*ਸੋਚ*

ਮਨਪ੍ਰੀਤ ਕੌਰ

(ਸਮਾਜ ਵੀਕਲੀ)

ਜੋਤੀ ਤਕਰੀਬਨ ਦਸ- ਗਿਆਰਾਂ ਕੁ ਸਾਲਾਂ ਦੀ ਕੁੜੀ ਸੀ , ਜੋ ਆਪਣੀ ਨਾਨੀ ਅਤੇ ਨਾਨੇ ਨਾਲ ਸਾਡੇ ਘਰ ਦੇ ਸਾਹਮਣੇ ਰਹਿੰਦੀ ਸੀ। ਇੱਕ ਦਿਨ ਮੈਂ ਆਪਣੇ ਘਰ ਦੇ ਬਾਹਰੋਂ ਦਰਵਾਜ਼ੇ ਦੀ ਸਫਾਈ ਕਰ ਰਹੀ ਸੀ , ਤਾਂ ਉਹ ਮੈਨੂੰ ਆਪਣੇ ਘਰ ਸਾਹਮਣੇ ਖੜੀ ਦੇਖ ਰਹੀ ਸੀ। ਜਦੋਂ ਮੇਰਾ ਧਿਆਨ ਉਸ ਵੱਲ ਗਿਆ ਤਾਂ ਉਸ ਨੇ ਮੈਨੂੰ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਮੇਰੇ ਕੋਲ ਆ ਗਈ। ਮੈਂ ਉਸ ਤੋਂ ਉਸਦਾ ਨਾਮ ਅਤੇ ਕਲਾਸ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸਦਾ ਨਾਮ ਜੋਤੀ ਹੈ ਅਤੇ ਉਹ ਪੰਜਵੀਂ ਕਲਾਸ ਵਿੱਚ ਪੜ੍ਹਦਾ ਹੈ , ਮੈਂ ਉਸ ਨੂੰ ਹੱਸ ਕੇ ਕਿਹਾ, ਪੜ੍ਹਦਾ ਕਿ ਪੜ੍ਹਦੀ? ਫਿਰ ਉਹ ਮੇਰੇ ਵੱਲ ਦੇਖ ਕੇ ਮਿੰਨਾ ਜਿਹਾ ਮੁਸਕਰਾਈ ਅਤੇ ਆਪਣੇ ਘਰ ਚਲੀ ਗਈ। ਉਸ ਦਿਨ ਤੋਂ ਬਾਅਦ ਅਕਸਰ ਹੀ ਜਦੋਂ ਉਹ ਮੈਨੂੰ ਦੇਖਦੀ ਤਾਂ ਮੇਰੇ ਕੋਲ ਆ ਜਾਂਦੀ ਅਤੇ ਮੇਰੇ ਨਾਲ ਗੱਲਾਂ ਕਰਨ ਲੱਗ ਜਾਂਦੀ ।

ਇੱਕ ਦਿਨ ਜੋਤੀ ਮੇਰੇ ਕੋਲ ਬੈਠੀ ਮੈਨੂੰ ਕਹਿੰਦੀ ਕਿ ਮੈਂ ਉਸ ਨੂੰ, ਉਸ ਦੀ ਮਾਂ ਜਿਹੀ ਪ੍ਰਤੀਤ ਹੁੰਦੀ ਹਾਂ। ਮੈਂਨੂੰ ਵੀ ਜੋਤੀ ਦੀਆਂ ਭੋਲੀਆਂ ਗੱਲਾਂ ਵਧੀਆ ਲਗਦੀਆਂ, ਅਕਸਰ ਹੀ ਉਹ ਜਦੋਂ ਮੇਰੇ ਨਾਲ ਗੱਲਾਂ ਕਰਦੀ ਤਾਂ ਹਮੇਸ਼ਾ ਹੀ ਉਹ ਮੁੰਡਿਆਂ ਵਾਂਗ ਗੱਲ ਕਰਦੀ, ਕਿ ਹੁਣ ਮੈਂ ਘਰ ਜਾ ਕੇ ਪੜੂੰਗਾ, ਫਿਰ ਖੇਡਣ ਜਾਊਂਂਗਾ।

ਇੱਕ ਦਿਨ ਜੋਤੀ ਮੇਰੇ ਨਾਲ ਗੱਲਾ ਕਰ ਰਹੀ ਸੀ ਤਾਂ ਮੈਂ ਉਸ ਨੂੰ ਵਿੱਚੋਂ ਟੋਕ ਦਿੱਤਾ ਅਤੇ ਕਿਹਾ ਕਿ ਉਹ ਕੁੜੀ ਹੈ, ਇਸੇ ਲਈ ਉਹ ਕੁੜੀਆਂ ਵਾਂਗ ਗੱਲ ਕਰਿਆ ਕਰੇ , ਉਹ ਸੋਹਣਾ ਲੱਗਦਾ ਹੈ । ਕੁੜੀਆਂ , ਮੁੰਡਿਆਂ ਤੋਂ ਘੱਟ ਨਹੀਂ ਸਗੋਂ ਉਹ ਤਾਂ ਮੁੰਡਿਆਂ ਤੋਂ ਵੱਧ ਕੇ ਹਨ , ਮੇਰੀ ਇਹ ਗੱਲ ਕਹਿਣ ਤੇ ਇਕਦਮ ਜੋਤੀ ਅੱਖਾਂ ਭਰ ਆਈ ਅਤੇ ਮੈਨੂੰ ਕਹਿਣ ਲੱਗੀ, ” ਨਹੀ ਅੰਟੀ ਜੀ , ਤੁਸੀਂ ਸੱਚ ਨਹੀਂ ਬੋਲ ਰਹੇ! ਜੇ ਕੁੜੀਆਂ, ਮੁੰਡਿਆਂ ਤੋਂ ਵੱਧ ਕੇ ਹੁੰਦੀਆਂ ਤਾਂ ਉਸ ਦੀ ਦਾਦੀ, ਉਸ ਨੂੰ ਪੈਦਾ ਹੋਣ ਸਾਰ ਉਸ ਨੂੰ ਨਾਨੀ ਕੋਲ ਨਾ ਛੱਡ ਕੇ ਜਾਂਦੀ, ਜੇ ਕੁੜੀਆਂ ,ਮੁੰਡਿਆਂ ਤੋਂ ਵੱਧ ਹੁੰਦੀਆਂ ਉਹ ਅੱਜ ਆਪਣੇ ਮਾਂ- ਬਾਪ ਦੇ ਘਰ ਆਪਣੇ ਭਰਾ ਕੋਲ ਰਹਿੰਦੀ ਹੁੰਦੀ ।

ਮੈਂ ਕੁੜੀ ਸੀ ਇਸੇ ਲਈ ਮੈਂਨੂੰ ਮੇਰੀ ਮਾਂ ਕੋਲ ਨਹੀਂ ਰਹਿਣ ਦਿੱਤਾ, ਕੁੜੀ ਹੋਣ ਕਰਕੇ ਮੈਨੂੰ ਮੇਰੀ ਮਾਂ ਦਾ ਪਿਆਰ ਨਹੀਂ ਮਿਲਣ ਦਿੱਤਾ। ਇਹ ਗੱਲ ਕਹਿ ਕੇ ਜੋਤੀ ਮੇਰੇ ਗਲ਼ ਲੱਗ ਕੇ ਉੱਚੀ – ਉੱਚੀ ਰੋਣ ਲੱਗ ਪਈ। ਇੰਨੀ ਛੋਟੀ ਜਿਹੀ ਜੋਤੀ ਦੇ ਮੂੰਹੋਂ ਇਹ ਗੱਲਾ ਸੁਣ ਕੇ , ਮੈਂ ਸਾਡੇ ਸਮਾਜ ਦੀ ਕੁੜੀਆਂ ਪ੍ਰਤੀ ਸੋਚ ਨੂੰ ਲੈ ਕੇ ਖਿਆਲਾਂ ਵਿੱਚ ਗੁਆਚੀ ਹੋਈ , ਜੋਤੀ ਨੂੰ ਚੁੱਪ ਕਰਵਾ ਰਹੀ ਸੀ।

ਮਨਪ੍ਰੀਤ ਕੌਰ (ਸਾਇੰਸ ਮਿਸਟ੍ਰੈੱਸ)
ਸਰਕਾਰੀ ਹਾਈ ਸਕੂਲ ਚਕੇਰੀਆਂ, ਮਾਨਸਾ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleGuj firm to build 3 PSH power plants of 5,700 MW in Maha
Next articleIndia, US to form monitoring group to review trade cooperation