ਏਹੁ ਹਮਾਰਾ ਜੀਵਣਾ ਹੈ -159

(ਸਮਾਜ ਵੀਕਲੀ) 

ਘਰ ਜਾਂ ਘਰ ਵਿੱਚ ਹੋ ਰਹੇ ਕਿਸੇ ਸਮਾਗਮ ਵਿੱਚ ਆਉਣ ਵਾਲੇ ਮਹਿਮਾਨਾਂ ਦੀ ਖਾਤਿਰਦਾਰੀ ਨੂੰ ਮਹਿਮਾਨ ਨਿਵਾਜ਼ੀ ਕਿਹਾ ਜਾਂਦਾ ਹੈ। ਵੈਸੇ ਤਾਂ ਪੰਜਾਬੀ ਲੋਕ ਮਹਿਮਾਨ ਨਿਵਾਜ਼ੀ ਕਰਨ ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ ਪਰ ਫੇਰ ਵੀ ਸਮੇਂ ਦੇ ਬਦਲਾਅ ਨਾਲ ਬਹੁਤ ਕੁਝ ਬਦਲ ਰਿਹਾ ਹੈ। ਜੇ ਅੱਜ ਦੇ ਮੁਕਾਬਲੇ ਪਿਛਲੇ ਸਮਿਆਂ ਤੇ ਝਾਤੀ ਮਾਰੀਏ ਤਾਂ ਜ਼ਿਆਦਾ ਮਹਿਮਾਨ ਆ ਜਾਣ ਤੇ ਵੀ ਮੇਜ਼ਬਾਨ ਕਦੇ ਮੱਥੇ ਵੱਟ ਨਹੀਂ ਪਾਉਂਦੇ ਸਨ। ਮਹਿਮਾਨ ਦੋ ਦਿਨ ਰਹਿਣ ਆਉਂਦਾ ਸੀ ਪਰ ਮੇਜ਼ਬਾਨ ਘਰ ਵਾਲੇ ਉਸ ਨੂੰ ਪਿਆਰ ਨਾਲ ਰੋਕ ਕੇ ਦੋ ਦਿਨ ਹੋਰ ਰੱਖ ਲੈਂਦੇ ਸਨ। ਪੁਰਾਣੇ ਸਮਿਆਂ ਵਿੱਚ ਮਹਿਮਾਨ ਬਿਨਾਂ ਦੱਸੇ ਆਉਂਦੇ ਸਨ ਤਾਂ ਵੀ ਮੇਜ਼ਬਾਨ ਸਾਰਾ ਟੱਬਰ ਦੇਖ਼ ਕੇ ਖਿੜ ਜਾਂਦਾ ਸੀ ‌।

ਪੁਰਾਣੇ ਸਮਿਆਂ ਵਿੱਚ ਖਾਣ ਪੀਣ ਦੀਆਂ ਵਸਤਾਂ ਦੀਆਂ ਕਿਸਮਾਂ ਜ਼ਿਆਦਾ ਨਹੀਂ ਹੁੰਦੀਆਂ ਸਨ ਘਿਓ ਸ਼ੱਕਰ ਜਾਂ ਖੰਡ ਘਿਓ ਜਾਂ ਸੇਵੀਆਂ ਜਾਂ ਹਲਵਾ ਬਣਾ ਕੇ ਸਧਾਰਨ ਖਾਣੇ ਨਾਲ਼ ਪਰੋਸ ਦਿੱਤਾ ਜਾਂਦਾ ਸੀ,ਇਹੀ ਖਾਤਿਰਦਾਰੀ ਦਾ ਉੱਤਮ ਤਰੀਕਾ ਹੁੰਦਾ ਸੀ। ਮਹਿਮਾਨ ਵੀ ਖੁਸ਼ ਹੋ ਜਾਂਦੇ ਸਨ। ਅੱਜ ਕੱਲ੍ਹ ਕਈ ਕਈ ਦਿਨ ਪਹਿਲਾਂ ਫੋਨ ਕਰਕੇ ਮਹਿਮਾਨ ਦੱਸ ਦਿੰਦਾ ਹੈ, ਕੁਝ ਘੰਟੇ ਰੁਕਣਾ ਹੁੰਦਾ ਹੈ ਫਿਰ ਵੀ ਮੇਜ਼ਬਾਨ ਉਸ ਦੇ ਜਾਣ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਛੱਤੀ ਪ੍ਰਕਾਰ ਦੀਆਂ ਚੀਜ਼ਾਂ ਪਰੋਸ ਕੇ ਵੀ ਮਹਿਮਾਨ ਨਿਵਾਜ਼ੀ ਵਿੱਚ ਕਮੀ ਹੀ ਰਹਿੰਦੀ ਹੈ। ਕਿਸ ਕੁਆਲਿਟੀ ਦਾ ਸਮਾਨ ਪਰੋਸਿਆ ਸੀ, ਕਿਹੜੀਆਂ ਤੇ ਕਿੰਨੀਆਂ ਆਈਟਮਾਂ ਪਰੋਸੀਆਂ ਸਨ, ਵੱਡੀ ਦੁਕਾਨ ਤੋਂ ਖਰੀਦਿਆ ਲੱਗਦਾ ਸੀ ਕਿ ਛੋਟੀ ਦੁਕਾਨ ਤੋਂ…….? ਬੱਸ ਇਹ ਸੋਚਦੇ ਸੋਚਦੇ ਮਹਿਮਾਨ ਵੀ ਅਸੰਤੁਸ਼ਟ ਜਿਹੇ ਭਾਵ ਨਾਲ ਚਲੇ ਜਾਂਦਾ ਹੈ।

ਜੇ ਕੋਈ ਰਿਸ਼ਤੇਦਾਰ ਦੂਰੋਂ ਆਉਣਾ ਹੋਵੇ ਤੇ ਇੱਕ ਦੋ ਰਾਤਾਂ ਲਈ ਰੁਕਣਾ ਹੋਏ ਤਾਂ ਘਰ ਦੇ ਅੱਧੇ ਜੀਆਂ ਦੇ ਸੌ ਘੜਾ ਸਿਰ ਪਾਣੀ ਪੈ ਜਾਂਦਾ ਹੈ। ਬੱਚਿਆਂ ਨੂੰ ਆਪਣੇ ਹੀ ਟੀ ਵੀ ਦੇਖਣ ਦੀ ਚਿੰਤਾ ਪੈ ਜਾਂਦੀ ਹੈ, ਕਿਸੇ ਨੂੰ ਕੰਮ ਕਰਨ ਦੀ ਚਿੰਤਾ, ਕਿਸੇ ਨੂੰ ਪ੍ਰਾਈਵੇਸੀ ਦੀ ਚਿੰਤਾ ਲੱਗ ਜਾਂਦੀ ਹੈ ਤੇ ਕਈਆਂ ਨੂੰ ਬੱਚਿਆਂ ਦੀ ਪੜ੍ਹਾਈ ਵਿੱਚ ਆਉਣ ਵਾਲੇ ਵਿਘਨ ਦੀ ਚਿੰਤਾ ਪੈ ਜਾਂਦੀ ਹੈ। ਗੱਲ ਤਾਂ ਕੋਈ ਖ਼ਾਸ ਨਹੀਂ ਪਰ ਅੱਜ ਦੇ ਮਨੁੱਖ ਨੇ ਆਪਣੀ ਜੀਵਨਸ਼ੈਲੀ ਵਿੱਚ ਐਨਾ ਬਦਲਾਅ ਲੈ ਆਂਦਾ ਹੈ ਕਿ ਉਸ ਨੂੰ ਦੂਜਾ ਵਿਅਕਤੀ ਬੋਝ ਹੀ ਜਾਪਦਾ ਹੈ। ਅੱਜ ਦਾ ਮਨੁੱਖ ਇਕੱਲਖੋਰ ਹੋ ਗਿਆ ਹੈ। ਉਹ ਇਕੱਲਾ ਬੈਠ ਕੇ ਟੀਵੀ ਦੇਖਣਾ ਪਸੰਦ ਕਰਦਾ ਹੈ,ਉਹ ਇਕੱਲਾ ਫੋਨ ਤੇ ਰੁੱਝਿਆ ਰਹਿਣਾ ਚਾਹੁੰਦਾ ਹੈ। ਜਿਹੜੇ ਘਰਾਂ ਵਿੱਚ ਘਰ ਦੇ ਚਾਰ ਜੀਅ ਵੀ ਅੱਡ ਅੱਡ ਕਮਰਿਆਂ ਵਿੱਚ ਬੈਠ ਕੇ ਇਕੱਲੇ ਇਕੱਲੇ ਆਪਣੇ ਸਾਧਨਾਂ ਵਿੱਚ ਰੁੱਝੇ ਰਹਿੰਦੇ ਹੋਣ ਉਹ ਬਾਹਰਲੇ ਕਿਸੇ ਵਿਅਕਤੀ ਨੂੰ ਕਿਵੇਂ ਝੱਲ ਸਕਦੇ ਹਨ?

ਮਹਿਮਾਨ ਨਿਵਾਜ਼ੀ ਇਕੱਲੇ ਮਹਿਮਾਨ ਦੇ ਘਰ ਆਉਣ ਵਿੱਚ ਹੀ ਨਹੀਂ ਘਰ ਦੇ ਸਮਾਗਮਾਂ ਦੀ ਮਹਿਮਾਨ ਨਿਵਾਜ਼ੀ ਵੀ ਬਹੁਤ ਅਹਿਮੀਅਤ ਰੱਖਦੀ ਹੈ। ਪਹਿਲਾਂ ਮਹਿਮਾਨ ਮੇਲ਼ ਦੇ ਰੂਪ ਵਿੱਚ ਕਈ ਕਈ ਦਿਨ ਪਹਿਲਾਂ ਆ ਕੇ ਰਹਿੰਦੇ ਸਨ,ਗਾਉਣ, ਵਜਾਉਣ,ਘਰ ਦੇ ਕੰਮਾਂ ਵਿੱਚ ਹੱਥ ਵਟਾਉਣ ਆਦਿ ਸਾਰੇ ਕੰਮ ਮੇਲ਼ ਵਿੱਚ ਆਏ ਮੁੰਡੇ ਕੁੜੀਆਂ ਕਰਵਾਉਂਦੇ ਰਹਿੰਦੇ ਸਨ।ਪਰ ਅੱਜ ਕੱਲ੍ਹ ਕਈ ਦਿਨ ਮੇਲ਼ ਦੇ ਰਹਿਣ ਵਾਲਾ ਸੱਭਿਆਚਾਰ ਤਾਂ ਬਹੁਤ ਦੂਰ ਦੀ ਗੱਲ ਹੋ ਗਈ ਹੈ। ਅੱਜ ਕੱਲ੍ਹ ਤਾਂ ਵਿਆਹ ਜਾਂ ਹੋਰ ਖੁਸ਼ੀ ਦੇ ਸਮਾਗਮ ਘਰਾਂ ਵਿੱਚੋਂ ਨਿਕਲ ਕੇ ਪੈਲੇਸਾਂ ਵਿੱਚ ਚਲੇ ਗਏ ਹਨ,ਉਹ ਵੀ ਸ਼ਗਨ ਦੇਣ ਤੇ ਰੋਟੀ ਖਾਣ ਤੱਕ ਦੇ ਹੀ ਰਿਵਾਜ਼ ਸਿਮਟ ਕੇ ਰਹਿ ਗਏ ਹਨ। ਐਨੇ ਵਿੱਚ ਵੀ ਮਹਿਮਾਨ ਨਿਵਾਜ਼ੀ ਦੀਆਂ ਧੱਜੀਆਂ ਉਡਦੀਆਂ ਹਨ।

ਸਾਡਾ ਸਮਾਜ ਬੇਸ਼ੱਕ ਪੱਛਮੀ ਸੱਭਿਆਚਾਰ ਅਪਣਾ ਰਿਹਾ ਹੈ ਪਰ ਇਹ ਖਰਾ ਨਾ ਦੇਸੀ ਸੱਭਿਆਚਾਰ ਤੇ ਉਤਰ ਰਿਹਾ ਹੈ ਤੇ ਨਾ ਹੀ ਵਿਦੇਸ਼ੀ ਸਭਿਆਚਾਰ ਤੇ ਖਰਾ ਉਤਰ ਰਿਹਾ ਹੈ। ਪੈਲੇਸ ਵਿੱਚ ਵੜਨ ਲੱਗੇ ਸਾਹਮਣੇ ਤਖ਼ਤੀ ਤੇ ਨਾਂ ਦੇਖ਼ ਕੇ ਪਤਾ ਲੱਗਦਾ ਹੈ ਕਿ ਇੱਥੇ ਹੀ ਵਿਆਹ ਹੈ। ਕਈ ਵਾਰ ਤਾਂ ਅੱਧਾ ਵਿਆਹ ਕਿਸੇ ਹੋਰ ਦਾ ਖਾ ਲਿਆ ਜਾਂਦਾ ਹੈ ਤੇ ਪਤਾ ਲੱਗਦਾ ਹੈ ਕਿ ਕਿਸੇ ਹੋਰ ਵਿਅਕਤੀ ਦੇ ਸਮਾਗਮ ਵਿੱਚ ਆ ਗਏ ਹਾਂ ਤੇ ਪੁੱਛ ਪੁਛਾ ਕੇ ਅਸਲੀ ਸੱਦੇ ਵਾਲਿਆਂ ਦੇ ਪੁੱਜ ਕੇ ਸ਼ਗਨ ਦੇ ਕੇ ਕੰਮ ਨਿਬੇੜ ਕੇ ਘਰ ਪਰਤ ਆਉਂਦੇ ਹਨ। ਸਾਡੇ ਇੱਕ ਜਾਣ ਪਛਾਣ ਵਾਲਿਆਂ ਦੇ ਕੋਈ ਵੀ ਸਮਾਗਮ ਭਾਵ ਵਿਆਹ,ਮੰਗਣਾ,ਲੋਹੜੀ ਆਦਿ ਹੋਏ ਉਹਨਾਂ ਦੇ ਘਰ ਤੈਅ ਸਮੇਂ ਤੇ ਜਾਓ ਤਾਂ ਘਰ ਦਾ ਕੋਈ ਜੀਅ ਤਾਂ ਨਜ਼ਰ ਨਹੀਂ ਆਉਂਦਾ,ਪੁੱਛੇ ਤੇ ਪਤਾ ਲੱਗਦਾ ਹੈ ਕਿ ਪਾਰਲਰਾਂ ਤੋਂ ਤਿਆਰ ਹੋ ਕੇ ਸਿੱਧਾ ਆਉਣਗੇ।

ਜਿਵੇਂ ਜਿਵੇਂ ਪਾਰਲਰਾਂ ਤੋਂ ਤਿਆਰ ਹੋ ਕੇ ਆਈ ਜਾਂਦੇ ਹਨ,ਸਿੱਧਾ ਜਾ ਕੇ ਜਾਂ ਤਾਂ ਡਾਂਸ ਫਲੋਰਾਂ ਤੇ ਨੱਚਣ ਲੱਗ ਜਾਂਦੇ ਹਨ ਜਾਂ ਫ਼ੋਟੋ ਗ੍ਰਾਫਰ ਆਪਣੀਆਂ ਤਾਰਾਂ,ਲਾਈਟਾਂ ਲੈ ਕੇ ਆਲ਼ੇ ਦੁਆਲ਼ੇ ਘੇਰਾ ਪਾ ਲੈਂਦੇ ਹਨ ਜਿਵੇਂ ਮੰਤਰੀ ਆ ਰਹੇ ਹੋਣ। ਸਾਡੇ ਵਰਗੇ ਲੋਕ ਤਾਂ ਫਿਰ ਖਾਣਾ ਖਾ ਕੇ ਉਹਨਾਂ ਨੂੰ ਨੱਚਦਿਆਂ ਟੱਪਦਿਆਂ ਨੂੰ ਸ਼ਗਨ ਵਾਲ਼ਾ ਲਿਫ਼ਾਫ਼ਾ ਫੜਾ ਕੇ ਆ ਜਾਂਦੇ ਹਨ। ਬਹੁਤੇ ਪਰਿਵਾਰਾਂ ਨੂੰ ਤਾਂ ਸ਼ਗਨਾਂ ਵਾਲ਼ੇ ਲਿਫਾਫਿਆਂ ਉੱਪਰ ਲਿਖੇ ਨਾਂ ਪੜ੍ਹ ਕੇ ਬਾਦ ਵਿੱਚ ਹੀ ਪਤਾ ਲੱਗਦਾ ਹੈ ਕਿ ਕੌਣ ਕੌਣ ਆਇਆ ਸੀ।

ਪਰ ਮਹਿਮਾਨ ਨਿਵਾਜ਼ੀ ਤਾਂ ਅਸਲ ਵਿੱਚ ਉਹੀ ਹੈ ਕਿ ਘਰ ਦੇ ਵੱਡੇ ਮੈਂਬਰ ਆਉਣ ਵਾਲੇ ਸਾਰੇ ਮਹਿਮਾਨਾਂ ਨੂੰ ਹੱਥ ਜੋੜ ਕੇ ਸਨਮਾਨ ਸਹਿਤ ਮਿਲਣ ਤੇ ਉਹਨਾਂ ਨੂੰ ਅਹਿਸਾਸ ਕਰਵਾਇਆ ਜਾਵੇ ਕਿ ਉਹ ਅਗਰ ਆਏ ਹਨ ਤਾਂ ਸਾਡੇ ਲਈ ਬਹੁਤ ਖਾਸ ਹਨ।ਇਸ ਨਾਲ ਮਹਿਮਾਨਾਂ ਅਤੇ ਮੇਜ਼ਬਾਨਾਂ ਦੋਵਾਂ ਦੀ ਇੱਜ਼ਤ ਵਿੱਚ ਵਾਧਾ ਹੁੰਦਾ ਹੈ।ਜਦ ਮਹਿਮਾਨਾਂ ਦੀ ਆਮਦ ਬੰਦ ਹੋ ਜਾਵੇ ਤਾਂ ਸਾਰਿਆਂ ਮਹਿਮਾਨਾਂ ਨੂੰ ਕੋਲ਼ ਜਾ ਕੇ ਖਾਣ ਪੀਣ ਲਈ ਤਾਕੀਦ ਕਰਦਿਆਂ ਉਨ੍ਹਾਂ ਦਾ ਸਨਮਾਨ ਵਧਾਇਆ ਜਾਵੇ।ਘਰ ਦੇ ਬਾਕੀ ਜੀਆਂ ਨੂੰ ਵੀ ਸਾਰਿਆਂ ਨੂੰ ਹੱਸ ਕੇ ਮਿਲਣ ਦੀ ਤਾਕੀਦ ਕੀਤੀ ਜਾਵੇ ਨਾ ਕਿ ਮਹਿਮਾਨਾਂ ਦੀ ਭੀੜ ਵਿੱਚੋਂ ਅੱਖ ਬਚਾ ਕੇ ਨਿਕਲਿਆ ਜਾਵੇ। ਮਹਿਮਾਨ ਨਿਵਾਜ਼ੀ ਵੀ ਤਹਿਜ਼ੀਬ ਦਾ ਹੀ ਇੱਕ ਹਿੱਸਾ ਹੈ ਜਿਸ ਨੂੰ ਸਾਰਿਆਂ ਨੂੰ ਬਹੁਤ ਸੁਚੱਜੇ ਢੰਗ ਨਾਲ ਬਾਖ਼ੂਬੀ ਨਿਭਾਉਣਾ ਚਾਹੀਦਾ ਹੈ ਕਿਉਂਕਿ ਇਹ ਆਉਣ ਵਾਲੇ ਮਹਿਮਾਨਾਂ ਦੇ ਦਿਮਾਗ਼ ਵਿੱਚ ਮੇਜ਼ਬਾਨਾਂ ਪ੍ਰਤੀ ਉਮਰ ਭਰ ਲਈ ਇੱਕ ਛਾਪ ਛੱਡਦੀ ਹੈ ਤੇ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਹਾਦਰ ਕੁੜੀਆਂ ਯੂਕਰੇਨ ਦੀਆਂ
Next articleਰੂਹਾਂ ਦੀ ਬੁਣਤੀ