(ਸਮਾਜ ਵੀਕਲੀ)
ਰਾਮ ਲਾਲ ਚੌਥੇ ਦਰਜੇ ਦਾ ਸਰਕਾਰੀ ਨੌਕਰ ਸੀ। ਉਹ ਉਦੋਂ ਹਜੇ ਅਠਾਰਾਂ ਕੁ ਸਾਲ ਦਾ ਸੀ ਜਦੋਂ ਉਸ ਦੇ ਪਿਓ ਨੇ ਆਪਣੇ ਮਹਿਕਮੇ ਵਿੱਚ ਹੀ ਅਫ਼ਸਰਾਂ ਨੂੰ ਕਹਿ ਸੁਣ ਕੇ ਉਸ ਨੂੰ ਵੀ ਪਹਿਲਾਂ ਕੱਚਿਆਂ ਵਿੱਚ ਰਖਵਾ ਦਿੱਤਾ ਸੀ ਤੇ ਫਿਰ ਉਹ ਦੋ ਕੁ ਸਾਲਾਂ ਵਿੱਚ ਹੀ ਪੱਕਾ ਹੋ ਗਿਆ ਸੀ। ਉਸ ਨੂੰ ਪਿਓ ਨੇ ਨੌਕਰੀ ਕਰਨ ਦੇ ਇਹੋ ਜਿਹੇ ਗੁਰ ਦੱਸੇ ਹਨ ਕਿ ਉਸ ਦੀ ਡਿਊਟੀ ਜਿਹੜੇ ਅਫ਼ਸਰ ਨਾਲ਼ ਲੱਗਦੀ,ਉਹ ਰਾਮ ਲਾਲ ਦਾ ਹੀ ਹੋ ਕੇ ਰਹਿ ਜਾਂਦਾ।
ਅਫ਼ਸਰਾਂ ਦੇ ਤਬਾਦਲੇ ਹੋ ਜਾਂਦੇ ਪਰ ਉਹ ਪਿਛਲੇ ਤੀਹ ਸਾਲਾਂ ਤੋਂ ਇੱਥੇ ਹੀ ਸਰਕਾਰੀ ਕੋਠੀ ਨੰਬਰ ਤਿੰਨ ਵਿੱਚ ਆਉਣ ਵਾਲੇ ਹਰੇਕ ਅਫ਼ਸਰ ਦਾ ਸਹਾਇਕ ਬਣ ਜਾਂਦਾ ਸੀ। ਇੱਕ ਦੋ ਵਾਰ ਬਦਲੀ ਦੇ ਆਰਡਰ ਆਏ ਸਨ ਪਰ ਸਭ ਨਾਲ਼ ਬਣੀ ਹੋਈ ਹੋਣ ਕਰਕੇ ਤੇ ਥੋੜ੍ਹਾ ਬਹੁਤ ਵੱਡੇ ਅਫ਼ਸਰਾਂ ਕੋਲ਼ ਘਰ ਦੀਆਂ ਮਜ਼ਬੂਰੀਆਂ ਤੇ ਗਰੀਬੀ ਦਾ ਰੋਣਾ ਰੋ ਕੇ ਬਦਲੀ ਰੁਕਵਾ ਲਈ ਸੀ।
ਰਜਿੰਦਰ ਸਿੰਘ ਵੀ ਦੂਜੇ ਸ਼ਹਿਰ ਤੋਂ ਬਦਲੀ ਹੋ ਕੇ ਆਪਣੇ ਪਰਿਵਾਰ ਸਮੇਤ ਇਸ ਸਰਕਾਰੀ ਬੰਗਲਾ ਨੰਬਰ ਤਿੰਨ ਵਿੱਚ ਆਏ ਨੂੰ ਹਜੇ ਮਹੀਨਾ ਵੀ ਨਹੀਂ ਸੀ ਹੋਇਆ। ਰਾਮ ਲਾਲ ਰਜਿੰਦਰ ਸਿੰਘ ਦੇ ਦਫ਼ਤਰੀ ਅਤੇ ਉਸ ਦੇ ਘਰ ਦੇ ਕੰਮ ਕਾਜ ਕਰਦਾ ਪੂਰੀ ਤਰ੍ਹਾਂ ਘੁਲ਼ ਮਿਲ ਗਿਆ ਸੀ। ਰਜਿੰਦਰ ਸਿੰਘ ਆਪਣੇ ਬੱਚਿਆਂ ਨਾਲ ਸਰਕਾਰੀ ਬੰਗਲੇ ਵਿੱਚ ਟਹਿਲਕਦਮੀ ਕਰਦਾ ਹੋਇਆ ਹੋਰ ਫੁੱਲ ਬੂਟੇ ਅਤੇ ਵਧੀਆ ਘਾਹ ਲਗਾਉਣ ਬਾਰੇ ਗੱਲ ਕਰਦਿਆਂ ਕਰਦਿਆਂ ਇੱਕ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਨਿਹਾਰ ਰਿਹਾ ਸੀ ਤੇ ਰਾਮ ਲਾਲ ਆਪਣੇ ਦੋਵੇਂ ਹੱਥ ਪਿੱਛੇ ਕਰਕੇ ਉਹਨਾਂ ਦੇ ਮਗਰੇ ਹੀ ਹੌਲ਼ੀ ਹੌਲ਼ੀ ਤੁਰਦਾ ਜਾ ਰਿਹਾ ਸੀ। “ਰਾਮ ਲਾਲ….!”
“ਹਾਂ ਜੀ ਸਾਹਬ”
“ਆਹ ਬੰਗਲੇ ਦੇ ਪਿੱਛੇ ਐਨੀ ਵੱਡੀ ਚੌਰਸ ਜਗ੍ਹਾ ਵਿੱਚ ਪਹਿਲਾਂ ਕੀ ਸੀ?
“ਸਾਹਬ ਜੀ, ਸਾਰੇ ਸਾਹਬ ਇਸ ਜਗ੍ਹਾ ਨੂੰ ਆਪਣੇ ਆਪਣੇ ਹਿਸਾਬ ਨਾਲ ਵਰਤ ਲੈਂਦੇ ਸਨ…… ਕੋਈ ਬੈਡਮਿੰਟਨ…… ਕੋਈ ਦਿਨ ਟੈਨਿਸ….. ਤੇ ਕੋਈ ਕੁਛ…. ਤੇ ਕੋਈ ਕੁਛ।”( ਥੋੜ੍ਹਾ ਜਿਹਾ ਰੁਕ ਕੇ ਰਾਮ ਲਾਲ ਫਿਰ ਬੋਲਿਆ) ਸਾਹਬ ਜੀ…… ਇਹਦੇ ਨਕਸ਼ੇ ਵਾਲ਼ੀ ਫਾਈਲ ….. ਆਪਣੇ ਕਲਰਕ ਕੋਲ਼ ਪਈ ਆ……. ਤੁਸੀਂ ਓਹਨੂੰ ਕਹਿ ਦਿਓ ……. ਮੈਂ ਸਵੇਰੇ ਈ ਕਢਵਾ ਲਿਆਵਾਂਗਾ।”
” ਅੱਛਾ…..! ਉਹਨੂੰ ਵੀ ਦੇਖ਼ ਲੈਂਦੇ ਆਂ ਸਵੇਰੇ।”
ਦਫ਼ਤਰ ਵਿੱਚ ਬੈਠੇ ਹੋਏ ਰਜਿੰਦਰ ਸਿੰਘ ਨੇ ਕਲਰਕ ਨੂੰ ਫਾਈਲ ਕੱਢਣ ਲਈ ਆਖਿਆ ਤੇ ਰਾਮਲਾਲ ਨੂੰ ਘਰ ਲਿਜਾਣ ਲਈ ਫ਼ੋਨ ਕਰ ਦਿੱਤਾ। ਰਾਮਲਾਲ ਆ ਕੇ ਫਾਈਲ ਲੈ ਗਿਆ।
ਸ਼ਾਮ ਨੂੰ ਜਿਵੇਂ ਹੀ ਬੰਗਲੇ ਦੇ ਮੂਹਰਲੇ ਲਾਨ ਵਿੱਚ ਰਜਿੰਦਰ ਸਿੰਘ ਚਾਹ ਪੀਣ ਬੈਠਾ ਤਾਂ ਰਾਮਲਾਲ ਨੇ ਫਾਈਲ ਵੀ ਉਸ ਦੇ ਮੂਹਰੇ ਪਏ ਟੇਬਲ ਤੇ ਰੱਖ ਦਿੱਤੀ। ( ਰਜਿੰਦਰ ਸਿੰਘ ਨਕਸ਼ ਵਾਲ਼ੀ ਫਾਈਲ ਨੂੰ ਖੋਲ੍ਹ ਕੇ ਧਿਆਨ ਨਾਲ ਦੇਖਦਾ ਹੋਇਆ ਤੇ ਕੁਝ ਸੋਚਦਾ ਹੋਇਆ)
“ਰਾਮ ਲਾਲ….!”
“ਹਾਂ ਜੀ….!”
“ਬੰਗਲੇ ਦੇ ਬੈਕਸਪੇਸ ਵਿੱਚ ਤਾਂ ਸਵਿਮਿੰਗ ਪੂਲ ਹੈ।”
“ਹਾਂ ਜੀ……ਸਾਹਬ…!”
“ਪਰ …….. ਮੈਨੂੰ ਤਾਂ ਕਿਧਰੇ ਨਜ਼ਰ ਨਹੀਂ ਆਉਂਦਾ।”
“ਸਾਹਬ ਜੀ…… ਪਿਛਲੇ ਸਾਹਬ ਨੇ ਭਰਵਾ ਦਿੱਤਾ ਸੀ…… ਤੁਸੀਂ ਫਾਈਲ ਦੇ ਅਖੀਰਲੇ ਪੇਜ ਤੇ ਦੇਖੋ ਜੀ……!”
(ਰਜਿੰਦਰ ਸਿੰਘ ਫਾਈਲ ਨੂੰ ਫਰੋਲ ਕੇ ਦੇਖਦਾ ਹੋਇਆ)
” ਪਰ…..ਇਹ ….. ਮੇਰੇ ਤੋਂ ਪਹਿਲਾਂ ਵਾਲ਼ੇ ਜਨਾਬ ਨੇ ਸਵਿਮਿੰਗ ਪੂਲ ਨੂੰ ਭਰਵਾ ਕਿਉਂ ਦਿੱਤਾ….?……..ਕੀ ਗੱਲ ਸਾਨੂੰ ਸਵਿਮਿੰਗ ਪੂਲ ਦੀ ਲੋੜ ਨਹੀਂ ਪੈਣੀ ਸੀ…..?”
“( ਹੱਸਦਾ ਹੋਇਆ)……. ਸਾਹਬ ਜੀ….. ਤੁਸੀਂ ਫਿਰ ਬਣਵਾ ਲਓ…… ਉਹਨਾਂ ਤੋਂ ਪਹਿਲਾਂ ਵਾਲਿਆਂ ਨੇ ਵੀ ਜਾਣ ਤੋਂ ਪਹਿਲਾਂ ਪੂਲ ਭਰਵਾ ਦਿੱਤਾ ਸੀ…… ਫਿਰ ਇਹਨਾਂ ਨੇ ਆ ਕੇ ਬਣਵਾਇਆ….!”
“ਸੱਚੀਂ….? ਪਰ ਇਸ ਤਰ੍ਹਾਂ ਕਿਉਂ…..?”
