(ਸਮਾਜ ਵੀਕਲੀ)
ਇੱਕ ਸਮਾਂ ਹੁੰਦਾ ਸੀ ਜਦੋਂ ਸਾਡੇ ਪੰਜਾਬ ਦੀ ਸਿਆਸੀ ਲੀਡਰਸ਼ਿਪ ਵੀ ਭੋਲ਼ੀ ਭਾਲੀ ਅਤੇ ਉਸ ਨਾਲ਼ ਜੁੜੇ ਲੋਕ ਵੀ ਭੋਲੇ ਭਾਲੇ ਹੁੰਦੇ ਸਨ।ਇੱਕ ਇੱਕ ਪਾਰਟੀ ਨਾਲ ਪੂਰਾ ਪੂਰਾ ਖਾਨਦਾਨ ਜੁੜਿਆ ਰਹਿੰਦਾ ਸੀ, ਰਗਾਂ ਵਿੱਚ ਪਾਰਟੀ ਲਈ ਵਫ਼ਾ ਦਾ ਖੂਨ ਦੌੜਦਾ ਹੁੰਦਾ ਸੀ। ਹਿੱਕ ਠੋਕ ਠੋਕ ਕੇ ਆਪਣੀ ਸਿਆਸੀ ਪਾਰਟੀ ਬਾਰੇ ਦੱਸਦੇ ਹੁੰਦੇ ਸਨ।ਪਰ ਅੱਜ ਜ਼ਮਾਨਾ ਬਦਲ ਗਿਆ ਹੈ। ਸਾਜ਼ਿਸ਼ਾਂ ਹੋ ਰਹੀਆਂ ਹਨ। ਸਾਡੇ ਪੰਜਾਬ ਦੀ ਇਹ ਹਾਲਤ ਹੋ ਗਈ ਹੈ ਕਿ ਜ਼ਿੰਦਗੀਆਂ ਮਹਿੰਗੀਆਂ ਹੋ ਗਈਆਂ ਹਨ ਤੇ ਮੌਤ ਸਸਤੀ ਹੋ ਗਈ ਹੈ।
ਅੱਜ ਸਿਆਸੀ ਪਾਰਟੀਆਂ ਲਾਸ਼ਾਂ ਤੇ ਸਿਆਸਤਾਂ ਕਰਦੀਆਂ ਹਨ। ਅੱਜ ਦੇ ਆਮ ਵਰਗ ਦੇ ਲੋਕਾਂ ਨੂੰ ਪੂਰਬ ਵੱਲ ਜਾਣ ਲੱਗਿਆਂ ਪੱਛਮ ਵੱਲ ਨੂੰ ਦੱਸ ਕੇ ਜਾਣਾ ਪੈਂਦਾ ਹੈ। ਇਸ ਸਭ ਵਿੱਚ ਕਸੂਰ ਵੀ ਆਮ ਵਰਗ ਦਾ ਹੀ ਹੈ। ਜਦ ਤੋਂ ਆਮ ਵਿਅਕਤੀ ਵਿਕਾਊ ਹੋ ਗਿਆ ਉਦੋਂ ਤੋਂ ਸਿਆਸਤ ਖ਼ਰੀਦਦਾਰ ਹੋ ਗਈ।ਅੱਜ ਦਾ ਸਿਆਸੀ ਲੀਡਰ ਜੇ ਤੁਹਾਡਾ ਲਾਹਾ ਚੁੱਕ ਕੇ ਤੁਹਾਨੂੰ ਠੁੱਡ ਮਾਰਦਾ ਹੈ ਤਾਂ ਤੁਸੀਂ ਵੀ ਪਾਰਟੀਆਂ ਦਾ ਖਹਿੜਾ ਛੱਡੋ।
ਹੁਣ ਵਕਤ ਸੁਚੇਤ ਹੋਣ ਦਾ ਆ ਗਿਆ ਹੈ। ਜਿਹੜੇ ਲੀਡਰ ਦੋ ਮਹੀਨਾ ਪਹਿਲਾਂ ਇੱਕ ਇਨਸਾਨ ਨੂੰ ਭੈੜੇ ਤੋਂ ਭੈੜੇ ਸ਼ਬਦਾਂ ਨਾਲ ਬਿਆਨਬਾਜ਼ੀ ਕਰਦੇ ਨਜ਼ਰ ਆਉਂਦੇ ਹਨ ਉਹੀ ਲੋਕ ਉਸੇ ਵਿਅਕਤੀ ਦੇ ਹਮਦਰਦੀ ਕਿਵੇਂ ਹੋ ਸਕਦੇ ਹਨ? ਪਰ ਸਾਡੇ ਸਿਆਸਤਦਾਨ ਭੁੱਲ ਜਾਂਦੇ ਹਨ ਕਿ ਹਾਇਟੈਕ ਜ਼ਮਾਨਾ ਹੈ, ਲੋਕਾਂ ਕੋਲ ਉਹਨਾਂ ਦੀ ਬਿਆਨਬਾਜ਼ੀਆਂ ਦੇ ਕਿੱਸੇ ਸਾਂਭੇ ਪਏ ਹਨ। ਮੰਨਿਆ ਕਿ ਉਹ ਉਹਨਾਂ ਦੀ ਸਿਆਸਤ ਦਾ ਹਿੱਸਾ ਹੋਵੇ ਪਰ ਆਮ ਜਨਤਾ ਬਹੁਤ ਭੋਲ਼ੀ ਹੈ।ਉਹ ਸਿਆਸੀ ਪਾਰਟੀਆਂ ਨੂੰ ਤਾਂ ਚੁਣਦੀ ਹੈ ਕਿ ਉਹਨਾਂ ਦਾ ਕੁਛ ਭਲਾ ਹੋ ਸਕੇ।ਪਿਛਲੇ ਦਿਨੀਂ ਬਹੁਤ ਦਿਲ ਕੰਬਾਊ ਖਬਰਾਂ ਨਾਲ ਹਿਰਦੇ ਵਲੂੰਧਰੇ ਗਏ।
ਪਰ ਕੀ ਕਤਲੋਗਾਰਦ ਦੀਆਂ ਘਟਨਾਵਾਂ ਸਿਰਫ਼ ਸਿਆਸਤ ਦਾ ਨੰਗਾ ਨਾਚ ਹੈ? ਨਵੀਂ ਸਰਕਾਰ ਨੂੰ ਵੀ ਬਹੁਤ ਸੋਚ ਸੋਚ ਕੇ ਹਰ ਫ਼ੈਸਲਾ ਕਰਨ ਦੀ ਲੋੜ ਹੈ। ਉਹ ਵੀ ਹਰ ਕਦਮ ਫ਼ੂਕ ਫੂਕ ਕੇ ਰੱਖੇ। ਉਸ ਕੋਲ ਫ਼ੈਸਲੇ ਲੈਣ ਲਈ ਪੰਜ ਸਾਲ ਦਾ ਵਕਤ ਹੈ।ਇਸ ਲਈ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਵਿਰੋਧੀ ਧਿਰਾਂ ਦੁਆਰਾ ਖੇਡੀਆਂ ਜਾਣ ਵਾਲੀਆਂ ਰਾਜਨੀਤੀਆਂ ਨੂੰ ਜ਼ਰੂਰ ਫਿਲਮਾ ਕੇ ਦੇਖ ਲਿਆ ਕਰਨ । ਨਵੀਂ ਸਰਕਾਰ ਨੂੰ ਸੰਜਮ ਅਤੇ ਠਰੰਮੇ ਤੋਂ ਕੰਮ ਲੈਣ ਦੀ ਲੋੜ ਹੈ। ਪਹਿਲਾਂ ਪਹਿਲ ਉਹ ਕੋਈ ਵੀ ਫੈਸਲੇ ਲੈਣ ਤੋਂ ਪਹਿਲਾਂ ਉਸ ਤੇ ਵਿਚਾਰਨ ਕਿ ਉਸ ਵਿੱਚੋਂ ਕਿਹੜੀ ਪ੍ਰਤੀਕਿਰਿਆ ਜਨਮ ਲੈ ਸਕਦੀ ਹੈ।
ਮੰਨਿਆ ਕਿ ਬਹੁਤ ਕੁਝ ਕਰਨ ਦਾ ਜਜ਼ਬਾ ਹੈ ,ਪਰ ਕੋਈ ਵੀ ਵੱਡੇ ਵੱਡੇ ਹੋਰ ਸਖ਼ਤ ਫ਼ੈਸਲੇ ਲੈਣ ਤੋਂ ਪਹਿਲਾਂ ਲੋਕ ਭਲਾਈ ਕੰਮਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਆਮ ਲੋਕਾਂ ਵਿੱਚ ਵਿਸ਼ਵਾਸ ਪੈਦਾ ਹੋ ਸਕੇ। ਕਈ ਵਾਰ ਬਹੁਤੀ ਜਲਦਬਾਜ਼ੀ ਵੀ ਕੜਾਹੀ ਚੋਂ ਨਿਕਲਦੀ ਗਰਮ ਗਰਮ ਜਲੇਬੀ ਮੂੰਹ ਵਿੱਚ ਰੱਖਣ ਦਾ ਕੰਮ ਕਰ ਜਾਂਦੀ ਹੈ।ਆਮ ਵਰਗ ਨੂੰ ਇੱਕ ਪਾਰਟੀ ਨਾਲ ਜੁੜੇ ਰਹਿਣ ਦੀ ਵਿਚਾਰਧਾਰਾ ਨੂੰ ਤਿਆਗ ਕੇ ਆਧੁਨਿਕਤਾ ਵਾਲੀ ਸੋਚ ਅਪਣਾਉਣੀ ਹੀ ਪੈਣੀ ਹੈ।
ਹੁਣ ਲੋੜ ਹੈ ਸੁਚੇਤ ਹੋਣ ਦੀ, ਕਿਉਂ ਕਿ ਚੁਰਾਸੀ ਵਰਗੇ ਦੌਰ ਦੇ ਸੰਕੇਤ ਪੈਦਾ ਕੀਤੇ ਜਾ ਰਹੇ ਹਨ। ਹੁਣ ਆਮ ਵਰਗ ਨੂੰ ਆਪਣੀ ਜਵਾਨੀ ਅਤੇ ਆਪਣਾ ਪੰਜਾਬ ਸੰਭਾਲਣ ਦੀ ਲੋੜ ਹੈ। ਆਪਣੀ ਅਤੇ ਆਪਣੇ ਸੂਬੇ ਦੀ ਤਰੱਕੀ ਲਈ ਸਰਕਾਰਾਂ ਦਾ ਸਾਥ ਦੇਣ ਦੀ ਲੋੜ ਹੁੰਦੀ ਹੈ ਚਾਹੇ ਉਹ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ।ਅੱਜ ਪੰਜਾਬ ਅਤੇ ਇਸ ਦੀ ਜਵਾਨੀ ਨੂੰ ਇੱਕ ਵਾਰ ਫਿਰ ਤੋਂ ਅੱਤਵਾਦ ਅਤੇ ਗੈਂਗਸਟਰਵਾਦ ਵੱਲ ਧਕੇਲਿਆ ਜਾ ਰਿਹਾ ਹੈ।
ਹੁਣ ਦੌਰ ਆ ਗਿਆ ਹੈ ਮਾਪਿਆਂ ਨੂੰ ਆਪਣੇ ਜਵਾਨ ਪੁੱਤਾਂ ਨਾਲ਼ ਤੁਰਨ ਦਾ, ਕਿਉਂ ਕਿ ਪਤਾ ਨਹੀਂ ਕੌਣ ਕਿਸ ਮੋੜ ਤੇ ਉਸ ਨੂੰ ਕੁਰਾਹੇ ਤੋਰਨ ਲਈ ਉਂਗਲੀ ਫ਼ੜਨ ਨੂੰ ਤਿਆਰ ਖੜਾ ਹੋਵੇ। ਪਹਿਲਾਂ ਹੀ ਨਸ਼ਿਆਂ ਵਿੱਚ ਡੁੱਬੀ ਜਵਾਨੀ ਬਰਬਾਦ ਹੋ ਗਈ ਹੈ। ਸੋ ਲੋਕੋ ਆਪਣੇ ਪੰਜਾਬ ਨੂੰ ਅਤੇ ਇਸ ਦੀ ਨੌਜਵਾਨੀ ਨੂੰ ਬਚਾਉਣ ਲਈ ਆਪਾਂ ਸਾਰੇ ਪੰਜਾਬੀਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਸਮੇਂ ਰਹਿੰਦੇ ਹੀ ਮੌਕਾ ਸੰਭਾਲਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly