(ਸਮਾਜ ਵੀਕਲੀ)
ਅੱਜ ਦੇ ਮਨੁੱਖ ਦੀ ਸਵੇਰ ਦੀ ਸ਼ੁਰੂਆਤ ਪੁਰਾਣੇ ਮਨੁੱਖ ਦੇ ਮੁਕਾਬਲੇ ਬਹੁਤ ਵੱਖ ਹੋ ਗਈ ਹੈ। ਜਿੱਥੇ ਮਨੁੱਖ ਸ਼ਾਮ ਨੂੰ ਸਮੇਂ ਸਿਰ ਕੰਮ ਨਿਬੇੜ ਕੇ ਸੌਂ ਜਾਂਦਾ ਸੀ ਤੇ ਸਵੇਰੇ ਸਵੱਖਤੇ ਉੱਠ ਕੇ ਜੰਗਲ਼ ਪਾਣੀ ਗਿਆ ਠੰਢੀ ਮਿੱਠੀ ਸਵੇਰ ਦਾ ਆਨੰਦ ਮਾਣਦਾ ਸੀ ਉੱਥੇ ਨਾਲ ਹੀ ਉਸ ਦੀ ਸੁਭਾਵਿਕ ਤੌਰ ਤੇ ਹੀ ਸੈਰ ਹੋ ਜਾਂਦੀ ਸੀ । ਅਜੋਕੇ ਸਮੇਂ ਵਿੱਚ ਰਾਤਾਂ ਨੂੰ ਟੀ ਵੀ, ਮੋਬਾਈਲ ਤੇ ਸਮਾਂ ਬਰਬਾਦ ਕਰਕੇ ਰਾਤ ਰਾਤ ਭਰ ਜਾਗਣਾ ਤੇ ਜਾਗਣ ਦੇ ਸਮੇਂ ਸੌਣਾ ।
ਹਰ ਸਮੇਂ ਮੋਬਾਇਲ ਤੇ ਗੱਲਾਂ ਕਰਨ ਜਾਂ ਕਿਸੇ ਹੋਰ ਤਰੀਕੇ ਨਾਲ ਰੁੱਝੇ ਰਹਿਣ ਨਾਲ ਮਾਨਸਿਕ ਥਕਾਨ ਵਧਦੀ ਹੈ। ਮਾਨਸਿਕ ਥਕਾਨ ਕਰਕੇ ਖਿੱਝੂਪੁਣਾ, ਸੜੀਅਲਪੁਣਾ ਸੁਭਾਅ ਦਾ ਹਿੱਸਾ ਬਣਦੇ ਹਨ।ਜੋ ਕਿ ਮਾਨਸਿਕ ਸਿਹਤ ਦੇ ਪੱਖੋਂ ਬਹੁਤ ਹਾਨੀਕਾਰਕ ਸਿੱਧ ਹੋ ਰਿਹਾ ਹੈ।ਸੈਰ ਕਰਨ ਲਈ ਵੱਖਰੇ ਤੌਰ ਤੇ ਸਮਾਂ ਕੱਢਣਾ ਪੈਂਦਾ ਹੈ, ਨਹੀਂ ਤਾਂ ਸਿਹਤ ਨੂੰ ਠੀਕ ਰੱਖਣ ਲਈ ਜਿਮ ਦਾ ਸਹਾਰਾ ਲੈਣਾ ਪੈਂਦਾ ਹੈ। ਅੱਜ ਕੱਲ੍ਹ ਤਾਂ ਜਿਮ ਦੀਆਂ ਕਸਰਤਾਂ ਵੀ ਕਈ ਕਈ ਵਾਰ ਘਾਤਕ ਸਿੱਧ ਹੋਣ ਲੱਗ ਪਈਆਂ ਹਨ ਕਿਉਂ ਕਿ ਇੱਕ ਦਮ ਵੱਧ ਕੀਤੀ ਕਸਰਤ ਖੂਨ ਦਾ ਦੌਰਾ ਇੱਕ ਦਮ ਵੱਧ ਕਰ ਦਿੰਦੀ ਹੈ ਜੋ ਸਿਹਤ ਲਈ ਹਾਨੀਕਾਰਕ ਸਿੱਧ ਹੁੰਦਾ ਹੈ।
ਅੱਜ ਦੇ ਮਨੁੱਖ ਦੀਆਂ ਖਾਣ ਪੀਣ ਦੀਆਂ ਆਦਤਾਂ ਵਿੱਚ ਬਹੁਤ ਬਦਲਾਓ ਆ ਗਿਆ ਹੈ। ਜਿੱਥੇ ਘਰ ਦੀ ਬਣੀ ਦਾਲ਼ ਰੋਟੀ ਖਾ ਕੇ ਹਰ ਵਰਗ ਜਿਵੇਂ ਬੱਚੇ ਬੁੱਢੇ ਜਵਾਨ ਖੁਸ਼ ਰਹਿੰਦੇ ਸਨ ਉੱਥੇ ਉਹਨਾਂ ਅੰਦਰ ਸਬਰ ਸੰਤੋਖ ਦੀ ਭਾਵਨਾ ਵੀ ਪੈਦਾ ਹੁੰਦੀ ਸੀ। ਉਦੋਂ ਸਭ ਦਾ ਖਾਣ ਪੀਣ ਦਾ ਸਮਾਂ ਨਿਰਧਾਰਤ ਹੁੰਦਾ ਸੀ ਅਤੇ ਘਰ ਦੇ ਬਣੇ ਖਾਣੇ ਤੋਂ ਇਲਾਵਾ ਕੋਈ ਹੋਰ ਵਿਕਲਪ ਨਾ ਹੋਣ ਕਰਕੇ ਘਰ ਵਿੱਚ ਬਣੀ ਹੋਈ ਹਰ ਚੀਜ਼ ਨੂੰ ਖਿੜੇ ਮੱਥੇ ਸਵਿਕਾਰਦੇ ਹੋਏ ਪਰਿਵਾਰਕ ਮੈਂਬਰਾਂ ਨਾਲ਼ ਰਲ਼ ਮਿਲ਼ ਕੇ ਖੁਸ਼ ਹੋ ਕੇ ਖਾਂਦੇ ਸਨ। ਖੁਸ਼ ਹੋ ਕੇ ਖਾਧਾ ਖਾਣਾ ਵੀ ਮਨੁੱਖ ਨੂੰ ਸਿਹਤਯਾਬ ਰੱਖਦਾ ਸੀ ਤੇ ਪਰਿਵਾਰ ਵਿੱਚ ਪਿਆਰ ਅਤੇ ਏਕਤਾ ਬਣਾਈ ਰੱਖਦਾ ਸੀ।
ਅਜੋਕੇ ਸਮੇਂ ਵਿੱਚ ਭੱਜ ਦੌੜ ਦੀ ਜ਼ਿੰਦਗੀ ਹੋਣ ਕਰਕੇ ਨਾ ਤਾਂ ਮਨੁੱਖ ਚੈਨ ਨਾਲ ਬੈਠ ਕੇ ਖਾਣਾ ਖਾਂਦਾ ਹੈ,ਨਾ ਉਹ ਘਰ ਦਾ ਬਣਿਆ ਖਾਣਾ ਖਾਂਦਾ ਹੈ,ਨਾ ਉਹ ਖੁਸ਼ ਹੋ ਕੇ ਖਾਂਦਾ ਹੈ। ਬੇਚੈਨੀ ਵਿੱਚ ਖਾਧਾ ਹੋਇਆ ਬਜ਼ਾਰੂ ਖਾਣਾ ਖਾ ਕੇ ਅਜੋਕੇ ਮਨੁੱਖ ਦੀ ਸਿਹਤ ਵਿੱਚ ਵੀ ਗਿਰਾਵਟ ਆ ਰਹੀ ਹੈ, ਨਵੀਆਂ ਨਵੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਪਰਿਵਾਰ ਨਾਲ ਬੈਠਣ ਦਾ ਸਮਾਂ ਨਾ ਹੋਣ ਕਾਰਨ ਪਰਿਵਾਰਾਂ ਦੀਆਂ ਸਾਂਝਾਂ ਵੀ ਘਟਦੀਆਂ ਜਾ ਰਹੀਆਂ ਹਨ।
ਜਿਸ ਕਰਕੇ ਅਜੋਕੇ ਸਮੇਂ ਵਿੱਚ ਬੱਚਿਆਂ ਅਤੇ ਨੌਜਵਾਨਾਂ ਅੰਦਰ ਸਦਾਚਾਰਕ ਕਦਰਾਂ ਕੀਮਤਾਂ ਦੀ ਘਾਟ ਹੋ ਰਹੀ ਹੈ। ਜਿੱਥੇ ਪਹਿਲਾਂ ਬੱਚੇ ਅਤੇ ਨੌਜਵਾਨ ਆਪਣੇ ਬਜ਼ੁਰਗਾਂ ਦੀ ਗੱਲ ਧਿਆਨ ਨਾਲ ਸੁਣਦੇ ਅਤੇ ਅਪਣਾਉਂਦੇ ਸਨ, ਉੱਥੇ ਅੱਜ ਦੀ ਪੀੜ੍ਹੀ ਮਾਪਿਆਂ ਅਤੇ ਘਰ ਦੇ ਬਜ਼ੁਰਗਾਂ ਤੋਂ ਦੂਰ ਨੂੰ ਭੱਜਦੀ ਨਜ਼ਰ ਆ ਰਹੀ ਹੈ।ਜਿਸ ਦਾ ਸਿੱਟਾ ਪੰਜਾਬ ਦੀ ਨੌਜਵਾਨ ਪੀੜ੍ਹੀ ਕੁਰਾਹੇ ਪੈ ਰਹੀ ਹੈ ਅਤੇ ਬਜ਼ੁਰਗਾਂ ਦੀ ਸੰਭਾਲ ਲਈ ਆਸ਼ਰਮ ਵਧਦੇ ਜਾ ਰਹੇ ਹਨ। ਅੱਜ ਦੇ ਮਨੁੱਖ ਅੰਦਰ ਅਸਮੰਜਸਤਾ ਪੈਦਾ ਹੋ ਰਹੀ ਹੈ।ਜਿਸ ਕਰਕੇ ਨਵੀਂ ਪੀੜ੍ਹੀ ਆਪਣੇ ਰਸਤੇ ਤੋਂ ਭਟਕਦੀ ਜਾ ਰਹੀ ਹੈ। ਅੱਜ ਦੀ ਜੀਵਨਸ਼ੈਲੀ ਵਿੱਚੋਂ ਹੱਥੀਂ ਕਿਰਤ ਕਰਨ ਦਾ ਰਿਵਾਜ ਲਗਭਗ ਖ਼ਤਮ ਹੁੰਦਾ ਜਾ ਰਿਹਾ ਹੈ।
ਘੱਟ ਮਿਹਨਤ ਕਰਕੇ ਵੱਧ ਫ਼ਲ ਪ੍ਰਾਪਤ ਦੀ ਲਾਲਸਾ ਨੇ ਸਾਡੇ ਘਰੇਲੂ ਅਤੇ ਸਮਾਜਿਕ ਰਹਿਣੀ ਬਹਿਣੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਮਨੁੱਖੀ ਜੀਵਨ ਦੇ ਜਿਹੜੇ ਪਹਿਲੂ ਨੂੰ ਵੀ ਛੂਹਿਆ ਜਾਵੇ ,ਸਾਡੀ ਅਜੋਕੀ ਜੀਵਨਸ਼ੈਲੀ ਦੇ ਬਦਲਾਅ ਦੇ ਪ੍ਰਭਾਵ ਮਨੁੱਖੀ ਜੀਵਨ ਲਈ ਖ਼ਤਰਨਾਕ ਹੀ ਸਾਬਤ ਹੋ ਰਹੇ ਹਨ। ਮੰਨਿਆ ਕਿ ਬਦਲਾਅ ਕੁਦਰਤ ਦਾ ਨਿਯਮ ਹੈ ਇਸ ਲਈ ਜੇ ਸਮੇਂ ਸਮੇਂ ਤੇ ਬਦਲਾਅ ਦੀ ਨੀਤੀ ਨੂੰ ਨਾ ਅਪਣਾਇਆ ਜਾਵੇ ਤਾਂ ਮਨੁੱਖ ਜ਼ਮਾਨੇ ਤੋਂ ਬਹੁਤ ਪਿੱਛੇ ਰਹਿ ਜਾਵੇਗਾ ਪਰ ਮਨੁੱਖ ਆਪਣੀ ਸਿਹਤ ਨਾਲ ਜੁੜੇ ਤੌਰ ਤਰੀਕਿਆਂ ਤੇ , ਰਹਿਣ ਸਹਿਣ ਅਤੇ ਖਾਣ ਪੀਣ ਦੀਆਂ ਵਸਤਾਂ ਅਤੇ ਆਦਤਾਂ ਉੱਪਰ ਆਧੁਨਿਕਤਾ ਨੂੰ ਐਨਾ ਭਾਰੂ ਵੀ ਨਾ ਕਰ ਦੇਵੇ ਕਿ ਆਪਣੇ ਵੱਡਿਆਂ ਤੋਂ ਸਿੱਖਿਆ “ਸਾਦਾ ਜੀਵਨ ਉੱਚੀ ਸੋਚ” ਵਾਲ਼ਾ ਆਦਰਸ਼ਵਾਦੀ ਜੀਵਨ ਹੀ ਭੁੱਲ ਜਾਏ।ਇਸ ਲਈ ਸਾਨੂੰ ਆਪਣੀ ਜੀਵਨਸ਼ੈਲੀ ਵਿੱਚ ਓਨਾਂ ਹੀ ਬਦਲ ਲਿਆਉਣ ਦੀ ਲੋੜ ਹੈ ਜੋ ਹਰ ਪੱਖੋਂ ਸਾਡੇ ਲਈ ਲਾਹੇਵੰਦ ਸਾਬਤ ਹੋਵੇ ਕਿਉਂਕਿ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324