ਏਹੁ ਹਮਾਰਾ ਜੀਵਣਾ ਹੈ -121

(ਸਮਾਜ ਵੀਕਲੀ)

ਸਾਰੇ ਪਾਸੇ ਕਰਫ਼ਿਊ ਲੱਗਿਆ ਹੋਇਆ ਸੀ,ਸਾਰੀ ਦੁਨੀਆਂ ਇੱਕ ਨਾਮੁਰਾਦ ਜਿਹੇ ਸ਼ਬਦ ‘ਲਾਕਡਾਊਨ’ ਵਿੱਚ ਲੌਕ ਹੋ ਗਈ ਸੀ। ਲੱਗਦਾ ਸੀ ਜਿਵੇਂ ਚਿੜੀਆਂ ਵੀ ਚਹਿਕਣਾ ਭੁੱਲ ਗਈਆਂ ਸਨ, ਕਾਂ ਬਨੇਰਿਆਂ ਤੇ ਬੈਠਣ ਤੋਂ ਡਰਦੇ ਸਨ, ਪਰਿੰਦਿਆਂ ਨੇ ਪਰਵਾਜ਼ ਭਰਨੀ ਛੱਡ ਦਿੱਤੀ ਸੀ, ਪੂਰੀ ਦੁਨੀਆ ਵਿੱਚ ਮਸਾਣਾਂ ਵਰਗੀ ਚੁੱਪ ਛਾਈ ਹੋਈ ਸੀ। ਕਈ ਲੋਕਾਂ ਨੂੰ ਤਾਂ ਪਤਾ ਨਹੀਂ ਕਿੰਨੇ ਦਿਨ ਢਿੱਡ ਭਰੇ ਬਗੈਰ ਸੌਣਾ ਪਿਆ ਸੀ। ਟੀ ਵੀ ਵਿੱਚ ਵੀ ਮਰੇ ਲੋਕਾਂ ਦੇ ਅੰਕੜੇ ਇਸ ਤਰ੍ਹਾਂ ਸਾਹਮਣੇ ਆ ਰਹੇ ਸਨ ਜਿਵੇਂ ਸ਼ੇਅਰ ਬਜ਼ਾਰ ਦੇ ਭਾਅ ਚੜ੍ਹਦੇ ਉਤਰਦੇ ਆਉਂਦੇ ਹਨ।

ਸਾਰੀ ਦੁਨੀਆਂ ਸਹਿਮੀ ਹੋਈ ਸੀ। ਜ਼ਿੰਦਗੀ ਤੋਂ ਤਾਂ ਭਰੋਸਾ ਜਿਹਾ ਉੱਠ ਗਿਆ ਸੀ ਕਿ ਪਤਾ ਨਹੀਂ ਹੁਣ ਜਿਊਣਾ ਹੈ ਜਾਂ ਮਰਨਾ। ਕਿਤੇ ਔਲਾਦ ਨੇ ਮਾਂ ਜਾਂ ਪਿਓ ਦੀ ਲਾਸ਼ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿਤੇ ਭਰਾਵਾਂ ਨੇ ਭਰਾਵਾਂ ਨਾਲ ਇੰਝ ਕੀਤਾ ਸੀ। ਮੁਰਦਾਘਰਾਂ ਵਿੱਚ ਸਸਕਾਰ ਲਈ ਲਾਈਨਾਂ ਵਿੱਚ ਲੱਗ ਕੇ ਲਾਸ਼ਾਂ ਨੂੰ ਆਪਣੇ ਹੀ ਸਸਕਾਰ ਕਰਵਾਉਣ ਦਾ ਇੰਤਜ਼ਾਰ ਕਰਨਾ ਪਿਆ ਸੀ। ਇਹ ਹਾਲਾਤ ਪਹਿਲੇ ਲਾਕਡਾਊਨ ਸੰਨ ਦੋ ਹਜ਼ਾਰ ਵੀਹ ਦੇ ਵੇਲੇ ਸਨ।

ਫਿਰ ਜਦ ਦੂਜਾ ਲਾਕਡਾਊਨ ਸੰਨ ਦੋ ਹਜ਼ਾਰ ਇੱਕੀ ਵਿੱਚ ਲੱਗਿਆ ਤਾਂ ਲੋਕਾਂ ਦਾ ਡਰ ਤੇ ਸਹਿਮ ਥੋੜ੍ਹਾ ਜਿਹਾ ਉਤਰ ਗਿਆ ਸੀ, ਲੋਕਾਂ ਨੂੰ ਉਸ ਨਵੀਂ ਬਿਮਾਰੀ ਨਾਲ ਲੜਨ ਦੀ ਮਾੜੀ ਮੋਟੀ ਜਾਚ ਆ ਗਈ ਸੀ। ਸਾਡੇ ਮੁਹੱਲੇ ਵੀ ਲੋਕਾਂ ਨੂੰ ਕਰੋਨਾ ਦੀ ਬੀਮਾਰੀ ਨੇ ਆਣ ਘੇਰਾ ਪਾਇਆ।ਘਰ ਘਰ ਕਰੋਨਾ ਨਾਲ਼ ਲੋਕ ਬਿਮਾਰ ਹੋਣ ਲੱਗੇ। ਸ਼ਾਮ ਨੂੰ ਚਾਰ ਕੁ ਵਜੇ ਮੈਨੂੰ ਸਾਡੇ ਗੁਆਂਢ ਵਿੱਚੋਂ ਫੋਨ ਆਇਆ, “ਧਿਆਨ ਰੱਖਿਓ, ਸਾਡੇ ਗੁਆਂਢੀਆਂ ਦੀ ਮਾਂ ਨੂੰ ਕਰੋਨਾ ਹੋਇਆ ਹੋਇਆ,ਬਚ ਕੇ ਰਹਿਓ ਉਹਨਾਂ ਤੋਂ…….।”

ਮੈਂ ਬੈਠੀ ਚਾਹ ਪੀ ਰਹੀ ਸੀ,ਅਗਲੀ ਘੁੱਟ ਸੰਘੀ ਤੋਂ ਥੱਲੇ ਨਾ ਉਤਰੇ ਕਿਉਂ ਕਿ ਇੱਕ ਦਿਨ ਪਹਿਲਾਂ ਹੀ ਤਾਂ ਉਹਨਾਂ ਦੀ ਬਹੂ ਤੇ ਮੈਂ ਸਾਡੇ ਗੁਆਂਢ ਵਿੱਚ ਕੀਰਤਨ ਮੌਕੇ ਘੰਟਾ ਇਕੱਠੀਆਂ ਬੈਠੀਆਂ ਰਹੀਆਂ ਸਾਂ। ਮੈਂ ਆਪਣੇ ਪਤੀ ਨੂੰ ਦੱਸਿਆ, ਅਗਾਂਹ ਉਹਨਾਂ ਨੇ ਹੋਰ ਪੰਜਵੇਂ ਗੁਆਂਢੀ ਨਾਲ ਮੁਹੱਲੇ ਵਿਚ ਕਰੋਨਾ ਦੇ ਕੇਸ ਹੋਣ ਦੀ ਗੱਲ ਕੀਤੀ। ਉਹ ਆਖਣ ਲੱਗਾ,” ਹਾਂ ਮੈਨੂੰ ਪਤਾ ਹੈ, ਅਸੀਂ ਉਹਨਾਂ ਨੂੰ ਨਿੰਮ ਦੇ ਪੱਤੇ ਲਿਆ ਕੇ ਦਿੱਤੇ ਹਨ … ਉਹਨਾਂ ਦੇ ਵੀ ਸਾਰੇ ਟੱਬਰ ਨੂੰ ਕਰੋਨਾ ਹੋਇਆ ਹੋਇਆ ਹੈ।”

ਇਹ ਉਹਨਾਂ ਦੀ ਗੱਲ ਦੱਸ ਰਹੇ ਸਨ ਜਿਹਨਾਂ ਨੇ ਮੈਨੂੰ ਫੋਨ ਕਰਕੇ ਸੁਚੇਤ ਕੀਤਾ ਸੀ। ਮੈਨੂੰ ਸੁਣ ਕੇ ਬੜੀ ਹੈਰਾਨੀ ਹੋਈ ਕਿ ਉਸ ਨੇ ਆਪਣੇ ਗੁਆਂਢੀਆਂ ਦੀ ਮਾਂ ਬਾਰੇ ਤਾਂ ਦੱਸ ਦਿੱਤਾ ਤੇ ਆਪਣੇ ਬਾਰੇ ਦੱਸਿਆ ਈ ਨੀ। ਮੈਂ ਉਸ ਨੂੰ ਫ਼ੋਨ ਲਾ ਕੇ ਪੁੱਛਿਆ ਤਾਂ ਆਖਣ ਲੱਗੀ ਨਹੀਂ ਸਾਨੂੰ ਤਾਂ ਸੀਜ਼ਨ ਦਾ ਬੁਖਾਰ ਤੇ ਖੰਘ ਹੈ। ਜਦ ਕਿ ਉਹਨਾਂ ਨੂੰ ਸਰਕਾਰੀ ਐਂਬੂਲੈਂਸ ਕਰੋਨਾ ਕਿੱਟਾਂ ਵੀ ਦੇ ਕੇ ਗਈ। ਗਲ਼ੀ ਵਿੱਚ ਕਰੋਨਾ ਨਾਲ਼ ਇੱਕ ਦੋ ਮੌਤਾਂ ਹੋਣ ਨਾਲ ਹੋਰ ਸਹਿਮ ਪੈਦਾ ਹੋ ਗਿਆ ਸੀ।

ਪੰਦਰਾਂ ਕੁ ਦਿਨ ਬਾਅਦ ਮੈਨੂੰ ਵੀ ਬੁਖਾਰ ਹੋ ਗਿਆ,ਹਲਕੀ ਹਲਕੀ ਖੰਘ ਵੀ ਹੋ ਗਈ। ਮੈਂ ਡਾਕਟਰ ਤੋਂ ਦੂਜੀ ਵਾਰੀ ਦਵਾਈ ਲੈਣ ਚੱਲੀ ਤਾਂ ਮੈਨੂੰ ਰਸਤੇ ਵਿੱਚ ਉਹੀ ਟੱਕਰ ਗਈ , ਮੈਂ ਉਸ ਨੂੰ ਸਹਿਜੇ ਹੀ ਆਖ ਦਿੱਤਾ,” ਮੈਨੂੰ ਵੀ ਥੋੜੀ ਜਿਹੀ ਬਿਮਾਰੀ ਦੀ ਸ਼ਿਕਾਇਤ ਲੱਗਦੀ ਹੈ ਪਰ ਡਾਕਟਰ ਨੇ ਟੈਸਟ ਕਰ ਲਿਆ,ਉਹ ਤਾਂ ਹਜੇ ਹੈ ਨੀ … ਮੈਂ ਤਾਂ ਆਪਣੇ ਹਸਬੈਂਡ ਨੂੰ ਵੀ ਕਿਹਾ ਕਿ ਤੁਸੀਂ ਵੀ ਕਫ ਸੀਰਪ ਪੀ ਜਾਓ ਤਾਂ ਕਿ ਬਚਾਅ ਰਹੇ।”

ਐਨਾ ਕਹਿਕੇ ਮੈਂ ਚਲੀ ਗਈ। ਸਾਡੇ ਆਂਢ ਗੁਆਂਢ ਲੋਕਾਂ ਦੀ ਸਾਡੇ ਵੱਲ ਨੂੰ ਤੱਕਣੀ ਈ ਬਦਲ ਗਈ। ਸਾਡੇ ਘਰ ਦੇ ਮੂਹਰੋਂ ਜੋ ਵੀ ਲੰਘੇ ਉਹ ਆਪਣਾ ਮੂੰਹ ਸਿਰ ਲਪੇਟ ਕੇ ਸਾਡੇ ਗੇਟ ਤੋਂ ਦੂਰ ਹੋ ਕੇ ਲੰਘੇ। ਮੈਂ ਆਪਣੀ ਰੁਟੀਨ ਮੁਤਾਬਕ ਅਗਲੀ ਸਵੇਰ ਸੈਰ ਕਰਨ ਛੱਤ ਉੱਪਰ ਚੜ੍ਹੀ ਤਾਂ ਸਾਡੇ ਤੋਂ ਚੌਥੇ ਕੁ ਘਰ ਦਾ ਬੰਦਾ ਕੋਠੇ ਤੇ ਪੌਦਿਆਂ ਨੂੰ ਪਾਣੀ ਪਾਉਂਦਾ ਸੀ ,ਉਹ ਮੈਨੂੰ ਦੇਖਦੇ ਸਾਰ ਫਟਾਫਟ ਥੱਲੇ ਉਤਰ ਗਿਆ। ਮੈਨੂੰ ਬੜੀ ਹੈਰਾਨੀ ਹੋਈ।

ਲੰਘਦਾ ਕਰਦਾ ਸਾਡੇ ਮੁਹੱਲੇ ਦਾ ਪ੍ਰਧਾਨ ਮੇਰੇ ਹਸਬੈਂਡ ਨੂੰ ਪੁੱਛੇ,” ਹੋਰ ਭਾਈ ਸਾਹਿਬ,”ਸਭ ਠੀਕ ਠਾਕ ਹੈ?” ਇਹਨਾਂ ਨੇ‌ ਆਖ ਦੇਣਾ “ਸਾਨੂੰ ਕੀ ਹੋਇਆ….ਆਹ ਤੇਰੇ ਸਾਹਮਣੇ ਚੰਗਾ ਭਲਾ ਤਾਂ ਖੜ੍ਹਾਂ।” ਪੰਦਰਾਂ ਕੁ ਦਿਨ ਸਾਡੇ ਨਾਲ ਲੋਕਾਂ ਦਾ ਵਿਵਹਾਰ ਕਿਸੇ ਛੇਕੇ ਹੋਏ ਇਨਸਾਨ ਵਾਂਗਰ ਰਿਹਾ।ਆਖ਼ਰ ਪੰਦਰਾਂ ਕੁ ਦਿਨ ਬਾਅਦ ਉਹਨਾਂ ਦੀ ਦਿਮਾਗ ਦੀ ਉਪਜ ਅਨੁਸਾਰ ਅਸੀਂ ਕਰੋਨਾ ਮੁਕਤ ਹੋ ਗਏ ਸੀ। ਪਤਾ ਲੱਗਿਆ ਕਿ ਇਸ ਅਫ਼ਵਾਹ ਰਾਹੀਂ ਉਸ ਔਰਤ ਨੇ ਹੀ ਸਾਰੇ ਮੁਹੱਲੇ ਦੇ ਲੋਕਾਂ ਨੂੰ ਫ਼ੋਨ ਕਰਕੇ ਸਾਡੇ ਪ੍ਰਤੀ ਕਰੋਨਾ ਦੇ ਮਰੀਜ਼ ਹੋਣ ਬਾਰੇ ਸੁਚੇਤ ਕੀਤਾ ਸੀ ਜਿਸ ਨੇ ਪਹਿਲਾਂ ਫੋਨ ਕਰਕੇ ਹੋਰਾਂ ਬਾਰੇ ਸਾਨੂੰ ਆਗਾਹ ਕੀਤਾ ਸੀ।

ਇਸ ਗੱਲ ਨੇ ਮੇਰੇ ਦਿਮਾਗ ਉੱਤੇ ਲੋਕਾਂ ਦੀ ਦੂਜਿਆਂ ਪ੍ਰਤੀ ਘਟੀਆ ਸੋਚ ਨੇ ਗਹਿਰਾ ਪ੍ਰਭਾਵ ਪਾਇਆ।ਜੋ ਮੈਂ ਲੋਕਾਂ ਦੀਆਂ ਮਰ ਚੁੱਕੀਆਂ ਜਮੀਰਾਂ ਦੀਆਂ ਖਬਰਾਂ ਬਾਰੇ ਅਖਬਾਰਾਂ ਜਾਂ ਟੀ ਵੀ ਤੇ ਪੜ੍ਹਦੀ ਦੇਖਦੀ ਸੀ , ਉਹੀ ਮੈਂ ਅੱਖੀਂ ਦੇਖਿਆ ਤੇ ਆਪਣੇ ਹੱਡੀਂ ਹੰਢਾਇਆ ਸੀ। ਇਸ ਦੌਰਾਨ ਮੈਂ ਮਹਿਸੂਸ ਕੀਤਾ ਕਿ ਐਨੇ ਸਾਰੇ ਲੋਕਾਂ ਦਾ ਭੈੜਾ ਰਵਈਆ ਹੀ ਮਨੁੱਖ ਦਾ ਮਨੋਬਲ ਐਨਾ ਗਿਰਾ ਦਿੰਦਾ ਹੈ ਕਿ ਉਹ ਹਿੰਮਤ ਹਾਰ ਕੇ ਬਿਨਾਂ ਬੀਮਾਰੀ ਤੋਂ ਵੀ ਬੀਮਾਰ ਹੋ ਜਾਂਦਾ ਹੈ। ਇਨਸਾਨੀਅਤ ਇਸੇ ਵਿੱਚ ਹੈ ਕਿ ਜੇ ਕਿਸੇ ਨੂੰ ਕੋਲ਼ ਜਾ ਕੇ ਸੰਭਾਲ ਨਹੀਂ ਸਕਦੇ ,ਕਮ ਸੇ ਕਮ ਉਸ ਨੂੰ ਫ਼ੋਨ ਉੱਤੇ ਦੋ ਮਿੱਠੇ ਬੋਲ ਬੋਲ ਕੇ ਹੌਂਸਲਾ ਹੀ ਦੇ ਦਿਓ ਕਿਉਂਕਿ ਕਿਸੇ ਨੂੰ ਵੀ ਜੀਵਨ ਜਿਊਣ ਲਈ ਉਤਸ਼ਾਹਤ ਕਰਕੇ ਉਸ ਅੰਦਰ ਸਾਕਾਰਾਤਮਕ ਸੋਚ ਪੈਦਾ ਕਰਕੇ ਇੱਕ ਨਵਾਂ ਜੀਵਨ ਦੇਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰਕੇ ਮਿਹਰ ਇਸ ਦਾ ਮਨ ਸ਼ਾਂਤ ਕਰ ਦੇ
Next articleਸ਼ਰਾਬ ਦਾ ਪਿਆਕੜ