ਇਹ ਲੋਕਤੰਤਰ ਹੈ ਲੋਕਾਂ ਦਾ,ਕਿਸੇ ਹਾਕਮ ਦੀ ਜਗੀਰ ਨਹੀਂ

ਅਮਰਜੀਤ ਸਿੰਘ ਜੀਤ 
ਅਮਰਜੀਤ ਸਿੰਘ ਜੀਤ 
(ਸਮਾਜ ਵੀਕਲੀ) ਦੋਸਤੋ ਨਾ ਤਾਂ ਮੈਂ ਕੋਈ ਰਾਜਨੀਤਕ ਸ਼ਖ਼ਸ ਹਾਂ ਨਾ ਹੀ ਮੇਰਾ ਕਿਸੇ ਰਾਜਨੀਤਕ ਪਾਰਟੀ ਨਾਲ ਕੋਈ  ਵਿਸ਼ੇਸ਼  ਲਗਾਅ ਹੈ।ਪਰ ਕਈ ਵਾਰ ਕੁਝ ਅਜਿਹੀ ਘਟਨਾ ਜਾ ਦ੍ਰਿਸ਼ ਸਾਹਮਣੇ ਆ ਜਾਂਦਾ ਹੈ ਜੋ ਬਦੋਬਦੀ ਮਨ ਵਿਚ ਅਜਿਹੇ ਵਿਚਾਰ ਉਤਪੰਨ ਕਰ ਦਿੰਦਾ ਹੈ ਜੋ ਪ੍ਰਗਟ ਕੀਤਿਆਂ, ਕੁਝ ਸਹਿਜ ਸ਼ਬਦਾਂ ਦੇ ਵੀ ਰਾਜਨੀਤਕ ਜਾਂ ਰਾਜਨੀਤੀ ਨਾਲ ਸੰਬੰਧਿਤ ਹੋਣ ਦਾ ਭੁਲੇਖਾ ਪੈਣ ਲਗਦਾ  ਹੈ ।ਏਦਾਂ ਹੀ ਪਿਛਲੇ ਦਿਨੀਂ ਅਖਬਾਰ ਚ ਛਪੀ ਇਕ ਖਬਰ ਨਾਲ ਸੰਬੰਧਤ ਤਸਵੀਰ ਵੇਖ ਕੇ ਹੋਇਆ।
ਅਖਬਾਰ ਚ ਹੇਠਲੀ ਤਸਵੀਰ ਦੇਖ ਕਿ ਰਾਮ ਲੀਲਾ ਦਾ ਉਹ ਸੀਨ ਯਾਦ ਆ ਜਾਂਦਾ ਹੈ ਜਦ ਭਰਤ ਆਪਣੇ ਵੱਡੇ ਭਰਾਤਾ ਰਾਮ ਚੰਦਰ ਦੇ ਬਣਵਾਸ ਜਾਣ ਕਾਰਨ ਉਹਦੀ ਰਾਜ ਗੱਦੀ ਤੇ ਆਪ ਨਹੀਂ ਬੈਠਾ  ਸਗੋਂ ਉਸਦੀਆਂ ਖੜਾਵਾਂ ਨੂੰ ਰਾਜ ਗੱਦੀ ਤੇ ਰੱਖ ਕੇ ਆਪ 14 ਸਾਲ ਤੱਕ ਪਰਜਾ ਦਾ ਸੇਵਾਦਾਰ ਬਣ ਕੇ ਰਿਹਾ । ਇੱਥੇ ਦਿੱਲੀ ਦੀ ਨਵੀਂ ਬਣੀ ਮੁੱਖ ਮੰਤਰੀ ਵੀ ਅਜਿਹੀ ਹੀ ਭਾਵਨਾ ਪ੍ਰਗਟ ਕਰਦੀ ਨਜ਼ਰ ਆਉਂਦੀ ਹੈ।ਕੁਝ ਦਿਨ ਪਹਿਲਾਂ ਭ੍ਰਿਸ਼ਟਾਚਾਰ ਦੇ ਕੇਸ ਚੋਂ ਜਮਾਨਤ ਤੇ ਬਾਹਰ ਆਏ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੇ ਆਪਣਾ ਅਕਸ ਸੁਧਾਰਨ ਵਜੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਲਹਿਦਾ ਹੋ ਕੇ ਆਪਣੀ ਚਹੇਤੀ ਆਪ ਲੀਡਰ ਬੀਬੀ ਆਤਿਸ਼ੀ ਲਈ  ਮੁੱਖ ਮੰਤਰੀ ਦਾ ਪਦ ਪੇਸ਼ ਕਰ ਦਿੱਤਾ ਹੈ।ਬੀਬੀ ਆਤਿਸ਼ੀ ਨੇ ਵੀ ਮੁੱਖ ਮੰਤਰੀ ਦੀ ਸੀਟ ਤੇ ਬਹਿਣ ਦੀ ਥਾਂ ਵੱਖਰੀ  ਕੁਰਸੀ ਲਵਾ ਲਈ। ਕੇਜਰੀਵਾਲ ਦੀ ਕੁਰਸੀ ਰਾਖਵੀਂ ਰੱਖੀ ਹੋਈ ਹੈ।ਮਤਲਬ  ਦੁਬਾਰਾ ਚੋਣ ਜਿੱਤਣ ਉਪਰੰਤ ਕੇਜਰੀਵਾਲ ਦੇ ਮੁੱਖ ਮੰਤਰੀ ਬਣਨ ਤੱਕ ਇਹ ਕੁਰਸੀ ਖਾਲੀ ਪਈ ਉਸਦੀ ਉਡੀਕ ਕਰਦੀ ਰਹੇਗੀ।ਖੈਰ ਬੀਬੀ ਆਤਿਸ਼ੀ ਦੀ ਭਾਵਨਾ ਤਾਂ ਚੰਗੀ ਹੈ ਪਰ ਢੁੱਕਵੀਂ ਨਹੀਂ ।ਮੈਂ ਨਹੀਂ ਕਹਿੰਦਾ ਕੋਈ ਪ੍ਰਭੂ ਭਗਤੀ ਨਾ ਕਰੇ,ਵੱਡਿਆਂ ਨੂੰ ਸਤਿਕਾਰ ਨਾ ਦੇਵੇ ਸਗੋਂ ਸੀਨੀਅਰ ਸਾਥੀਆਂ ਦਾ ਸਤਿਕਾਰ ਕਰਨ ਦਾ ਮੈਂ ਹਾਮੀ ਆਂ । ਸਮਾਂ ਕਈ ਯੁੱਗਾਂ ਦਾ ਸਫ਼ਰ ਤਹਿ ਕਰ ਗਿਆ ਹੈ ਜਦ ਭਰਤ ਨੇ ਵੱਡੇ ਭਰਾ ਰਾਮ ਚੰਦਰ ਲਈ ਅਜਿਹਾ ਸੋਚਿਆ ਸੀ ,ਉਹਨਾਂ ਦਾ ਰਾਜ ਪਿਤਾ ਪੁਰਖੀ ਸੀ। ਰਾਮ ਚੰਦਰ ਮਰਿਯਾਦਾ ਪ੍ਰਸ਼ੋਤਮ ਸਨ ਪਿਤਾ ਦੇ ਹੁਕਮ ਦੇ ਬੱਝੇ ਹੋਏ ਬਣਵਾਸ ਗਏ ਸੀ,ਪਰਜਾ ਨੂੰ ਉਹਨਾਂ ਨਾਲ ਹਮਦਰਦੀ ਸੀ,ਪਿਤਾ ਪੁਰਖੀ ਰਾਜ ਹੋਣ ਕਾਰਨ ਛੋਟੇ ਭਰਾ ਭਰਤ ਨੇ ਵੀ ਆਪਣੇ ਜਜ਼ਬਾਤ ਮੁਤਾਬਕ ਅਜਿਹਾ ਕਰ ਦਿਖਾਇਆ, ਲੋਕਾਂ ਨੇ ਉਸਦੀ ਉਸਤਤਿ ਕੀਤੀ।ਪਰ ਅੱਜ ਜੋ ਬੀਬੀ ਆਤਿਸ਼ੀ ਕਰ ਰਹੀ ,ਹੁਣ ਪਿਤਾ ਪੁਰਖੀ ਰਾਜ ਥੋੜ੍ਹਾ , ਨਾ ਹੀ ਹੁਣ ਕਿਸੇ ਵਿਸ਼ੇਸ਼  ਪਾਰਟੀ ਦਾ ਰਾਜ-ਸੱਤਾ ਤੇ ਏਕਾਧਿਕਾਰ ਹੈ। ਲੋਕਤੰਤਰ ਵਿੱਚ ਅਜਿਹਾ ਕਰਨਾ ਠੀਕ  ਨਹੀਂ । ਠੀਕ ਹੈ ਕੇਜਰੀਵਾਲ ਨੇ ਉਸਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਬਹਾਇਆ ਹੈ ,ਉਹ ਬੀਬੀ ਆਤਿਸ਼ੀ ਲਈ ਸਤਿਕਾਰਯੋਗ ਹਨ। ਉਸ ਦਾ ਦਿਲ ਤੋਂ ਸਤਿਕਾਰ ਕਰੇ ਕਿਸੇ ਨੂੰ ਕੀ ਇਤਰਾਜ ਹੈ, ਪਾਰਟੀ ਦੀ ਰਾਜਨੀਤੀ ਮੁਤਾਬਕ ਜਦ ਜੀ ਚਾਹੇ ਆਪਣਾ ਪਦ ਕੇਜਰੀਵਾਲ ਨੂੰ ਦੁਬਾਰਾ ਸੌਂਪ ਸਕਦੀ ਹੈ। ਹੁਣ ਜੇ ਇਹ ਸੋਚਿਆ ਜਾ ਰਿਹਾ ਹੈ ਕਿ ਲੋਕਾਂ ਦੀ ਕਚਿਹਰੀ ਚੋਂ ਜਿੱਤ ਕੇ ਕੇਜਰੀਵਾਲ ਨੇ ਫੇਰ ਮੁੱਖ ਮੰਤਰੀ ਦੀ ਕੁਰਸੀ ਮੱਲਣੀ ਹੈ ਤਾਂ ਤਰਕਹੀਣ ਹੈ ,ਲੋਕਾਂ ਨੇ ਤਾਂ ਪਹਿਲਾਂ ਹੀ ਉਸਨੂੰ ਜਿਤਾ ਕੇ ਭੇਜਿਆ ਹੋਇਆ ਹੈ,ਲੋਕਾਂ ਨੇ ਉਸਦੇ ਅਸਤੀਫੇ ਦੀ ਮੰਗ ਵੀ ਨਹੀਂ ਕੀਤੀ,ਹੁਣ ਉਸਦਾ ਕੇਸ ਅਦਾਲਤ ਚ ਹੈ ,ਤਰਕ ਤਾਂ ਇਹ ਬਣਦੈ ਜੇ ਉਹ ਇਹ ਕਹੇ ਕਿ ਅਦਾਲਤ ਤੋਂ ਬਾਇੱਜ਼ਤ ਬਰੀ ਹੋਣ ਉਪਰੰਤ ਹੀ ਮੁੱਖ ਮੰਤਰੀ ਦੇ ਅਹੁਦੇ ਲਈ  ਉਮੀਦਵਾਰ ਬਣੇਗਾ।ਅਦਾਲਤ ਦੇ ਫੈਸਲੇ ਤੱਕ ਨਾਂ ਉਸ ਨੂੰ ਬੇਕਸੂਰ ਤੇ ਨਾ ਹੀ ਕੁਰੱਪਸ਼ਨ ਚ ਲਿਪਤ ਦੋਸ਼ੀ ਕਿਹਾ ਜਾ ਸਕਦਾ ਹੈ। ਸਾਫ ਜ਼ਾਹਿਰ ਹੈ ਉਸਦਾ ਅਹੁਦਾ ਛੱਡਣਾ ਆਪ ਪਾਰਟੀ ਦੀ ਰਣਨੀਤੀ ਹੋ ਸਕਦੀ ਹੈ, ਤਰਕਸੰਗਤ ਕਦਾਚਿਤ ਨਹੀਂ।
ਬੀਬੀ ਆਤਿਸ਼ੀ ਵੱਲੋਂ ਮੁੱਖ ਮੰਤਰੀ ਹੁੰਦਿਆਂ ਇਕ ਕੁਰਸੀ ਬਰਾਬਰ ਲਗਾਕੇ ਰੱਖਣੀ ,ਉਹ ਵੀ ਕਿਸੇ ਦੀ ਉਡੀਕ ਚ ਬਿਲਕੁਲ ਜਾਇਜ ਨਹੀਂ,ਮੁੱਖ ਮੰਤਰੀ ਦਾ ਪਦ ਬਹੁਤ ਸਨਮਾਨਯੋਗ ਹੁੰਦਾ ਹੈ,ਇਹ ਪ੍ਰਧਾਨ ਮੰਤਰੀ , ਮੁੱਖ ਮੰਤਰੀ,ਮੰਤਰੀ ਅਤੇ ਹੋਰ ਰਾਜਨੀਤਕ ਅਹੁਦੇ ਬਣਾਉਣ ਲਈ ਆਜਾਦੀ ਦੇ ਪਰਵਾਨਿਆਂ ਨੇ ਬੇਹੱਦ ਦੁੱਖ ਦਰਦ ,ਤਸੀਹੇ ਝੱਲੇ ਹਨ ਅਣਗਿਣਤ ਪਵਿੱਤਰ ਰੂਹਾਂ ਨੇ ਕੁਰਬਾਨੀਆਂ ਦਿੱਤੀਆਂ ।ਇਹ ਐਵੇਂ ਨਹੀਂ ਨਸੀਬ  ਹੋਏ ਇਹ ਰੁਤਬੇ ,ਹਰ ਇੱਕ ਸਿਆਸਤਦਾਨ ਨੂੰ ਸੁਤੰਤਰਤਾ ਸੰਗਰਾਮ ਦਾ ਇਤਿਹਾਸ ਜਰੂਰ ਪੜ੍ਹਨਾ ਚਾਹੀਦਾ ਹੈ। ਇਹਨਾਂ ਅਹੁਦਿਆਂ ਦੀ ਮਰਿਆਦਾ ਤੇ ਸਨਮਾਨ ਬਹਾਲ ਰੱਖਣਾ ਚਾਹੀਦਾ ਹੈ। ਸੋ ਬੀਬੀ ਆਤਿਸ਼ੀ ਮੁੱਖ ਮੰਤਰੀ ਦਿੱਲੀ ਨੇ ਬੇਸ਼ੱਕ ਇਹ ਕਿਸੇ ਜਜ਼ਬਾਤੀ ਰੌਂਅ ਚ ਕੀਤਾ ਹੈ ਬੇਹੱਦ ਗ਼ਲਤ ਕੀਤਾ ਹੈ,ਇਹ ਪ੍ਰਭੂ ਭਗਤੀ ਜਾ ਸਤਿਕਾਰ  ਨਹੀਂ ਇਹ ਇੱਕ ਹੋਸ਼ੀ ਖੁਸ਼ਾਮਦ ਹੈ। ਇਹ ਉਸਤਤ ਨਹੀਂ ਨਿੰਦਣਯੋਗ ਹੈ,ਲੋਕਤੰਤਰ ਦਾ ਅਪਮਾਨ ਹੈ।ਇਸ ਲਈ ਬੀਬੀ ਜਦ ਤੱਕ ਦਿੱਲੀ ਦੀ ਮੁੱਖ ਮੰਤਰੀ ਹੈ ਬੇਸ਼ੱਕ ਥੋੜੇ ਸਮੇਂ ਲਈ ਹੀ ਕਿਉਂ ਨਾ ਹੋਵੇ । ਇਸ ਅਹੁਦੇ ਦੀ ਮਾਣ ਮਰਿਆਦਾ ਦਾ ਖਿਆਲ ਰੱਖੇ।
 ਦੂਜਾ ਆਪ ਸੁਪਰੀਮੋ ਜਦ ਤੱਕ ਭ੍ਰਿਸ਼ਟਾਚਾਰ ਦੇ ਦੋਸ਼ ਚੋਂ ਅਦਾਲਤ ਤੋਂ ਬਾਇੱਜ਼ਤ ਬਰੀ ਨਹੀਂ ਹੁੰਦਾ ,ਆਪਣੀ ਜ਼ਮੀਰ ਦੀ ਆਵਾਜ ਤੇ ਪਹਿਰਾ ਦਿੰਦਿਆਂ ਕਿਸੇ ਵੀ ਸਰਕਾਰੀ ਅਹੁਦੇ ਤੇ ਬਿਰਾਜਮਾਨ ਹੋਣ ਨੂੰ ਤਰਜੀਹ ਨਾ ਦੇਵੇ।ਤਾਂ ਹੀ ਉਸਦਾ ਮੁੱਖ ਮੰਤਰੀ ਦਿੱਲੀ ਦੇ ਅਹੁਦੇ ਤੋਂ ਤਿਆਗ ਤਰਕਸੰਗਤ ਮੰਨਿਆ ਜਾਵੇਗਾ,ਨਹੀਂ ਤਾਂ ਇਹ ਇਕ ਰਾਜਨੀਤਕ ਨਾਟਕ ਤੋਂ ਵੱਧ ਕੁਝ ਨਹੀਂ।
ਅਮਰਜੀਤ ਸਿੰਘ ਜੀਤ 
 ਸੰਪਰਕ :9417287122
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਰੋਸੇ
Next articleਵਿਦੇਸ਼