(ਸਮਾਜ ਵੀਕਲੀ)
ਮਨੁੱਖੀ ਜੀਵਨ ਦੇ ਵਿਕਾਸ ਲਈ ਮਨੁੱਖ ਜੋ ਵੀ ਆਪਣੇ ਆਲ਼ੇ ਦੁਆਲ਼ੇ ਵਿੱਚੋਂ ਰਸਮੀ ਜਾਂ ਗ਼ੈਰ ਰਸਮੀ ਤਰੀਕੇ ਨਾਲ ਸਿੱਧੇ ਜਾਂ ਅਸਿੱਧੇ ਤੌਰ ’ਤੇ ਆਪਣੇ ਆਲ਼ੇ ਦੁਆਲ਼ੇ ਤੋਂ ਸਿੱਖਦਾ ਹੋਇਆ ਨਵੇਂ ਨਵੇਂ ਤਜਰਬਿਆਂ ਨੂੰ ਅਨੁਭਵ ਕਰਦਾ ਹੋਇਆ ਜ਼ਿੰਦਗੀ ਵਿੱਚ ਬਹੁਤ ਕੁਝ ਨਵਾਂ ਗ੍ਰਹਿਣ ਕਰਦਾ ਹੈ ਉਸ ਨੂੰ ਸਿੱਖਿਆ ਕਿਹਾ ਜਾਂਦਾ ਹੈ। ਸਿੱਖਿਆ ਨਾਲ ਮਨੁੱਖ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ ।ਉਸ ਦੀ ਸੋਚ ਵਿੱਚ ਨਵੇਂ ਭਾਵ ਉਪਜਦੇ ਹਨ। ਇਸ ਦੇ ਨਾਲ ਹੀ ਉਸ ਦੇ ਵਿਵਹਾਰ ਵਿੱਚ ਵੀ ਹੌਲੀ ਹੌਲੀ ਬਦਲਾਅ ਆਉਣਾ ਸ਼ੁਰੂ ਹੁੰਦਾ ਹੈ। ਇਹ ਬਦਲਾਅ ਹੀ ਮਨੁੱਖੀ ਸ਼ਖ਼ਸੀਅਤ ਦਾ ਨਿਰਮਾਣ ਕਰਦਾ ਹੈ।
ਜੇ ਦੇਖਿਆ ਜਾਏ ਤਾਂ ਸਿੱਖਿਆ ਦਾ ਉਦੇਸ਼ ਸਿਰਫ ਸਾਖਰਤਾ ਦਰ ਵਧਾਉਣਾ ਹੀ ਨਹੀਂ ਹੁੰਦਾ ਤੇ ਨਾ ਹੀ ਪ੍ਰੀਖਿਆਵਾਂ ਜਾਂ ਮੁਕਾਬਲਿਆਂ ਵਿੱਚ ਚੰਗੇ ਅੰਕ ਲੈ ਕੇ ਸਫਲ ਹੋਣਾ ਜਾਂ ਫਿਰ ਉੱਚੇ ਅਹੁਦਿਆਂ ਨੂੰ ਹਾਸਲ ਕਰਨਾ ਹੁੰਦਾ ਹੈ, ਅਸਲ ਵਿੱਚ ਸਿੱਖਿਆ ਦਾ ਸਹੀ ਮਕਸਦ ਤਾਂ ਚੰਗਾ ਇਨਸਾਨ ਬਣਨਾ ਹੁੰਦਾ ਹੈ, ਉਸ ਅੰਦਰ ਸਦਾਚਾਰਕ ਕਦਰਾਂ ਕੀਮਤਾਂ ਅਤੇ ਹੋਰ ਚੰਗੇ ਗੁਣਾਂ ਦਾ ਵਿਕਾਸ ਕਰਨਾ ਹੁੰਦਾ ਹੈ। ਅਜੋਕੇ ਸਮੇਂ ਵਿੱਚ ਬੱਚਿਆਂ ਵਿੱਚ ਕਿਤਾਬੀ ਗਿਆਨ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਦੀ ਲੋੜ ਜ਼ਿਆਦਾ ਹੈ ਕਿਉਂਕਿ ਅੱਜ ਕੱਲ੍ਹ ਭੱਜ ਦੌੜ ਦੇ ਜ਼ਮਾਨੇ ਵਿੱਚ ਹਰ ਕੋਈ ਤਣਾਅ ਵਿੱਚ ਆ ਕੇ ਅਸ਼ਾਂਤੀ ,ਹਿੰਸਾ, ਨਫ਼ਰਤ ਅਤੇ ਜਾਤੀਵਾਦ ਵਰਗੀਆਂ ਖ਼ਤਰਨਾਕ ਸਮੱਸਿਆਵਾਂ ਦਾ ਸ਼ਿਕਾਰ ਹੋ ਰਿਹਾ ਹੈ। ਨੈਤਿਕ ਕਦਰਾਂ ਕੀਮਤਾਂ ਨਾਲ ਹੀ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
ਸਦਾਚਾਰਕ ਕਦਰਾਂ ਕੀਮਤਾਂ ਦਾ ਧਾਰਨੀ ਮਨੁੱਖ ਹੀ ਸਫ਼ਲਤਾ ਦੀ ਪੌੜੀਆਂ ਚੜ੍ਹ ਸਕਦਾ ਹੈ।ਨੈਤਿਕਤਾ ਚੰਗੀ ਜੀਵਨ ਜਾਚ ਲਈ ਅਜਿਹੇ ਨਿਯਮਾਂ ਦਾ ਸਮੂਹ ਹੈ, ਜੋ ਮਨੁੱਖ ਦੀ ਸੋਚ, ਕੰਮ ਅਤੇ ਚੰਗੇ ਜਾਂ ਮਾੜੇ ਦੇ ਅੰਤਰ ਦਾ ਗਿਆਨ ਕਰਵਾਉਂਦੀ ਹੈ। ਜੇ ਦੇਖਿਆ ਅਤੇ ਵਿਚਾਰਿਆ ਜਾਏ ਤਾਂ ਬੱਚਾ ਜੋ ਸਕੂਲਾਂ ਕਾਲਜਾਂ ਵਿੱਚ ਜਾ ਕੇ ਕਿਤਾਬੀ ਗਿਆਨ ਪ੍ਰਾਪਤ ਕਰਦਾ ਹੈ ਉਸ ਤੋਂ ਕਿਤੇ ਵੱਧ ਉਹ ਆਪਣੇ ਆਲੇ ਦੁਆਲੇ ਤੋਂ, ਆਪਣੇ ਪਰਿਵਾਰ ਤੋਂ, ਸਮਾਜ ਵਿੱਚ ਵਿਚਰਦਿਆਂ ਜਾਂ ਫਿਰ ਸਕੂਲ ਵਿੱਚ ਅਧਿਆਪਕਾਂ ਅਤੇ ਆਪਣੇ ਸਾਥੀਆਂ ਤੋਂ ਗ੍ਰਹਿਣ ਕਰਦਾ ਹੈ।
ਬੱਚਿਆਂ ਨੂੰ ਜਿਹੋ ਜਿਹਾ ਮਾਹੌਲ ਮਿਲਦਾ ਹੈ, ਬੱਚਾ ਵੱਡਾ ਹੋ ਕੇ ਉਹੋ ਜਿਹਾ ਹੀ ਇਨਸਾਨ ਬਣਦਾ ਹੈ। ਨੈਤਿਕ ਕਦਰਾਂ–ਕੀਮਤਾਂ ਵਾਲੇ ਇਨਸਾਨ ਚੰਗੇ ਗੁਣਾਂ ਅਤੇ ਚੰਗੀਆਂ ਆਦਤਾਂ ਦੇ ਧਾਰਨੀ ਹੁੰਦੇ ਹਨ, ਉਹ ਨਾਪ ਤੋਲ ਕੇ ਬੋਲਣ ਵਾਲੇ ਹੁੰਦੇ ਹਨ। ਇਨ੍ਹਾਂ ਗੱਲਾਂ ਨੂੰ ਗ੍ਰਹਿਣ ਕਰਨ ਲਈ ਉਮਰ ਦੀ ਕੋਈ ਸੀਮਾ ਨਹੀਂ। ਜਿਵੇਂ ਜਿਵੇਂ ਮਨੁੱਖ ਉਮਰ ਦੇ ਪੈਂਡੇ ਤਹਿ ਕਰਦਾ ਜਾਂਦਾ ਹੈ ਤਿਵੇਂ ਤਿਵੇਂ ਨਵੇਂ ਨਵੇਂ ਤਜਰਬਿਆਂ ਵਿੱਚੋਂ ਕੁਝ ਨਵਾਂ ਗ੍ਰਹਿਣ ਕਰਦਾ ਤੁਰਿਆ ਜਾਂਦਾ ਹੈ।
ਨੈਤਿਕ ਕਦਰਾਂ ਕੀਮਤਾਂ ਕਿਸੇ ਵੀ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀਆਂ ਹਨ।ਪਰ ਸਾਡੇ ਅਜੋਕੇ ਸਮਾਜ ਵਿੱਚ ਸਮਾਜਿਕ ਅਸੰਤੁਲਨ ਵਧ ਰਿਹਾ ਹੈ, ਮਾੜੀਆਂ ਘਟਨਾਵਾਂ ਜਿਵੇਂ ਕਤਲ, ਲੁੱਟ ਖੋਹ ਦੀਆਂ ਵਾਰਦਾਤਾਂ, ਚੋਰੀਆਂ ਠੱਗੀਆਂ ਆਦਿ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਬੱਚਿਆਂ ਅਤੇ ਨੌਜਵਾਨਾਂ ਵਿੱਚ ਨੈਤਿਕ ਕਦਰਾਂ ਕੀਮਤਾਂ ਵਿੱਚ ਗਿਰਾਵਟ ਆ ਰਹੀ ਹੈ, ਪਰ ਇਸ ਦਾ ਸਾਰਾ ਦੋਸ਼ ਅਜੋਕੀ ਨਵੀਂ ਪੀੜ੍ਹੀ ਨੂੰ ਦੇਣ ਤੋਂ ਪਹਿਲਾਂ ਸੋਚਣਾ ਪਵੇਗਾ ਕਿ ਅਸੀਂ ਜੋ ਬੀਜਿਆ ਸੀ, ਉਹੀ ਵੱਢ ਰਹੇ ਹਾਂ।
ਕਿਤੇ ਨਾ ਕਿਤੇ ਮਾਪੇ, ਅਧਿਆਪਕ ਤੇ ਸਮਾਜ ਵੀ ਇਸ ਲਈ ਜ਼ਿੰਮੇਵਾਰ ਹੈ। ਇਸ ਲਈ ਨੈਤਿਕਤਾ ਆਪਣੇ ਘਰਾਂ ਤੋਂ ਸ਼ੁਰੂ ਕਰਨੀ ਪਵੇਗੀ, ਸਮਾਜ ਨੂੰ ਬਦਲਣ ਤੋਂ ਪਹਿਲਾਂ ਆਪਣੇ ਆਪ ਨੂੰ ਬਦਲਣਾ ਪਵੇਗਾ। ਨੈਤਿਕ ਅਤੇ ਸਦਾਚਾਰਕ ਕਦਰਾਂ ਕੀਮਤਾਂ ਦੇ ਨਿਯਮਾਂ ਨੂੰ ਹਰ ਮਨੁੱਖ ਨੂੰ ਜੀਵਨ ਦਾ ਹਿੱਸਾ ਬਣਾਉਣਾ ਪੈਣਾ ਹੈ ਤਾਂ ਜੋ ਅਸੀਂ ਫਿਰ ਤੋਂ ਇੱਕ ਨਰੋਏ ਸਮਾਜ ਦੀ ਸਿਰਜਣਾ ਕਰ ਸਕੀਏ। ਇੱਕ ਚੰਗੇ ਸਮਾਜ ਦੀ ਸਿਰਜਣਾ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly