(ਸਮਾਜ ਵੀਕਲੀ)
ਬੱਬਲ ਮਸਾਂ ਸੱਤ ਕੁ ਸਾਲ ਦੀ ਸੀ ਤੇ ਮਾਣੋ ਨੌਂ ਕੁ ਸਾਲਾਂ ਦੀ। ਦੋਵੇਂ ਭੈਣਾਂ ਦਾ ਚਾਹੇ ਦੋ ਢਾਈ ਸਾਲ ਦਾ ਹੀ ਫਰਕ ਸੀ ਪਰ ਗੁਆਂਢੀਆਂ ਦੇ ਜਵਾਕਾਂ ਨਾਲ ਰਲ਼ ਕੇ ਖੇਡਦੀਆਂ ਇਕੱਠੀਆਂ ਹੀ ਸਨ। ਉਹਨਾਂ ਦੀ ਇੱਕ ਛੋਟੀ ਭੈਣ ਸੱਤ ਅੱਠ ਮਹੀਨੇ ਦੀ ਸੀ। ਜਦੋਂ ਦੋਵੇਂ ਭੈਣਾਂ ਖੇਡਣ ਲਈ ਜਾਂਦੀਆਂ ਤਾਂ ਆਪਣੀ ਛੋਟੀ ਭੈਣ ਨੂੰ ਵੀ ਕੁੱਛੜ ਚੁੱਕ ਕੇ ਲੈ ਜਾਂਦੀਆਂ। ਉਹਨਾਂ ਦੀ ਮਾਂ ਫਟਾਫਟ ਘਰ ਦੇ ਸਾਰੇ ਕੰਮ ਨਿਬੇੜ ਲੈਂਦੀ।ਜੇ ਛੋਟਾ ਨਿਆਣਾ ਰੀਂ ਰੀਂ ਕਰਨ ਲੱਗ ਪਏ ਤਾਂ ਮਾਂ ਨੂੰ ਕਿੱਥੇ ਕੰਮ ਕਰਨ ਦਿੰਦਾ। ਬੱਬਲ ਦੂਜੀ ਜਮਾਤ ਵਿੱਚ ਤੇ ਮਾਣੋ ਤੀਜੀ ਜਮਾਤ ਵਿੱਚ ਪੜ੍ਹਦੀਆਂ ਸਨ। ਉਹਨਾਂ ਦੇ ਘਰ ਕੋਲ ਇੱਕ ਘਰ ਦੀ ਉਸਾਰੀ ਹੋ ਚੁੱਕੀ ਸੀ ਪਰ ਦੋ ਹੱਟੇ ਕੱਟੇ ਬੁੱਢੇ ਬਾਬੇ ਦਰਵਾਜ਼ੇ ਬਣਾਉਣ ਦਾ ਕੰਮ ਕਰਦੇ ਸਨ। ਗਰਮੀਆਂ ਦੇ ਦਿਨ ਸਨ। ਸਕੂਲੋਂ ਵੀ ਗਰਮੀਆਂ ਦੀਆਂ ਛੁੱਟੀਆਂ ਮਿਲੀਆਂ ਹੋਈਆਂ ਸਨ।ਖੇਡਣ ਨੂੰ ਖੁੱਲ੍ਹਾ ਵਕਤ ਸੀ।
ਉਹਨਾਂ ਨੇ ਉਹ ਲੱਕੜੀ ਦਾ ਬੂਰਾ ਅਤੇ ਕੱਟੀ ਹੋਈ ਲੱਕੜ ਦੀਆਂ ਨਿੱਕੀਆਂ ਨਿੱਕੀਆਂ ਚੌਰਸ, ਲੰਬੀਆਂ ਟੁਕੜੀਆਂ ਇਕੱਠੇ ਕਰਨ ਲੱਗ ਜਾਣਾ ਫਿਰ ਹੋਰ ਸਹੇਲੀਆਂ ਨਾਲ ਮਿਲ ਕੇ ਉਹਨਾਂ ਟੁਕੜੀਆਂ ਦੇ ਘਰ ਘਰ ਬਣਾ ਕੇ ਖੇਡਣਾ। ਕਦੇ ਬਾਬਿਆਂ ਨੇ ਕਹਿ ਦੇਣਾ,”ਕੁੜੀਏ! ਆਪਣੇ ਘਰੋਂ ਠੰਡਾ ਪਾਣੀ ਲਿਆ ਦੇ।” ਬੱਬਲ ਤੇ ਮਾਣੋਂ ਨੇ ਭੱਜੀਆਂ ਭੱਜੀਆਂ ਜਾਣਾ ਤੇ ਜੱਗ ਭਰ ਕੇ ਪਾਣੀ ਲਿਆ ਦੇਣਾ।ਖਾਲੀ ਘਰ ਵਿੱਚ ਕਦੇ ਜਵਾਕਾਂ ਨੇ ਕੱਠੇ ਹੋ ਕੇ ਲੁਕਣ ਮੀਟੀ ਖੇਡਣ ਲੱਗ ਜਾਣਾ,ਕਦੇ ਝਮਲੌਟ ਵਿੱਚ ਆ ਕੇ ਖਾਲੀ ਘਰ ਵਿੱਚ ਉੱਚੀ ਉੱਚੀ ਅਵਾਜ਼ਾਂ ਕੱਢਣੀਆਂ ਤੇ ਫਿਰ ਆਪਣੀਆਂ ਹੀ ਗੂੰਜਦੀਆਂ ਅਵਾਜ਼ਾਂ ਨੂੰ ਸੁਣ ਕੇ ਖੁਸ਼ ਹੋਣਾ।
ਇਸ ਤਰ੍ਹਾਂ ਕਈ ਦਿਨ ਬੀਤ ਗਏ ਸਨ। ਇੱਕ ਦਿਨ ਮਾਣੋਂ ਆਪਣੀ ਭੈਣ ਨੂੰ ਕੁੱਛੜ ਚੁੱਕੀ ਹੋਈ ਬੁੱਢੇ ਬਾਬਿਆਂ ਕੋਲ ਬੈਠੀ ਉਹਨਾਂ ਨੂੰ ਕੰਮ ਕਰਦੇ ਦੇਖਣ ਲੱਗ ਪਈ,ਉਸ ਨੂੰ ਲੱਕੜੀ ਉੱਤੇ ਤੇਸਾ ਘੁਮਾਉਂਦਾ ਤੇ ਉਸ ਤੋਂ ਲੱਕੜੀ ਦੀਆਂ ਪਤਲੀਆਂ ਕਾਂਤਰਾਂ ਅੱਡ ਅੱਡ ਅਕਾਰ ਬਣ ਕੇ ਡਿੱਗਦੀਆਂ ਤੇ ਲਕੜੀ ਮਲਮਲ ਵਾਂਗੂੰ ਪਲੇਨ ਹੋਈ ਜਾਂਦੀ ਦੇਖ ਕੇ ਉਸ ਨੂੰ ਸੋਹਣਾ ਲੱਗ ਰਿਹਾ ਸੀ।ਬਾਬੇ ਦਾ ਮਨ ਨਿੱਕੀ ਜਿਹੀ ਬਾਲੜੀ ਨੂੰ ਕੋਲ਼ ਖੜ੍ਹਿਆਂ ਦੇਖ ਕੇ ਮੈਲਾ ਹੋਣ ਲੱਗ ਪਿਆ।ਉਸ ਨੇ ਉਸ ਨੂੰ ਆਪਣੇ ਬਿਲਕੁਲ ਕੋਲ਼ ਆਉਣ ਨੂੰ ਕਿਹਾ, ਮਾਣੋਂ ਉਸ ਕੋਲ ਨਾ ਗਈ। ਫਿਰ ਉਸ ਨੇ ਖੀਸੇ ਚੋਂ ਪੰਜੀ ਕੱਢ ਕੇ ਉਸ ਨੂੰ ਗੋਲੀ ਦਾ ਲਾਲਚ ਦਿੱਤਾ। ਫਿਰ ਉਹ ਬੱਚੀ ਨੂੰ ਆਪਣੇ ਵੱਲ ਨੂੰ ਗ਼ਲਤ ਇਸ਼ਾਰੇ ਕਰਕੇ ਕੁਝ ਅਸ਼ਲੀਲ ਹਰਕਤਾਂ ਕਰਨ ਹੀ ਲੱਗਿਆ ਸੀ ਕਿ ਮਾਣੋਂ ਉੱਥੋਂ ਛੇਤੀ ਨਾਲ ਭੱਜੀ ਤੇ ਨਾਲ ਹੀ ਆਪਣੀ ਛੋਟੀ ਭੈਣ ਨੂੰ ਹਾਕ ਮਾਰੀ ਜੋ ਉਹ ਵੀ ਉੱਥੇ ਹੀ ਕਿਤੇ ਖੇਡ ਰਹੀ ਸੀ।
ਮਾਣੋਂ ਬਹੁਤ ਡਰ ਗਈ ਸੀ। ਉਸ ਨੂੰ ਆਪਣੀ ਮਾਂ ਦੀ ਗੱਲ ਯਾਦ ਆ ਗਈ ਸੀ ਕਿ ਉਹ ਹਮੇਸ਼ਾ ਕਹਿੰਦੀ ਹੁੰਦੀ ਸੀ ,”ਕੁੜੀਓ ਦੂਰ ਨਾ ਜਾਇਆ ਕਰੋ , ਜੇ ਕੋਈ ਕੋਲ਼ ਬੁਲਾਏ ਤਾਂ ਉਹਦੇ ਕੋਲ ਵੀ ਨੀ ਜਾਈਦਾ,ਇਹ ਦੁਨੀਆਂ ਬਹੁਤ ਮੈਲ਼ੀ ਆ।”ਉਸ ਨੇ ਆਪਣੀ ਭੈਣ ਨੂੰ ਵੀ ਕਿਹਾ,”ਬੱਬਲ, ਹੁਣ ਮੈਂ ਵੀ ਨੀ ਜਾਇਆ ਕਰਨਾ ਉੱਥੇ ਖੇਡਣ ਤੇ ਤੂੰ ਵੀ ਨਾ ਜਾਇਆ ਕਰ ਉੱਥੇ ਖੇਡਣ,ਓਹ ਬਾਬਾ ਬੜਾ ਬਿਸ਼ਰਮ ਆ।” ਚਾਹੇ ਉਹਨਾਂ ਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਸੀ ਪਰ ਮਾਂ ਨੇ ਦੁਨੀਆ ਦੇ ਮੈਲੇ ਹੋਣ ਬਾਰੇ ਜੋ ਸਮਝਾਇਆ ਸੀ ਉਹ ਪਤਾ ਸੀ।ਉਸ ਦਿਨ ਤੋਂ ਬਾਅਦ ਉਹ ਕਦੇ ਨਾ ਖੇਡਣ ਗਈਆਂ ।
ਹੁਣ ਬੱਬਲ ਤੇ ਮਾਣੋਂ ਦੋਵੇਂ ਜਾਣੀਆਂ ਨੇ ਸਕੂਲ ਦੀ ਪੜ੍ਹਾਈ ਪੂਰੀ ਕਰਕੇ ਕਾਲਜ ਵਿੱਚ ਦਾਖਲਾ ਲੈ ਲਿਆ ਸੀ। ਕਾਲਜ ਘਰ ਤੋਂ ਦੂਰ ਸੀ ਪਰ ਉਹ ਪੈਦਲ ਹੀ ਜਾਂਦੀਆਂ ਸਨ ਅਤੇ ਪੈਦਲ ਹੀ ਘਰ ਵਾਪਸ ਆਉਂਦੀਆਂ ਸਨ,ਕਦੇ ਕਦਾਈਂ ਰਿਕਸ਼ਾ ਵੀ ਕਰ ਲੈਂਦੀਆਂ ਸਨ। ਮਾਂ ਨੇ ਪਹਿਲੇ ਦਿਨ ਤੋਂ ਹੀ ਤਾੜਨਾ ਕਰ ਦਿੱਤੀ ਸੀ,”ਕੁੜੀਓ! ਸਿਰ ਢੱਕ ਕੇ ਜਾਣਾ ਤੇ ਸਿਰ ਢੱਕ ਕੇ ਆਉਣਾ, ਕਿਸੇ ਕੋਲ ਫਾਲਤੂ ਖੜ੍ਹਨਾ ਨੀ, ਬਹੁਤੀਆਂ ਸਹੇਲੀਆਂ ਨੀ ਬਣਾਉਣੀਆਂ।”ਇਹ ਗੱਲ ਉਨ੍ਹਾਂ ਨੇ ਵੀ ਪੱਕੀ ਕਰ ਲਈ ਸੀ। ਇੱਕ ਦਿਨ ਮਾਣੋਂ ਬੀਮਾਰ ਹੋ ਗਈ ਤੇ ਕਾਲਜ ਤੋਂ ਛੁੱਟੀ ਕਰ ਲਈ।ਉਸ ਦਿਨ ਬੱਬਲ ਨੂੰ ਇਕੱਲੇ ਹੀ ਕਾਲਜ ਜਾਣਾ ਪਿਆ।ਉਹ ਕਾਲਜ ਤੋਂ ਤੁਰੀ ਆ ਰਹੀ ਸੀ ਕਿ ਇੱਕ ਅੱਧਖੜ੍ਹ ਜਿਹੀ ਉਮਰ ਦਾ ਬੰਦਾ ਸਾਇਕਲ ਤੇ ਉਸ ਦੇ ਆਲ਼ੇ ਦੁਆਲ਼ੇ ਚੱਕਰ ਕੱਟ ਕੇ ਕਦੇ ਅੱਗੇ ਹੋ ਜਾਵੇ ਕਦੇ ਪਿੱਛੇ ਹੋ ਜਾਵੇ।ਉਹ ਡਰੀ ਜਾਵੇ ਘਬਰਾਈ ਜਾਵੇ ਕਿਉਂਕਿ ਦੁਪਹਿਰ ਹੋਣ ਕਰਕੇ ਦੂਰ ਦੂਰ ਤੱਕ ਕੋਈ ਚਿੜੀ ਨਾ ਪਰਿੰਦਾ ਕੁਝ ਵੀ ਨਹੀਂ ਸੀ ਦਿਸਦਾ।
ਵੈਸੇ ਵੀ ਉਦੋਂ ਜਨਸੰਖਿਆ ਅਤੇ ਵਾਹਨ ਘੱਟ ਹੋਣ ਕਰਕੇ ਸੜਕਾਂ ਤੇ ਬਹੁਤਾ ਭੀੜ ਭੜੱਕਾ ਨਹੀਂ ਹੁੰਦਾ ਸੀ। ਉਹ ਘਬਰਾ ਕੇ ਬੇਜਾਨ ਹੋਈ ਜਾਵੇ ਤੇ ਕਦਮ ਆਪਣੇ ਆਪ ਤੇਜ਼ੀ ਨਾਲ ਅੱਗੇ ਨੂੰ ਵਧਦੇ ਜਾਵਣ।ਉਸ ਨੂੰ ਦੂਰੋਂ ਇੱਕ ਬਜ਼ੁਰਗ ਸਾਈਕਲ ਤੇ ਆਉਂਦਾ ਦਿਸਿਆ।ਉਸ ਨੇ ਉਸ ਦੇ ਨੇੜੇ ਆਂਉਂਦੇ ਹੀ ਘਬਰਾਈ ਹੋਈ ਨੇ ਕਿਹਾ,”ਅੰਕਲ ਜੀ,ਅੰਕਲ ਜੀ,ਔਹ ਭਾਈ ਮੈਨੂੰ ਬਹੁਤ ਤੰਗ ਕਰ ਰਿਹਾ।” ਤੇ ਨਾਲ਼ ਹੀ ਰੋ ਪਈ। ਬਜ਼ੁਰਗ ਨੂੰ ਬੱਬਲ ਤੇ ਤਰਸ ਆਇਆ ।ਉਸ ਨੇ ਓਸ ਬੰਦੇ ਨੂੰ ਇੱਕ ਦਬਕਾ ਮਾਰਿਆ ਤੇ ਆਪ ਉਸ ਨਾਲ਼ ਪੈਦਲ ਹੀ ਸਾਈਕਲ ਰੋੜ੍ਹ ਕੇ ਉਸ ਦੀ ਗਲ਼ੀ ਦੇ ਮੋੜ ਤੱਕ ਉਸ ਨੂੰ ਛੱਡ ਕੇ ਗਿਆ।ਉਹ ਮਨਚਲਾ ਉੱਥੋਂ ਤਿੱਤਰ ਹੁੰਦਾ ਬਣਿਆ। ਉਸ ਨੂੰ ਆਪਣੀ ਮਾਂ ਦੀ ਇਹ ਗੱਲ ਯਾਦ ਆ ਰਹੀ ਸੀ ਕਿ ਦੁਨੀਆ ਬਹੁਤ ਮੈਲ਼ੀ ਹੈ।
