(ਸਮਾਜ ਵੀਕਲੀ)
“ਅਖ਼ਬਾਰ ਵੇਚ…..ਰੱਦੀ ਵੇਚ….. ਕਬਾੜ ਵੇਚ……” ਦੀ ਉੱਚੀ ਤੇ ਲਚਕਦਾਰ ਅਵਾਜ਼ ਦੀ ਅੱਡ ਈ ਪਛਾਣ ਆ ਜਾਂਦੀ ਹੈ। ਉਂਝ ਤਾਂ ਗਲ਼ੀ ਵਿੱਚ ਸਾਰਾ ਦਿਨ ਅਨੇਕਾਂ ਕਬਾੜ ਖ਼ਰੀਦਣ ਵਾਲੇ ਲੰਘਦੇ ਹਨ ਪਰ “ਠੱਗ” ਦੀ ਅਵਾਜ਼ ਦੀ ਸਾਨੂੰ ਵੱਖਰੀ ਪਛਾਣ ਸੀ। ਜੇ ਰੱਦੀ ਵੇਚਣੀ ਹੁੰਦੀ ਤਾਂ ਮੇਰੇ ਪਤੀ ਨੇ ਉਸ ਨੂੰ ਹਾਕ ਮਾਰਨੀ,” ਓਏ ਠੱਗਾ…… ਰੁਕੀਂ…… ਅਖ਼ਬਾਰ ਕਿਵੇਂ ਲਾਏ ਆ…..?” ਉਸ ਨੇ ਰੁਕ ਜਾਣਾ…….ਰੱਦੀ ਤੋਲਣੀ……. ਮਾੜਾ ਮੋਟਾ ਬੱਟੇ ਦਾ ਜਾਂ ਤੱਕੜੀ ਦੇ ਪੱਲੜਿਆਂ ਵਿੱਚ ਊਚ ਨੀਚ ਰੱਖ ਕੇ ਤੋਲ ਲੈਣੀ……। ਮੇਰੇ ਪਤੀ ਨੇ ਉਸ ਨੂੰ ਕਹਿਣਾ,”ਠੱਗਾ…. ਬਾਜ ਨਾ ਆਈਂ ਠੱਗੀ ਲਾਉਣ ਤੋਂ……!” ਉਸ ਨੇ ਵੀ ਆਪਣੇ ਵੱਲੋਂ ਹੌਲੀ ਹੌਲੀ ਬੋਲਦੇ ਹੋਏ ਨੇ ਸਫ਼ਾਈ ਦਿੰਦੇ ਨੇ ਰੱਦੀ ਰੇਹੜੀ ਵਿੱਚ ਸੁੱਟਣੀ ਤੇ ਤੁਰ ਜਾਣਾ। ਚਾਹੇ ਮੇਰਾ ਆਦਮੀ ਉਸ ਨੂੰ ਠੱਗ ਕਹਿੰਦਾ ਸੀ ਪਰ ਹਰ ਵਾਰ ਰੱਦੀ ਤਾਂ ਉਸੇ ਨੂੰ ਹੀ ਦਿੰਦਾ ਸੀ। ਉਹ ਰੱਦੀ ਵਾਲ਼ਾ ਵੀ ਠੱਗ ਆਖੇ ਜਾਣ ਤੇ ਕਦੇ ਗੁੱਸਾ ਨਹੀਂ ਕਰਦਾ ਸੀ।
“ਠੱਗ” ਦਾ ਹੁਲੀਆ ਦੇਖ਼ ਕੇ ਮੈਨੂੰ ਬਹੁਤ ਤਰਸ ਆਉਂਦਾ ਸੀ। ਉਸ ਦੇ ਸਿਰ ਤੇ ਮੈਲੇ ਬਿਖਰੇ ਵਾਲ਼,ਦਾੜੀ ਵੀ ਉਸੇ ਤਰ੍ਹਾਂ ਦੀ ਵਧੀ ਹੋਈ ਕੱਟਣ ਵਾਲ਼ੀ…… ਮੈਲ਼ੀ ਕਮੀਜ਼ ਝੱਲਿਆਂ ਵਰਗੀ ਖੁੱਲ੍ਹੀ ਖੁੱਲ੍ਹੀ ਤੇ ਮੈਲ਼ੀ ਤੇ ਖੁੱਲ੍ਹੀ ਸਾਰੀ ਪੈੱਟ ਜੋ ਉਸ ਦੇ ਮੈਲ਼ ਨਾਲ਼ ਭਰੇ ਪੈਰਾਂ ਵਿੱਚ ਪਾਏ ਵੱਡੇ ਵੱਡੇ ਛਿੱਤਰਾਂ ਤੇ ਡਿੱਗਦੀ ਹੋਣ ਕਰਕੇ ਮੂਹਰੀਆਂ ਗਲ਼ੀਆਂ ਹੁੰਦੀਆਂ। ਜੇ ਉਸ ਕੋਲ਼ ਰੱਦੀ ਵਾਲ਼ਾ ਰੇਹੜਾ ਨਾ ਹੋਵੇ ਤਾਂ ਹਰ ਕੋਈ ਉਸ ਨੂੰ ਝੱਲਾ ਜਾਂ ਪਾਗ਼ਲ ਸਮਝ ਲਵੇ। ਜਦ ਦੀਵਾਲੀ ਦੀਆਂ ਸਫਾਈਆਂ ਕਰਦੇ ਹੋਏ ਜਾਂ ਘਰ ਨੂੰ ਰੰਗ ਰੋਗਨ ਜਾਂ ਕੋਈ ਹੋਰ ਕੰਮ ਕਰਵਾਉਂਦੇ ਹੋਏ ਕਵਾੜ ਤੇ ਹੋਰ ਸੁੱਟਣ ਵਾਲ਼ਾ ਸਮਾਨ ਇਕੱਠਾ ਹੋ ਜਾਣਾ ਤਾਂ ਉਸੇ ਨੂੰ ਚੁਕਵਾ ਦੇਣਾ ਕਿਉਂ ਕਿ ਜਿਹੜੀਆਂ ਚੀਜ਼ਾਂ ਕੂੜੇ ਵਿੱਚ ਸੁੱਟਣ ਵਾਲੀਆਂ ਹੁੰਦੀਆਂ ਉਹ ਵੀ ਉਸੇ ਨੂੰ ਚੁਕਵਾ ਦੇਣੀਆਂ ਤਾਂ ਜਮਾਂਦਾਰਾਂ ਦੀ ਤਿੜ ਫਿੜ ਦੀ ਸਿਰਦਰਦੀ ਤੋਂ ਵੀ ਸੁਰਖ਼ਰੂ ਹੋ ਜਾਣਾ।
ਇੱਕ ਦਿਨ ਬਿਜਲੀ ਦੀਆਂ ਖ਼ਰਾਬ ਚੀਜ਼ਾਂ ਲੈਣ ਵਾਲੇ ਨੂੰ ਮੈਂ ਆਪਣੀ ਪੁਰਾਣੀ ਵਾਸ਼ਿੰਗ ਮਸ਼ੀਨ ਵੇਚਣ ਲੱਗੀ ਤਾਂ ਇਹ ਕੋਲੋਂ ਦੀ ਲੰਘਿਆ ਜਾਂਦਾ ਰੁਕ ਗਿਆ ਤੇ ਮੈਨੂੰ ਆਖਣ ਲੱਗਾ,”ਇਹ ਤੁਸੀਂ ਮੈਨੂੰ ਦੇ ਦਿਓ….!” “ਤੂੰ ਕੀ ਕਰਨੀ ਆ….?…. ਨਾਲ਼ੇ ਇਹ ਤਾਂ ਖ਼ਰਾਬ ਆ…..!” ਮੈਂ ਆਖਿਆ।
“ਅਸੀਂ ਠੀਕ ਕਰਵਾ ਕੇ ਵਰਤ ਲਵਾਂਗੇ….. ਮੇਰੀਆਂ ਕੁੜੀਆਂ ਰੋਜ਼ ਕਹਿੰਦੀਆਂ ਨੇ ਲੈ ਕੇ ਦੇਣ ਨੂੰ…..?” ਉਸ ਨੇ ਆਖਿਆ।
“ਕਿੰਨੀਆਂ ਕੁੜੀਆਂ ਨੇ ਭਾਈ ਤੇਰੇ….?” ਮੈਂ ਫਿਰ ਪੁੱਛਿਆ।
“ਪੰਜ ਕੁੜੀਆਂ ਈ ਨੇ……. ਕਬਾੜ ਵਿੱਚੋਂ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਈ ਚੱਲਦਾ…!” ਐਨਾ ਕਹਿ ਕੇ ਉਹ ਚੁੱਪ ਹੋ ਗਿਆ। ਚੱਲ ਮੈਂ ਉਹ ਮਸ਼ੀਨ ਉਸ ਨੂੰ ਦੋ ਸੌ ਰੁਪਏ ਵਿੱਚ ਚੁਕਵਾ ਦਿੱਤੀ।
ਇੱਕ ਦਿਨ ਉਸ ਦਾ ਅਖ਼ਬਾਰ ਲੈਂਦੇ ਹੋਏ ਮੇਰੇ ਪਤੀ ਨਾਲ਼ ਭਾਅ ਨਾ ਬਣਿਆ ਤੇ ਮੇਰੇ ਪਤੀ ਨੇ ਆਪਣਾ ਗੁੱਸਾ ਦਿਖਾਉਂਦੇ ਹੋਏ ਚੁਟਕੀ ਮਾਰਕੇ ਉਂਗਲ਼ ਬਾਹਰ ਨੂੰ ਕਰਦੇ ਹੋਏ ਉਸ ਨੂੰ ਕਿਹਾ ,” ਚੱਲ! ਚੱਲ…..ਔਹ ਦਰਵਾਜ਼ਾ…… ਨਿਕਲਦਾ ਬਣ……!” ਉਹ ਵਿਚਾਰਾ ਸ਼ਰਾਫਤ ਨਾਲ਼ ਪੈਰ ਘੜੀਸਦਾ ਹੋਇਆ ਬਿਨਾਂ ਗੁੱਸਾ ਕੀਤੇ ਚੁੱਪ ਚਾਪ ਬਾਹਰ ਨਿਕਲ ਗਿਆ। ਮੈਨੂੰ ਆਪਣੇ ਪਤੀ ਤੇ ਬਹੁਤ ਗੁੱਸਾ ਆਇਆ ਤੇ ਕਿਹਾ,” ਵਿਚਾਰੇ ਸ਼ਰੀਫ਼ ਬੰਦੇ ਨੂੰ ਚੀਜ਼ ਨਹੀਂ ਦੇਣੀ ਤਾਂ ਨਾ ਦਿਓ……ਉਸ ਦੀ ਬੇਜ਼ਤੀ ਕਰਨ ਦਾ ਕੀ ਮਤਲਬ…. ਸਿੱਧਾ ਜਿਹਾ ਬੰਦਾ ਹੈ….. ਪੰਜ ਧੀਆਂ ਦਾ ਪਿਓ ਆ…… ਸਰੀਰ ਵਿੱਚ ਆਏਂ ਲੱਗਦਾ ਜਿਵੇਂ ਜਾਨ ਈ ਨਾ ਹੋਵੇ….. ਆਏਂ ਲੱਗਦਾ ਕਿ ਹੁਣ ਡਿੱਗਿਆ ਕਿ ਡਿੱਗਿਆ…….!” ਮੈਂ ਗੁੱਸੇ ਵਿੱਚ ਹੋਰ ਬਹੁਤ ਕੁਝ ਬੋਲੀ ਜਾ ਰਹੀ ਸੀ। ਸ਼ਾਇਦ ਮੇਰੇ ਪਤੀ ਨੂੰ ਮੇਰੇ ਇਸ ਗੁੱਸੇ ਭਰੇ ਭਾਸ਼ਨ ਤੋਂ ਬਾਅਦ ਉਸ ਦੀ ਗ਼ਰੀਬੀ ਤੇ ਲਾਚਾਰੀ ਸਮਝ ਆ ਗਈ ਸੀ।
ਉਸ ਤੋਂ ਬਾਅਦ ਮੈਂ ਆਪਣੇ ਪਤੀ ਨੂੰ ਉਸ ਨੂੰ ਕਦੇ ਰੱਦੀ ਵੇਚਦਿਆਂ ਨੂੰ ਨਹੀਂ ਦੇਖਿਆ ਸੀ ਸਗੋਂ ਜੋ ਵੀ ਕਬਾੜ, ਬੋਤਲਾਂ, ਪਲਾਸਟਿਕ ਹੁੰਦਾ ਉਸ ਨੂੰ ਪਿਆਰ ਨਾਲ ਹਾਕ ਮਾਰਦੇ,”ਓਏ ਠੱਗਾ…. ਰੁਕੀਂ….!” ਉਹ ਰੁਕ ਜਾਂਦਾ ਤੇ ਉਸ ਨੂੰ ਰੱਦੀ ਵਾਲੀ ਬੋਰੀ ਫੜਾ ਕੇ ਅੰਦਰ ਆ ਜਾਂਦੇ। ਮੈਂ ਤਾਂ ਪਹਿਲਾਂ ਹੀ ਉਸ ਨੂੰ ਘਿਓ ਵਾਲ਼ੀਆਂ ਪੀਪੀਆਂ ਜਾਂ ਹੋਰ ਸਮਾਨ ਵੈਸੇ ਹੀ ਚੁਕਾ ਦਿੰਦੀ ਸੀ। ਸਾਨੂੰ ਪਤਾ ਸੀ ਕਿ ਜੋ ਮਨੁੱਖ ਆਪਣੇ ਵੱਡੇ ਟੱਬਰ ਦੀ ਪਾਲਣਾ ਕਰਨ ਲਈ ਸਰੀਰਕ ਸਮਰੱਥਾ ਤੋਂ ਵੱਧ ਕੰਮ ਲੈ ਰਿਹਾ ਹੋਵੇ ਉਸ ਤਰ੍ਹਾਂ ਦੇ ਬੰਦੇ ਦੀ ਸਿੱਧੇ ਤੌਰ ਤੇ ਨਾ ਸਹੀ ਪਰ ਅਸਿੱਧੇ ਤੌਰ ਤੇ ਮਦਦ ਕਰਦੇ ਰਹਿਣਾ ਚਾਹੀਦਾ ਹੈ। ਹੁਣ ਉਹ ਭਾਈ ਸਾਡੇ ਲਈ “ਠੱਗ” ਕੋਈ ਪੇਸ਼ੇ ਵਾਲ਼ਾ ਠੱਗ ਨਹੀਂ ਸਗੋਂ ਉਸ ਦਾ ਨਾਮ ਪੱਕ ਚੁੱਕਿਆ ਸੀ ਜਿਸ ਨੂੰ ਉਹ ਵੀ ਸ਼ਾਇਦ ਆਪਣਾ ਨਾਂ ਹੀ ਸਮਝਣ ਲੱਗ ਪਿਆ ਸੀ ਕਿਉਂਕਿ “ਠੱਗ” ਸ਼ਬਦ ਸਿਰਫ ਸਾਡੀਆਂ ਦੋਹਾਂ ਧਿਰਾਂ ਦੀਆਂ ਆਪਸੀ ਭਾਵਨਾਵਾਂ ਦਾ ਆਦਾਨ ਪ੍ਰਦਾਨ ਸੀ। ਪਿਆਰ ਪ੍ਰਗਟ ਕਰਨ ਲਈ ਅਸੀਂ ਜੋ ਵੀ ਸ਼ਬਦ ਵਰਤੀਏ ਉਸ ਵਿੱਚ ਆਪਣਾਪਣ ਹੋਵੇ ਤਾਂ ਉਸ ਦਾ ਆਪਣਾ ਹੀ ਮਹੱਤਵ ਵਧ ਜਾਂਦਾ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly