(ਸਮਾਜ ਵੀਕਲੀ)
ਸੀਤੀ ਤੇ ਗੁਰਜੰਟ ਪਿੰਡੋਂ ਆ ਕੇ ਸ਼ਹਿਰ ਇੱਕ ਕਿਰਾਏ ਦੇ ਕਮਰੇ ਵਿੱਚ ਰਹਿਣ ਲੱਗ ਪਏ ਸਨ। ਜਿੱਥੇ ਇਹਨਾਂ ਨੇ ਕਿਰਾਏ ਤੇ ਕਮਰਾ ਲਿਆ ਸੀ, ਉੱਥੇ ਇੱਕ ਲਾਈਨ ਵਿੱਚ ਹੀ ਹੋਰ ਵੀ ਕਈ ਕਮਰੇ ਬਣੇ ਹੋਏ ਸਨ। ਉਹਨਾਂ ਵਿੱਚ ਵੀ ਹੋਰ ਦੋ ਤਿੰਨ ਪਰਿਵਾਰ ਕਿਰਾਏ ਤੇ ਹੀ ਰਹਿੰਦੇ ਸਨ। ਇਹਨਾਂ ਦੇ ਵਿਆਹ ਨੂੰ ਦੋ ਕੁ ਵਰ੍ਹੇ ਹੋਏ ਸਨ ਕਿ ਸੀਤੀ ਦੀ ਸੱਸ ਨਾਲ਼ ਬਣੀ ਨੀ ਤਾਂ ਇਹ ਪਿੰਡ ਛੱਡ ਕੇ ਏਥੇ ਆ ਕੇ ਰਹਿਣ ਲੱਗ ਪਏ ਸਨ। ਇੱਥੇ ਆ ਕੇ ਸਾਲ ਕੁ ਬਾਅਦ ਉਨ੍ਹਾਂ ਦੇ ਰੱਬ ਨੇ ਜੀਅ ਦਿੱਤਾ ਵੀ ਪਰ ਜੰਮਦਾ ਹੀ ਖੋਹ ਲਿਆ ਸੀ। ਉਦੋਂ ਤਾਂ ਬੱਸ ਖਬਰਸਾਰ ਪੁੱਛਣ ਨੂੰ ਹੀ ਇੱਕ ਦੋ ਰਿਸ਼ਤੇਦਾਰ ਆਏ ਸਨ। ਗੁਰਜੰਟ ਸਾਈਕਲ ਤੇ ਰੱਖ ਕੇ ਦੂਰ ਦੂਰ ਤੱਕ ਪਿੰਡਾਂ ਸ਼ਹਿਰਾਂ ਵਿੱਚ ਕੱਪੜੇ ਵੇਚਣ ਜਾਂਦਾ। ਮਿਹਨਤ ਤਾਂ ਕਦੇ ਵਿਅਰਥ ਨਹੀਂ ਜਾਂਦੀ । ਉਸ ਦੀ ਵਧੀਆ ਗੁਜ਼ਾਰੇ ਜੋਗੀ ਕਮਾਈ ਹੋਈ ਜਾਂਦੀ ਸੀ।
ਡੇਢ ਕੁ ਸਾਲ ਬਾਅਦ ਫਿਰ ਰੱਬ ਨੇ ਸੁਣ ਲਈ , ਸੀਤੀ ਦੀ ਕੁੱਖ ਹਰੀ ਕਰ ਦਿੱਤੀ। ਇਸ ਵਾਰ ਗੁਰਜੰਟ ਦੀ ਮਾਂ ਜਵਾਕ ਦੇ ਹੋਣ ਤੋਂ ਪੰਦਰਾਂ ਕੁ ਦਿਨ ਪਹਿਲਾਂ ਆਪਣੀ ਨੂੰਹ ਅਤੇ ਉਸ ਦੇ ਹੋਣ ਵਾਲੇ ਜਵਾਕ ਨੂੰ ਸਾਂਭਣ ਲਈ ਆ ਗਈ। ਅਕਸਰ ਮਾਂ ਤਾਂ ਮਾਂ ਈ ਹੁੰਦੀ ਹੈ। ਉਹ ਨਹੀਂ ਚਾਹੁੰਦੀ ਸੀ ਕਿ ਐਨ ਪੂਰੇ ਦਿਨਾਂ ਤੇ ਵੀ ਉਸ ਦੀ ਨੂੰਹ ਘਰ ਦੇ ਕੰਮ ਕਰਦੀ ਫਿਰੇ ਤੇ ਐਵੇਂ ਫੇਰ ਨਾ ਕੋਈ ਊਚ ਨੀਚ ਹੋ ਜਾਏ। ਜਦੋਂ ਗੁਰਜੰਟ ਨੇ ਬਾਹਰੋਂ ਥੱਕਿਆ ਹੋਇਆ ਆਉਣਾ ਤਾਂ ਮਾਂ ਨੇ ਤਾਜ਼ੀ ਤਾਜ਼ੀ ਰੋਟੀ ਬਣਾਉਂਦੀ ਨੇ ਰਸੋਈ ਵਿੱਚੋਂ ਹੀ ਹਾਕ ਮਾਰ ਕੇ ਪੁੱਛ ਲੈਣਾਂ,”ਪੁੱਤ ਗੁਰਜੰਟਿਆ…. ਕਿੰਨੀਆਂ ਰੋਟੀਆਂ ਖਾਏਂਗਾ….?”
ਗੁਰਜੰਟ ਨੇ ਕਦੇ ਤਿੰਨ ਤੇ ਕਦੇ ਚਾਰ ਆਖ ਦੇਣਾ। ਰੱਬ ਨੇ ਪੁੱਤਰ ਦੀ ਦਾਤ ਦਿੱਤੀ। ਮਾਂ, ਮੁੰਡਾ ਸਵਾ ਮਹੀਨੇ ਦਾ ਕਰਵਾ ਕੇ ਪਿੰਡ ਚਲੀ ਗਈ।ਸੀਤੀ ਬਾਅਦ ਵਿੱਚ ਗੁਆਂਢਣਾਂ ਨਾਲ਼ ਵਿਹੜੇ ਵਿੱਚ ਬੈਠ ਕੇ ਆਖਿਆ ਕਰੇ,”ਮਾਂ ਹੋ ਕੇ ….. ਬੀਬੀ ਨੂੰ ਸ਼ਰਮ ਨੀ ਆਉਂਦੀ ਸੀ… ਆਪਣੇ ਪੁੱਤ ਨੂੰ ਰੋਟੀਆਂ ਪੁੱਛ ਕੇ ਗਿਣਤੀ ਕਰ ਕੇ ਪਕਾ ਕੇ ਦਿੰਦੀ ਸੀ…. ਜੇ ਇਹਨਾਂ ਨੂੰ ਵੱਧ ਖਾਣ ਨੂੰ ਜੀਅ ਕਰੇ ਤਾਂ ਬੱਸ ਮਨ ਮਾਰ ਕੇ ਬਹਿ ਜੋ….ਕਿਹੋ ਜਿਹੀ ਮਾਂ ਵਾ……!”
ਇਹੀ ਗੱਲ ਉਸ ਨੇ ਮੁੰਡਾ ਦੇਖਣ ਆਏ ਕਈ ਰਿਸ਼ਤੇਦਾਰਾਂ ਕੋਲ ਵੀ ਵਾਰ ਵਾਰ ਚਿਤਾਰੀ। ਇਹ ਗੱਲ ਗੁਰਜੰਟ ਦੀਆਂ ਭੈਣਾਂ ਤੱਕ ਵੀ ਪਹੁੰਚ ਗਈ। ਪਰ ਉਹ ਚੁੱਪ ਰਹੀਆਂ ਕਿਉਂ ਕਿ ਉਹਨਾਂ ਨੂੰ ਤਾਂ ਪਤਾ ਸੀ ਕਿ ਉਹਨਾਂ ਦੀ ਮਾਂ ਤਾਂ ਗੁਰਜੰਟ ਤੇ ਤਰਸ ਖਾ ਕੇ ਇਸ ਤਰ੍ਹਾਂ ਕਰਦੀ ਸੀ। ਉਹ ਅਕਸਰ ਆਪਣੀਆਂ ਧੀਆਂ ਨਾਲ਼ ਗੱਲ ਕਰਦੀ ਕਹਿ ਦਿੰਦੀ ਸੀ,” ਵਿਚਾਰਾ ਗੁਰਜੰਟ…. ਜਦ ਧੁੱਪਾਂ ਵਿੱਚ ਫ਼ਿਰ ਫਿਰ ਕੇ ਕਮਾਈ ਕਰਕੇ ਆਉਂਦਾ ਤਾਂ ਤਰਸ ਆਉਂਦਾ. … ਫਾਲਤੂ ਰੋਟੀਆਂ ਲਾਹ ਕੇ ਰੱਦੀ ਵਾਲ਼ੇ ਪੀਪੇ ਵਿੱਚ ਸੁੱਟ ਕੇ ਮਿਹਨਤ ਦੀ ਕਮਾਈ ਬਰਬਾਦ ਥੋੜ੍ਹਾ ਕਰਨੀ ਆਂ …..।”
ਮੁੰਡਾ ਸਾਲ ਦਾ ਹੋ ਗਿਆ ਸੀ। ਇੱਕ ਦਿਨ ਸੀਤੀ ਦੇ ਕੰਮ ਕਰਦੀ ਦਾ ਪੈਰ ਤਿਲਕਣ ਨਾਲ ਬਾਥਰੂਮ ਵਿੱਚ ਡਿੱਗ ਗਈ। ਉਸ ਦੇ ਪੈਰ ਦੀ ਹੱਡੀ ਟੁੱਟ ਗਈ ਤੇ ਗੁਰਜੰਟ ਨੇ ਪਿੰਡ ਮਾਂ ਨੂੰ ਸੁਨੇਹਾ ਭੇਜਿਆ ਕਿ ਘਰ ਨੂੰ ਸੰਭਾਲਣ ਲਈ ਆ ਜਾਵੇ। ਕੁੜੀਆਂ ਨੇ ਮਾਂ ਨੂੰ ਸਮਝਾ ਕੇ ਭੇਜਿਆ ਕਿ ਉਹ ਰੋਟੀਆਂ ਬਿਲਕੁਲ ਪੁੱਛ ਕੇ ਨਾ ਲਾਹੇ। ਮਾਂ ਸਾਰੇ ਘਰ ਨੂੰ, ਜਵਾਕ ਨੂੰ ਤੇ ਸੀਤੀ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਦੀ ਤੇ ਨਾਲੇ ਸਾਰੇ ਘਰ ਦੇ ਕੰਮ ਕਰਦੀ। ਇਸ ਵਾਰ ਉਸ ਨੇ ਕਦੇ ਵੀ ਰੋਟੀਆਂ ਪੁੱਛ ਕੇ ਜਾਂ ਗਿਣ ਕੇ ਨਾ ਪਕਾਈਆਂ।ਉਸ ਨੂੰ ਆਈ ਨੂੰ ਡੇਢ਼ ਮਹੀਨੇ ਤੋਂ ਵੱਧ ਹੋ ਗਿਆ ਸੀ। ਨੂੰਹ ਜਦ ਤੁਰਨ ਫਿਰਨ ਲੱਗ ਗਈ ਤਾਂ ਉਹ ਪਿੰਡ ਵਾਪਸ ਚਲੀ ਗਈ।
ਸੱਸ ਦੇ ਜਾਣ ਤੋਂ ਬਾਅਦ ਦੂਜੇ ਤੀਜੇ ਦਿਨ ਜਦ ਸਾਰੀਆਂ ਗੁਆਂਢਣਾਂ ਕੰਮ ਕਾਰ ਨਿਬੇੜ ਕੇ ਇਕੱਠੀਆਂ ਵਿਹੜੇ ਵਿੱਚ ਬੈਠੀਆਂ ਸਨ ਤਾਂ ਸੀਤੀ ਨੂੰ ਮਸਾਂ ਮੌਕਾ ਮਿਲਿਆ। ਉੱਠ ਕੇ ਫਟਾਫਟ ਅੰਦਰ ਗਈ ਤੇ ਰੱਦੀ ਵਾਲ਼ਾ ਪੀਪਾ ਚੁੱਕ ਕੇ ਲੈ ਆਈ ਤੇ ਖੋਲ੍ਹ ਕੇ ਸਾਰਿਆਂ ਨੂੰ ਦਿਖਾਉਣ ਲੱਗੀ ,” ਦੇਖੋ! ਐਨੀਆਂ ਬੇਹੀਆਂ ਰੋਟੀਆਂ ਨਾਲ ਪੀਪਾ ਭਰਨ ਵਾਲ਼ਾ ਹੋ ਗਿਆ….. ਮੇਰੀ ਸੱਸ ਨੂੰ ਤਾਂ ਜਮ੍ਹਾਂ ਅਕਲ ਨੀ ….. ਆਪਣੇ ਪੁੱਤ ਦੀ ਮਿਹਨਤ ਦੀ ਕਮਾਈ ਨੂੰ ਕਿਵੇਂ ਉਜਾੜ ਕੇ ਗਈ ਆ…..!” ਪੀਪੇ ਨੂੰ ਸਾਰਿਆਂ ਦੇ ਮੂਹਰੇ ਕਰ ਕਰ ਕੇ ਦਿਖਾ ਰਹੀ ਸੀ ਕਿ ਇੱਕ ਸਿਆਣੀ ਜਿਹੀ ਗੁਆਂਢਣ ਨੇ ਆਖਿਆ,” ਸੀਤੀਏ! ……. ਤੂੰ ਗੁੱਸਾ ਤਾਂ ਨਾ ਕਰੀਂ…. ਨਾਲ਼ੇ ਤਾਂ ਉਹ ਵਿਚਾਰੀ …… ਹਰ ਵਾਰ ਤੇਰਾ ਔਖਾ ਟਾਈਮ ਕਟਵਾ ਕੇ ਜਾਂਦੀ ਆ….. ਤੇ ਨਾਲੇ ਤੂੰ ਉਹਨੂੰ ਹਰ ਵਾਰ ਨਿੱਕੀ ਨਿੱਕੀ ਗੱਲ ਤੇ ਭੰਡਦੀ ਫਿਰਦੀ ਐਂ….. ਉਹ ਵਿਚਾਰੀ ਕੀ ਕਰੇ ਤੇ ਕੀ ਨਾ ਕਰੇ….?”
ਗੁਆਂਢਣ ਦੀ ਆਖੀ ਇਸ ਨਿੱਕੀ ਜਿਹੀ ਗੱਲ ਨੇ ਚਾਹੇ ਸੀਤੀ ਦੇ ਮੂੰਹ ਤੇ ਹੱਥ ਨਾਲੋਂ ਜ਼ਿਆਦਾ ਕਰਾਰੀ ਚਪੇੜ ਮਾਰੀ ਸੀ ਪਰ ਸਾਡੇ ਸਮਾਜ ਵਿੱਚ ਸੀਤੀ ਦੀ ਸੱਸ ਵਰਗੇ ਕਿਰਦਾਰ ਸੱਚਮੁੱਚ ਹੀ ‘ਕੀ ਕਰੇ ਤੇ ਕੀ ਨਾ ਕਰੇ ‘ ਵਾਲ਼ੀ ਦਲਦਲ ਵਿੱਚ ਫ਼ਸੇ ਆਮ ਹੀ ਨਜ਼ਰ ਆ ਜਾਂਦੇ ਹਨ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324