ਰਾਮਲਾਲ ਉਸ ਦੇ ਕੋਲ ਖੜ੍ਹਾ ਖੜ੍ਹਾ ਥੋੜ੍ਹਾ ਜਿਹਾ ਝੁਕ ਕੇ ਉਸ ਦੇ ਕੰਨ ਵਿੱਚ ਕੁਝ ਹੌਲ਼ੀ ਹੌਲ਼ੀ ਗੱਲ ਦੱਸਦਾ ਹੈ ਤਾਂ ਰਜਿੰਦਰ ਸਿੰਘ ਨੂੰ ਸਮਝ ਆਉਣ ਤੇ ਸਿਰ ਹਿਲਾਉਂਦਾ ਹੈ ਤੇ ਖ਼ੁਸ਼ ਹੋ ਜਾਂਦਾ ਹੈ। ਕਹਿੰਦਾ ਹੈ,” ਲੈ ਰਾਮਲਾਲ…… ਆਪਾਂ ਸਵੇਰੇ ਹੀ ਪੂਲ ਬਣਾਉਣ ਦੀ ਅਰਜ਼ੀ ਸਰਕਾਰ ਨੂੰ ਭੇਜ ਦਿੰਦੇ ਆਂ…।”
ਅਗਲੀ ਸਵੇਰ ਦਫ਼ਤਰ ਜਾ ਕੇ ਰਜਿੰਦਰ ਸਿੰਘ ਸਭ ਤੋਂ ਪਹਿਲਾਂ ਜਾ ਕੇ ਪੂਲ ਬਣਾਉਣ ਲਈ ਸਰਕਾਰ ਨੂੰ ਅਰਜ਼ੀ ਲਿਖਦਾ ਹੈ। ਦੋ ਕੁ ਮਹੀਨਿਆਂ ਵਿੱਚ ਬੰਗਲਾ ਨੰਬਰ ਤਿੰਨ ਵਿੱਚ ਪੂਲ ਬਣਾਉਣ ਲਈ ਚੈੱਕ ਆ ਜਾਂਦਾ ਹੈ। ਸਲਾਹ ਦੇਣ ਦੇ ਅਤੇ ਰਾਜ਼ ਦੱਸਣ ਦੇ ਹਿੱਸੇ ਦੇ ਪੈਸੇ ਮਿਲਣ ਨਾਲ ਰਾਮ ਲਾਲ ਦੇ ਤੀਜੇ ਜਵਾਕ ਦਾ ਵਿਆਹ ਹੋ ਗਿਆ। ਪਹਿਲਾਂ ਦੋ ਜਵਾਕਾਂ ਦੇ ਵਿਆਹ ਵੀ ਇਸੇ ਤਰ੍ਹਾਂ ਕੀਤੇ ਸਨ, ਹੁਣ ਰਾਮਲਾਲ ਦੀ ਸਾਰਿਆਂ ਤੋਂ ਛੋਟੀ ਕੁੜੀ ਰਹਿ ਗਈ ਸੀ ਜੋ ਹਜੇ ਦਸਵੀਂ ਜਮਾਤ ਵਿੱਚ ਪੜ੍ਹਦੀ ਸੀ।
ਪੰਜ ਛੇ ਸਾਲ ਲੰਘ ਗਏ। ਰਜਿੰਦਰ ਸਿੰਘ ਦੀ ਅਗਲੇ ਸਾਲ ਰਿਟਾਇਰਮੈਂਟ ਸੀ। ਰਾਮ ਲਾਲ ਦੀ ਛੋਟੀ ਕੁੜੀ ਦਾ ਵਿਆਹ ਵੀ ਆ ਗਿਆ ਸੀ। ਇੱਕ ਦਿਨ ਰਾਮਲਾਲ ਨੇ ਸਾਹਬ ਨੂੰ ਕਿਹਾ,”ਸਾਹਬ ਜੀ….. ਪੂਲ ਭਰਵਾਉਣਾ ਵੀ ਪੈਣਾ….. ਨਹੀਂ ਤਾਂ ਤੁਹਾਡੇ ਤੋਂ ਬਾਅਦ ਵਾਲੇ ਸਾਹਬ ਜਵਾਬ ਤਲਬੀ ਕਰਦੇ ਫਿਰਨਗੇ।”
ਰਜਿੰਦਰ ਸਿੰਘ ਸਮਝ ਗਿਆ ਸੀ ਤੇ ਅਗਲੇ ਦਿਨ ਜਾਂਦੇ ਹੀ ਪੂਲ ਬੰਦ ਕਰਵਾਉਣ ਲਈ ਅਰਜ਼ੀ ਲਿਖ ਦਿੱਤੀ ਦੋ ਕੁ ਮਹੀਨਿਆਂ ਵਿੱਚ ਪੂਲ ਬੰਦ ਕਰਵਾਉਣ ਲਈ ਚੈੱਕ ਆ ਗਿਆ।ਰਾਮ ਲਾਲ ਦੀ ਛੋਟੀ ਕੁੜੀ ਦਾ ਵਿਆਹ ਹੋ ਗਿਆ। ਕੁਝ ਮਹੀਨਿਆਂ ਬਾਅਦ ਰਜਿੰਦਰ ਸਿੰਘ ਦੀ ਰਿਟਾਇਰਮੈਂਟ ਹੋ ਗਈ ਤੇ ਉਹ ਬੰਗਲਾ ਨੰਬਰ ਤਿੰਨ ਛੱਡ ਕੇ ਚਲੇ ਗਏ
ਰਾਮਲਾਲ ਨੂੰ ਹੁਣ ਅਗਲੇ ਸਾਹਬ ਦੀ ਬੇਸਬਰੀ ਨਾਲ ਉਡੀਕ ਸੀ ਕਿਉਂਕਿ ਬੰਗਲੇ ਦੇ ਪੂਲ ਬਣਾਉਣ ਅਤੇ ਭਰਨ ਲਈ ਸਲਾਹ ਦੇ ਕੇ ਹੀ ਉਹ ਬਹੁਤ ਪੈਸੇ ਕਮਾ ਲੈਂਦਾ ਸੀ ਕਿਉਂਕਿ ਪੂਲ ਸਿਰਫ਼ ਕਾਗਜ਼ਾਂ ਵਿੱਚ ਹੀ ਬਣਦਾ ਸੀ ਅਤੇ ਕਾਗਜ਼ਾਂ ਵਿੱਚ ਹੀ ਭਰ ਦਿੱਤਾ ਜਾਂਦਾ ਸੀ।ਜੋ ਉਸ ਨੂੰ ਬਣਾਉਣ ਅਤੇ ਭਰਵਾਉਣ ਲਈ ਸਰਕਾਰ ਵੱਲੋਂ ਪੈਸਾ ਮਿਲਦਾ ਸੀ ਉਹ ਸਾਹਬ ਤੇ ਰਾਮਲਾਲ ਰਲ਼ ਮਿਲ਼ ਕੇ ਵੰਡ ਲੈਂਦੇ ਸਨ। ਸਾਡੇ ਦੇਸ਼ ਵਿੱਚ ਪਤਾ ਨਹੀਂ ਕਿੰਨੇ ਕੁ ਭਿ੍ਸ਼ਟ ਰਾਮਲਾਲ ਅਤੇ ਉਸ ਦੇ ਸਾਹਬ ਵਰਗੇ ਸਰਕਾਰੀ ਪੂਲ ਦੇ ਬਹਾਨੇ ਸਰਕਾਰਾਂ ਦੀਆਂ ਅੱਖਾਂ ਵਿੱਚ ਧੂਲ ਝੋਕਦੇ ਹੋਣਗੇ। ਕੀ ਏਹੁ ਹਮਾਰਾ ਜੀਵਣਾ ਹੈ?
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly