(ਸਮਾਜ ਵੀਕਲੀ)
ਰੀਮਾ ਨੂੰ ਸਵੇਰੇ ਸਵੇਰੇ ਫੋਨ ਆਇਆ।
“ਹੈਲੋ, ਹਾਂ ਜੀ , ਹਾਂ ਜੀ… ਮੈਂ ਰੀਮਾ ਈ ਬੋਲਦੀ ਹਾਂ…..! ਤੁਸੀਂ ਕੌਣ…?” (ਫ਼ੋਨ ਕਰਨ ਵਾਲ਼ਾ ਆਪਣਾ ਨਾਂ ਦੱਸਦਾ ਹੈ) ਰੀਮਾ ਫਿਰ ਜਵਾਬ ਦਿੰਦੀ ਹੈ,” ਜੀ…. ਜੀ ….. ਬਹੁਤ ਬਹੁਤ ਧੰਨਵਾਦ ਜੀ……!” (ਫ਼ੋਨ ਕਰਨ ਵਾਲੇ ਨੇ ਰੀਮਾ ਦੀਆਂ ਲਿਖਤਾਂ ਦੀ ਤਾਰੀਫ਼ ਕੀਤੀ ਸੀ) ” ਹਾਂ ਜੀ …….ਠੀਕ ਹੈ ਜੀ…. ਮੈਂ ਆਪਣੀਆਂ ਕਵਿਤਾਵਾਂ ਭੇਜ ਦੇਵਾਂਗੀ।” ਕਹਿ ਕੇ ਰੀਮਾ ਨੇ ਫ਼ੋਨ ਕੱਟ ਦਿੱਤਾ।ਇਹ ਫੋਨ ਕਰਨ ਵਾਲੇ ਦਾ ਨਾਂ ਉਸ ਨੇ ਆਪਣੇ ਨਾਲ ਜੁੜੇ ਸਾਹਿਤ ਦੇ ਗਰੁੱਪਾਂ ਵਿੱਚ ਪੜ੍ਹਿਆ ਹੋਇਆ ਸੀ,ਇਸ ਕਰਕੇ ਉਸ ਨੇ ਕੋਈ ਬਹੁਤੀ ਪੁੱਛ ਪੜਤਾਲ ਨਹੀਂ ਕੀਤੀ। ਇਸ ਫੋਨ ਤੋਂ ਬਾਅਦ ਉਸ ਨੂੰ ਇੱਕ ਗਰੁੱਪ ਨਾਲ਼ ਜੋੜ ਲਿਆ ਗਿਆ ਜਿਸ ਦਾ ਐਡਮਿਨ ਉਹੀ ਵਿਅਕਤੀ ਸੀ।
ਉਸੇ ਗਰੁੱਪ ਵਿੱਚ ਉੱਥੇ ਹੀ ਕਵਿਤਾਵਾਂ ਭੇਜਣ ਲਈ ਉਸ ਫੋਨ ਕਰਨ ਵਾਲੇ ਵਿਅਕਤੀ ਵੱਲੋਂ ਕਿਹਾ ਗਿਆ। ਰੀਮਾ ਨੇ ਆਪਣੀਆਂ ਲਿਖਤਾਂ ਗਰੁੱਪ ਵਿੱਚ ਭੇਜ ਦਿੱਤੀਆਂ।ਉਸ ਗਰੁੱਪ ਵਿੱਚ ਸੁਨੇਹਾ ਆਇਆ ਕਿ ਸਾਡੇ ਵੱਡੇ ਲੇਖਕ ਰਚਨਾਵਾਂ ਚੈੱਕ ਕਰ ਰਹੇ ਹਨ ਦੇਖਦੇ ਹਾਂ ਕਿਸ ਕਿਸ ਦੀਆਂ ਰਚਨਾਵਾਂ ਸਿਲੈਕਟ ਕਰਨੀਆਂ ਹਨ। ਅਗਲੇ ਦਿਨ ਫਿਰ ਰੀਮਾ ਨੂੰ ਫ਼ੋਨ ਆਇਆ,”ਮੁਬਾਰਕਾਂ ਜੀ, ਤੁਹਾਡੀਆਂ ਸਾਰੀਆਂ ਰਚਨਾਵਾਂ ਸਿਲੈਕਟ ਹੋ ਗਈਆਂ ਹਨ। ਤੁਸੀਂ ਬਹੁਤ ਵਧੀਆ ਲਿਖਦੇ ਹੋ ਜੀ।” ਰੀਮਾ ਨੇ ਫ਼ੋਨ ਕਰਨ ਵਾਲੇ ਵਿਅਕਤੀ ਦਾ ਧੰਨਵਾਦ ਕੀਤਾ । ਗਰੁੱਪ ਵਿੱਚ ਕੁਝ ਨਵੇਂ ਲੇਖਕ ਵਾਰ ਵਾਰ ਕਵਿਤਾਵਾਂ ਛਪਵਾਉਣ ਦੇ ਬਦਲੇ ਪੈਸੇ ਦੇਣ ਬਾਰੇ ਆਪਣਾ ਸ਼ੱਕ ਦੂਰ ਕਰਨ ਲਈ ਸੁਨੇਹੇ ਭੇਜ ਕੇ ਪੁੱਛ ਰਹੇ ਸਨ। ਉਦੋਂ ਗਰੁੱਪ ਦਾ ਐਡਮਿਨ ਸਾਹਿਬ ਸੁੱਸਰੀ ਵਾਂਗ ਸੌਂ ਜਾਂਦਾ ਸੀ ਮਤਲਬ ਕਿ ਕੋਈ ਜਵਾਬ ਨਹੀਂ ਦਿੰਦਾ ਸੀ। ਉਹੀ ਸਵਾਲ ਰੀਮਾ ਦੇ ਦਿਮਾਗ ਵਿੱਚ ਵੀ ਘੁੰਮਦਾ ਸੀ।
ਫਿਰ ਮਹੀਨਾ ਕੁ ਇਹ ਡਰਾਮਾ ਖੇਡਣ ਤੋਂ ਬਾਅਦ ਪੁਸਤਕ ਦਾ ਇੱਕ ਤਤਕਰਾ ਭੇਜਿਆ ਗਿਆ ਜਿਸ ਵਿੱਚ ਐਡਮਿਨ ਵੱਲੋਂ ਆਪਣੇ ਆਪਣੇ ਨਾਵਾਂ ਜਾਂ ਹੋਰ ਜਾਣਕਾਰੀ ਸਬੰਧੀ ਤਰੁੱਟੀਆਂ ਦੂਰ ਕਰਨ ਲਈ ਆਖਿਆ ਗਿਆ। ਸਮੇਂ ਸਮੇਂ ਤੇ ਉਹ ਐਡਮਿਨ ਕਦੇ ਸਮੇਂ ਸੀਮਾ ਦੀ ਦੁਹਾਈ ਪਾਉਂਦਾ ਤੇ ਕਦੇ ‘ਜਿਹਨਾਂ ਲੇਖਕਾਂ ਦੀਆਂ ਰਚਨਾਵਾਂ ਰਹਿ ਗਈਆਂ ਹਨ ਉਹ ਆਪਣੀਆਂ ਰਚਨਾਵਾਂ ਛੇਤੀ ਭੇਜ ਦੇਵੋ ” ਦੀ ਦੁਹਾਈ ਪਾਉਂਦਾ। ਰੀਮਾ ਸੋਚਦੀ ਜੇ ਇਹ ਸਾਰੀਆਂ ਰਚਨਾਵਾਂ ਦੇਖ ਦੇਖ ਕੇ ਉੱਤਮ ਰਚਨਾਵਾਂ ਹੀ ਸਿਲੈਕਟ ਕਰ ਰਹੇ ਹਨ ਤਾਂ ਫੇਰ ਹਰ ਸਵੇਰ ਸ਼ਾਮ ਰਚਨਾਵਾਂ ਭੇਜਣ ਦੀ ਕਿਉਂ ਦੁਹਾਈ ਪਾ ਰਹੇ ਹਨ।
ਪਹਿਲਾਂ ਵੀ ਉਸ ਨੇ ਕਈ ਪੁਸਤਕਾਂ ਵਿੱਚ ਇਸ ਤਰ੍ਹਾਂ ਆਪਣੀਆਂ ਰਚਨਾਵਾਂ ਸਾਂਝੇ ਤੌਰ ਤੇ ਛਪਵਾਈਆਂ ਸਨ ਪਰ ਉਨ੍ਹਾਂ ਨੇ ਰੀਮਾ ਨੂੰ ਜਿੰਨੀਆਂ ਪੁਸਤਕਾਂ ਭੇਜਣੀਆਂ ਸਨ ਓਨੀ ਕੀਮਤ ਦੱਸ ਕੇ ਉਸ ਨੂੰ ਸਿੱਧਾ ਹੀ ਫੋਨ ਕਰਕੇ ਰਚਨਾਵਾਂ ਭੇਜਣ ਲਈ ਆਖ ਦਿੱਤਾ ਸੀ। ਗੱਲ ਸਿੱਧੀ ਸਿੱਧੀ ਨਿਬੜ ਗਈ ਸੀ।
“ਇਹ ਐਡਮਿਨ ਸਾਹਿਬ ਤਾਂ ਕੁਝ ਜ਼ਿਆਦਾ ਹੀ ਦਿਆਲੂ ਹਨ…. ਸ਼ਾਇਦ ਫ੍ਰੀ ਵਿੱਚ ਹੀ ਛਾਪ ਦੇਣਗੇ…. ….।” ਅਰਾਮ ਕੁਰਸੀ ਤੇ ਬੈਠੀ ਝੂਟੇ ਲੈਂਦੀ ਹੋਈ ਸੋਚਦੀ ਹੈ ਕਿ ਅਚਾਨਕ ਉਸ ਦੇ ਫੋਨ ਦੀ ਘੰਟੀ ਵੱਜਦੀ ਹੈ। ਰੀਮਾ ਨੂੰ ਉਸੇ ਐਡਮਿਨ ਸਾਹਿਬ ਦਾ ਫੋਨ ਆਇਆ ਸੀ ਜੋ ਇਸ ਵਾਰ ਕਹਿ ਰਿਹਾ ਸੀ ਕਿ ਉਹ ਉਸ ਦੀ ਪਤਨੀ ਦੇ ਖ਼ਾਤੇ ਵਿੱਚ ਦੋ ਹਜ਼ਾਰ ਰੁਪਏ ਪਵਾ ਦੇਵੇ ਜੋ ਖ਼ਾਤਾ ਨੰਬਰ ਉਸ ਨੇ ਗਰੁੱਪ ਵਿੱਚ ਸ਼ੇਅਰ ਕੀਤਾ ਹੈ। ਗਰੁੱਪ ਵਿੱਚ ਸੌ ਕੁ ਤੋਂ ਵੱਧ ਵਿਚਾਰੇ ਦੋ ਵਕਤ ਦੀ ਰੋਟੀ ਲਈ ਮਿਹਨਤ ਕਰਨ ਵਾਲੇ ਵਧੀਆ ਲਿਖਣ ਵਾਲੇ ਲੇਖਕ ਜੁੜੇ ਹੋਏ ਸਨ ਜਿਨ੍ਹਾਂ ਕੋਲ ਪੁਸਤਕ ਛਪਵਾਉਣ ਲਈ ਪੈਸਿਆਂ ਦਾ ਇੰਤਜ਼ਾਮ ਕਰਨਾ ਔਖਾ ਹੁੰਦਾ ਹੈ।
ਉਹ ਇਸ ਤਰ੍ਹਾਂ ਦੇ ਵੱਡੇ ਮਗਰਮੱਛਾਂ ਦੇ ਹੱਥੇ ਚੜ੍ਹ ਕੇ ਉਹਨਾਂ ਦੀਆਂ ਕਿਤਾਬਾਂ ਵਿੱਚ ਆਪਣੀਆਂ ਲਿਖਤਾਂ ਛਪਵਾ ਕੇ ਉਹਨਾਂ ਨੂੰ ਆਪਣਾ ਨਾਂ ਹੋਰ ਚਮਕਾਉਣ ਦਾ ਮੌਕਾ ਦਿੰਦੇ ਹਨ। ਰੀਮਾ ਨੇ ਉਸ ਨੂੰ ਝਾੜ ਲਾਉਂਦੇ ਹੋਏ ਜਵਾਬ ਦਿੱਤਾ,” ਭਾਈ ਸਾਹਿਬ, ਤੁਸੀਂ ਸੌ ਡੇਢ ਸੌ ਲੇਖਕਾਂ ਤੋਂ ਦੋ – ਦੋ ਹਜ਼ਾਰ ਰੁਪਏ ਮੰਗਵਾ ਕੇ ਦੋ – ਢਾਈ ਲੱਖ ਰੁਪਏ ਕਮਾ ਰਹੇ ਹੋ… ਇਸ ਬਾਰੇ ਤੁਸੀਂ ਸਾਰੇ ਲੇਖਕਾਂ ਨੂੰ ਪਹਿਲਾਂ ਕਿਉਂ ਨਹੀਂ ਦੱਸਿਆ……!”
ਕਹਿ ਹੀ ਰਹੀ ਸੀ ਕਿ ਉਸ ਐਡਮਿਨ ਸਾਹਿਬ ਨੇ ਫ਼ੋਨ ਕੱਟ ਕੇ ਰੀਮਾ ਨੂੰ ਗਰੁੱਪ ਤੋਂ ਬਾਹਰ ਕਰ ਦਿੱਤਾ ਤੇ ਉਸ ਦੇ ਨੰਬਰ ਨੂੰ ਬਲਾਕ ਕਰ ਦਿੱਤਾ। ਰੀਮਾ ਦਾ ਮਨ ਬਹੁਤ ਦੁਖੀ ਹੋਇਆ । ਉਸ ਨੂੰ ਦੁਨੀਆਂ ਦੀ ਪਦਾਰਥਵਾਦੀ ਸੋਚ ਉੱਤੇ ਐਨੀ ਹੈਰਾਨੀ ਹੋ ਰਹੀ ਸੀ ਕਿ ਬਾਕੀ ਖੇਤਰਾਂ ਵਾਂਗੂੰ ਸਾਹਿਤ ਦੇ ਖ਼ੇਤਰ ਵਿੱਚ ਵੀ ਵੱਡੇ ਮਗਰਮੱਛ ਛੋਟੀਆਂ ਮੱਛੀਆਂ ਨੂੰ ਨਿਗਲਣ ਵਿੱਚ ਲੱਗੇ ਹੋਏ ਹਨ ਕਿਉਂ ਕਿ ‘ਸੰਪਾਦਕ’ ਦੇ ਹੇਠ ਆਪਣਾ ਨਾਂ ਚਮਕਾ ਕੇ ਉਹ ਲੋਕ ਆਪਣੀਆਂ ਕਿਤਾਬਾਂ ਦੀ ਗਿਣਤੀ ਦੀ ਸੂਚੀ ਵਿੱਚ ਵਾਧਾ ਕਰਦੇ ਹਨ, ਕਿਤਾਬਾਂ ਰਿਲੀਜ਼ ਕਰਨ ਵੇਲੇ ਵਿਚਾਰੇ ਲੇਖਕਾਂ ਨੂੰ ਇੱਕ ਇੱਕ ਕਾਗਜ਼ ਦਾ ਉਹ ਸਰਟੀਫਿਕੇਟ ਫੜਾ ਕੇ ਖੁਸ਼ ਕਰ ਦਿੰਦੇ ਹਨ ਜਿਸ ਦੀ ਕਿਤੇ ਕੋਈ ਮਾਨਤਾ ਨਹੀਂ ਹੁੰਦੀ।
ਵਿਚਾਰਾ ਗਰੀਬ ਲੇਖ਼ਕ ਉਸ ਉੱਘੇ ਲੇਖਕ ਨਾਲ਼ ਫੋਟੋ ਖਿਚਵਾ ਕੇ ਦੋ ਚਾਰ ਕਿਤਾਬਾਂ ਲੈ ਕੇ ਖੁਸ਼ੀ ਖੁਸ਼ੀ ਘਰ ਵਾਪਸ ਪਰਤ ਆਉਂਦਾ ਹੈ। ਉਹ ਇਸ ਗੱਲੋਂ ਅਣਜਾਣ ਹੁੰਦਾ ਹੈ ਕਿ ਇੱਕ ਗਰੀਬ ਆਪਣੀ ਦਸਾਂ ਨਹੁੰਆਂ ਦੀ ਕਿਰਤ ਦਾ ਕੁਝ ਹਿੱਸਾ ਦੇ ਕੇ ਇੱਕ ਹੋਰ ਅਮੀਰ ਨੂੰ ਅਮੀਰ ਕਰ ਆਇਆ ਹੈ । ਉਹ ਸੋਚਦੀ ਹੈ ਕਿ ਕੀ ਉਹ ਗ਼ਰੀਬ ਦੁਆਰਾ ਆਪਣੀ ਕਲਾ ਨੂੰ ਐਨੇ ਸਸਤੇ ਵਿੱਚ ਦਾਨ ਕਰ ਆਉਣਾ ਹੀ ਸਾਡੇ ਸਾਹਿਤਕ ਸੰਸਾਰ ਦੀ ਸਚਾਈ ਬਣਦੀ ਜਾ ਰਹੀ ਹੈ,ਕੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324