ਆਪਣੇ ਲਈ ਸਮਾਂ ਜ਼ਰੂਰ ਕੱਢੋ

ਸੰਜੀਵ ਸਿੰਘ ਸੈਣੀ,

(ਸਮਾਜ ਵੀਕਲੀ)

ਅੱਜ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ। ਦੁਨੀਆਂ ਚੰਨ ਤੱਕ ਪੁੱਜ ਚੁੱਕੀ ਹੈ। ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਕਿਸੇ ਕੋਲ ਵੀ 5 ਕੁ ਮਿੰਟ ਦਾ ਸਮਾਂ ਵੀ ਨਹੀਂ ਹੈ। ਭੱਜ-ਦੌੜ ਭਰੀ ਜ਼ਿੰਦਗੀ ਵਿਚ ਸਵੇਰ ਤੋਂ ਸ਼ਾਮ ਤਕ ਪਤਾ ਨਹੀਂ ਲੱਗਦਾ ਕਿ ਦਿਨ ਕਿਵੇਂ ਬੀਤ ਗਿਆ। ਸਾਡੇ ਦੋਸਤ ਵੀ ਬਹੁਤ ਹੁੰਦੇ ਹਨ। ਅਸੀਂ ਉਨ੍ਹਾਂ ਲਈ ਵੀ ਸਮਾਂ ਕੱਢਦੇ ਹਾਂ । ਪਰ ਅਸੀਂ ਆਪਣੇ ਲਈ ਬਹੁਤ ਹੀ ਘੱਟ ਵਕਤ ਕੱਢਦੇ ਹਾਂ।ਇਨਸਾਨ ਕੋਲ ਆਪਣੇ ਪਰਿਵਾਰ ਲਈ ਸਮਾਂ ਨਹੀਂ ਹੈ ।ਤਾਂ ਵਿਚਾਰਨ ਵਾਲੀ ਗੱਲ ਹੈ ਜੋ ਇਨਸਾਨ ਆਪਣੇ ਪਰਿਵਾਰ ਨਾਲ ਸਮਾਂ ਨਹੀਂ ਗੁਜ਼ਾਰ ਸਕਦਾ , ਇਕੱਠੇ ਇਕ ਟੇਬਲ ਤੇ ਬੈਠ ਕੇ ਖਾਣਾ ਨਹੀਂ ਖਾ ਸਕਦਾ, ਕਿ ਉਹ ਆਪਣੇ ਲਈ ਸਮਾਂ ਕੱਢ ਰਿਹਾ ਹੈ। ਪੈਸੇ ਦੀ ਹੋੜ ਲੱਗੀ ਹੋਈ ਹੈ। ਭਰਾ ਭਰਾ ਨਾਲੋਂ ਅੱਗੇ ਨਿਕਲ ਜਾਣਾ ਚਾਹੁੰਦਾ ਹੈ।

ਸਰੀਰ ਨੂੰ ਮਸ਼ੀਨ ਹੀ ਬਣਾ ਲਿਆ ਹੈ। ਸ਼ਾਇਦ ਕੋਈ ਅਜਿਹਾ ਹੋਵੇ ਜੋ 24 ਘੰਟਿਆਂ ਵਿੱਚੋਂ ਆਪਣੇ ਲਈ ਇੱਕ ਘੰਟਾ ਕੱਢਦਾ ਹੋਵੇ। ਜੋ ਇਨਸਾਨ ਆਪਣੇ ਲਈ ਸਮਾਂ ਕੱਢਦਾ ਹੈ, ਉਸ ਦੀ ਜ਼ਿੰਦਗੀ ਬਹੁਤ ਖ਼ੂਬਸੂਰਤ ਹੋ ਜਾਂਦੀ ਹੈ। ਉਸਨੂੰ ਜ਼ਿੰਦਗੀ ਜਿਉਣ ਦਾ ਮਕਸਦ ਪਤਾ ਚੱਲ ਜਾਂਦਾ ਹੈ। ਜ਼ਿੰਦਗੀ ਚੜਦੇ ਛਿਪਦੇ ਪ੍ਰਛਾਵੇਂ ਦੀ ਤਰ੍ਹਾਂ ਹੁੰਦੀ ਹੈ। ਅੱਜ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਜੇ ਕਿਸੇ ਇਨਸਾਨ ਕੋਲ ਸਮਾਂ ਵੀ ਹੈ, ਤਾਂ ਉਹ ਸਮਾਂ ਮੋਬਾਇਲ ਨੇ ਖਾ ਲਿਆ ਹੈ। ਰੋਟੀ ਚਾਹੇ ਨਾ ਮਿਲੇ, ਪਰ ਮੋਬਾਇਲ ਜ਼ਰੂਰ ਹੋਵੇ। ਕਿਸੇ ਅਫ਼ਸੋਸ ਤੇ ਚਲੇ ਜਾਓ, ਕਿਤੇ ਵੀ ਚਲੇ ਜਾਓ! ਅਕਸਰ ਇਨਸਾਨਾਂ ਦੇ ਕੰਨ ਨਾਲ ਲੱਗਿਆ ਮੋਬਾਇਲ ਆਮ ਦੇਖਿਆ ਜਾ ਰਿਹਾ ਹੈ। ਜੇ ਪੰਜ ਮਿੰਟ ਮੋਬਾਇਲ ਕਿੱਥੇ ਰੱਖ ਕੇ ਭੁੱਲ ਜਾਈਏ ਤਾਂ ਜ਼ਿੰਦਗੀ ਵਿੱਚ ਤੁਫ਼ਾਨ ਜਿਹਾ ਆ ਜਾਂਦਾ ਹੈ । ਆਪਣੇ ਆਪ ਨਾਲ ਪਿਆਰ ਕਰੋ।

ਸਮਾਂ ਕੱਢ ਕੇ ਆਪਣੇ ਆਪ ਨੂੰ ਜਾਣੋ। ਆਪਣੇ ਆਪ ਨਾਲ਼ ਗੱਲਾਂ ਕਰੋ। ਤੁਸੀਂ ਕੀ ਹੋ? ਕਿਤਾਬਾਂ ਇਨਸਾਨ ਦੀ ਸ਼ਖਸ਼ੀਅਤ ਨਿਖ਼ਾਰਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਇਨਸਾਨ ਨੂੰ ਜਾਣਕਾਰੀ ਮਿਲਦੀ ਹੈ। ਅੱਜ ਕੱਲ੍ਹ ਮੋਬਾਇਲ ਨੇ ਹੀ ਕਿਤਾਬਾਂ ਦੀ ਜਗ੍ਹਾ ਲੈ ਲਈ ਹੈ। ਕਿਤਾਬਾਂ ਛੱਪ ਤਾਂ ਬਹੁਤ ਰਹੀਆਂ ਹਨ ,ਪਰ ਰੱਬ ਜਾਣੇ ਇਹਨਾਂ ਨੂੰ ਕੋਈ ਪੜ੍ਹਦਾ ਵੀ ਹੈ ਜਾਂ ਨਹੀਂ। ਚੰਗੇ ਲੇਖਕਾਂ ਦੀ ਕਮੀ ਨਹੀਂ ਹੈ।ਕਿਤਾਬਾਂ ਪੜ੍ਹਨ ਨਾਲ ਤੁਹਾਡਾ ਨਜ਼ਰੀਆ ਬਦਲ ਜਾਂਦਾ ਹੈ। ਕਿਤਾਬਾਂ ਮਨੁੱਖ ਦੀਆਂ ਚੰਗੀਆਂ ਦੋਸਤ ਹੁੰਦੀਆਂ ਹਨ। ਕਿਹਾ ਵੀ ਜਾਂਦਾ ਹੈ ਅਕਸਰ ਕਿ ਚੋਰ ਚਾਹੇ ਜੋ ਮਰਜ਼ੀ ਚੋਰੀ ਕਰ ਕੇ ਲੈ ਜਾਵੇ, ਜੋ ਕਿਤਾਬੀ ਗਿਆਨ ਹੈ, ਉਸ ਨੂੰ ਕਦੇ ਵੀ ਚੋਰੀ ਨਹੀਂ ਕਰ ਸਕਦਾ। ਸਾਨੂੰ ਆਪਣੇ ਘਰ ਵਿੱਚ ਇੱਕ ਛੋਟੀ ਲਾਇਬ੍ਰੇਰੀ ਬਣਾਉਣੀ ਚਾਹੀਦੀ ਹੈ। ਜਿਸ ਵਿਸ਼ੇ ਵਿੱਚ ਸਾਡੀ ਦਿਲਚਸਪੀ ਹੈ ,ਉਸ ਵਿਸ਼ੇ ਤੋਂ ਸੰਬੰਧਿਤ ਕਿਤਾਬ ਖਰੀਦ ਕੇ ਆਪਣੇ ਘਰ ਲੈ ਕੇ ਆਓ। ਜੋ ਅੱਜ ਕੱਲ ਦੇ ਵਿਦਿਆਰਥੀ ਹਨ, ਉਹ ਸਿਰਫ਼ ਸਿਲੇਬਸ ਤੋਂ ਸੰਬੰਧਿਤ ਪੁਸਤਕ ਹੀ ਪੜ੍ਹਦੇ ਹਨ। ਲਾਇਬ੍ਰਰੀ ਜਾਣ ਦੀ ਦਿਲਚਸਪੀ ਬਿਲਕੁਲ ਵੀ ਨਹੀਂ ਰਹੀ ਹੈ। ਸੌ ਮਹੀਨੇ ਵਿੱਚ ਇੱਕ ਕਿਤਾਬ ਇਨਸਾਨ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਸਮਾਜ ਵਿੱਚ ਰਹਿਣ ਦਾ ਢੰਗ, ਬੋਲ ਬਾਣੀ ਵਿੱਚ ਨਿਖਾਰ ਆ ਜਾਂਦਾ ਹੈ। ਅਖ਼ਬਾਰ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ।

ਅੱਜ ਕੱਲ ਮਿਲਾਵਟ ਦਾ ਬਹੁਤ ਜ਼ਿਆਦਾ ਬੋਲ-ਬਾਲਾ ਹੈ। ਖਾਣ-ਪੀਣ ਵਾਲੀ ਹਰ ਵਸਤੂ ਵਿੱਚ ਮਿਲਾਵਟ ਹੈ। ਛੋਟੀ ਛੋਟੀ ਉਮਰ ਦੇ ਬੱਚਿਆਂ ਨੂੰ” ਹਾਰਟ ਅਟੈਕ” ਹੋ ਰਹੇ ਹਨ। ਇਨਸਾਨ ਦਾ ਸਰੀਰ ਬੀਮਾਰੀਆਂ ਨਾਲ ਘਿਰਿਆ ਹੋਇਆ ਹੈ। ਸੋ ਸੈਰ ਬਹੁਤ ਜ਼ਰੂਰੀ ਹੈ। ਅਕਸਰ ਲੋਕ ਕਹਿੰਦੇ ਹਨ ਕਿ ਸਾਡੇ ਕੋਲ ਸਮਾਂ ਨਹੀਂ ਹੈ ਕਿ ਅਸੀਂ ਕਸਰਤ ਕਰੀਏ। ਮੋਬਾਇਲ , ਲੈਪਟਾਪ ਤੇ ਲਗਾਤਾਰ ਕੰਮ ਕਰਨ ਕਾਰਨ ਅੱਜ-ਕੱਲ੍ਹ ਸਰਵਾਈਕਲ, ਰੀੜ ਦੀ ਹੱਡੀ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਚੁੱਕੀ ਹੈ। ਸਵੇਰੇ ਜਲਦੀ ਉੱਠ ਕੇ ਇੱਕ ਘੰਟਾ ਸੈਰ ਕਰੋ। ਸਵੇਰੇ ਸੈਰ ਨਾਲ ਸਾਰਾ ਦਿਨ ਵਧੀਆ ਨਿਕਲਦਾ ਹੈ। ਚੁਸਤੀ ਰਹਿੰਦੀ ਹੈ।ਚਿਹਰੇ ਤੇ ਖੁਸ਼ੀ ਰਹਿੰਦੀ ਹੈ ।ਜਿੰਮ ਜਾਓ। ਉੱਥੇ ਜਾ ਕੇ ਕਸਰਤ ਕਰੋ। ਕਹਿਣ ਦਾ ਮਤਲਬ ਹੈ ਕਿ ਕਸਰਤ, ਸੈਰ ਕਰਨ ਨਾਲ ਸ਼ਰੀਰ ਨੂੰ ਬਿਮਾਰੀਆਂ ਤੋ ਬਚਾਇਆ ਜਾ ਸਕਦਾ ਹੈ ।ਜਿਸ ਸਰੀਰ ਨਾਲ ਅਸੀਂ ਸਾਰਾ ਦਿਨ ਕੰਮ ਲੈਂਦੇ ਹਾਂ ,ਉਸ ਸਰੀਰ ਲਈ ਥੋੜਾ ਜਿਹਾ ਸਮਾਂ ਜ਼ਰੂਰ ਕੱਢੋ। ਸਾਈਕਲ ਚਲਾਓ।

ਆਪਣੇ ਪਰਿਵਾਰ ਲਈ ਜ਼ਰੂਰ ਸਮਾਂ ਕੱਢੋ। ਰਿਸ਼ਤੇਦਾਰਾਂ ਨੂੰ ਸਮਾਂ ਦਿਓ ।ਦੁੱਖ-ਸੁੱਖ ਵਿੱਚ ਸ਼ਰੀਕ ਹੋਵੋ।ਇਕੱਠੇ ਆਪਣੇ ਪਰਿਵਾਰ ਨਾਲ ਖਾਣਾ ਖਾਓ। ਟੈਲੀਵਿਜ਼ਨ ਦੇਖੋ । ਖ਼ਬਰਾਂ ਸੁਣੋ ।ਘਰ ਦਾ ਮਾਹੌਲ ਬਹੁਤ ਵਧੀਆ ਹੋਵੇਗਾ। ਕਈ ਵਾਰ ਪਰਿਵਾਰ ਵਿਚ ਮਾੜਾ ਮੋਟਾ ਮਨ-ਮੁਟਾਵ ਵੀ ਹੋ ਜਾਂਦਾ ਹੈ। ਸਹਿਣਸ਼ੀਲ ਰਹੋ। ਜੇ ਅਸੀਂ ਆਪਣੇ ਪਰਿਵਾਰ ਲਈ ਸਮਾਂ ਕੱਢਾਂਗੇ ਤਾਂ ਘਰ ਵਿੱਚ ਬਹੁਤ ਵਧੀਆ ਮਾਹੌਲ ਹੋਵੇਗਾ। ਸੋਸ਼ਲ ਮੀਡੀਆ ਤੋਂ ਦੂਰੀ ਬਣਾਓ। ਮੋਬਾਇਲ ਦੀ ਵਰਤੋਂ ਬਹੁਤ ਘੱਟ ਕਰੋ । ਅਕਸਰ ਦੇਖਿਆ ਜਾਂਦਾ ਹੈ ਕਿ ਕਈ ਇਨਸਾਨ ਜਦੋਂ ਕਿਸੇ ਨਾਲ ਗੱਲ ਕਰ ਰਹੇ ਹੁੰਦੇ ਹਨ, ਤਾਂ ਮੋਬਾਇਲ ਤੇ ਲੱਗੇ ਹੁੰਦੇ ਹਨ। ਉਹਨਾਂ ਦਾ ਦੂਜੇ ਦੀ ਗੱਲ ਵੱਲ ਬਿਲਕੁਲ ਧਿਆਨ ਨਹੀਂ ਰਹਿੰਦਾ। ਹੋਰ ਤਾਂ ਹੋਰ ਡਰਾਈਵਿੰਗ ਕਰਦੇ ਹੋਏ ਵੀ ਮੋਬਾਈਲ ਦੀ ਵਰਤੋਂ ਬਹੁਤ ਹੁੰਦੀ ਹੈ।

ਜਿਸ ਕਾਰਨ ਕਈ ਵਾਰ ਅਣਸੁਖਾਵੀਂ ਘਟਨਾਵਾਂ ਵਾਪਰ ਜਾਂਦੀਆਂ ਹਨ। ਮੋਬਾਇਲ ਦਾ ਰੁਝਾਣ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ। ਰਾਤ ਨੂੰ ਲੰਮਾ ਸਮਾਂ ਮੋਬਾਇਲ ਤੇ ਲੱਗੇ ਰਹਿਣ ਕਾਰਨ ਸਵੇਰੇ ਸਮੇਂ ਸਿਰ ਅੱਖ ਹੀ ਨਹੀਂ ਖੁੱਲ੍ਹਦੀ। ਜ਼ਰੂਰਤ ਤੋਂ ਜ਼ਿਆਦਾ ਮੋਬਾਈਲ ਦੀ ਵਰਤੋਂ ਕਾਰਨ ਨੁਕਸਾਨ ਹੋ ਜਾਂਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਕਿਸੇ ਵੀ ਧਾਰਮਿਕ ਥਾਵਾਂ ਤੇ ਜਾਂਦੇ ਹਾਂ ਤਾਂ ਉਥੇ ਵੀ ਮੋਬਾਇਲਾਂ ਤੇ ਲੱਗੇ ਹੁੰਦੇ ਹਨ। ਵਿਚਾਰਨ ਵਾਲੀ ਗੱਲ ਹੈ ਕਿ ਤੁਸੀਂ 24 ਘੰਟਿਆਂ ਵਿੱਚੋਂ ਪਰਮਾਤਮਾ ਲਈ ਕਿਨਾਂ ਸਮਾਂ ਕੱਢਿਆ ਹੈ। ਫੇਸਬੁਕ ਤੇ ਜ਼ਿਆਦਾ ਸਮਾਂ ਨਾ ਗੁਜ਼ਾਰੋ। ਵੱਟਸਐਪ ਦਾ ਮਤਲਬ ਹੈ ਕਿ ਕਿਸੇ ਜ਼ਰੂਰੀ ਸੱਜਣ ਨੂੰ ਕੋਈ ਸੁਨੇਹਾ ਦੇਣਾ। ਕਿਸੇ ਦੀ ਫੋਟੋ ਲਾਇਕ ਜਾਂ ਕੁਮੈਂਟ ਕਰਕੇ ਆਪਣਾ ਸਮਾਂ ਖਰਾਬ ਨਾ ਕਰੋ ।ਸ਼ੁਰੂਆਤ ਵਿੱਚ ਇਹ ਥੋੜਾ ਔਖਾ ਲੱਗੇ, ਪਰ ਕੁਝ ਦਿਨਾਂ ਬਾਅਦ ਤੁਸੀਂ ਆਪਣੇ ਆਪ ਨੂੰ ਬਹੁਤ ਵਧੀਆ ਮਹਿਸੂਸ ਕਰੋਗੇ।