ਦੋਵੇਂ ਭੈਣਾਂ ਕਾਲਜ ਦੀ ਪੜ੍ਹਾਈ ਪੂਰੀ ਕਰਕੇ ਅੱਡ ਅੱਡ ਖੇਤਰਾਂ ਵਿੱਚ ਨੌਕਰੀ ਕਰਨ ਲੱਗੀਆਂ। ਮਾਣੋਂ ਦਾ ਦਫ਼ਤਰ ਤਾਂ ਭੀੜ ਭੜੱਕੇ ਵਾਲੀ ਜਗ੍ਹਾ ਤੇ ਹੋਣ ਕਰਕੇ ਹਰ ਵੇਲੇ ਚਹਿਲ ਪਹਿਲ ਹੁੰਦੀ ਸੀ ਤੇ ਉਹ ਆਪਣੇ ਨਾਲ ਕੰਮ ਕਰਨ ਵਾਲੀਆਂ ਕੁੜੀਆਂ ਨਾਲ ਘਰ ਤੱਕ ਆ ਜਾਂਦੀ ਸੀ ਪਰ ਬੱਬਲ ਦਾ ਅਦਾਰਾ ਦੂਰ ਅਤੇ ਸੁਨਸਾਨ ਇਲਾਕੇ ਵੱਲ ਹੋਣ ਕਰਕੇ ਇਕੱਲਿਆਂ ਨੂੰ ਜਾਂਦੇ ਆਉਂਦੇ ਭੈਅ ਜਿਹਾ ਲੱਗਦਾ ਸੀ।ਇੱਕ ਦਿਨ ਉਹ ਆਪਣੀ ਡਿਊਟੀ ਖਤਮ ਕਰਕੇ ਸਿਰ ਢਕੀ ਤੇਜ਼ ਤੇਜ਼ ਤੁਰੀਂ ਵਾਪਸ ਆ ਰਹੀ ਸੀ ਕਿ ਇੱਕ ਕਾਲ਼ੇ ਸ਼ੀਸ਼ਿਆਂ ਵਾਲੀ ਕਾਰ ਉਸ ਕੋਲ ਆ ਕੇ ਰੁਕੀ ਤਾਂ ਇੱਕ ਮੁੰਡੇ ਨੇ ਉਸ ਨੂੰ ਹੱਥ ਬਾਹਰ ਕੱਢ ਕੇ ਰੁਕਣ ਲਈ ਇਸ਼ਰਾ ਕੀਤਾ ਤਾਂ ਉਸ ਨੂੰ ਲੱਗਿਆ ਕਿ ਕਿਸੇ ਪਾਸੇ ਨੂੰ ਰਾਹ ਪੁੱਛਣਾ ਹੋਵੇਗਾ।
ਉਹ ਥੋੜ੍ਹਾ ਜਿਹਾ ਰੁਕੀ ਤਾਂ ਜਿਵੇਂ ਹੀ ਉਹ ਮੁੰਡਾ ਕਾਰ ਦਾ ਦਰਵਾਜ਼ਾ ਖੋਲ੍ਹ ਕੇ ਉਤਰ ਕੇ ਉਸ ਵੱਲ ਨੂੰ ਵਧਣ ਲੱਗਿਆ ਤਾਂ ਬੱਬਲ ਦੀ ਨਿਗਾਹ ਕਾਰ ਦੇ ਅੰਦਰਲੇ ਪਾਸੇ ਪਈ ਤਾਂ ਪੰਜ ਛੇ ਸ਼ਰਾਬੀ ਮੁੰਡਿਆਂ ਨਾਲ ਕਾਰ ਭਰੀ ਪਈ ਸੀ।ਬੱਬਲ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਫਟਾਫਟ ਪਿੱਛੇ ਨੂੰ ਵੱਡੀਆਂ ਵੱਡੀਆਂ ਚਾਰ ਪੰਜ ਪੁਲਾਂਘਾਂ ਪੁੱਟ ਕੇ ਤੇਜ਼ ਤੇਜ਼ ਉੱਥੋਂ ਭੱਜੀ ਅਤੇ ਨੇੜੇ ਹੀ ਕਿਸੇ ਪਰਿਵਾਰ ਵਾਲੇ ਘਰ ਪਾਣੀ ਪੀਣ ਦੇ ਬਹਾਨੇ ਜਾ ਵੜੀ ।ਉਸ ਦਿਨ ਦੀ ਘਟਨਾ ਤੋਂ ਉਹ ਬਹੁਤ ਘਬਰਾਈ ਕਿਉਂਕਿ ਦੇ ਉਹ ਸਮਝਦਾਰੀ ਤੋਂ ਕੰਮ ਨਾ ਲੈਂਦੀ ਤਾਂ ਸਾਰੀ ਉਮਰ ਲਈ ਉਸ ਅਤੇ ਉਸ ਦੇ ਮਾਪਿਆਂ ਨੇ ਕਲੰਕਿਤ ਹੋ ਜਾਣਾ ਸੀ।ਉਸ ਨੂੰ ਜਦੋਂ ਵੀ ਉਹ ਘਟਨਾ ਯਾਦ ਆਉਂਦੀ ਤਾਂ ਉਸ ਦੀ ਡਰ ਨਾਲ ਰੂਹ ਕੰਬ ਉੱਠਦੀ।
ਦੋਵਾਂ ਦੇ ਵਿਆਹ ਹੋ ਕੇ ਨਿਆਣੇ ਵੀ ਹੋ ਗਏ।ਇੱਕ ਭੈਣ ਬੱਬਲ ਵਿਦੇਸ਼ ਚਲੀ ਗਈ ਜਦ ਕਿ ਮਾਣੋਂ ਆਪਣਾ ਪਰਿਵਾਰ ਸਾਂਭਣ ਦੇ ਨਾਲ ਨਾਲ ਨੌਕਰੀ ਵੀ ਕਰਦੀ ਰਹੀ। ਉਸ ਦੇ ਬੱਚੇ ਵੀ ਵੱਡੇ ਹੋ ਗਏ ਸਨ। ਉਸ ਦੀ ਚਾਲ਼ੀ ਪੰਤਾਲੀ ਸਾਲਾਂ ਦੀ ਉਮਰ ਹੋਵੇਗੀ ਕਿਉਂਕਿ ਉਸ ਦਾ ਵੱਡਾ ਮੁੰਡਾ ਅਠਾਰਾਂ ਵਰ੍ਹਿਆਂ ਦਾ ਤੇ ਕੁੜੀ ਸੋਲਾਂ ਵਰਿਆਂ ਦੀ ਸੀ। ਉਸ ਦੇ ਨਾਲ ਇੱਕ ਪੱਚੀ ਕੁ ਸਾਲਾਂ ਦਾ ਸੋਹਣ ਨਾਂ ਦਾ ਨਵਾਂ ਕਰਮਚਾਰੀ ਆਇਆ।ਉਹ ਦੋ ਕੁ ਮਹੀਨੇ ਬਹੁਤ ਸੋਹਣੇ ਢੰਗ ਨਾਲ ਉਸ ਨਾਲ਼ ਨੌਕਰੀ ਕਰਦਾ ਰਿਹਾ। ਮਾਣੋਂ ਤਾਂ ਉਸ ਨੂੰ ਆਪਣੇ ਬੱਚਿਆਂ ਵਾਂਗ ਸਮਝਦੀ ਸੀ ਪਰ ਉਸ ਦੇ ਮਨ ਵਿੱਚ ਮੈਲ਼ ਆ ਗਈ। ਉਸ ਨੇ ਜਾਣ ਬੁੱਝ ਕੇ ਆਪਣਾ ਕੰਮ ਲਮਕਾ ਲਿਆ ਤਾਂ ਕਿ ਛੁੱਟੀ ਦੇ ਸਮੇਂ ਤੋਂ ਬਾਅਦ ਵੀ ਰੁਕਣਾ ਪੈ ਜਾਵੇ। ਮਾਣੋਂ ਨੇ ਸਾਰਿਆਂ ਨੂੰ ਭੇਜ ਕੇ ਦਫ਼ਤਰ ਬੰਦ ਕਰਵਾ ਕੇ ਜਾਣਾ ਹੁੰਦਾ ਸੀ।
ਬਾਕੀ ਦੇ ਕਰਮਚਾਰੀਆਂ ਨੂੰ ਮਾਣੋਂ ਨੇ ਭੇਜ ਦਿੱਤਾ ਤੇ ਉਸ ਨੂੰ ਕਿਹਾ ਕਿ ਦਸ ਮਿੰਟ ਵਿੱਚ ਆਪਣਾ ਕੰਮ ਮੁਕਾ ਲਵੇ।ਉਹ ਨਵਾਂ ਕਰਮਚਾਰੀ ਹੋਣ ਕਰਕੇ ਉਸ ਨੂੰ ਹਮਦਰਦੀ ਨਾਲ ਸਹਿਯੋਗ ਦੇ ਰਹੀ ਸੀ। ਚਪੜਾਸੀ ਪਹਿਲਾਂ ਹੀ ਮਾਣੋਂ ਤੋਂ ਪੁੱਛ ਕੇ ਛੁੱਟੀ ਲੈ ਕੇ ਚਲਿਆ ਗਿਆ ਸੀ ਕਿਉਂਕਿ ਉਸ ਨੇ ਆਪਣੇ ਬੀਮਾਰ ਬੱਚੇ ਨੂੰ ਦਵਾਈ ਦਿਵਾਉਣ ਜਾਣਾ ਸੀ । ਮਾਣੋਂ ਆਪਣੀ ਕੁਰਸੀ ਤੇ ਬੈਠੀ ਆਪਣਾ ਕੰਮ ਕਰ ਰਹੀ ਸੀ ਕਿ ਸੋਹਣ ਦੱਬੇ ਪੈਰੀਂ ਉਸ ਕੋਲ ਆਕੇ ਪਿੱਛੋਂ ਦੀ ਉਸ ਦੇ ਗਲ਼ ਦੁਆਲ਼ੇ ਬਾਹਾਂ ਪਾ ਕੇ ਉਸ ਦੇ ਮੂੰਹ ਕੋਲ਼ ਮੂੰਹ ਕਰਕੇ ਕੋਈ ਕੋਝੀ ਹਰਕਤ ਕਰਨ ਹੀ ਲੱਗਿਆ ਸੀ ਕਿ ਮਾਣੋਂ ਨੇ ਇੱਕਦਮ ਖੜ੍ਹੇ ਹੋ ਕੇ ਉਸ ਦੇ ਮੂੰਹ ਤੇ ਦੋ ਤਿੰਨ ਚਪੇੜਾਂ ਜੜ ਦਿੱਤੀਆਂ ਤੇ ਬਾਹਰ ਖੜ੍ਹੇ ਚਪੜਾਸੀ ਨੂੰ ਘੰਟੀ ਮਾਰ ਕੇ ਬੁਲਾ ਲਿਆ।
ਸੋਹਣ ਚਪੜਾਸੀ ਨੂੰ ਦੇਖ ਕੇ ਹੱਕਾ ਬੱਕਾ ਰਹਿ ਗਿਆ। ਮਾਣੋਂ ਬੋਲੀ,”ਤੂੰ ਕੀ ਸੋਚਿਆ ਮੈਂ ਇਕੱਲੀ ਤੇਰੇ ਤੇ ਵਿਸ਼ਵਾਸ ਕਰਕੇ ਬੈਠੀ ਸੀ? ਜਦੋਂ ਤੂੰ ਮੈਨੂੰ ਛੁੱਟੀ ਤੋਂ ਬਾਅਦ ਰੁਕਣ ਲਈ ਕਿਹਾ ਸੀ, ਮੈਂ ਚਪੜਾਸੀ ਨੂੰ ਉਸੇ ਸਮੇਂ ਫੋਨ ਕਰਕੇ ਅੱਧੇ ਘੰਟੇ ਲਈ ਬੁਲਾ ਲਿਆ ਸੀ। ਮੈਂ ਤਾਂ ਤੇਰੀਆਂ ਹਰਕਤਾਂ ਦੇਖਣ ਲਈ ਹੀ ਤੈਨੂੰ ਬਾਅਦ ਵਿੱਚ ਰੁਕਣ ਦੀ ਇਜਾਜ਼ਤ ਦਿੱਤੀ ਸੀ।” ਨਾਲ਼ ਹੀ ਉਸ ਨੇ ਕੰਪਨੀ ਦੇ ਮਾਲਕ ਨੂੰ ਫੋਨ ਕਰਕੇ ਉਸ ਦੀ ਕੋਝੀ ਹਰਕਤ ਤੋਂ ਜਾਣੂੰ ਕਰਵਾਇਆ ਤੇ ਸੋਹਣ ਨੂੰ ਉਸੇ ਸਮੇਂ ਨੌਕਰੀ ਤੋਂ ਕੱਢ ਦਿੱਤਾ।
ਉਸ ਰਾਤ ਉਹ ਬੇਚੈਨ ਰਹੀ।ਸਾਰੀ ਰਾਤ ਨਾ ਸੁੱਤੀ।ਉਸ ਨੇ ਬੱਬਲ ਨੂੰ ਫੋਨ ਕਰਕੇ ਸਾਰੀ ਘਟਨਾ ਬਾਰੇ ਦੱਸਿਆ ਤੇ ਆਪਸ ਵਿੱਚ ਕਿੰਨਾ ਚਿਰ ਸਾਡੇ ਸਮਾਜ ਵਿੱਚ ਮਰਦਾਂ ਦੇ ਔਰਤਾਂ ਪ੍ਰਤੀ ਨਿੱਘਰਦੇ ਰਵੱਈਏ ਬਾਰੇ ਗੱਲਾਂ ਕਰਦੀਆਂ ਰਹੀਆਂ। ਉਹ ਆਪਣੇ ਬਚਪਨ ਤੇ ਲੈਕੇ ਹੁਣ ਤੱਕ ਦੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਕਹਿ ਰਹੀਆਂ ਸਨ ਕਿ ਦਸ ਸਾਲ ਦੀ ਬੱਚੀ ਸੱਤਰ ਸਾਲ ਦੇ ਬੁੱਢੇ ਬੰਦਿਆਂ ਤੋਂ ਸੁਰੱਖਿਅਤ ਨਹੀਂ ਅਤੇ ਅੱਧਖੜ੍ਹ ਉਮਰ ਦੀ ਔਰਤ ਆਪਣੇ ਬੱਚਿਆਂ ਵਰਗੇ ਜਵਾਨ ਮੁੰਡਿਆਂ ਤੋਂ ਸੁਰੱਖਿਅਤ ਨਹੀਂ,ਉਹ ਸੋਚਦੀਆਂ ਕਿ ਔਰਤ ਜ਼ਾਤ ਦੀ ਇੱਜ਼ਤ ਜਨਮ ਲੈਣ ਤੋਂ ਮਰਨ ਤੱਕ ਦੀ ਉਮਰ ਤੱਕ ਕਦੇ ਵੀ ਮਹਿਫ਼ੂਜ਼ ਨਹੀਂ ਸਮਝੀ ਜਾ ਸਕਦੀ,ਸੱਚ ਮੁੱਚ ਇਹ ਦੁਨੀਆਂ ਕਿੰਨੀ ਮੈਲ਼ੀ ਹੋ ਚੁੱਕੀ ਹੈ।ਹਰ ਔਰਤ ਨੂੰ ਇਹੋ ਜਿਹੀ ਮੈਲ਼ੀ ਦੁਨੀਆ ਤੋਂ ਹਰ ਸਮੇਂ ਸੁਚੇਤ ਹੋ ਕੇ ਰਹਿਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly