ਏਹੁ ਹਮਾਰਾ ਜੀਵਣਾ ਹੈ- 106

(ਸਮਾਜ ਵੀਕਲੀ)

ਅੱਜ ਕੱਲ੍ਹ ਹਰ ਜਗ੍ਹਾ ,ਹਰ ਤਰ੍ਹਾਂ ਦੇ ਇਕੱਠਾਂ ਵਿੱਚ,ਘਰਾਂ ਵਿੱਚ, ਰਸਤਿਆਂ ਵਿੱਚ, ਹਰ ਖੁਸ਼ੀ ਵਿੱਚ,ਗਮੀ ਵਿੱਚ, ਇਕੱਲੇ ਬੈਠੇ, ਪਰਿਵਾਰ ਵਿੱਚ ਬੈਠੇ, ਦੋਸਤਾਂ ਵਿੱਚ ਬੈਠੇ, ਸਮਾਗਮਾਂ ਵਿੱਚ ਬਹੁਤੇ ਲੋਕ ਸੋਸ਼ਲ ਮੀਡੀਆ ‘ਤੇ ਰੁੱਝੇ ਹੀ ਦਿਖਾਈ ਦਿੰਦੇ ਹਨ। ਇਕੱਲੇ ਪੜ੍ਹੇ ਲਿਖੇ ਲੋਕ ਹੀ ਨਹੀਂ ਸਗੋਂ ਅਨਪੜ੍ਹ ਲੋਕ ਵੀ ਆਪਣੇ ਆਪਣੇ ਢੰਗ ਨਾਲ ਇਸ ਦੀ ਖੂਬ ਵਰਤੋਂ ਕਰਦੇ ਹਨ। ਸੋਸ਼ਲ ਮੀਡੀਆ ਸਮਾਜ ਵਿੱਚ ਵਿਚਰਨ ਵਾਲੇ ਲੋਕਾਂ ਨੂੰ ਲੁਭਾਉਣ ਦਾ, ਇੱਕ ਦੂਜੇ ਦਾ ਹਾਲ ਚਾਲ ਪੁੱਛਣ ਦਾ, ਇੱਕ ਦੂਜੇ ਨਾਲ ਗੱਲਬਾਤ, ਅਤੇ ਸੰਪਰਕ ਕਰਨ ਦਾ ਬਹੁਤ ਵਧੀਆ ਜ਼ਰੀਆ ਹੈ। ਇਸ ਲਈ ਸਮਾਜਿਕ ਸੰਚਾਰ ਕਰਨ ਵਿੱਚ ਸੋਸ਼ਲ ਮੀਡੀਆ ਇੱਕ ਸਹਾਇਕ ਮਾਧਿਅਮ ਹੈ।

ਇਸ ਨਾਲ ਲੋਕ ਆਪਸ ਵਿੱਚ ਵਿਚਾਰ ਆਦਾਨ ਪ੍ਰਦਾਨ ਅਸਾਨੀ ਨਾਲ ਕਰ ਲੈਂਦੇ ਹਨ। ਖਾਸ ਕਰਕੇ ਵਿਦੇਸ਼ ਬੈਠੇ ਆਪਣਿਆਂ ਨਾਲ ਸੰਪਰਕ ਵਿੱਚ ਰਹਿ ਸਕਣ ਦਾ ਇੱਕ ਉੱਤਮ ਜ਼ਰੀਆ ਹੈ।ਇਸ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਇਸ ਨਾਲ ਆਪਣਿਆਂ ਦੀ ਦੂਰੀ ਦਾ ਅਹਿਸਾਸ ਖ਼ਤਮ ਹੋ ਜਾਂਦਾ ਹੈ। ਇਸ ਰਾਹੀਂ ਕੋਈ ਵੀ ਜਾਣਕਾਰੀ ਸਾਂਝੀ ਕਰਨ ਲਈ ਕਿਸੇ ਨਾਲ ਵੀ ਆਸਾਨੀ ਨਾਲ ਸੰਪਰਕ ਸਾਧਿਆ ਜਾ ਸਕਦਾ ਹੈ। ਇਸ ਨੇ ਜਿੱਥੇ ਰਿਸ਼ਤਿਆਂ ਵਿਚਲੀਆਂ ਦੂਰੀਆਂ ਨੂੰ ਮਿਟਾਇਆ ਹੈ ਉੱਥੇ ਚਾਰ ਦੀਵਾਰੀ ਅੰਦਰ ਦੀਆਂ ਦੂਰੀਆਂ ਨੂੰ ਵਧਾ ਦਿੱਤਾ ਹੈ। ਇੱਕ ਪਰਿਵਾਰ ਦੇ ਜੀਅ ਸੋਸ਼ਲ ਮੀਡੀਆ ਕਾਰਨ ਇੱਕ ਛੱਤ ਹੇਠ ਇਕੱਠੇ ਰਹਿ ਕੇ ਵੀ ਇਕੱਠੇ ਨਹੀਂ ਹੁੰਦੇ,ਹਰ ਕੋਈ ਆਪਣੇ ਆਪਣੇ ਫੋਨ ਤੇ ਆਪਣੇ ਦੋਸਤਾਂ, ਮਿੱਤਰਾਂ ਨਾਲ ਜਾਂ ਤਾਂ ਗੱਲ ਕਰਨ ਵਿੱਚ ਰੁੱਝਿਆ ਦਿਖਦਾ ਹੈ ਜਾਂ ਮੈਸੇਜ ਕਰਦਾ ਦਿਖਾਈ ਦਿੰਦਾ ਹੈ।

ਇਸ ਤੋਂ ਇਲਾਵਾ ਵੀ ਇਸ ਦੇ ਸਾਡੇ ਰੋਜ਼ਾਨਾ ਜੀਵਨ ਵਿੱਚ ਬਹੁਤ ਸਾਰੇ ਨੁਕਸਾਨ ਹਨ ਜੋ ਅੱਜ ਦਾ ਸਮਾਜਿਕ ਪ੍ਰਾਣੀ ਭੁਗਤ ਰਿਹਾ ਹੈ।ਪਹਿਲਾਂ ਪਹਿਲ ਕਈ ਮੈਸੇਜ ਭੇਜਣ ਵਾਲੇ ਅੰਧਵਿਸ਼ਵਾਸ ਫੈਲਾਉਂਦੇ ਸਨ ਕਿ ਇਹ ਧਾਰਮਿਕ ਫੋਟੋ, ਸ਼ਬਦ ਐਨੇ ਲੋਕਾਂ ਨੂੰ ਅੱਗੇ ਭੇਜੋ , ਕੱਲ੍ਹ ਤੱਕ ਕੋਈ ਚੰਗੀ ਖ਼ਬਰ ਮਿਲੇਗੀ ਜਾਂ ਦੇ ਨਹੀਂ ਭੇਜਿਆ ਤਾਂ ਨੁਕਸਾਨ ਹੋ ਜਾਵੇਗਾ ,ਤੁਹਾਡਾ ਬੁਰਾ ਹੋ ਜਾਵੇਗਾ ਜਾਂ ਇਮਤਿਹਾਨਾਂ ਵਿੱਚ ਫੇਲ੍ਹ ਹੋ ਜਾਵੋਗੇ, ਕਾਰੋਬਾਰ ਫੇਲ੍ਹ ਹੋ ਜਾਵੇਗਾ।ਪਰ ਅੱਜ ਕੱਲ੍ਹ ਲੋਕ ਸਮਝਦਾਰ ਹੋ ਗਏ ਹਨ,ਉਹ ਇਹੋ ਜਿਹੇ ਮੈਸੇਜ ਨੂੰ ਖੋਲ੍ਹਣ ਤੋਂ ਪਹਿਲਾਂ ਹੀ ਡਿਲੀਟ ਕਰ ਦਿੰਦੇ ਹਨ। ਲੋਕਾਂ ਦਾ ਕਿਤੇ ਜਾਣ ਲੱਗੇ ਜਾਂ ਪਹੁੰਚ ਕੇ ਆਪਣੀ ਲਾਈਵ ਲੋਕੇਸ਼ਨ ਪਾ ਕੇ ਦੱਸਣਾ ਕਈਆਂ ਲਈ ਬਹੁਤ ਮਹਿੰਗਾ ਵੀ ਪਿਆ। ਮਗਰੋਂ ਚੋਰਾਂ ਨੇ ਘਰ ਸਫ਼ਾਇਆ ਕਰ ਦਿੱਤਾ।

ਬਹੁਤੇ ਲੋਕ ਲਾਈਕ ਜ਼ਿਆਦਾ ਨਾ ਮਿਲਣ ਕਾਰਨ ਡਿਪਰੈਸ਼ਨ ਵਿੱਚ ਚਲੇ ਜਾਂਦੇ ਹਨ। ਸੋਸ਼ਲ ਮੀਡੀਆ ਤੇ ਸੈਲਫੀ ਖਿੱਚ ਕੇ ਪਾਉਣ ਦਾ ਬਹੁਤ ਰਿਵਾਜ ਹੈ।ਇਹ ਰੁਝਾਨ ਵੀ ਕਈਆਂ ਦੀ ਜ਼ਿੰਦਗੀ ਤੇ ਭਾਰੂ ਪੈ ਚੁੱਕਿਆ ਹੈ।ਹੁਣ ਤਕ ਇਕੱਲੇ ਭਾਰਤ ਵਿੱਚ ਹੀ ਸੌ ਦੇ ਕਰੀਬ ਲੋਕ ਸੈਲਫੀਆਂ ਲੈਂਦੇ ਮਰ ਚੁੱਕੇ ਹਨ। ਕੋਈ ਟਰੇਨ ਥੱਲੇ ਦਰੜਿਆ ਜਾਂਦਾ ਹੈ ਤੇ ਕੋਈ ਪਹਾੜਾਂ ਤੋਂ ਸਿੱਧਾ ਖੱਡ ਵਿੱਚ ਡਿੱਗ ਜਾਂਦਾ ਹੈ ,ਕੋਈ ਪੁਲ ਤੋਂ ਨਦੀ ਵਿੱਚ ਡਿੱਗ ਕੇ ਜਾਨ ਤੋਂ ਹੱਥ ਧੋ ਬੈਠਦੇ ਹਨ। ਅੱਜ ਕੱਲ੍ਹ ਛੋਟੀਆਂ ਛੋਟੀਆਂ ਫਿਲਮਾਂ ਬਣਾ ਕੇ “ਰੀਲ” ਬਣਾਉਣ ਦਾ ਰੁਝਾਨ ਵਧ ਗਿਆ ਹੈ।

ਵਡੇਰੀ ਉਮਰ ਦੇ ਬਜ਼ੁਰਗ ਬੱਚਿਆਂ ਵਾਲੀਆਂ ਹਰਕਤਾਂ ਕਰਦੇ,ਬੱਚੇ ਵੱਡਿਆਂ ਵਾਲੀਆਂ ਗੱਲਾਂ ਕਰਦੇ, ਕਿਤੇ ਵੀ ਨੱਚ ਨੱਚ ਕੇ ਵੀਡੀਓ ਬਣਾ ਕੇ ਪਾਉਣ ਦਾ ਰੁਝਾਨ ਵਧ ਤਾਂ ਰਿਹਾ ਹੈ ਪਰ ਇਹ ਸਾਡੇ ਸਭਿਆਚਾਰ ਨੂੰ ਬਹੁਤ ਵੱਡੀ ਢਾਅ ਲਾ ਰਿਹਾ।ਇਸ ਤਰ੍ਹਾਂ ਸ਼ਿਸ਼ਟਾਚਾਰ ਖਤਮ ਹੋ ਰਿਹਾ ਹੈ। ਬੇਸ਼ਰਮੀ ਵਧ ਰਹੀ ਹੈ।ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਦਾਚਾਰਕ ਕਦਰਾਂ ਕੀਮਤਾਂ ਤੋਂ ਵਾਂਝੇ ਰੱਖ ਕੇ ਭਿਆਨਕ ਮੋੜ ਵੱਲ ਧਕੇਲ ਰਹੀ ਹੈ। ਅੱਜ ਕੱਲ੍ਹ ਕਈ ਲੋਕਾਂ ਲਈ ਇਹ ਕਮਾਈ ਦਾ ਸਾਧਨ ਵੀ ਬਣ ਰਹੀ ਹੈ। ਜ਼ਿਆਦਾ ਫੌਲੋਅਰ ਹੋਣ ਨਾਲ ਕਈ ਲੋਕ ਇਸ ਨੂੰ ਕਮਾਈ ਦਾ ਇੱਕ ਸਾਧਨ ਜ਼ਰੂਰ ਬਣਾ ਰਹੇ ਹਨ ਪਰ ਇਸ ਨੂੰ ਇੱਕ ਸਾਰਥਕ ਅਤੇ ਯੋਗ ਸਾਧਨ ਨਹੀਂ ਮੰਨਿਆ ਜਾ ਸਕਦਾ।

ਕਿਉਂ ਕਿ ਇਸ ਨਾਲ ਯੁਵਾ ਪੀੜ੍ਹੀ ਦਾ ਧਿਆਨ ਸਹੀ ਸੇਧ ਤੋਂ ਭਟਕ ਕੇ ਕਮਾਈ ਕਰਨ ਦੇ ਅਸਾਨ ਤਰੀਕੇ ਲੱਭਣਾ ਠੀਕ ਨਹੀਂ ਹੈ। ਮੰਨਿਆ ਕਿ ਸੋਸ਼ਲ ਮੀਡੀਆ ਬਿਨਾਂ ਅੱਜ ਦੇ ਮਨੁੱਖ ਦੀ ਜ਼ਿੰਦਗੀ ਅਧੂਰੀ ਲੱਗਦੀ ਹੈ ਪਰ ਜੇ ਇਸ ਨੂੰ ਜ਼ਰੂਰਤ ਅਨੁਸਾਰ ਅਤੇ ਸਮੇਂ ਸੀਮਾ ਤਹਿਤ ਵਰਤਿਆ ਜਾਵੇ ਤਾਂ ਇਹ ਵਰਦਾਨ ਹੈ ਪਰ ਹੱਦ ਤੋਂ ਵੱਧ ਦੀ ਵਰਤੋਂ ਇੱਕ ਸ਼ਰਾਪ ਬਣ ਜਾਂਦੀ ਹੈ। ਇਸ ਤਰ੍ਹਾਂ ਸਾਨੂੰ ਇਸ ਗੱਲ ਵੱਲ ਧਿਆਨ ਦੇਣਾ ਜ਼ਰੂਰੀ ਹੈ ਕਿ ਜ਼ਮਾਨੇ ਦੇ ਨਾਲ਼ ਕਦਮ ਨਾਲ ਕਦਮ ਮਿਲਾ ਕੇ ਸਹੀ ਦਿਸ਼ਾ ਵੱਲ ਸੰਜਮਤਾ ਨਾਲ਼ ਵਧਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ ।

ਬਰਜਿੰਦਰ ਕੌਰ ਬਿਸਰਾਓ

9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ ਵਿਖੇ ਸਾਇੰਸ ਮੇਲਾ ਯਾਦਗਾਰ ਰਿਹਾ
Next articleਏਕਤਾ ਕਪੂਰ ਨੂੰ ਸੁਪਰੀਮ ਕੋਰਟ ਨੇ ਪਾਈ ਝਾੜ, ਅਸਲ ਮਸਲਾ ਅਸ਼ਲੀਲਤਾ ਐ!