ਜੇ ਔਰਤਾਂ ਦੀ ਗੱਲ ਕਰੀਏ ਤਾਂ ਉਹ ਸਾਰੇ ਪਰਿਵਾਰ ਲਈ ਖਾਣਾ ਬਣਾਉਂਦੀਆਂ ਹਨ । ਸਵੇਰੇ ਤੋਂ ਸ਼ਾਮ ਤੱਕ ਰਸੋਈ ਵਿੱਚ ਹੀ ਨਿਕਲਦਾ ਹੈ ‌। ਉਹ ਆਪਣੀ ਸਿਹਤ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਦੀਆਂ ।ਚਾਹੇ ਜਿੰਨੇ ਮਰਜ਼ੀ ਬਿਮਾਰ ਹੋਣ, ਫਿਰ ਵੀ ਆਪਣੇ ਪਰਿਵਾਰ ਨੂੰ ਸਮੇਂ ਸਿਰ ਖਾਣਾ ਬਣਾ ਕੇ ਦਿੰਦੀਆਂ ਹਨ। ਭੱਜ ਦੌੜ ਦੀ ਜ਼ਿੰਦਗੀ ਵਿੱਚ ਉਹ ਆਪਣੀ ਸਿਹਤ ਦਾ ਜ਼ਿਆਦਾ ਨੁਕਸਾਨ ਕਰ ਲੈਂਦੀਆਂ ਹਨ। ਜਿਸ ਕਰਕੇ ਉਨ੍ਹਾਂ ਨੂੰ ਜੋੜਾਂ ਦੇ ਦਰਦ, ਹੋਰ ਕਈ ਤਰ੍ਹਾਂ ਦੀਆਂ ਪ੍ਰਾਬਲਮ ਆ ਜਾਂਦੀਆਂ ਹਨ। ਘਰੇਲੂ ਔਰਤ ਨੂੰ ਪਰਿਵਾਰ ਦੇ ਨਾਲ-ਨਾਲ ਆਪਣੇ ਲਈ ਵੀ ਵਕਤ ਕੱਢਣਾ ਚਾਹੀਦਾ ਹੈ। ਆਪਣੇ ਲਈ ਉਹਨਾਂ ਨੂੰ ਅੱਧਾ ਘੰਟਾ ਜ਼ਰੂਰ ਕੱਢਣਾ ਚਾਹੀਦਾ ਹੈ। ਜਿਸ ਵਿਚ ਉਹ ਆਪਣੀ ਸਿਹਤ ਦਾ ਧਿਆਨ ਰੱਖ ਸਕਣ।

ਸਮੇਂ ਦੇ ਮੁਤਾਬਕ ਖ਼ੁਦ ਵਿੱਚ ਬਦਲਾਅ ਬਹੁਤ ਜ਼ਰੂਰੀ ਹੈ। ਮਨੁੱਖ ਨੂੰ ਹਮੇਸ਼ਾ ਕੁਝ ਨਾ ਕੁਝ ਸਿੱਖਦੇ ਰਹਿਣਾ ਚਾਹੀਦਾ ਹੈ। ਸਿੱਖਦੇ ਰਹਿਣਾ ਹੀ ਜ਼ਿੰਦਗੀ ਹੈ। ਤੁਸੀਂ ਜਦੋਂ ਤੁਹਾਡੇ ਕੋਲ ਸਮਾਂ ਹੁੰਦਾ ਹੈ, ਤੁਸੀਂ ਉਸ ਸਮੇਂ ਵਿਚੋਂ ਸਮਾਂ ਜ਼ਰੂਰ ਕੱਢੋ। ਆਪਣੀ ਹੌਬੀ ਨੂੰ ਸਮਾਂ ਦਿਓ। ਜੇ ਤੁਹਾਨੂੰ ਡਰਾਇੰਗ, ਪੇਂਟਿੰਗ ਕਰਨ ਦਾ ਸ਼ੌਂਕ ਹੈ ਤਾਂ ਉਸ ਲਈ ਸਮਾਂ ਕੱਢੋ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀ ਕਿਸੇ ਗਰੀਬ ਦੀ ਮਦਦ ਕਰਨਾ ਚਾਹੁੰਦੇ ਹੋ, ਤਾਂ ਆਪਣੀ ਜੇਬ ਦੇ ਮੁਤਾਬਕ ਲੋੜਵੰਦ ਦੀ ਮਦਦ ਕਰੋ ਕਰੋ। ਪੰਛੀਆਂ ਨੂੰ ਦਾਣਾ ਪਾ ਸਕਦੇ ਹੋ। ਜੇ ਬੂਟੇ ਲਗਾਉਣ ਦਾ ਸ਼ੌਂਕ ਹੈ, ਤਾਂ ਬੂਟੇ ਲਗਾਓ। ਸਮੇਂ ਸਿਰ ਉਨ੍ਹਾਂ ਨੂੰ ਪਾਣੀ ਦੇਵੋ। ਜੇਕਰ ਖ਼ੁਸ਼ ਹੋਣ ਦਾ ਕੋਈ ਵੀ ਮੌਕਾ ਮਿਲੇ ਤਾਂ ਉਸ ਨੂੰ ਨਾ ਗਵਾਓ। ਹਮੇਸ਼ਾ ਸਕਰਾਤਮਕ ਸੋਚੋ, ਜਿਸ ਨਾਲ ਤੁਹਾਡੇ ਦਿਮਾਗ ਵਿੱਚ ਨਾਕਰਾਤਮਕ ਵਿਚਾਰ ਨਹੀਂ ਆਉਣਗੇ।

ਸੋ ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਪਰਿਵਾਰ ਨਾਲ ਆਪਣੀ ਜ਼ਿਮੇਵਾਰੀਆਂ ਨਿਭਾਉਂਦੇ ਹੋਏ ਆਪਣੇ ਲਈ ਜ਼ਰੂਰ ਸਮਾਂ ਕੱਢੋ। ਪਹਿਲਾਂ ਆਪਣੇ ਖ਼ੁਦ ਨਾਲ ਪਿਆਰ ਕਰੋ। ਹਰ ਇਨਸਾਨ ਦਾ ਆਪਣੇ ਆਪ ਨਾਲ ਗੂੜ੍ਹਾ ਸਬੰਧ ਹੁੰਦਾ ਹੈ। ਵਿਹਲਾ ਸਮਾਂ ਕੱਢ ਕੇ ਆਪਣੇ ਆਪ ਨਾਲ਼ ਗੱਲਾਂ ਕਰੋ। ਆਪਣੇ ਆਪ ਨਾਲ ਸਮਾਂ ਗੁਜ਼ਾਰੋ। ਖ਼ੁਸ਼ੀਆਂ ਅਤੇ ਗ਼ਮ ਸਾਡੀ ਜ਼ਿੰਦਗੀ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ। ਅੱਜ ਜਿੰਮੇਵਾਰੀ ਤਾਂ ਹਰ ਇਨਸਾਨ ਦੇ ਮੋਢੇ ਉੱਤੇ ਹੈ। ਇਨ੍ਹਾਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ-ਨਿਭਾਉਂਦੇ ਆਪਣੇ ਲਈ ਸਮਾਂ ਜ਼ਰੂਰ ਕੱਢੀਏ। ਜਿੰਦਗੀ ਬਹੁਤ ਹੀ ਵਧੀਆ ਗੁਜ਼ਰੇਗੀ।

ਸੰਜੀਵ ਸਿੰਘ ਸੈਣੀ

ਮੋਹਾਲੀ 7888966168

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -237
Next articleਗੁਰਪਾਲ ਸਿੰਘ ਬੱਧਣ ਦੇ ਅੰਤਿਮ ਸੰਸਕਾਰ ਮੌਕੇ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਅੰਤਿਮ ਵਿਦਾਇਗੀ