(ਸਮਾਜ ਵੀਕਲੀ)
“ਨੀ ਮਾਣੋਂ,ਨੀ ਮਾਣੋਂ….ਆਹ ਕਿੱਧਰ ਨੂੰ ਤੁਰੀ ਜਾਂਦੀ ਏਂ,ਘਰ ਦਾ ਸਾਰਾ ਕੰਮ ਓਵੇਂ ਪਿਆ ਤੈਨੂੰ ਕੌਲ਼ੇ ਕੱਛਣ ਦੀ ਪਈ ਆ। ਚੱਲ ਮੁੜ, ਆ ਕੇ ਭਾਂਡੇ ਮਾਂਜ,ਢੇਰ ਲੱਗਿਆ ਪਿਆ।” ਮਾਣੋਂ ਦੀ ਬੀਬੀ ਰਤਨੋ ਨੇ ਉਹਨੂੰ ਤੁਰੀ ਜਾਂਦੀ ਨੂੰ ਪੂਰੇ ਗੁੱਸੇ ਵਿੱਚ ਹਾਕ ਮਾਰੀ।
“ਬੀਬੀਏ ਮੈਂ ਕੌਲੇ ਕੱਛਣ ਨੀ ਚੱਲੀ , ਮੈਂ ਤਾਂ ਰਾਣੀ ਭੈਣ ਨੂੰ ਮਿਲ਼ਣ ਚੱਲੀਂ ਆਂ,ਓਹਨੇ ਅੱਜ ਸਹੁਰਿਆਂ ਨੂੰ ਚਲੀ ਜਾਣਾ, ਫੇਰ ਪਤਾ ਨੀ ਕਦੋਂ ਮਿਲੂਗੀ।” ਮਾਣੋਂ ਰਤਨੋ ਨੂੰ ਜਵਾਬ ਦਿੰਦੀ ਘਰ ਦੇ ਦਰਵਾਜ਼ੇ ਤੋਂ ਬਾਹਰ ਨਿਕਲ ਗਈ।
ਰਾਣੀ ਗੁਆਂਢੀਆਂ ਦੀ ਕੁੜੀ ਸੀ ਜੋ ਬਹੁਤ ਪੜ੍ਹੀ ਲਿਖੀ ਹੋਈ ਸੀ ਉਸ ਦਾ ਵਿਆਹ ਇੱਕ ਵੱਡੀ ਫੈਕਟਰੀ ਦੇ ਮਾਲਕ ,ਅਮੀਰ ਮੁੰਡੇ ਨਾਲ ਹੋਇਆ ਸੀ।ਉਹ ਆਪਣੇ ਪੇਕੇ ਦੋ ਦਿਨ ਲਈ ਹੀ ਮਿਲ਼ਣ ਆਈ ਹੋਈ ਸੀ। ਵਿਆਹ ਤੋਂ ਪਹਿਲਾਂ ਮਾਣੋਂ ਰੋਜ਼ ਉਸ ਕੋਲ ਪੜ੍ਹਨ ਜਾਂਦੀ ਹੁੰਦੀ ਸੀ ਕਿਉਂਕਿ ਉਹ ਆਪ ਹੀ ਤਰਸ ਖਾ ਕੇ ਰਤਨੋ ਦੀਆਂ ਕੁੜੀਆਂ ਨੂੰ ਪੜ੍ਹਾ ਦਿੰਦੀ ਸੀ।
ਮਗਰੋਂ ਰਤਨੋ ਨਾਲ਼ੇ ਬੁੜ ਬੁੜ ਕਰੀ ਜਾਵੇ ਨਾਲ਼ੇ ਕੰਮ ਕਰੀ ਜਾਵੇ। ਚਾਰ ਧੀਆਂ ਦੀ ਮਾਂ ਹੋਣ ਕਰਕੇ ਨਾ ਓਹਨੂੰ ਅਮਲੀ ਆਦਮੀ ਤੋਂ ਸਤਿਕਾਰ ਮਿਲਿਆ ਸੀ ਤੇ ਸੱਸ ਦੀਆਂ ਗੱਲਾਂ ਸੁਣ ਸੁਣ ਕੇ ਸਾਰੀ ਉਮਰ ਸੜ ਭੁੱਜ ਕੇ ਕੱਢੀ ਸੀ। ਨਾ ਆਪ ਨੂੰ ਪਿਆਰ ਮਿਲਿਆ ਸੀ ਨਾ ਧੀਆਂ ਨੂੰ ਪਿਆਰ ਦੇ ਸਕੀ। ਦੋ ਸਾਲ ਪਹਿਲਾਂ ਹੀ ਸੱਸ ਰੱਬ ਨੂੰ ਪਿਆਰੀ ਹੋ ਗਈ ਸੀ ਤਾਂ ਉਸ ਨੂੰ ਮਾੜਾ ਮੋਟਾ ਸਾਹ ਆਇਆ ਸੀ। ਹੁਣ ਅਮਲੀ ਆਦਮੀ ਦੇ ਸਿਰ ਤੇ ਕੋਠੇ ਜਿੱਡੀਆਂ ਕੁੜੀਆਂ ਦੇ ਵਿਆਹ ਕਰਨ ਦਾ ਫ਼ਿਕਰ ਵੱਢ ਵੱਢ ਖਾਂਦਾ ਸੀ। ਮਾਣੋਂ ਵੱਡੀ ਕੁੜੀ ਸੀ ,ਉਸ ਦੀ ਉਮਰ ਚੌਦਾਂ ਕੁ ਸਾਲ ਦੀ ਸੀ ਤੇ ਉਹ ਦਸਵੀਂ ਦੇ ਪੇਪਰ ਦੇ ਕੇ ਹਟੀ ਸੀ।ਰਾਣੀ ਮਾਣੋਂ ਨੂੰ ਮਿਲ ਕੇ ਬਹੁਤ ਖੁਸ਼ ਹੋਈ ਤੇ ਆਖਣ ਲੱਗੀ,”ਮਾਣੋਂ, ਮੈਂ ਰਤਨੋ ਚਾਚੀ ਨੂੰ ਮਿਲਣ ਈ ਆਉਣਾ ਸੀ।ਤੇਰੇ ਲਈ ਮੈਂ ਖੁਸ਼ਖਬਰੀ ਲੈ ਕੇ ਆਈ ਆਂ”, ਜਦ ਨੂੰ ਮਗਰੇ ਰਤਨੋ ਆ ਗਈ ਤੇ ਉਹ ਪੁੱਛਣ ਲੱਗੀ,” ਨੀ ਰਾਣੀਏਂ ਧੀਏ ! ਸਾਨੂੰ ਕਿਸਮਤ ਸੜੀਆਂ ਨੂੰ ਕਾਹਦੀ ਖੁਸ਼ਖਬਰੀ?”
“ਨਾ ਚਾਚੀ ,ਆਏਂ ਨੀ ਆਖੀਦਾ। ਸੁਣ , ਮਾਣੋਂ ਦਾ ਰਿਜ਼ਲਟ ਰਾਤ ਈ ਆਇਆ, ਮੈਂ ਫੋਨ ਤੇ ਦੇਖ ਲਿਆ ਸੀ।ਇਹਦੇ ਬਹੁਤ ਸੋਹਣੇ ਨੰਬਰ ਆਏ ਨੇ। ਮੈਂ ਇਹਨੂੰ ਆਪਣੀ ਫੈਕਟਰੀ ਵਿੱਚ ਸ਼ਾਮ ਦੀ ਸ਼ਿਫਟ ਤੇ ਨੌਕਰੀ ਤੇ ਰੱਖ ਲੈਣਾ ਹੈ,ਤੇ ਨਾਲ਼ੇ ਕਾਲਜ ਪੜ੍ਹਨ ਲਾ ਦੇਣਾ। ਹੁਣ ਇਹ ਮੇਰੇ ਕੋਲ ਰਹੂਗੀ,ਜਾ ਚਾਚੀ ਤਿਆਰੀ ਕਰ ਇਹਨੂੰ ਮੇਰੇ ਨਾਲ ਤੋਰਨ ਦੀ।” ਰਾਣੀ ਨੇ ਆਖਿਆ।
ਰਤਨੋ ਆਖਣ ਲੱਗੀ,”ਨੀ ਇਹਦੇ ਪਿਓ ਨੇ ਨੀ ਮੰਨਣਾਂ।” “ਮੈਨੂੰ ਮਿਲ ਗਿਆ ਸੀ ਚਾਚਾ ਸਵੇਰੇ ਈ,ਓਹ ਤਾਂ ਸੁਣ ਕੇ ਖੁਸ਼ ਹੋ ਗਿਆ, ਤੂੰ ਮੰਨਣ ਦੀ ਗੱਲ ਕਰਦੀ ਐਂ। ਰਾਣੀ ਖੁਸ਼ ਹੋ ਕੇ ਆਖਣ ਲੱਗੀ।
ਰਤਨੋ ਉਸ ਦੇ ਕੀਤੇ ਅਹਿਸਾਨ ਦੇ ਸਤਿਕਾਰ ਵਿੱਚ ਅੱਖਾਂ ਭਰ ਆਈ ਤੇ ਰਾਣੀ ਨੂੰ ਅਸੀਸਾਂ ਦੇਣ ਲੱਗੀ।ਰਾਣੀ ਕਹਿੰਦੀ,” ਚਾਚੀ ਹੁਣ ਤੇਰੇ ਬੁਰੇ ਦਿਨ ਗਏ, ਮਾਣੋਂ ਦੀ ਸਾਰੀ ਤਨਖਾਹ ਮੈਂ ਤੈਨੂੰ ਈ ਭੇਜਦਿਆ ਕਰਨੀ ਹੈ,ਇਸ ਦੀ ਪੜ੍ਹਾਈ ਦਾ ਖਰਚਾ ਵੀ ਮੈਂ ਆਪੇ ਕਰ ਦਊਂਗੀ। ਤੂੰ ਬਹੁਤ ਔਖੇ ਦਿਨ ਦੇਖੇ ਨੇ, ਹਾਂ ਨਾਲ਼ੇ ਹੁਣ ਛੋਟੀਆਂ ਕੁੜੀਆਂ ਨੂੰ ਨਾ ਬੁੜ ਬੁੜ ਕਰੀ ਜਾਇਆ ਕਰੀਂ। ਚਾਚੀ ਮੈਂ ਤੇਰੇ ਤੇ ਕੋਈ ਅਹਿਸਾਨ ਨਹੀਂ ਕੀਤਾ,ਆਪਣੇ ਲਈ ਤਾਂ ਹਰ ਕੋਈ ਜਿਊਂਦਾ ਹੈ ਪਰ ਜੇ ਪਹੁੰਚ ਹੋਵੇ ਤਾਂ ਦੂਜੇ ਦੇ ਕੰਮ ਜ਼ਰੂਰ ਆਉਣਾ ਚਾਹੀਦਾ ਹੈ।”
ਮਾਣੋਂ ਦਾ ਚਾਅ ਨੀ ਸੀ ਚੱਕਿਆ ਜਾਂਦਾ।ਉਹ ਤਿਆਰ ਹੋ ਕੇ ਰਾਣੀ ਨਾਲ ਚਲੀ ਗਈ। ਸ਼ਹਿਰ ਦੇ ਮਾਹੌਲ ਵਿੱਚ ਮਾਣੋਂ ਤਾਂ ਦਿਨੋ ਦਿਨ ਨਿਖਰ ਰਹੀ ਸੀ। ਮਾਣੋਂ ਪੜ੍ਹਨ ਨੂੰ ਵੀ ਹੁਸ਼ਿਆਰ ਸੀ, ਦਫ਼ਤਰ ਦਾ ਕੰਮ ਵੀ ਪੂਰੀ ਇਮਾਨਦਾਰੀ ਨਾਲ ਕਰਦੀ ਸੀ। ਉਹ ਰਾਤ ਨੂੰ ਰਾਣੀ ਦੀ ਬਜ਼ੁਰਗ ਦਾਦੀ ਸੱਸ ਦੀ ਸੰਭਾਲ ਵੀ ਕਰਦੀ। ਰਾਣੀ ਨੇ ਵੀ ਉਸ ਨੂੰ ਕਦੇ ਓਪਰੇਪਣ ਦਾ ਅਹਿਸਾਸ ਨਹੀਂ ਹੋਣ ਦਿੱਤਾ ਸੀ। ਓਧਰ ਮਾਣੋਂ ਦੀ ਤਨਖਾਹ ਨਾਲ ਰਤਨੋ ਦੀ ਗਰੀਬੀ ਵੀ ਦੂਰ ਹੋ ਗਈ ਸੀ।
ਚਾਰ ਸਾਲ ਬਾਅਦ ਡਿਗਰੀ ਕਰਕੇ ਮਾਣੋਂ ਨੇ ਕੁਲੈਕਟਰ ਦੀ ਨੌਕਰੀ ਲਈ ਅਪਲਾਈ ਕੀਤਾ ਤਾਂ ਉਹ ਐਨੀ ਕਿਸਮਤ ਦੀ ਧਨੀ ਨਿਕਲੀ ਕਿ ਉਸ ਨੂੰ ਉਹ ਨੌਕਰੀ ਮਿਲ ਗਈ। ਮਾਣੋਂ ਉਸੇ ਸ਼ਹਿਰ ਦੀ ਕਲੈਕਟਰ ਬਣ ਗਈ। ਰਾਣੀ ਵੀ ਇੱਕ ਪੁੱਤਰ ਦੀ ਮਾਂ ਬਣ ਗਈ ਸੀ। ਹੁਣ ਰਾਣੀ ਜਦ ਮਾਣੋਂ ਉਰਫ਼ ਕੁਲੈਕਟਰ ਮਨਜੀਤ ਕੌਰ ਨਾਲ ਪਿੰਡ ਗਈ ਤਾਂ ਪਿੰਡ ਦੇ ਲੋਕ ਪਿੰਡ ਦੀਆਂ ਦੋਵੇਂ ਧੀਆਂ ਦਾ ਹਾਰ ਪਾ ਕੇ ਸਵਾਗਤ ਕਰ ਰਹੇ ਸਨ। ਸਾਰੇ ਰਾਣੀ ਦੀ ਤਾਰੀਫ਼ ਕਰਦੇ ਹੋਏ ਕਹਿ ਰਹੇ ਸਨ ਕਿ ਕਿਸ ਤਰ੍ਹਾਂ ਕਿਸੇ ਦੀ ਛੋਟੀ ਜਿਹੀ ਅਗਾਂਹਵਧੂ ਸੋਚ ਕਈ ਜ਼ਿੰਦਗੀਆਂ ਸੰਵਾਰ ਦਿੰਦੀ ਹੈ। ਆਲ਼ੇ ਦੁਆਲ਼ੇ ਦੇ ਪਿੰਡਾਂ ਵਿੱਚ ਵੀ ਇਸ ਪਿੰਡ ਦੀਆਂ ਧੀਆਂ ਦੀ ਖੂਬ ਚਰਚਾ ਹੋ ਰਹੀ ਸੀ ਤੇ ਲੋਕ ਕਹਿ ਰਹੇ ਸਨ ਕਿ ਆਪਣੇ ਲਈ ਤਾਂ ਹਰ ਕੋਈ ਜਿਊਂਦਾ ਹੈ ਪਰ ਅਸਾਨ ਤਰੀਕੇ ਨਾਲ ਦੂਜਿਆਂ ਦੀ ਜ਼ਿੰਦਗੀ ਨੂੰ ਸ਼ਿੰਗਾਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly