ਸਾਡੇ ਪੁਰਖਿਆਂ ਵੱਲੋਂ ਬਣਾਈ ਹਰ ਕਹਾਵਤ ਵਿੱਚ ਸਚਾਈ ਛੁਪੀ ਹੁੰਦੀ ਹੈ। ਕੀਲੇ ਦੇ ਜ਼ੋਰ ਤੇ ਹੀ ਕੱਟਾ ਤੀਂਗੜਦਾ…. ਵਾਲ਼ੀ ਕਹਾਵਤ ਅਕਸਰ ਹੀ ਕੁੜੀਆਂ ਨੂੰ ਸਹੁਰੇ ਘਰ ਵਸਾਉਣ ਲਈ ਪੇਕਿਆਂ ਦੀ ਪਿੱਠ ਮਜ਼ਬੂਤ ਹੋਣ ਦੀ ਹਾਮੀ ਭਰਦੀ ਹੈ। ਚਾਹੇ ਅੱਜ ਜ਼ਮਾਨਾ ਬਦਲ ਗਿਆ ਹੈ, ਕੁੜੀਆਂ ਨੂੰ ਅਬਲਾ ਕਹਿਣ ਤੇ ਵੀ ਵਿਵਾਦ ਉੱਠ ਜਾਂਦੇ ਹਨ ਤੇ ਕੁੜੀਆਂ ਨੇ ਹਰ ਖੇਤਰ ਵਿੱਚ ਮੁੰਡਿਆਂ ਨਾਲੋਂ ਵੱਧ ਮੱਲਾਂ ਮਾਰੀਆਂ ਹਨ। ਇਹ ਕੁੜੀਆਂ ਅਤੇ ਮੁੰਡਿਆਂ ਵਿੱਚ ਮਿਟ ਰਹੇ ਫ਼ਰਕ ਦੀ ਆਪਣੇ ਆਪ ਵਿੱਚ ਮਿਸਾਲ ਹੈ। ਅੱਜ ਕੱਲ੍ਹ ਕੁੜੀਆਂ ਕਿਸੇ ਪੇਸ਼ੇ ਵਿੱਚ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਹਨ।
ਬਹੁਤ ਲੋਕ ਕੁੜੀਆਂ ਦੇ ਜੰਮਣ ਤੇ ਮੁੰਡਿਆਂ ਵਾਂਗ ਹੀ ਖੁਸ਼ੀਆਂ ਮਨਾਉਣ ਲੱਗ ਪਏ ਹਨ। ਕੁੜੀਆਂ ਦੀ ਅਜ਼ਾਦੀ ਅਤੇ ਤਰੱਕੀ ਦੀਆਂ ਕਹਾਣੀਆਂ ਆਪਣੇ ਆਪ ਵਿੱਚ ਨਵੀਆਂ ਨਵੀਆਂ ਮਿਸਾਲਾਂ ਬਣਦੀਆਂ ਜਾ ਰਹੀਆਂ ਹਨ, ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ। ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ। ਪਰ ਇਸ ਦੇ ਬਾਵਜੂਦ ਨਾਰੀ, ਔਰਤ,ਲੜਕੀ ਕਿਤੇ ਨਾ ਕਿਤੇ ਅਬਲਾ ਦੇ ਰੂਪ ਵਿੱਚ ਖੜ੍ਹੀ ਨਜ਼ਰ ਆਉਂਦੀ ਹੈ। ਕਿਤੇ ਬਲਾਤਕਾਰ ਦੀਆਂ ਘਟਨਾਵਾਂ, ਕਿਤੇ ਸਹੁਰਿਆਂ ਦੇ ਜ਼ੁਲਮਾਂ ਦਾ ਸ਼ਿਕਾਰ,ਕਿਤੇ ਬੁੱਢੀ ਬੇਬਸ ਨੂੰਹ ਦੇ ਜ਼ੁਲਮਾਂ ਦਾ ਸ਼ਿਕਾਰ ਜਾਂ ਕਿਤੇ ਸਮਾਜ ਵੱਲੋਂ ਦੁਰਕਾਰੀ ਔਰਤ ਜਾਂ ਲੜਕੀ ਹਰ ਦਿਨ ਕੋਈ ਨਾ ਕੋਈ ਨਵਾਂ ਕਿਰਦਾਰ ਬਣ ਕੇ, ਨਵੀਂ ਕਹਾਣੀ ਨਾਲ ਅਖ਼ਬਾਰਾਂ ਜਾਂ ਟੀਵੀ ਦੀਆਂ ਖ਼ਬਰਾਂ ਦੀਆਂ ਸੁਰਖੀਆਂ ਬਣਦੀਆਂ ਹਨ।
ਅੱਜ ਮੈਂ ਇਹਨਾਂ ਤੋਂ ਇਲਾਵਾ ਸਾਡੇ ਸਮਾਜਿਕ ਸੱਭਿਆਚਾਰਕ ਵਰਤਾਰੇ ਉੱਪਰ ਲੱਗੇ ਇੱਕ ਗ੍ਰਹਿਣ “ਲਿਵ ਇਨ ਰਿਲੇਸ਼ਨ” ਦੀ ਗੱਲ ਕਰਨ ਲੱਗੀ ਹਾਂ। ਚਾਹੇ ਮਾਨਯੋਗ ਅਦਾਲਤਾਂ ਵੱਲੋਂ ਇਸ ਨੂੰ ਕਾਨੂੰਨੀ ਤੌਰ ਤੇ ਸਹੀ ਹੋਣ ਦੀ ਮਾਨਤਾ ਮਿਲ ਚੁੱਕੀ ਹੈ ਪਰ ਇਹ ਭਾਰਤੀ ਸੰਸਕ੍ਰਿਤੀ ਉੱਤੇ ਤਾਂ ਇੱਕ ਧੱਬਾ ਬਣ ਕੇ ਹੀ ਉੱਭਰ ਰਿਹਾ ਹੈ। ਮੰਨਿਆ ਕਿ ਖਾਣ ਪੀਣ, ਰਹਿਣ ਸਹਿਣ,ਬੋਲ ਬਾਣੀ ਆਦਿ ਉੱਪਰ ਵਿਸ਼ਵੀਕਰਨ ਕਾਰਨ ਸਾਡੀ ਸੋਚ ਬਹੁਤ ਤਰੀਕਿਆਂ ਨਾਲ ਬਦਲ ਗਈ ਹੈ, ਬਹੁਤ ਨਵੀਨਤਾ ਆ ਗਈ ਹੈ। ਪਰ ਸਾਡੇ ਮਰਦ ਪ੍ਰਧਾਨ ਸਮਾਜ ਦੀ ਔਰਤਾਂ ਪ੍ਰਤੀ ਮਾਨਸਿਕਤਾ ਓਨੀ ਹੀ ਕਮਜ਼ੋਰ ਹੈ ਜਿੰਨੀ ਪੁਰਾਣੇ ਸਮਿਆਂ ਵਿੱਚ ਸੀ। ਜੇ ਕੁੜੀਆਂ ਬਾਕੀ ਖੇਤਰਾਂ ਵਿੱਚ ਆਪਣਾ ਸਿੱਕਾ ਜਮਾ ਕੇ ਆਪਣੀ ਨਿਰਭਰਤਾ ਅਤੇ ਨਿਰਬਲਤਾ ਵਾਲੇ ਵਿਚਾਰਾਂ ਉੱਪਰ ਪੋਚਾ ਫੇਰ ਸਕਦੀਆਂ ਹਨ ਤਾਂ ਉਨ੍ਹਾਂ ਨੂੰ ਕਿਸੇ ਲੜਕੇ ਨਾਲ਼ ਲਿਵ ਇਨ ਰਿਲੇਸ਼ਨ ਵਿੱਚ ਰਹਿਣ ਵਾਲ਼ੀ ਮਾਨਸਿਕਤਾ ਨੂੰ ਆਪ ਹੀ ਬਦਲਣਾ ਪਵੇਗਾ ਚਾਹੇ ਉਸ ਨੂੰ ਲੱਖ ਮਨਜ਼ੂਰੀ ਮਿਲ ਗਈ ਹੋਵੇ।
ਕੁੜੀਆਂ ਨੂੰ ਆਪਣੇ ਆਪ ਨੂੰ ਸ਼ਰਧਾ ਜਾਂ ਨਿੱਕੀ ਬਣਨ ਤੋਂ ਪਹਿਲਾਂ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਆਪਣੇ ਅੰਦਰ ਇੱਕ ਸਿਰੜ ਪੈਦਾ ਕਰਨਾ ਪੈਣਾ ਹੈ ਕਿਉਂਕਿ ਸਾਡੇ ਸਮਾਜ ਵਿੱਚ ਵਿਚਰਦਿਆਂ ਅੱਜ ਵੀ ਔਰਤ ਨੂੰ ਦੂਹਰੇ ਤੀਹਰੇ ਮਾਪਦੰਡਾਂ ਦੀਆਂ ਕਸੌਟੀਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਨਵੀਨੀਕਰਨ ਜਿੰਨਾ ਮਰਜ਼ੀ ਹੋ ਗਿਆ ਹੋਵੇ ਪਰ ਪੱਛਮੀ ਮੁਲਕਾਂ ਦੇ ਲੋਕਾਂ ਵਾਂਗ ਜੇ ਇੱਕ ਨਾਲ ਨਹੀਂ ਨਿਭੀ ਤਾਂ ਕੋਈ ਗੱਲ ਨਹੀਂ, ਅਰਾਮ ਨਾਲ ਇੱਕ ਦੂਜੇ ਤੋਂ ਕਿਨਾਰਾ ਕਰ ਕੇ ਆਪਣੇ ਆਪਣੇ ਢੰਗ ਨਾਲ ਜੀਵਨ ਬਤੀਤ ਕਰਨ ਲਈ ਛੱਡ ਦਿੱਤਾ ਜਾਂਦਾ ਹੈ।
ਇੱਕ ਦੂਜੇ ਦੀ ਖਿੱਚ ਨੂੰ ਆਪਣੇ ਅੰਦਰ ਵਸਾ ਕੇ ਸਦਾ ਲਈ ਜੁੜੇ ਰਹਿਣ ਦੇ ਦਾਅਵੇ ਅਤੇ ਵਾਅਦੇ ਨਹੀਂ ਕੀਤੇ ਜਾਂਦੇ ਤੇ ਨਾ ਹੀ ਛੱਡ ਦੇਣ ਤੇ ਇੱਕ ਦੂਜੇ ਨੂੰ ਸਬਕ ਸਿਖਾਉਣ ਵਾਲੀ ਜਾਂ ਫਿਰ ਇੱਕ ਦੁਆਰਾ ਹੋਰ ਦੂਜੀ ਜਗ੍ਹਾ ਘਰ ਵਸਾਉਣ ਤੇ ਬਲੈਕ ਮੇਲ ਕਰਨ ਭਾਵਨਾ ਪਨਪਦੀ ਹੈ।ਉਹ ਲੋਕ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਤੋਂ ਬਾਅਦ ਵੀ ਆਸਾਨੀ ਨਾਲ ਅਲੱਗ ਹੋ ਜਾਂਦੇ ਹਨ। ਉਸ ਤੋਂ ਬਾਅਦ ਉਹਨਾਂ ਦੇ ਸਮਾਜਿਕ ਜੀਵਨ ਉੱਤੇ ਕੋਈ ਅਸਰ ਨਹੀਂ ਪੈਂਦਾ ਪਰ ਸਾਡੇ ਦੇਸ਼ ਵਿੱਚ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਤੋਂ ਬਾਅਦ ਕੁੜੀਆਂ ਨੂੰ ਸਾਡਾ ਸਮਾਜ ਸਵੀਕਾਰ ਨਹੀਂ ਕਰਦਾ, ਇੱਜ਼ਤ ਦੀ ਨਿਗਾਹ ਨਾਲ ਨਹੀਂ ਦੇਖਿਆ ਜਾਂਦਾ।
ਬਾਲਗ਼ ਲੜਕੀ ਅਤੇ ਲੜਕੇ ਨੂੰ ਪਿਆਰ ਹੋ ਹੀ ਜਾਂਦਾ ਹੈ ਤਾਂ ਉਹ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਕਿਉਂ ਰਹਿਣਾ ਚਾਹੁੰਦੇ ਹਨ? ਇਸ ਦਾ ਮਤਲਬ ਸਿੱਧਾ ਹੈ ਕਿ ਉਹਨਾਂ ਨੂੰ ਇਸ ਰਿਸ਼ਤੇ ਉੱਪਰ ਖ਼ੁਦ ਭਰੋਸਾ ਨਹੀਂ ਹੁੰਦਾ ਕਿ ਉਹ ਘਰ ਵਸਾਉਣ ਦੇ ਯੋਗ ਹਨ ਜਾਂ ਨਹੀਂ। ਇਹ ਸਿਰਫ ਜਿਸਮਾਨੀ ਭੁੱਖ ਮਿਟਾਉਣ ਲਈ ਹੀ ਸਿਰਜਿਆ ਹੋਇਆ ਰਿਸ਼ਤਾ ਹੁੰਦਾ ਹੈ। ਜਦ ਇੱਕ ਦੂਜੇ ਤੋਂ ਕਿਨਾਰਾ ਕਰਨ ਲਈ ਐਧਰ ਓਧਰ ਹੱਥ ਪੈਰ ਮਾਰਨ ਲੱਗਦੇ ਹਨ ਤਾਂ ਰਾਹ ਦਾ ਰੋੜਾ ਬਣਨ ਵਾਲੇ ਤੋਂ ਕਿਨਾਰਾ ਕਰਨ ਲਈ ਏਹੋ ਜਿਹੇ ਘਿਨਾਉਣੇ ਕਾਰਨਾਮਿਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ।
ਇੱਥੇ ਤਾਂ ਲੜਕੀਆਂ ਨੂੰ ਹੀ ਕਸੂਰਵਾਰ ਮੰਨਣਾ ਪਵੇਗਾ ਕਿਉਂਕਿ ਜੇ ਉਹ ਕਿਸੇ ਲੜਕੇ ਨਾਲ ਪਿਆਰ ਕਰਦੀ ਹੈ ਤਾਂ ਉਸ ਨਾਲ ਘਰ ਵਸਾਉਣ ਦੀ ਗੱਲ ਕਿਉਂ ਨਹੀਂ ਕਰਦੀ।ਉਹ ਇਸ ਬੇਨਾਮ ਰਿਸ਼ਤੇ ਨੂੰ ਕਿਉਂ ਅਪਣਾਉਂਦੀ ਹੈ? ਸਾਡੇ ਸਮਾਜ ਵਿੱਚ ਬਹੁਤੇ ਮਰਦਾਂ ਦੀ ਔਰਤ ਪ੍ਰਤੀ ਸੋਚ ਘਟੀਆ ਹੀ ਹੈ।ਉਹ ਕਦੇ ਵੀ ਉਸ ਨੂੰ ਬਰਾਬਰ ਦਾ ਦਰਜਾ ਦੇਣ ਲਈ ਤਿਆਰ ਨਹੀਂ ਹੁੰਦੇ। ਜਿਹੜੇ ਸਮਾਜ ਵਿੱਚ ਕਈ ਵਾਰ ਸਨਮਾਨ ਸਹਿਤ ਵਿਆਹ ਕੇ ਲਿਆਂਦੀ ਇੱਕ ਲੜਕੀ ਨੂੰ ਉਸ ਦੇ ਪੇਕਿਆਂ ਦੀ ਪਿੱਠ ਦੇ ਜ਼ੋਰ ਤੇ ਹੀ ਵਸਾਇਆ ਜਾਂਦਾ ਹੈ ਉੱਥੇ ਸਾਰੇ ਸਮਾਜ ਤੋਂ ਬੇਪਰਵਾਹ ਹੋ ਕੇ ਇੱਕ ਮਰਦ ਦੇ ਨਾਲ਼ ਰਹਿ ਰਹੀ ਲੜਕੀ ਨੂੰ ਜਿੱਥੇ ਸਮਾਜ ਠੁਕਰਾਉਂਦਾ ਹੈ ਉੱਥੇ ਹੀ ਜਿਸ ਮਰਦ ਨਾਲ ਉਹ ਇਸ ਬੇਨਾਮ ਰਿਸ਼ਤੇ ਵਿੱਚ ਰਹਿ ਰਹੀ ਹੁੰਦੀ ਹੈ ਉਹ ਵੀ ਉਸ ਨੂੰ ਸਿਰਫ਼ ਇੱਕ ਵਸਤੂ ਵਾਂਗ ਜਿਸਮਾਨੀ ਤੌਰ ਤੇ ਹੀ ਵਰਤ ਕੇ ਸੁੱਟ ਦਿੰਦਾ ਹੈ।
ਇਹ ਤਾਂ ਲੜਕੀਆਂ ਨੂੰ ਆਪ ਸੋਚਣਾ ਪੈਣਾ ਹੈ, ਆਪਣੇ ਮਨ ਵਾਲੇ ਕੀਲੇ ਨੂੰ ਮਜ਼ਬੂਤ ਕਰਨਾ ਪੈਣਾ ਹੈ ਤੇ ਫਿਰ ਫੈਸਲਾ ਲੈਣਾ ਪੈਣਾ ਹੈ ਕਿ ਜੇ ਕਿਸੇ ਲੜਕੇ ਨਾਲ਼ ਪਿਆਰ ਕੀਤਾ ਹੈ ਤਾਂ ਉਸ ਨਾਲ ਵਿਆਹ ਕਰਵਾ ਕੇ ਘਰ ਵਸਾਉਣਾ ਹੈ ਜਾਂ ਆਪਣੇ ਆਪ ਨੂੰ “ਸ਼ਰਧਾ” ਜਾਂ “ਨਿੱਕੀ” ਬਣਾਉਣਾ ਹੈ । ਆਪਣੇ ਸਹੀ ਫ਼ੈਸਲੇ ਲੈਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324