ਕੁਰਸੀ:-
ਜਾਤਾਂ ਪਾਤਾਂ ਧਰਮਾਂ ਵਾਲਿਓ ਇੱਕ ਦੂਜੇ ਨਾਲ਼ ਲੜਦੇ ਹੋ।
ਜਿਹੜਾ ਥੋਨੂੰ ਠੱਗਦਾ ਓਸੇ ਦਾ ਈ ਪੱਲਾ ਫ਼ੜਦੇ ਹੋ।
ਯੋਗੀ ਭੋਗੀ ਮੌਜੀ ਤਿੰਨੇ ਥੋਡੇ ਸਿਰ ਤੇ ਪਲ਼ਦੇ ਨੇ।
ਜਨਤਾ ਤੋਂ ਕੀ ਲੈਣਾ ਨੇਤਾ ਕੁਰਸੀ ਖਾਤਰ ਲੜਦੇ ਨੇ।
ਵੋਟਰ:-
ਇੱਕ ਬੋਤਲ ਇੱਕ ਵੋਟਰ ਨੂੰ ਪੰਜ ਸੌ ਵਾਲ਼ਾ ਨੋਟ ਕੁੜੇ।
ਕਿਹਦਾ ਦਿਲ ਨੀ ਕਰਦਾ ਭੰਨਿਆ ਮਿਲ਼ ਜਾਵੇ ਅਖਰੋਟ ਕੁੜੇ।
ਦਾਅ ਲਾਣ ਲਈ ਹਰ ਵੇਲ਼ੇ ਜੋ ਮੌਕਾ ਤੱਕੀ ਜਾਂਦੇ ਨੇ।
ਜਿਹਦਾ ਜਿੱਥੇ ਦਾਅ ਲਗਦਾ ਰਲ਼ ਫੱਟੇ ਚੱਕੀ ਜਾਂਦੇ ਨੇ।
ਕੁਰਸੀ:-
ਰੇਤਾ ਬਜਰੀ ਖਾਵਣ ਵਾਲਿਆਂ ਸਭ ਕੁਝ ਹੀ ਡਕਾਰ ਲਿਆ।
ਗੁਰੂਘਰਾਂ ਦੀਆਂ ਗੋਲਕਾਂ ਉੱਤੇ ਵੀ ਇਨਾਂ ਹੱਥ ਮਾਰ ਲਿਆ।
ਖ਼ਬਰੇ ਫਾਈਲਾਂ ਅੰਦਰ ਚੰਦਰੇ ਕੀ ਕੁਝ ਘਪਲ਼ੇ ਕਰਦੇ ਨੇ
ਜਨਤਾ ਭੋਲੀ ਭਾਲੀ ਨੇਤਾ ਕੁਰਸੀ ਦੇ ਲਈ ਲੜਦੇ ਨੇ।
ਵੋਟਰ:-
ਪਿੰਡ ਸ਼ਹਿਰ ਘੜੰਮ ਚੌਧਰੀ ਸਾਨੂੰ ਆਣ ਲੜਾਉਂਦੇ ਨੇ।
ਜੇ ਨਾ ਵੋਟਾਂ ਪਾਈਏ ਉੱਤੇ ਝੂਠੇ ਪਰਚੇ ਪਾਉਂਦੇ ਨੇ।
ਭੇਡਾਂ ਵਾਲ਼ੇ ਵੱਗ ਨੂੰ ਰਲ਼ਕੇ ਗਧੇ ਈ ਹੱਕੀ ਜਾਂਦੇ ਨੇ।
ਕੁਰਸੀ ਵਾਲ਼ੇ ਰਲਮਿਲ਼ ਲੋਟੂ ਫੱਟੇ ਚੱਕੀ ਜਾਂਦੇ ਨੇ।
ਕੁਰਸੀ:-
ਕਰਜ਼ੇ ਦੇ ਵਿੱਚ ਡੋਬਣ ਵਾਲ਼ੇ ਇਹੀ ਜਿੰਮੇਵਾਰ ਤੇਰੇ।
ਫਾਹਾ ਲਾਕੇ ਮਰ ਜਾਨੇ ਤੂੰ ਰੁਲ਼ ਜਾਂਦੇ ਪਰਿਵਾਰ ਤੇਰੇ।
ਕਾਲ਼ੇ ਵਿਸ਼ਿਅਰ ਨਾਗ ਸਪੇਰੇ ਏਸੇ ਕੰਮ ਲਈ ਫ਼ੜਦੇ ਨੇ।
ਲੁੱਟਣ ਵਾਲ਼ੇ ਲੋਟੂ ਵੇ ਇਸ ਕੁਰਸੀ ਕਰਕੇ ਲੜਦੇ ਨੇ।
ਵੋਟਰ:-
ਕਿੱਧਰ ਜਾਈਏ ਫਸਗੇ ਚਾਰੇ ਪਾਸੇ ਘਾਲ਼ਾ-ਮਾਲ਼ਾ ਹੈ।
ਧੰਨਿਆਂ ਧਾਲੀਵਾਲਾ ਤੇਰਾ ਦੁਖੀ ਪਿੰਡ ਹੰਸਾਲ਼ਾ ਹੈ।
ਅਪਣੇ ਹੋਕੇ ਅਪਣਿਆਂ ਦਾ ਬੁਰਾ ਕਿਉਂ ਤੱਕੀ ਜਾਂਦੇ ਨੇ।
ਕੁਰਸੀ ਉੱਤੇ ਬਹਿਕੇ ਲੋਟੂ ਫੱਟੇ ਚੱਕੀ ਜਾਂਦੇ ਨੇ।
ਧੰਨਾ ਧਾਲੀਵਾਲ:-9878235714
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly