(ਸਮਾਜ ਵੀਕਲੀ)
ਅਕਸਰ ਸਾਂਝੀ ਕੰਧ ਦਾ ਜ਼ਿਕਰ ਦੋ ਧਿਰਾਂ ਵਿਚਕਾਰ ਲੜਾਈਆਂ ਝਗੜਿਆਂ,ਮਾਰ-ਮਰਾਈਆਂ ਵਿੱਚ ਬਹੁਤ ਆਉਂਦਾ ਹੈ। ਇਸ ਕਾਰਨ ਦੋ ਸਕੇ ਭਰਾਵਾਂ ਦੇ ਪਿਆਰੇ ਰਿਸ਼ਤੇ ਖ਼ਤਮ ਹੋ ਜਾਂਦੇ ਹਨ,ਦੋ ਗੁਆਂਢੀਆਂ ਵਿਚਲਾ ਪਿਆਰ ਖਤਮ ਹੋ ਜਾਂਦਾ ਹੈ।ਅਸਲ ਵਿੱਚ ‘ਸਾਂਝੀ ਕੰਧ’ ਉਹ ਕੰਧ ਹੁੰਦੀ ਹੈ ਜੋ ਦੋ ਘਰਾਂ ਨੂੰ ਜੋੜਦੀ ਹੈ ਉਹ ਦੋਵੇਂ ਘਰਾਂ ਦੀ ਸਾਂਝੀ ਥਾਂ ਵਿੱਚ ਉਸਾਰੀ ਹੋਈ ਹੁੰਦੀ ਹੈ ਅਤੇ ਸਾਂਝੇ ਖ਼ਰਚੇ ਨਾਲ ਬਣਾਈ ਜਾਂਦੀ ਹੈ। ਕਦੇ ਸਮਾਂ ਹੁੰਦਾ ਸੀ ਕਿ ਪੁਰਾਣੇ ਪਰਿਵਾਰ ਬਹੁਤਾ ਕਰਕੇ ਇਕੱਠੇ ਹੀ ਰਹਿੰਦੇ ਹੁੰਦੇ ਸਨ,ਉਹ ਅੱਗੋਂ ਤਾਇਆਂ ਚਾਚਿਆਂ ਦੇ ਨਾਲ ਵੀ ਕੰਧਾਂ ਸਾਂਝੀਆਂ ਰੱਖਦੇ ਸਨ । ਕੰਧਾਂ ਦੀ ਉਚਾਈ ਵੀ ਜ਼ਿਆਦਾ ਨਹੀਂ ਰੱਖਦੇ ਸਨ ਕਿਉਂਕਿ ਆਏ -ਗਏ ਦੀ ਬਿੜਕ ਰਹਿੰਦੀ ਸੀ। ਕੋਈ ਸਲਾਹ ਮਸ਼ਵਰਾ ਕਰਨਾ ਹੁੰਦਾ ਸੀ ਤਾਂ ਕੰਧ ਉੱਤੋਂ ਦੀ ਹਾਕ ਮਾਰਕੇ ਇੱਕ ਦੂਜੇ ਨੂੰ ਪੁੱਛ-ਦੱਸ ਦਿੰਦੇ ਸਨ।
ਇੱਥੋਂ ਤੱਕ ਕਿ ਜੇ ਕਿਸੇ ਨੂੰਹ -ਧੀ ਨੇ ਆਪਣੇ ਜਵਾਕ ਨੂੰ ਕੁੱਟ ਦੇਣਾ ਜਾਂ ਝਿੜਕ ਦੇਣਾ ਤਾਂ ਦੂਜੇ ਘਰ ਦੇ ਬਜ਼ੁਰਗ ਵਿੱਚੋਂ ਕਿਸੇ ਨਾ ਕਿਸੇ ਨੇ ਕੰਧ ਤੋਂ ਦੀ ਹੀ ਨੂੰਹ ਧੀ ਨੂੰ ਦਬਕਾ ਮਾਰ ਕੇ ਝਿੜਕ ਦੇਣਾ ਤੇ ਜਵਾਕ ਨੂੰ ਕੰਧ ਤੋਂ ਹੀ ਫ਼ੜ ਕੇ ਆਪਣੇ ਜਵਾਕਾਂ ਨਾਲ ਖੇਡ ਪਾ ਲੈਣਾ। ਇਹ ਤਾਂ ਵਿਹੜਿਆਂ ਦੀ ਸਾਂਝੀ ਕੰਧ ਦਾ ਹਾਲ ਹੁੰਦਾ ਸੀ।ਉਸ ਸਮੇਂ ਕਈ ਲੋਕ ਤਾਂ ਕਮਰਿਆਂ ਵਿਚਲੀ ਸਾਂਝੀ ਕੰਧ ਵਿੱਚ ਵੀ ਮੋਘਾ ਰੱਖਦੇ ਸਨ।ਉਸ ਨੂੰ ਬੰਦ ਵੀ ਕਰ ਲਿਆ ਜਾਂਦਾ ਸੀ ਤੇ ਲੋੜ ਪੈਣ ਤੇ ਰਾਤ- ਬਿਰਾਤੇ ਖੋਲ੍ਹ ਕੇ ਗੱਲ ਕਰਨੀ ਹੁੰਦੀ ਜਾਂ ਕੋਈ ਦਵਾਈ ਬੂਟੀ ਫੜਨੀ ਹੁੰਦੀ ,ਉਸ ਨੂੰ ਵਰਤ ਲੈਂਦੇ। ਜਿਵੇਂ ਜਿਵੇਂ ਖੁੱਲ੍ਹ ਦਾ ਜ਼ਮਾਨਾ ਆਈ ਜਾਂਦਾ ਹੈ,ਸੋਚ ਓਨੀ ਹੀ ਸੌੜੀ ਹੋਈ ਜਾਂਦੀ ਹੈ। ਕੰਧਾਂ ਦੀ ਉਚਾਈ ਵੀ ਓਨੀ ਹੀ ਵਧਦੀ ਜਾਂਦੀ ਹੈ। ਹੁਣ ਤਾਂ ਘਰ ਵਿੱਚ ਇੱਕੋ ਇੱਕ ਔਲਾਦ ਹੁੰਦੀ ਹੈ ਉਸ ਦਾ ਕਮਰਾ ਵੀ ਅੱਡ ਤੇ ਮਾਪਿਆਂ ਦਾ ਅੱਡ,ਮਿਲਾਪ ਮਹਿਮਾਨਾਂ ਵਰਗਾ ਓਪਰਾ ਜਿਹਾ ਹੁੰਦਾ ਹੈ।
ਇਹੋ ਜਿਹੇ ਮਾਹੌਲ ਤੋਂ ਕਿੰਨਾ ਕੁ ਵਧੀਆ ਭਵਿੱਖ ਉਸਾਰਿਆ ਜਾ ਸਕਦਾ ਹੈ, ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ। ਸੰਤੋਖ ਸਿੰਘ ਧੀਰ ਦੀ ਕਹਾਣੀ “ਸਾਂਝੀ ਕੰਧ” ਵਿਚਲੇ ਦੋ ਪਾਤਰ ਕਪੂਰ ਸਿੰਘ ਤੇ ਦਰਬਾਰਾ ਸਿੰਘ ਜੋ ਆਪਸ ਵਿੱਚ ਤਾਏ-ਚਾਚੇ ਦੇ ਪੁੱਤ ਸਨ ,ਉਹ ਵੀ ਸਰਪੰਚ ਦੀ ਚੁੱਕ ਕਾਰਨ ਇੱਕ ਦੂਜੇ ਦੇ ਦੁਸ਼ਮਣ ਬਣ ਬੈਠੇ ਸਨ ਪਰ ਕਹਾਣੀ ਦੇ ਅਖੀਰ ਵਿੱਚ ਉਹਨਾਂ ਵਿਚਲੇ ਮਤਭੇਦ ਮਿਟਾ ਕੇ ਕਹਾਣੀਕਾਰ ਨੇ ਅੰਤ ਸੁਖਾਂਤਮਈ ਕਰ ਦਿੱਤਾ ਸੀ। ਪਰ ਆਮ ਸਮਾਜ ਵਿੱਚ ਖ਼ਾਸ ਤੌਰ ਤੇ ਪੇਂਡੂ ਸਮਾਜ ਵਿੱਚ ਸਾਂਝੀ ਕੰਧ ਦੇ ਝਗੜੇ ਕਤਲੇਆਮ ਦਾ ਕਾਰਨ ਬਣ ਜਾਂਦੇ ਹਨ। ਹਰ ਰੋਜ਼ ਦੀਆਂ ਖ਼ਬਰਾਂ ਵਿੱਚ ਇਹੋ ਜਿਹੇ ਝਗੜਿਆਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਜਿਸ ਵਿੱਚ ਸਾਂਝੀ ਕੰਧ ਕਾਰਨ ਉੱਠੇ ਵਿਵਾਦ ਦਾ ਨਤੀਜਾ ਦੋ ਤਿੰਨ ਕਤਲ,ਦੋ ਤਿੰਨ ਫ਼ੱਟੜ ਹੋ ਜਾਂਦੇ ਹਨ ਤੇ ਦੂਜੀ ਧਿਰ ਦੇ ਟੱਬਰਾਂ ਦੇ ਟੱਬਰ ਸਾਰੀ ਉਮਰ ਜੇਲ੍ਹ ਵਿੱਚ ਭੇਜ ਦਿੱਤੇ ਜਾਂਦੇ ਹਨ।ਇੱਕ ਕੰਧ ਦਾ ਮਸਲਾ ਐਡਾ ਵੱਡਾ ਕਿਉਂ ਬਣ ਜਾਂਦਾ ਹੈ ਕਿ ਜਿਊਂਦੇ ਜਾਗਦੇ ਇਨਸਾਨ ਸੰਜਮ ਤੋਂ ਕੰਮ ਲੈਂਦੇ ਹੋਏ ਪਿਆਰ ਨਾਲ ਸੁਲਝਾ ਨਹੀਂ ਸਕਦੇ?
ਕੀ ਇਹ ਅੱਜ ਦੇ ਸਮੇਂ ਦੀ ਤੇਜ਼ੀ ਦਾ ਨਤੀਜਾ ਤਾਂ ਨਹੀਂ? ਜਦ ਇਨਸਾਨ ਬਹੁਤ ਤੇਜ਼ੀ ਤੋਂ ਕੰਮ ਲਵੇ ਤਾਂ ਕ੍ਰੋਧ ਵੀ ਉਤਪੰਨ ਹੁੰਦਾ ਹੈ,ਕ੍ਰੋਧ ਤਾਂ ਫਿਰ ਚੰਗੇ ਭਲੇ ਮਨੁੱਖ ਨੂੰ ਸ਼ੈਤਾਨ ਬਣਾ ਦਿੰਦਾ ਹੈ।ਜੇ ਦੋ ਧਿਰਾਂ ਵਿੱਚ ਕੋਈ ਇਹੋ ਜਿਹਾ ਵਿਵਾਦ ਛਿੜਨ ਵੀ ਲੱਗੇ ਤਾਂ ਦੋ ਵਰਗ ਇਹੋ ਜਿਹੇ ਹੁੰਦੇ ਹਨ ਜੋ ਇਸ ਨੂੰ ਸੰਭਾਲ਼ ਸਕਦੇ ਹੁੰਦੇ ਹਨ,ਉਹ ਹਨ ਘਰ ਦੀਆਂ ਔਰਤਾਂ ਅਤੇ ਘਰ ਦੇ ਬਜ਼ੁਰਗ।ਜੇ ਔਰਤਾਂ ਘਰ ਦੇ ਬੰਦਿਆਂ ਨੂੰ ਸਹਿਜਤਾ ਤੋਂ ਕੰਮ ਲੈਣ ਲਈ ਪ੍ਰੇਰਨ ਤਾਂ ਵੀ ਸਿੱਟੇ ਭਿਆਨਕ ਨਿਕਲਣ ਤੋਂ ਬਚ ਸਕਦੇ ਹਨ,ਜੇ ਘਰ ਦੇ ਬਜ਼ੁਰਗ ਘਰ ਦੇ ਬਾਕੀ ਜੀਆਂ ਤੋਂ ਪਰ੍ਹੇ ਪਰ੍ਹੇ ਹੀ ਦੂਜੀ ਧਿਰ ਨਾਲ ਗੱਲ ਸੁਲਝਾ ਲੈਣ ਤਾਂ ਫ਼ਸਾਦ ਹੋਣੋਂ ਬਚ ਸਕਦੇ ਹਨ।
ਸਾਂਝੀ ਕੰਧ ਦਾ ਵਿਵਾਦ ਸਿਰਫ਼ ਚਾਰ ਇੰਚ ਜਗ੍ਹਾ ਜਾਂ ਉਸ ਦੀ ਮੁੜ੍ਹ ਉਸਾਰੀ ਦੇ ਖ਼ਰਚੇ ਨੂੰ ਲੈਕੇ ਹੁੰਦਾ ਹੈ। ਉਹ ਲੋਕ ਕਿੰਨੀ ਵੱਡੀ ਮੂਰਖਤਾ ਕਰਦੇ ਹਨ ਕਿ ਦੋ ਪਰਿਵਾਰ ਵੀ ਖ਼ਤਮ ਕਰ ਬੈਠਦੇ ਹਨ ਤੇ ਪੈਸਾ ਵੀ ਬਰਬਾਦ ਕਰ ਬੈਠਦੇ ਹਨ।ਉਹ ਅਹੰਕਾਰ ਕਿਸ ਕੰਮ ਦਾ ਜੋ ਬਰਬਾਦੀ ਦੇ ਰਾਹ ਤੇ ਲੈ ਜਾਵੇ? ਆਖ਼ਰ ਵਿੱਚ ਗੱਲ ਇੱਥੇ ਮੁੱਕਦੀ ਹੈ ਕਿ ਸਾਂਝੀ ਕੰਧ ਜਾਂ ਤਾਂ ਉਸਾਰੀ ਹੀ ਨਾ ਜਾਵੇ,ਜੇ ਕਿਤੇ ਉਸਾਰੀ ਹੋਈ ਠੀਕ ਕਰਨ ਦੀ ਲੋੜ ਵੀ ਪੈ ਜਾਵੇ ਤਾਂ ਆਪਸੀ ਸਹਿਮਤੀ ਅਤੇ ਸਹਿਯੋਗ ਨਾਲ ਕੰਮ ਨੇਪਰੇ ਚਾੜ੍ਹਨਾ ਚਾਹੀਦਾ ਹੈ। ਅੱਜ ਕੱਲ੍ਹ ਬਹੁਤ ਕੇਸ ਸਾਂਝੀ ਕੰਧ ਦੇ ਝਗੜਿਆਂ ਕਾਰਨ ਖੂਨੀ ਖੇਡਾਂ ਦੇ ਸਾਹਮਣੇ ਆ ਰਹੇ ਹਨ ਜਿਸ ਦੇ ਮੱਦੇਨਜ਼ਰ ਇਹ ਲੇਖ ਲਿਖਣ ਦੀ ਜ਼ਰੂਰਤ ਮਹਿਸੂਸ ਹੋਈ ਤਾਂ ਜੋ ਆਉਣ ਵਾਲ਼ਿਆਂ ਸਮਿਆਂ ਵਿੱਚ ਇਹੋ ਜਿਹੀਆਂ ਘਟਨਾਵਾਂ ‘ਤੇ ਠੱਲ੍ਹ ਪੈ ਸਕੇ।
ਇਹੋ ਜਿਹੇ ਮਸਲਿਆਂ ਵਿੱਚ ਥੋੜ੍ਹੀ ਜਿਹੀ ਵਰਤੀ ਗਈ ਸਮਝਦਾਰੀ ਜਿੱਥੇ ਦੋ ਪਰਿਵਾਰਾਂ ਵਿੱਚ ਪਿਆਰ ਅਤੇ ਸਤਿਕਾਰ ਬਰਕਰਾਰ ਰੱਖਣ ਲਈ ਸਹਾਇਕ ਸਿੱਧ ਹੋਵੇਗੀ ਉੱਥੇ ਪੈਦਾ ਹੋਣ ਵਾਲੇ ਤਕਰਾਰ ,ਲੜਾਈ ਝਗੜੇ ਅਤੇ ਬਰਬਾਦੀ ਤੋਂ ਵੀ ਬਚਾਵੇਗੀ ਕਿਉਂ ਕਿ ਆਪਸੀ ਸਾਂਝ ਬਣਾਈ ਰੱਖਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly