ਏਹੁ ਹਮਾਰਾ ਜੀਵਣਾ ਹੈ -151

(ਸਮਾਜ ਵੀਕਲੀ)

ਚਾਈਨਾ ਡੋਰ ਦੇ ਆਤੰਕ ਦਾ ਅੰਤ

ਜ਼ਮਾਨੇ ਨੇ ਕਰਵਟ ਕੀ ਲਈ ਕਿ ਸਾਡੇ ਰਹਿਣ ਸਹਿਣ ਅਤੇ ਖਾਣ ਪੀਣ ਦੇ ਤੌਰ ਤਰੀਕਿਆਂ ਦੇ ਨਾਲ ਨਾਲ ਲੋਕਾਂ ਨੇ ਤਿਉਹਾਰ ਮਨਾਉਣ ਦੇ ਤੌਰ ਤਰੀਕੇ ਵੀ ਬਦਲ ਲਏ। ਇਸ ਬਦਲਾਅ ਵਿੱਚੋਂ ਕਈ ਚੀਜ਼ਾਂ ਤਾਂ ਸਾਡੇ ਨਿਤਾਪ੍ਰਤੀ ਜੀਵਨ ਵਿੱਚ ਹਾਨੀਕਾਰਕ ਸਿੱਧ ਹੋ ਰਹੀਆਂ ਹਨ। ਜਿਵੇਂ ਸਰਦੀਆਂ ਦੀ ਰੁੱਤ ਵਿੱਚ ਲੋਹੜੀ ਅਤੇ ਬਸੰਤ ਪੰਚਮੀ ਦੇ ਤਿਉਹਾਰ ਬੜੇ ਉਤਸ਼ਾਹ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਧੂਮਧਾਮ ਨਾਲ ਮਨਾਏ ਜਾਂਦੇ ਹਨ ।ਇਸ ਮੌਕੇ ਹਰ ਵਰਗ ਦੇ ਲੋਕ ਪਤੰਗਬਾਜ਼ੀ ਕਰ ਕੇ ਲੋਹੜੀ ਅਤੇ ਬਸੰਤ ਰੁੱਤ ਦਾ ਸਵਾਗਤ ਕਰਦੇ ਹਨ । ਕਈ ਕਈ ਦਿਨ ਪਹਿਲਾਂ ਹੀ ਬੱਚੇ ਪਤੰਗਬਾਜ਼ੀ ਕਰਦੇ ਨਜ਼ਰ ਆਉਣ ਲੱਗਦੇ ਹਨ। ਵੈਸੇ ਵੀ ਸਰਦੀ ਦੀ ਰੁੱਤ ਹੋਣ ਕਰਕੇ ਘਰਾਂ ਦੀਆਂ ਛੱਤਾਂ ਤੇ ਬੱਚਿਆਂ ਦਾ ਪਤੰਗ ਚੜ੍ਹਾ ਕੇ ਜਿੱਥੇ ਮਨੋਰੰਜਨ ਹੋ ਜਾਂਦਾ ਹੈ ਉੱਥੇ ਹੀ ਉਹ ਧੁੱਪ ਵੀ ਸੇਕ ਕੇ ਸਰਦੀ ਦੀ ਰੁੱਤ ਵਿੱਚ ਆਨੰਦ ਮਾਣਦੇ ਸਨ। ਡੋਰਾਂ ਉੱਪਰ ਵਧੀਆ ਤੋਂ ਵਧੀਆ ਮਾਂਝਾ ਚੜ੍ਹਾ ਕੇ ਆਪਣੀ ਡੋਰ ਪੱਕੀ ਤੋਂ ਪੱਕੀ ਕਰ ਲਈ ਜਾਂਦੀ ਸੀ। ਪਤੰਗਬਾਜ਼ੀ ਦੌਰਾਨ ਖੂਬ ਮਨੋਰੰਜਨ ਹੁੰਦਾ ਸੀ।

ਪਰ ਸਮਾਂ ਬੀਤਣ ਦੇ ਨਾਲ ਨਾਲ ਇਹ ਪਤੰਗਬਾਜ਼ੀ ਹੁਣ ਮਨੁੱਖੀ ਜ਼ਿੰਦਗੀਆਂ ਤੇ ਭਾਰੂ ਤਾਂ ਪੈ ਹੀ ਰਹੀ ਹੈ ਪਰ ਇਸ ਦੇ ਨਾਲ ਹੀ ਪਸ਼ੂ – ਪੰਛੀਆਂ ਅਤੇ ਬੇਜ਼ੁਬਾਨਾਂ ਉੱਪਰ ਭਾਰੂ ਪੈਂਦੀ ਨਜ਼ਰ ਆ ਰਹੀ ਹੈ ਕਿਉਂਕਿ ਪਹਿਲਾਂ ਡੋਰ ਸੂਤੀ ਧਾਗੇ ਨਾਲ ਤਿਆਰ ਹੁੰਦੀ ਸੀ । ਬੀਤੇ ਕੁਝ ਵਰ੍ਹਿਆਂ ਤੋਂ ਹੋਂਦ ਵਿੱਚ ਆਈ ਇਹ ਚਾਈਨਾ ਡੋਰ ਬੱਚਿਆਂ ਦੀ ਪਹਿਲੀ ਪਸੰਦ ਬਣ ਗਈ ਹੈ।ਇਹ ਡੋਰ ਮਨੁੱਖੀ ਜੀਵਨ ਅਤੇ ਪਸ਼ੂਆਂ – ਪੰਛੀਆਂ ਲਈ ਕਾਲ ਬਣਦੀ ਜਾ ਰਹੀ ਹੈ । ਇਸ ਡੋਰ ਦੀ ਲਪੇਟ ਵਿਚ ਆਉਣ ਕਾਰਨ ਜਿੱਥੇ ਹਰ ਸਾਲ ਕੀਮਤੀ ਜ਼ਿੰਦਗੀਆਂ ਖ਼ਤਮ ਹੁੰਦੀਆਂ ਹਨ ਉੱਥੇ ਵੱਡੇ ਪੱਧਰ ‘ਤੇ ਮਾਸੂਮ ਤੇ ਲਾਚਾਰ ਪਸ਼ੂ – ਪੰਛੀ ਵੀ ਕਾਲ ਦੇ ਮੂੰਹ ਵਿੱਚ ਚਲੇ ਜਾਂਦੇ ਹਨ ।

ਭਾਵੇਂ ਹਰ ਸਾਲ ਸਰਕਾਰਾਂ ਵੱਲੋਂ ਹੁਕਮ ਜਾਰੀ ਕਰ ਕੇ ਸੂਬੇ ਭਰ ਅੰਦਰ ਚਾਈਨਾ ਡੋਰ ਦੀ ਵਿਕਰੀ ਅਤੇ ਸਪਲਾਈ ‘ ਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ ਤੇ ਦੱਸਿਆ ਜਾਂਦਾ ਹੈ ਕਿ ਪਤੰਗਬਾਜ਼ੀ ਲਈ ਧਾਗੇ , ਕੱਚ ਜਾਂ ਕਿਸੇ ਧਾਤ ਰਾਹੀਂ ਤਿੱਖੀ ਬਣਾਈ ਅਤੇ ਸਿੰਥੈਟਿਕ ਧਾਗੇ ਨਾਲ ਪਤੰਗਬਾਜ਼ੀ ਕਰਨਾ ਕਾਨੂੰਨੀ ਜੁਰਮ ਹੈ । ਚਾਈਨਾ ਡੋਰਾਂ ਦੀ ਵਰਤੋਂ ਨਾਲ ਧਰਤੀ ਦਾ ਵਾਤਾਵਰਨ ਦੂਸ਼ਿਤ ਹੋਣ ਦੇ ਨਾਲ ਨਾਲ ਇਨਸਾਨਾਂ ਅਤੇ ਪਸ਼ੂਆਂ – ਪੰਛੀਆਂ ਨੂੰ ਭਾਰੀ ਨੁਕਸਾਨ ਹੁੰਦਾ ਹੈ ਪਰ ਇਸ ਦੇ ਬਾਵਜੂਦ ਵੀ ਹਰ ਸਾਲ ਜ਼ਿਲ੍ਹਾ ਪੱਧਰ ‘ਤੇ ਪ੍ਰਸ਼ਾਸਨ ਸਰਕਾਰੀ ਹੁਕਮਾਂ ਦੀ ਪਾਲਣਾ ਕਰਵਾਉਣ ਵਿਚ ਕੋਈ ਵੱਡੀ ਸਫ਼ਲਤਾ ਹਾਸਿਲ ਨਹੀਂ ਕਰ ਸਕਿਆ ਹੈ ।

ਚਾਈਨਾ ਅਤੇ ਕੱਚ ਲੱਗੀ ਡੋਰ ਹਰ ਸਾਲ ਜ਼ੋਰਾਂ ਸ਼ੋਰਾਂ ਨਾਲ ਖ਼ਰੀਦੀ ਤੇ ਵੇਚੀ ਜਾਂਦੀ ਹੈ । ਇਸ ਦੀ ਵਰਤੋਂ ਹਰ ਵਰ੍ਹੇ ਵਧਦੀ ਹੀ ਜਾ ਰਹੀ ਹੈ । ਬਹੁਤੀਆਂ ਸਮਾਜ ਸੇਵੀ ਸੰਸਥਾਵਾਂ, ਵਾਤਾਵਰਨ ਪ੍ਰੇਮੀਆਂ, ਜਗਿਆਸੂਆਂ ਅਤੇ ਕਈ ਵੈਲਫੇਅਰ ਸੁਸਾਇਟੀਆਂ ਨਾਲ ਜੁੜੇ ਲੋਕਾਂ ਵੱਲੋਂ ਸਕੂਲਾਂ – ਕਾਲਜਾਂ ‘ ਚ ਚਾਈਨਾ ਡੋਰ ਦੇ ਨੁਕਸਾਨ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ।ਇਸ ਤਰ੍ਹਾਂ ਕਰਨਾ ਇੱਕ ਚੰਗਾ ਸੰਕੇਤ ਤਾਂ ਹੈ ਪਰ ਇਸ ਨੂੰ ਅਮਲੀ ਰੂਪ ਵਿੱਚ ਕਿੰਨੇ ਕੁ ਲੋਕਾਂ ਵੱਲੋਂ ਅਪਣਾਇਆ ਜਾਂਦਾ ਹੈ,ਇਹ ਵੀ ਝਾਤੀ ਮਾਰਨ ਦੀ ਲੋੜ ਹੈ।

ਹਰ ਆਮ ਨਾਗਰਿਕ ਦਾ ਇਸ ਪ੍ਰਤੀ ਨੈਤਿਕ ਫ਼ਰਜ਼ ਬਣਦਾ ਹੈ ਕਿ ਉਹ ਚਾਈਨਾ ਡੋਰ ਪ੍ਰਤੀ ਚਲਾਉਣ ਵਾਲੀਆਂ ਮੁਹਿੰਮਾਂ ਵਿੱਚ ਚ ਵਧ-ਚੜ੍ਹ ਕੇ ਯੋਗਦਾਨ ਪਾਵੇ । ਇਹ ਸ਼ੁਰੂਆਤ ਪਹਿਲਾਂ ਖ਼ੁਦ ਦੇ ਘਰ ਤੋਂ ਕਰਨੀ ਹੋਵੇਗੀ ਕਿਉਂਕਿ ਜੇ ਆਪਣੇ ਬੱਚਿਆਂ ਨੂੰ ਇਸ ਡੋਰ ਦੇ ਬੁਰੇ ਪ੍ਰਭਾਵ ਤੋਂ ਜਾਣੂ ਕਰਵਾਉਣ ਵਿੱਚ ਸਫ਼ਲ ਹੋ ਗਏ ਤਾਂ ਇਸ ਜਾਨਲੇਵਾ ਡੋਰ ਦਾ ਅੰਤ ਕਰਕੇ ਅਨੇਕਾਂ ਪਸ਼ੂ – ਪੰਛੀਆਂ ਦੀਆਂ ਜਾਨਾਂ ਬਚਾਉਣ ਵਿਚ ਅਹਿਮ ਭੂਮਿਕਾ ਅਦਾ ਕਰ ਸਕਦੇ ਹਾਂ । ਇਸ ਲਈ ਆਪਣੇ ਬੱਚਿਆਂ ਨੂੰ ਚਾਈਨਾਂ ਦੀ ਪਲਾਸਟਿਕ ਡੋਰ ਨਾਲ ਪਿਛਲੇ ਲੰਬੇ ਅਰਸੇ ਤੋਂ ਹੁੰਦੇ ਆ ਰਹੇ ਹਾਦਸਿਆਂ ਤੋਂ ਜਾਣੂੰ ਕਰਵਾਇਆ ਜਾਵੇ ਤਾਂ ਜੋ ਬੱਚਿਆਂ ਵੱਲੋਂ ਜਾਣ ਬੁੱਝ ਕੇ ਖਰੀਦੀ ਇਸ ਡੋਰ ਤੋਂ ਅਣਜਾਣੇ ਵਿੱਚ ਹੋਣ ਵਾਲੇ ਗੁਨਾਹਾਂ ਬਾਰੇ ਸਮਝ ਸਕਣ।

ਚਾਹੇ ਸਾਡੀ ਸਰਕਾਰ ਵਲੋਂ ਇਸ ਚਾਈਨਾਂ ਡੋਰ ਤੇ ਪਾਬੰਦੀ ਲਗਾਈ ਹੋਈ ਹੈ। ਪਰ ਫਿਰ ਵੀ ਦੁਕਾਨਦਾਰਾਂ ਵੱਲੋਂ ਚਾਈਨਾਂ ਡੋਰ ਦੁਕਾਨ ਤੇ ਨਾ ਰੱਖ ਕੇ ਕਿਤੇ ਹੋਰ ਗੁਪਤ ਜਗਾ ਤੇ ਰੱਖ ਕੇ ਇਸ ਦੀ ਗੈਰਕਨੂੰਨੀ ਤਰੀਕੇ ਨਾਲ ਵਿਕਰੀ ਕੀਤੀ ਜਾਂਦੀ ਹੈ। ਜਦ ਵੀ ਪੁਲਿਸ ਵੱਲੋਂ ਦਕਾਨਾਂ ਤੇ ਛਾਪਾ ਮਾਰਿਆ ਜਾਂਦਾ ਹੈ ਤਾਂ ਪੁਲਿਸ ਦੇ ਹੱਥ ਪਲੇ ਕੁੁਝ ਨਹੀਂ ਪੈਂਦਾ। ਸੋਚਣ ਦੀ ਗੱਲ ਤਾਂ ਇਹ ਹੈ ਕਿ ਜੇ ਇਸ ਡੋਰ ਨੂੰ ਸਪਲਾਈ ਕਰਨ ਵਾਲਿਆਂ ਤੇ ਨਕੇਲ ਪਾਈ ਜਾਏ ਤਾਂ ਉਹ ਮਾਰਕੀਟ ਵਿੱਚ ਕਿਵੇਂ ਆ ਜਾਵੇਗੀ? ਇਸ ਦੇ ਲਈ ਪਤੰਗਬਾਜ਼ੀ ਕਰਨ ਵਾਲਿਆਂ ਤੇ ਜੇ ਸਬੰਧਤ ਥਾਣਿਆਂ ਵੱਲੋਂ ਮੁਹੱਲਿਆਂ ਜਾਂ ਸੁਸਾਇਟੀਆਂ ਨੂੰ ਸਖ਼ਤ ਨਿਰਦੇਸ਼ ਦੇ ਕੇ ਇਮਾਨਦਾਰੀ ਨਾਲ ਕਾਰਵਾਈਆਂ ਕੀਤੀਆਂ ਜਾਣ ਤਾਂ ਇਹ ਚਾਈਨਾ ਡੋਰ ਦੇ ਆਤੰਕ ਦਾ ਅੰਤ ਆਸਾਨੀ ਨਾਲ ਕੀਤਾ ਜਾ ਸਕਦਾ ਹੈ।

ਬਰਜਿੰਦਰ ਕੌਰ ਬਿਸਰਾਓ

9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਝੰਤਰ ਸਾਲਾ ਆਜ਼ਾਦੀ
Next articleਦੋ ਚੂਹੇ