(ਸਮਾਜ ਵੀਕਲੀ)
ਮਾਪੇ ਹਮੇਸ਼ਾ ਆਪਣੇ ਬੱਚਿਆਂ ਲਈ ਹਰ ਜਗ੍ਹਾ ਡਟ ਕੇ ਖੜ੍ਹੇ ਦਿਖਾਈ ਦਿੰਦੇ ਹਨ। ਕਦੇ ਜ਼ਿੰਦਗੀ ਵਿੱਚ ,ਜਦੋਂ ਬੱਚਾ ਕੁਝ ਡਾਵਾਂਡੋਲ ਹੋ ਕੇ ਪਿੱਛੇ ਮੁੜਨ ਲੱਗੇ ਤਾਂ ਉਹ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਤਿਆਰ ਬਰ ਤਿਆਰ ਹੁੰਦੇ ਹਨ। ਮਾਪੇ ਆਪਣੇ ਬੱਚਿਆਂ ਦੀਆਂ ਸਾਰੀਆਂ ਜ਼ਰੂਰਤਾਂ ਦਾ ਧਿਆਨ ਰੱਖਦੇ ਹਨ ਅਤੇ ਉਸਨੂੰ ਸਾਰੀ ਉਮਰ ਹੌਂਸਲਾ ਦਿੰਦੇ ਹਨ। ਮਾਪੇ ਜ਼ਿੰਦਗੀ ਦੇ ਸਾਰੇ ਚੁਣੌਤੀਪੂਰਣ ਪਲਾਂ ਵਿੱਚ ਵੀ ਆਪਣੇ ਬੱਚਿਆਂ ਨੂੰ ਇਕਜੁੱਟ ਰੱਖਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ। ਮਾਂ ਬਾਪ ਘਰ ਰੂਪੀ ਗੱਡੀ ਦੇ ਦੋ ਪਹੀਏ ਹੁੰਦੇ ਹਨ ਜੋ ਗ੍ਰਹਿਸਥ ਰੂਪੀ ਡੱਬਿਆਂ ਨੂੰ ਖਿੱਚਦੇ ਖਿੱਚਦੇ ਅੱਗੇ ਤੋਰਦਿਆਂ ਹੋਇਆਂ ਵਧਦੇ ਜਾਂਦੇ ਹਨ।
ਬੱਚਿਆਂ ਦੀ ਜ਼ਿੰਦਗੀ ਵਿੱਚ ਦੋਵਾਂ ਦੀ ਮੌਜੂਦਗੀ ਬਰਾਬਰ ਦੀ ਅਹਿਮੀਅਤ ਰੱਖਦੀ ਹੈ।ਜੇ ਮਾਂ ਨੂੰ ਠੰਢੀ ਛਾਂ ਕਿਹਾ ਜਾਂਦਾ ਹੈ ਤਾਂ ਪਿਤਾ ਦੀ ਤੁਲਨਾ ਵੀ ਬੋਹੜ ਦੇ ਰੁੱਖ ਨਾਲ ਕੀਤੀ ਗਈ ਹੈ। ਮਾਤਾ ਪਿਤਾ ਦਾ ਲਾਡ , ਉਹਨਾਂ ਦੁਆਰਾ ਦਿੱਤਾ ਪਿਆਰ ਅਤੇ ਉਤਸ਼ਾਹ ਬੱਚੇ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਵਲ ਸਿਖਾਉਂਦਾ ਹੈ। ਜਦੋਂ ਬੱਚਾ ਆਪਣੇ ਮਾਪਿਆਂ ਦੀ ਉਂਗਲੀ ਫੜ ਕੇ ਤੁਰਨਾ ਸਿੱਖਦਾ ਹੈ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਉਹਨਾਂ ਦੇ ਦਬਕੇ ਵਿੱਚ ਵੀ ਪਿਆਰ ਦੀ ਖ਼ੁਸ਼ਬੂ ਭਰੀ ਹੁੰਦੀ ਹੈ ਜੋ ਉਸ ਨੂੰ ਜ਼ਿੰਦਗੀ ਦੀਆਂ ਮੁਸੀਬਤਾਂ ਨਾਲ ਦੋ ਹੱਥ ਕਰਨ ਦੇ ਸਮਰੱਥ ਬਣਾਉਂਦੀ ਹੈ। ਜ਼ਿੰਦਗੀ ਦੀਆਂ ਜੋ ਮੌਜ-ਬਹਾਰਾਂ, ਬੇਫ਼ਿਕਰੀਆਂ ਅਤੇ ਬੇਪਰਵਾਹੀਆਂ ਭਰੀ ਜ਼ਿੰਦਗੀ ਦੇ ਪਲ ਬੱਚਾ ਆਪਣੇ ਮਾਪਿਆਂ ਦੇ ਸਿਰ ਤੇ ਗੁਜ਼ਾਰ ਲੈਂਦਾ ਹੈ, ਉਹ ਮੌਜ ਬਹਾਰਾਂ ਮੁੜ ਕੇ ਨਹੀਂ ਮਿਲਦੀਆਂ । ਇੱਕ ਕਹਾਵਤ ਹੈ,”ਬੇਬੇ ਬਾਪੂ ਕਹਿੰਦੇ ਸੀ,ਬੜੇ ਸੌਖੇ ਰਹਿੰਦੇ ਸੀ।
“ਗੱਲ ਵੀ ਠੀਕ ਹੈ ਮਾਪੇ ਇੱਕ ਖ਼ਜ਼ਾਨੇ ਵਾਂਗ ਹੁੰਦੇ ਹਨ ।ਬੱਚੇ ਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਉਹਨਾਂ ਕੋਲੋਂ ਮੰਗਿਆਂ ਝੱਟ ਮਿਲ਼ ਜਾਂਦੀ ਹੈ। ਉਹਨਾਂ ਦੀਆਂ ਦੁਆਵਾਂ ਨਾਲ ਬੱਚਿਆਂ ਦੀ ਕਿਸਮਤ ਦਾ ਖਜ਼ਾਨਾ ਭਰਦਾ ਰਹਿੰਦਾ ਹੈ । ਇਸ ਕਰਕੇ ਮਾਪਿਆਂ ਨੂੰ ਮਾਣ ਅਤੇ ਸਤਿਕਾਰ ਦੇਣਾ ਬੱਚਿਆਂ ਦਾ ਮੁੱਢਲਾ ਕਰਤੱਵ ਹੈ ਕਿਉਂ ਕਿ ਇਹ ਸਾਡੀ ਸੱਭਿਅਤਾ ਦਾ ਇੱਕ ਅਹਿਮ ਪੱਖ ਹੈ। ਪਰ ਅੱਜ ਕੱਲ ਰਿਸ਼ਤੇ ਨਾਤੇ ਫਿੱਕੇ ਪੈ ਰਹੇ ਹਨ। ਮਾਂ-ਬਾਪ ਬਿਰਧ ਆਸ਼ਰਮਾਂ ਵਿੱਚ ਰੁਲ਼ ਰਹੇ ਹਨ। ਜਿਹੜੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਉਂਗਲ ਲਾ ਕੇ ਤੁਰਨਾ ਸਿਖਾਇਆ ਹੁੰਦਾ ਹੈ, ਉਹੀ ਬੱਚੇ ਬੁਢਾਪੇ ਵਿੱਚ ਉਹਨਾਂ ਨੂੰ ਆਪਣੇ ਉੱਤੇ ਬੋਝ ਸਮਝਣ ਲੱਗ ਜਾਂਦੇ ਹਨ ।
ਬੁੱਢੇ ਮਾਪਿਆਂ ਦੀ ਖੰਘਣ ਦੀ ਆਵਾਜ਼ ਵੀ ਉਸਦੇ ਮਨ ਅੰਦਰ ਬੇਚੈਨੀ ਪੈਦਾ ਕਰਦੀ ਹੈ। ਬਹੁਤ ਸਾਰੇ ਮਾਪੇ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਤਿੰਨ ਚਾਰ ਪੁੱਤਰ ਹੋਣ, ਉਹ ਵੀ ਰੁਲ਼ਦੇ ਹਨ ਜਾਂ ਆਪਸ ਵਿੱਚ ਦਿਨ ਵੰਡ ਕੇ ਉਹਨਾਂ ਨੂੰ ਵਾਰੀ ਸਿਰ ਮਜ਼ਬੂਰੀ ਵੱਸ ਆਪਣੇ ਕੋਲ ਰੱਖਦੇ ਹਨ।ਕੀ ਕਦੇ ਸੋਚਿਆ ਹੈ ਕਿ ਮਾਪਿਆਂ ਨੇ ਤਾਂ ਸਾਰੇ ਬੱਚਿਆਂ ਨੂੰ ਇੱਕੋ ਜਿਹਾ ਪਿਆਰ ਦਿੱਤਾ ਸੀ ? ਪਰ ਬੱਚਿਆਂ ਦਾ ਇਸ ਤੇਜ਼ ਰਫ਼ਤਾਰੀ ਜੀਵਨ ਵਿੱਚ ਮਾਪਿਆਂ ਨੂੰ ਅਣਗੌਲਿਆਂ ਕਰਨਾ ਉਹਨਾਂ ਦੀ ਬੁਢਾਪੇ ਵਿੱਚ ਘੱਟ ਰਹੀ ਸਰੀਰਕ ਸ਼ਕਤੀ ਦੇ ਨਾਲ ਨਾਲ ਮਾਨਸਿਕ ਤੌਰ ਤੇ ਵੀ ਉਹਨਾਂ ਨੂੰ ਠੇਸ ਪਹੁੰਚਾਉਂਦਾ ਹੈ।
ਇਹ ਗੱਲਾਂ ਅੱਜ ਦੀ ਪੀੜ੍ਹੀ ਵਿੱਚ ਕਿਉਂ ਖ਼ਤਮ ਹੋ ਰਹੀਆਂ ਹਨ ? ਬੱਚਿਆਂ ਵਿੱਚ ਮਾਡਰਨ ਜ਼ਿੰਦਗੀ ਜਿਉਣ ਦੇ ਚੱਕਰ ਵਿੱਚ ਮਾਪਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਬਹੁਤ ਘਟ ਗਈ ਹੈ ,ਜਿਸ ਕਾਰਨ ਉਹ ਬੁੱਢੇ ਮਾਪਿਆਂ ਨੂੰ ਆਪਣੇ ਉੱਪਰ ਬੋਝ ਸਮਝਣ ਲੱਗ ਪਏ ਹਨ। ਪਰ ਜਿਹੜੇ ਘਰਾਂ ਵਿੱਚ ਮਾਪੇ ਬੋਝ ਲੱਗਣ ਲੱਗ ਪੈਣ ਉਹ ਘਰ ਕਦੇ ਸੁਖੀ ਨਹੀਂ ਵਸ ਸਕਦੇ ਕਿਉਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹੋ ਜਿਹੀ ਸਿੱਖਿਆ ਦੇ ਕੇ ਆਪਣੇ ਬੁਢਾਪੇ ਲਈ ਟੋਇਆ ਪੁੱਟ ਰਹੇ ਹੁੰਦੇ ਹਨ। ਆਪਣੇ ਮਾਪਿਆਂ ਨੂੰ ਬੋਝ ਸਮਝਣ ਦੀ ਬਜਾਏ ਉਹਨਾਂ ਦੀ ਸੰਭਾਲ ਕਰਨਾ ਹੀ ਸਾਡਾ ਸਭ ਦਾ ਇਖਲਾਕੀ ਫਰਜ਼ ਹੈ ਅਤੇ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324