲਾਹ ਕੇ ਸੁੱਟ ਦਿੱਤੇ ਹੋਣ। ਕਿਸਾਨਾਂ ਦੀਆਂ ਪੁੱਤਾਂ ਵਾਂਗ ਪਾਲੀਆਂ ਫਸਲਾਂ ਐਨ ਸਿਖ਼ਰ ਜੋਬਨ ਤੇ ਪਹੁੰਚ ਕੇ ਕੁਦਰਤੀ ਆਫ਼ਤਾਂ ਦੀਆਂ ਸ਼ਿਕਾਰ ਹੋ ਜਾਂਦੀਆਂ ਹਨ। ਖੇਤੀਬਾੜੀ ਕਰਨ ਵਾਲੇ ਕਿਸਾਨ ਕੋਲ ਆਪਣੀ ਐਨੀ ਜ਼ਮੀਨ ਨਹੀਂ ਹੁੰਦੀ ਜਿੰਨੀ ਉਸ ਨੇ ਠੇਕੇ ਤੇ ਲੈ ਕੇ ਵਾਹੀ ਕੀਤੀ ਹੁੰਦੀ ਹੈ। ਜ਼ਮੀਨ ਦਾ ਠੇਕਾ ,ਬੀਜ, ਦਵਾਈਆਂ, ਸਪਰੇਆਂ, ਬਿਜਲੀ, ਟਰੈਕਟਰਾਂ ਟਰਾਲੀਆਂ ਅਤੇ ਹੋਰ ਸੰਦਾਂ ਅਤੇ ਡੀਜ਼ਲ, ਮੋਟਰਾਂ, ਦਿਹਾੜੀਦਾਰਾਂ ਦੇ ਖਰਚੇ ਤਾਂ ਉਸ ਨੇ ਕਰਨੇ ਹੀ ਹੁੰਦੇ ਹਨ।ਇਹ ਸਾਰੇ ਖ਼ਰਚਿਆਂ ਵਿੱਚੋਂ ਕੁਝ ਕੁ ਪਹਿਲਾਂ ਕੀਤੇ ਹੁੰਦੇ ਹਨ ਅਤੇ ਕੁਝ ਕੁ ਉਧਾਰ ਫ਼ੜ ਕੇ ਕੀਤੇ ਹੁੰਦੇ ਹਨ , ਸੰਦਾਂ ਦੀਆਂ ਕਿਸ਼ਤਾਂ ਉਤਾਰਨੀਆਂ ਹੁੰਦੀਆਂ ਹਨ,ਕੁਝ ਖਰਚੇ ਬਾਅਦ ਵਿੱਚ ਕਰਨੇ ਹੁੰਦੇ ਹਨ।
ਫ਼ਸਲ ਦੀ ਕਟਾਈ,ਉਸ ਨੂੰ ਵੇਚਣ ਲਈ ਮੰਡੀਆਂ ਵਿੱਚ ਸਹੀ ਭਾਅ ਲੈਣ ਲਈ ਜੱਦੋਜਹਿਦ ਕਰਨੀ, ਧੱਕੇ ਖਾਣੇ, ਆਪਣੀ ਪੁੱਤਾਂ ਵਰਗੀ ਫਸਲ ਦਾ ਮੁੱਲ ਪਵਾਉਣ ਲਈ ਅਫ਼ਸਰਾਂ ਦੇ ਮਿੰਨਤਾਂ ਤਰਲੇ ਕਰਨੇ ਉਸ ਤੋਂ ਵੀ ਵੱਧ ਬਿਜਾਈ ਲਈ ਜ਼ਮੀਨ ਵਾਹੁਣ ਤੋਂ ਲੈਕੇ ਕਟਾਈ ਕਰਕੇ ਫ਼ਸਲ ਦੀ ਸਾਂਭ ਸੰਭਾਲ ਤੇ ਉਸ ਤੋਂ ਬਾਅਦ ਅਗਲੀ ਫ਼ਸਲ ਲਈ ਜ਼ਮੀਨ ਵਾਹ ਕੇ ਤਿਆਰ ਕਰਨ ਤੱਕ, ਫਿਰ ਜਦ ਮੁੱਲ ਪਾਉਣ ਦਾ ਸਮਾਂ ਆਉਂਦਾ ਹੈ ਤਾਂ ਆਹ ਕੁਦਰਤੀ ਆਪਦਾਵਾਂ ਦੀ ਭੇਂਟ ਆਪਣੀ ਮਿਹਨਤ ਅਤੇ ਪੈਸਾ ਰੁੜ੍ਹਦਾ ਦੇਖਣਾ,ਇਹ ਕਿਸਾਨ ਦੇ ਹਿੱਸੇ ਹੀ ਆਇਆ ਹੈ। ਜਿੰਨੀ ਮਿਹਨਤ ਕਿਸਾਨਾਂ ਨੇ ਕੀਤੀ ਹੁੰਦੀ ਹੈ ਸ਼ਾਇਦ ਕਿਸੇ ਹੋਰ ਕਿੱਤਾਕਾਰਾਂ ਨੂੰ ਨਹੀਂ ਕਰਨੀ ਪੈਂਦੀ। ਚਲੋ ਜੇ ਕਰਨੀ ਵੀ ਪੈਂਦੀ ਹੈ ਤਾਂ ਉਹਨਾਂ ਨੂੰ ਉਸ ਦੀ ਵਸੂਲੀ ਸਮੇਂ ਸਿਰ ਮਿਲ਼ ਕੇ ਪੈਸਾ ਹੱਥ ਵਿੱਚ ਆ ਜਾਂਦਾ ਹੈ।
ਕਿਸਾਨ ਦੋਵੇਂ ਹੱਥਾਂ ਨਾਲ ਪੈਸਾ ਖੇਤਾਂ ਵਿੱਚ ਵਿਛਾ ਕੇ ਉਸ ਨੂੰ ਉੱਗਦਾ ਵੇਖ ਰਹੇ ਹੁੰਦੇ ਹਨ,ਜਦ ਇਸ ਤਰ੍ਹਾਂ ਹਾੜੀ ਸਾਉਣੀ ਦੀਆਂ ਪੱਕੀਆਂ ਫ਼ਸਲਾਂ ਹੜਾਂ ਸੋਕਿਆਂ ਨਾਲ ਮਰ ਜਾਂਦੀਆਂ ਹਨ ਤਾਂ ਉਸ ਤੋਂ ਪੁੱਛ ਕੇ ਦੇਖੋ ਜਿਸ ਨੇ ਆਪਣਾ ਦਿਨ ਰਾਤ ਇੱਕ ਕਰਕੇ ਸਾਡਾ ਪੇਟ ਪਾਲਣ ਲਈ ਆਪਣਾ ਤਨ ਮਨ ਧਨ ਦਾਅ ਤੇ ਲਾਇਆ ਹੁੰਦਾ ਹੈ,ਉਹ ਸਭ ਕੁਝ ਉਜੜ ਜਾਂਦਾ ਹੈ,ਬਾਕੀ ਦੇ ਖਰਚੇ ਕਰਜ਼ੇ ਲੈ ਲੈ ਕੇ ਲਾਹੁੰਦਾ ਹੈ, ਇਸ ਤਰ੍ਹਾਂ ਅਗਲੀ ਫ਼ਸਲ ਤੱਕ ਕਰਜ਼ੇ ਉੱਪਰ ਵਿਆਜ ਚੜ੍ਹ ਚੜ੍ਹ ਕੇ ਦੁੱਗਣਾ ਹੋ ਜਾਂਦਾ ਹੈ, ਫਿਰ ਉਹਨਾਂ ਦੇ ਪੱਲੇ ਕਰਜ਼ਾ ਜਾਂ ਖ਼ੁਦਕੁਸ਼ੀਆਂ ਰਹਿ ਜਾਂਦੀਆਂ ਹਨ। ਉਹ ਵੀ ਮਿਹਨਤ ਮਜ਼ਦੂਰੀ ਜਾਂ ਹੋਰ ਕਾਰੋਬਾਰ ਕਰਕੇ ਸ਼ਹਿਰੀ ਲੋਕਾਂ ਵਾਂਗ ਆਪਣੀ ਗੁਜ਼ਰ ਬਸਰ ਸੁਧਾਰ ਸਕਦਾ ਹੈ।ਪਰ ਸੋਚੋ ਜੇ ਕਿਸਾਨ ਮਜ਼ਦੂਰ ਜ਼ਮੀਨਾਂ ਵਿੱਚ ਫ਼ਸਲਾਂ ਉਗਾਉਣੀਆਂ ਬੰਦ ਕਰ ਦੇਣਗੇ ਤਾਂ ਕਿਸਾਨ ਨੂੰ ਅੰਨਦਾਤਾ ਕਹਿਣ ਤੋਂ ਨਕਾਰਨ ਵਾਲੇ ਲੋਕਾਂ ਦੇ ਡਾਈਨਿੰਗ ਟੇਬਲਾਂ ਤੇ ਲੱਗੇ ਖਾਣਿਆਂ ਦੀ ਕੀਮਤ ਐਨੀ ਵਧ ਜਾਏਗੀ ਕਿ ਉਸ ਦਾ ਸਵਾਦ ਬਹੁਤ ਕੌੜਾ ਹੋ ਜਾਵੇਗਾ ਜੋ ਉਹਨਾਂ ਨੂੰ ਸੰਘੀ ਤੋਂ ਹੇਠਾਂ ਉਤਾਰਨ ਲਈ ਬਹੁਤ ਕੁਝ ਸੋਚਣਾ ਪਵੇਗਾ।
ਕਿਸਾਨਾਂ ਜਿੰਨੀ ਮਿਹਨਤ ਸ਼ਾਇਦ ਹੀ ਕਿਸੇ ਹੋਰ ਕਿੱਤੇ ਵਿੱਚ ਕਰਨੀ ਪੈਂਦੀ ਹੋਵੇ,ਪਰ ਹਰ ਕਿਸੇ ਨੂੰ ਸਮੇਂ ਸਿਰ ਮਾਲਕ ਤੋਂ ਮਿਹਨਤਾਨਾ ਦੇਰ ਸਵੇਰ ਨਾਲ਼ ਮਿਲ ਹੀ ਜਾਂਦਾ ਹੈ , ਨਹੀਂ ਤਾਂ ਹੜਤਾਲਾਂ ਕਰਕੇ ਲੈ ਲਿਆ ਜਾਂਦਾ ਹੈ ਪਰ ਇਹ ਕਿਸਾਨ ਕੁਦਰਤ ਦੀ ਮਰਜ਼ੀ ਅੱਗੇ ਕਿਹੜੀਆਂ ਹੜਤਾਲਾਂ ਕਰੇ? ਜਿਹੜੇ ਲੋਕ ਕਿਰਸਾਣ ਪਰਿਵਾਰਾਂ ਨੂੰ ਨੇੜਿਓਂ ਜਾਣਦੇ ਹਨ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਹ ਕਿੰਨਾ ਸਾਦਾ ਜੀਵਨ ਬਤੀਤ ਕਰਦੇ ਹਨ। ਸਾਰੀ ਦੁਨੀਆਂ ਲਈ ਤਰ੍ਹਾਂ ਤਰ੍ਹਾਂ ਦੀਆਂ ਫ਼ਸਲਾਂ ਪੈਦਾ ਕਰਨ ਵਾਲੇ ਕਿਸਾਨ ਦੀਆਂ ਥਾਲੀਆਂ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਨਹੀਂ ਹੁੰਦੇ। ਕਿਸਾਨ ਦੇ ਪੱਲੇ ਉਸ ਦੀ ਸਖ਼ਤ ਮੁਸ਼ੱਕਤ, ਥਾਲ਼ੀ ਵਿੱਚ ਦਾਲ਼ ਰੋਟੀ, ਜ਼ੁਬਾਨ ਤੇ ਪਰਮਾਤਮਾ ਦਾ ਸ਼ੁਕਰਾਨਾ ਤੇ ਦਿਲ ਵਿੱਚ ਸਬਰ ਹੁੰਦਾ ਹੈ।
ਦੋਵੇਂ ਹੱਥਾਂ ਨਾਲ ਖੇਤਾਂ ਵਿੱਚ ਪੂੰਜੀ ਨੂੰ ਵਿਛਾ ਕੇ ਕੁਦਰਤ ਦੀ ਕਰੋਪੀ ਨਾਲ ਰੁੜ੍ਹਦਿਆਂ ਵੇਖਣ ਵਾਲੇ ਕਿਸਾਨ ਦੇ ਵੀ ਬੱਚੇ ਹੁੰਦੇ ਹਨ, ਉਹਨਾਂ ਦੇ ਚਾਅ ਹੁੰਦੇ ਹਨ, ਉਹਨਾਂ ਦੀਆਂ ਜ਼ਰੂਰਤਾਂ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਭਵਿੱਖ ਹੁੰਦਾ ਹੈ। ਕਿਸੇ ਕਿਸਾਨ ਦੇ ਬੱਚਿਆਂ ਦੀਆਂ ਫ਼ੀਸਾਂ ਭਰਨ ਵਾਲੀਆਂ ਹੁੰਦੀਆਂ ਹਨ, ਕਿਸੇ ਨੇ ਆਪਣੇ ਬੱਚੇ ਨੂੰ ਕਾਲਜ ਵਿੱਚ ਦਾਖਲਾ ਦਿਵਾਉਣਾ ਹੁੰਦਾ ਹੈ, ਕਿਸੇ ਨੇ ਆਪਣੀ ਧੀ ਦਾ ਵਿਆਹ ਕਰਨਾ ਹੁੰਦਾ ਹੈ। ਪਤਾ ਨਹੀਂ ਕਿੰਨੀਆਂ ਧੀਆਂ ਦੇ ਸੁਫਨਿਆਂ ਵਿੱਚ ਆਪਣੇ ਵਿਆਹ ਲਈ ਲਾਈਆਂ ਰੀਝਾਂ ਅਧੂਰੀਆਂ ਮਰ ਜਾਂਦੀਆਂ ਹਨ। ਉਹਨਾਂ ਨੂੰ ਵੀ ਸਬਰ ਦਾ ਘੁੱਟ ਭਰਕੇ ਮਾਪਿਆਂ ਦੀਆਂ ਮਜ਼ਬੂਰੀਆਂ ਨਾਲ ਸਮਝੌਤੇ ਕਰਨੇ ਪੈਂਦੇ ਹਨ। ਕਿਸਾਨਾਂ ਦੀਆਂ ਬਰਬਾਦ ਹੋਈਆਂ ਫ਼ਸਲਾਂ ਨਾਲ਼ ਢਹਿ ਢੇਰੀ ਹੋਏ ਸੁਪਨਿਆਂ ਦੀ ਲਿਸਟ ਵੀ ਬਹੁਤ ਲੰਮੀ ਹੋ ਜਾਂਦੀ ਹੈ।
ਜਿਹੜੀ ਬਚੀ ਖੁਚੀ ਫ਼ਸਲ ਹੁੰਦੀ ਹੈ ਉਸ ਨੂੰ ਮੰਡੀਆਂ ਵਿੱਚ ਵੇਚਣ ਲਈ,ਸਹੀ ਮੁੱਲ ਲੈਣ ਲਈ ਰੁਲਣਾ ਪੈਂਦਾ ਹੈ, ਕਿੰਨੇ ਅਫ਼ਸਰਾਂ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਹਨ, ਕਿੰਨੇ ਕਿੰਨੇ ਦਿਨ ਅਤੇ ਰਾਤਾਂ ਨੂੰ ਫ਼ਸਲਾਂ ਦੀਆਂ ਰਾਖੀਆਂ ਕਰਨ ਲਈ ਰੁਲਣਾ ਪੈਂਦਾ ਹੈ। ਗੱਲ ਏਥੇ ਹੀ ਨਹੀਂ ਮੁੱਕਦੀ ਸਰਕਾਰਾਂ ਵੱਲੋਂ ਐਲਾਨੇ ਮੁਆਵਜਿਆਂ ਲਈ ਉਸ ਨੂੰ ਸਰਕਾਰੇ ਦਰਬਾਰੇ ਪਹੁੰਚ ਕਰਨੀ ਪੈਂਦੀ ਹੈ, ਭਿਖਾਰੀਆਂ ਵਾਂਗ ਹੱਥ ਅੱਡਣੇ ਪੈਂਦੇ ਹਨ,ਸਰਕਾਰੀ ਅਫਸਰਾਂ ਦੇ ਮਿੰਨਤਾਂ ਤਰਲੇ ਕਰਨੇ ਪੈਂਦੇ ਹਨ। ਪਰ ਜੋ ਵੀ ਥੋੜ੍ਹਾ ਬਹੁਤ ਹੱਥ ਪੱਲੇ ਪੈਂਦਾ ਹੈ ਉਹ ਉਸ ਦੁਆਰਾ ਕੀਤੀਆਂ ਮਿਹਨਤਾਂ ਦੇ ਮੁਕਾਬਲੇ ਬਹੁਤ ਘੱਟ ਹੁੰਦਾ ਹੈ ਜੋ ਸਰਕਾਰਾਂ ਦੁਆਰਾ ਕੀਤਾ ਹੋਇਆ ਉਸ ਦੇ ਸਿਰ ਉੱਤੇ ਬਹੁਤ ਵੱਡਾ ਅਹਿਸਾਨ ਹੁੰਦਾ ਹੈ। ਖੇਤਾਂ ਦਾ ਰਾਜਾ ਫ਼ਿਰ ਇੱਕ ਬੇਬਸ ਕਿਸਾਨ ਬਣ ਕੇ ਹੀ ਰਹਿ ਜਾਂਦਾ ਹੈ ਤੇ ਹਾਲਾਤਾਂ ਨਾਲ ਸਮਝੌਤਾ ਕਰਦਾ ਹੋਇਆ ਨਿੰਮੋਝੂਣਾ ਜਿਹਾ ਹੋ ਕਹੀ ਚੁੱਕੀਂ ਖੇਤਾਂ ਵੱਲ ਨੂੰ ਫ਼ਿਰ ਖ਼ੇਤਾਂ ਦਾ ਰਾਜਾ ਬਣਨ ਲਈ ਤੁਰ ਪੈਂਦਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly