ਏਹੁ ਹਮਾਰਾ ਜੀਵਣਾ ਹੈ -191

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਕੌਮਾਂਤਰੀ ਵੋਟਰ ਦਿਵਸ (25 ਜਨਵਰੀ)ਅਤੇ ਗਣਤੰਤਰ ਦਿਵਸ (26 ਜਨਵਰੀ) ਦੋਵੇਂ ਦਿਨ ਨਾਲ਼ ਨਾਲ ਮਨਾਏ ਜਾਂਦੇ ਹਨ। ਕੀ ਇਹਨਾਂ ਦੋਵਾਂ ਦਿਨਾਂ ਦੀ ਅਹਿਮੀਅਤ ਨੂੰ ਸਮਝਦੇ ਹੋਏ ਆਮ ਲੋਕਾਂ ਨੇ ਆਪਣੀ ਤਾਕਤ ਨੂੰ ਪਛਾਨਣ ਦੀ ਕੋਸ਼ਿਸ਼ ਕੀਤੀ ਹੈ ਕਿ ਸਿਰਫ਼ ਉਹਨਾਂ ਨੂੰ ਇੱਕ ਦਿਵਸ ਜਾਂ ਸਮਾਗਮ ਸਮਝ ਕੇ ਹੀ ਮਨਾ ਲਿਆ ਹੈ? ਆਮ ਨਾਗਰਿਕ ਹੀ ਵੋਟਰ ਹੁੰਦਾ ਹੈ ਜਿਸ ਕੋਲ ਆਪਣੀ ਮਰਜ਼ੀ ਨਾਲ ਵੋਟ ਪਾਉਣ ਦਾ ਅਧਿਕਾਰ ਹੁੰਦਾ ਹੈ ਅਤੇ ਗਣ +ਤੰਤਰ ਭਾਵ ਆਮ ਲੋਕਾਂ ਦੁਆਰਾ ਚਲਾਇਆ ਜਾਣ ਵਾਲਾ ਤੰਤਰ । ਇਹਨਾਂ ਦੋਹਾਂ ਸ਼ਬਦਾਂ ਮੁਤਾਬਕ ਸਾਰੀ ਤਾਕਤ ਆਮ ਲੋਕਾਂ ਦੇ ਹੱਥ ਵਿੱਚ ਹੈ।

ਆਮ ਲੋਕਾਂ ਕੋਲ ਪੰਜ ਸਾਲ ਬਾਅਦ ਆਪਣੀ ਵੋਟ ਦਾ ਇਸਤੇਮਾਲ ਕਰਕੇ ਆਪਣੀ ਭਵਿੱਖਤ ਸਰਕਾਰ ਚੁਣਨ ਦਾ ਮੌਕਾ ਹੁੰਦਾ ਹੈ। ਭਾਰਤ ਦਾ ਹਰ ਨਾਗਰਿਕ ਆਪਣੀ ਵੋਟ ਨੂੰ ਆਪਣੀ ਤਾਕਤ ਸਮਝ ਕੇ ਇਸਤੇਮਾਲ ਕਰਦਾ ਹੈ। ਆਮ ਲੋਕਾਂ ਦੀ ਵੋਟ ਦੀ ਤਾਕਤ ਦੇ ਸਿਰ ਤੇ ਹੀ ਰਾਜਾਂ ਦੀਆਂ ਸਰਕਾਰਾਂ ਅਤੇ ਕੇਂਦਰ ਦੀ ਸਰਕਾਰ ਬਣਦੀ ਹੈ। ਜਦ ਹਰ ਨਾਗਰਿਕ ਦੀ ਐਨੀ ਅਹਿਮੀਅਤ ਹੈ ਕਿ ਉਹ ਸਰਕਾਰ ਬਣਾਉਣ ਵਿੱਚ ਯੋਗਦਾਨ ਪਾਉਂਦਾ ਹੈ ਤਾਂ ਉਸ ਨੂੰ ਆਪਣੇ ਇਸ ਅਧਿਕਾਰ ਨੂੰ ਬਹੁਤ ਸੋਚ ਸਮਝ ਕੇ ਇਸਤੇਮਾਲ ਕਰਨਾ ਚਾਹੀਦਾ ਹੈ।

ਆਮ ਲੋਕਾਂ ਵਿੱਚ ਸਾਰੇ ਵਰਗ ਆਉਂਦੇ ਹਨ ਜਿਵੇਂ ਅਮੀਰ, ਗਰੀਬ, ਸਰਕਾਰੀ ਅਤੇ ਗੈਰਸਰਕਾਰੀ ਮੁਲਾਜ਼ਮ, ਵੱਡੀਆਂ ਕੰਪਨੀਆਂ ਦੇ ਮਾਲਕਾਂ ਤੋਂ ਲੈਕੇ ਕਾਰਖਾਨਿਆਂ ਦੇ ਮਜ਼ਦੂਰਾਂ ਤੱਕ। ਚੋਣਾਂ ਵਿੱਚ ਹਰ ਇੱਕ ਦਾ ਅਧਿਕਾਰ ਬਰਾਬਰ ਹੁੰਦਾ ਹੈ ਪਰ ਇਸ ਦੀ ਵਰਤੋਂ ਹਰ ਕੋਈ ਆਪਣੇ ਆਪਣੇ ਢੰਗ ਨਾਲ ਕਰਦਾ ਹੈ। ਆਮ ਲੋਕਾਂ ਕੋਲ ਇਹ ਹੀ ਇੱਕ ਮੌਕਾ ਹੁੰਦਾ ਹੈ ਜਦ ਉਹਨਾਂ ਦੁਆਰਾ ਨਿਰੋਲ ਆਪਣੀ ਨਿੱਜੀ ਸੋਚ ਅਤੇ ਸਮਝ ਦਾ ਇਸਤੇਮਾਲ ਪੂਰੇ ਹੱਕ ਨਾਲ ਕੀਤਾ ਜਾਂਦਾ ਹੈ।ਆਮ ਲੋਕਾਂ ਵਿੱਚ ਵੋਟ ਪਾਉਣ ਦੇ ਅਧਿਕਾਰ ਨੂੰ ਲੈਕੇ ਜਾਗਰੂਕਤਾ ਤਾਂ ਬਹੁਤ ਹੁੰਦੀ ਹੈ ਪਰ ਕੀ ਇਸ ਦਾ ਇਸਤੇਮਾਲ ਕਰਨਾ ਉਹਨਾਂ ਵੱਲੋਂ ਬਿਲਕੁਲ ਨਿੱਜੀ ਫੈਸਲਾ ਹੁੰਦਾ ਹੈ? ਬਹੁਤੇ ਲੋਕ ਤਾਂ ਆਪਣੀ ਵੋਟ ਦੀ ਤਾਕਤ ਨੂੰ ਵੀ ਕਿਸੇ ਪ੍ਰਭਾਵ ਹੇਠ ਹੀ ਇਸਤੇਮਾਲ ਕਰਦੇ ਹਨ।

ਇਹ ਉਹ ਮੌਕਾ ਹੁੰਦਾ ਹੈ, ਜਦੋਂ ਵੋਟਰ ਪਿਛਲੀਆਂ ਚੋਣਾਂ ਵਿੱਚ ਚੁਣ ਕੇ ਭੇਜੇ ਗਏ ਆਪਣੇ ਨੁਮਾਇੰਦਿਆਂ ਤੇ ਹਾਕਮ ਧਿਰ ਦੀ ਪਿਛਲੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਦੇ ਹਨ। ਆਮ ਲੋਕਾਂ ਵੱਲੋਂ ਉਹਨਾਂ ਦੀਆਂ ਖ਼ਾਮੀਆਂ ਜਾਂ ਉਹਨਾਂ ਦੇ ਵਿਕਾਸਸ਼ੀਲ ਕਾਰਜਾਂ ਦੇ ਮੱਦੇਨਜ਼ਰ ਫ਼ੈਸਲੇ ਲਏ ਜਾਂਦੇ ਹਨ। ਆਮ ਲੋਕਾਂ ਵੱਲੋਂ ਚੋਣਾਂ ਵਿੱਚ ਆਸ ਕੀਤੀ ਜਾਂਦੀ ਹੈ ਕਿ ਸਾਰੀਆਂ ਸਿਆਸੀ ਧਿਰਾਂ ਸਮੇਂ ਸਮੇਂ ਤੇ ਆਉਣ ਵਾਲੀਆਂ ਚੋਣਾਂ ਦੇ ਪ੍ਰਚਾਰ ਦੌਰਾਨ ਆਪਣੀ ਕਾਰਗੁਜ਼ਾਰੀ ਤੋਂ ਉਹਨਾਂ ਨੂੰ ਜਾਣੂੰ ਕਰਵਾਉਣਗੀਆਂ। ਇਸ ਸੰਬੰਧੀ ਸਭ ਤੋਂ ਵੱਡੀ ਜ਼ਿੰਮੇਵਾਰੀ ਸੱਤਾਧਾਰੀ ਧਿਰ ਦੀ ਹੁੰਦੀ ਹੈ ਕਿ ਉਹ ਆਪਣੇ ਪੰਜ ਸਾਲਾਂ ਦਾ ਹਿਸਾਬ-ਕਿਤਾਬ ਆਮ ਲੋਕਾਂ ਦੀ ਕਚਹਿਰੀ ਵਿੱਚ ਰੱਖਣ ਤਾਂ ਜੋ ਲੋਕ ਇਸ ਸਿੱਟੇ ਤੇ ਪੁੱਜ ਸਕਣ ਕਿ ਪੰਜ ਸਾਲ ਪਹਿਲਾਂ ਜਿਹਨਾਂ ਆਗੂਆਂ ਨੂੰ ਉਹਨਾਂ ਸੱਤਾ ਸੌਂਪੀ ਸੀ, ਉਹ ਉਸ ਦੇ ਭਰੋਸੇ ਉੱਤੇ ਖਰੇ ਉਤਰੇ ਹਨ ਜਾਂ ਨਹੀਂ।

ਵਿਰੋਧੀ ਪਾਰਟੀਆਂ ਵੀ ਆਮ ਲੋਕਾਂ ਨੂੰ ਸੱਤਾਧਾਰੀ ਧਿਰ ਦੀਆਂ ਕਮੀਆਂ ਗਿਣਾਉਂਦੀਆਂ ਹਨ ਅਤੇ ਆਪਣੇ ਵੱਲੋਂ ਵੱਡੇ-ਵੱਡੇ ਵਾਅਦੇ ਕਰਕੇ ਭਰਮਾਉਂਦੀਆਂ ਹਨ। ਮੈਨੀਫੈਸਟੋ ਜਾਰੀ ਕੀਤੇ ਜਾਂਦੇ ਹਨ। ਅਜ਼ਾਦੀ ਤੋਂ ਬਾਅਦ ਸਾਰੀਆਂ ਚੋਣਾਂ ਇਸੇ ਸੇਧ ਵਿੱਚ ਲੜੀਆਂ ਜਾਂਦੀਆਂ ਰਹੀਆਂ ਹਨ। ਆਮ ਲੋਕਾਂ ਦੀ ਬਿਹਤਰੀ ਲਈ ਜਿੰਨੇ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਹਨ,ਉਹ ਪਾਰਟੀਆਂ ਇਹਨਾਂ ਉੱਤੇ ਖ਼ਰੀਆਂ ਉੱਤਰ ਸਕਣਗੀਆਂ ਜਾਂ ਨਹੀਂ, ਕੀ ਆਮ ਵਿਅਕਤੀ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਕਿ ਨਹੀਂ? ਆਮ ਆਦਮੀ ਨੂੰ ਇਸ ਬਾਰੇ ਪੂਰੀ ਸਮਝਦਾਰੀ ਹੋਣੀ ਚਾਹੀਦੀ ਹੈ ਕਿਉਂ ਕਿ ਬਹੁਤੇ ਵੱਡੇ ਵਾਅਦੇ ਕਰਨ ਵਾਲ਼ੀਆਂ ਰਾਜਨੀਤਕ ਪਾਰਟੀਆਂ ਵੱਲੋਂ ਵੀ ਆਮ ਲੋਕਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੁੰਦਾ ਹੈ। ਉਹ ਉਹਨਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹੁੰਦੀਆਂ ਹਨ।

ਪਰ ਫਿਰ ਵੀ ਅੱਜ ਕੱਲ੍ਹ ਬਹੁਤੇ ਲੋਕ ਬਹੁਤ ਸਮਝਦਾਰ ਹੋ ਗਏ ਹਨ। ਰਾਜਨੀਤਿਕ ਲੋਕਾਂ ਲਈ ਚਾਹੇ ਸਾਰੀ ਜਨਤਾ “ਆਮ ਲੋਕ” ਹੁੰਦੀ ਹੈ ਪਰ ਚੋਣਾਂ ਵਿੱਚ ਇਹ ਆਮ ਲੋਕ ਹੀ ਬਹੁਤ ਖਾਸ ਹੁੰਦੇ ਹਨ।ਇਸ ਲਈ ਆਮ ਲੋਕਾਂ ਨੂੰ ਚੋਣਾਂ ਵਿੱਚ ਬੇਲੋੜੇ ਪ੍ਰਭਾਵ ਹੇਠ ਆ ਕੇ ਆਪਣੀ ਅਹਿਮੀਅਤ ਨਹੀਂ ਗਵਾਉਣੀ ਚਾਹੀਦੀ ਕਿਉਂਕਿ ਦੇਸ਼ ਦੀ ਸੱਤਾ ਪਲਟਣ ਦੀ ਤਾਕਤ ਰੱਖਣ ਵਾਲੇ ਤੁਸੀਂ ਖਾਸ ਲੋਕ ਹੁੰਦੇ ਹੋ।ਹਰ ਨਾਗਰਿਕ ਨੂੰ ਆਪਣੀ ਤਾਕਤ ਨੂੰ ਪਛਾਨਣ ਦੀ ਲੋੜ ਹੈ ਕਿਉਂਕਿ ਆਪਣੀ ਇਸੇ ਤਾਕਤ ਨੂੰ ਸਹੀ ਮੌਕੇ ਸਹੀ ਤਰ੍ਹਾਂ ਨਾਲ ਇਸਤੇਮਾਲ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

Previous article8 killed during Houthi attack on govt troops in Yemen
Next articleGovt, M23 clashes displace 90K people in Congo’s North Kivu: UN