ਸੋਚ

ਜਗਸੀਰ ਸਿੰਘ ਝੁੰਬਾ

(ਸਮਾਜ ਵੀਕਲੀ)

ਗੱਲ 1962 -63 ਦੀ ਹੋਊ, ਮੈਂ ਉਦੋਂ 9ਕੁ ਸਾਲ ਦਾ ਸਾਂ ਤੇ ਤੇਰੀ ਭੂਆ 4ਕੁ ਸਾਲ ਦੀ, ਵਾਢੀਆਂ ਦੇ ਦਿਨ ਸਨ , ਮਾਂ ਚਾਨਕ ਬਿਮਾਰ ਪੈ ਗੀ , ਉਸ ਸਾਲ ਸਾਡੀ ਰਤਨੇ ਚਾਚੇ ਕਿਆਂ ਨਾਲ਼ ਵੀੜਹੀ ਸੀ , ਹੋਇਆ ਕੀ ਬੀ ਬਾਪੂ ਨੇ ਕਈ ਥੌਲੇ – ਥੂਲੇ ਵੀ ਪਵਾਏ , ਸੰਗਤੋਂ ਆਤਮੇ ਵੈਦ ਤੋਂ ਦਵਾਈ ਵੀ ਲਿਆਂਦੀ, ਪਰ ਕੋਈ ਮੋੜਾ ਨਾ ਪਿਆ ।ਲਾਭ ਸਿਓਂ ਡਾਕਟਰ ਦੇ ਕਹਿਣ ਤੇ ਬਾਪੂ ਮਾਂ ਨੂੰ ਬੱਲੂਆਣਿਓਂ ਗੱਡੀ ਚੜ੍ਹਾ ਕੇ ਬਠਿੰਡੇ ਲੈ ਗਿਆ ,ਚੈੱਕ ਕਰਨ ਤੇ ਡਾਕਟਰ ਆਹਦਾ ਵੀ ਟੀ.ਬੀ. ਆ ਭਾਈ, ਪਟਿਆਲੇ ਲਿਜਾਣਾ ਪਊ, ਓਥੇ ਈ ਲਾਜ ਆ ਇਹਦਾ ।
ਬਾਪੂ ਤੇ ਮਾਂ ਆਥਣੇ ਜੇ ਘਰ ਮੁੜ ਆਏ ,ਉਹਨਾਂ ਦਿਨਾਂ ‘ਚ ਸੀਬੋ ਤਾਈ ਸਾਡੇ ਗੋਹਾ ਕੂੜਾ ਕਰਨ ਤੇ ਪਸ਼ੂਆਂ ਨੂੰ ਨੀਰਾ – ਚਾਰਾ ਪੌਣ ਤੇ ਲੱਗੀ ਸੀ ,ਤਾਇਆ ਅਮਲੀ ਸੀ ,ਬਿਚਾਰੀ ਦੋ ਟੈਮ ਦੇ ਦੁੱਧ, ਮੀਹਨੇ ਦੀ ਵੀਹ ਸੇਰ ਕਣਕ ਤੇ ਪੰਜ ਰੁਪਈਆਂ ਤੇ ਸਾਰਾ ਕੰਮ ਕਰਦੀ। ਭੈਣ ਛੋਟੀ ਹੋਣ ਕਾਰਨ ਮੇਰਾ ਸਕੂਲ ਵੀ ਛੁੱਟ ਗਿਆ ।

ਬਾਪੂ,ਰਤਨੇ ਚਾਚੇ ਕਿਆਂ ਨੂੰ ਸਾਰਾ ਕੰਮ ਸਾਂਭ ਕੇ ਦੂਜੇ ਦਿਨ ਮਾਂ ਨੂੰ ਪਟਿਆਲੇ ਲੈ ਗਿਆ ,ਸੀਬੋ ਤਾਈ ਨੇ ਮਗਰੋਂ ਸਾਡਾ ਸਕੀ ਮਾਂ ਵਾਂਗੂ ਖ਼ਿਆਲ ਰੱਖਿਆ , ਜਿੰਨੇ ਦਿਨ ਬਾਪੂ ਵਾਪਸ ਨਹੀਂ ਮੁੜਿਆ ਉਹ ਆਵਦੇ ਜਵਾਕ ਵੀ ਸਾਡੇ ਘਰੇ ਲੈ ਆਈ।

ਮਾਂ ,ਨੂੰ ਉਹਨਾਂ ਛੇ ਮੀਹਨਿਆਂ ਲਈ ਭਰਤੀ ਕਰ ਲਿਆ ਤੇ ਬਾਪੂ ਵੀਹਵੇਂ ਕੁ ਦਿਨ ਵਾਪਸ ਆ ਗਿਆ । ਤਾਈ ਸੀਬੋ ਨੇ ਛੇ ਮੀਹਨੇ ਸਾਨੂੰ ਰੋਟੀਆਂ ਬਣਾ ਕੇ ਖਵਾਈਆਂ, ਮੇਰੀ ਭੈਣ ਨੂੰ ਆਵਦੇ ਜਵਾਕ ਵਾਂਗ ਸਾਂਭਿਆ ,ਤੇ ਖੇਤ- ਬੰਨ੍ਹੇ ਵੀ ਰੋਟੀ – ਪਾਣੀ ਭੇਜਿਆ ,ਬਿਚਾਰੀ ਸਾਰਾ ਕੰਮ ਕਰਕੇ ਘਰ ਜਾਂਦੀ ।

ਛੇ ਮਹੀਨਿਆਂ ਬਾਅਦ ਮਾਂ ਠੀਕ ਹੋ ਕੇ ਘਰ ਆ ਗਈ , ਦੂਜੇ ਦਿਨ ਸ਼ਾਮੀਂ ਮਾਂ ਸੀਬੋ ਤਾਈ ਨੂੰ ਰੋਟੀ ਫੜ੍ਹਾ ਕੇ ਦਾਲ ਉਹਦੇ ਕੌਲੇ ਚ’ ਪਾਉਂਦੀ ਹੋਈ ਬੋਲੀ ,

“ਸੀਬੋ , ਦੁੱਧ ਪੀ ਕੇ ਜਾਂਵੇਗੀ ਜਾਂ ਲੈ ਕੇ!”

” ਲੈ ਕੇ ਈ ਜਾਨੀ ਹੁਨੀ ਆ ,ਗੁਰਨਾਮ ਕੁਰੇ ,ਦੋ ਘੁੱਟਾਂ ਜਵਾਕ ਪੀ ਲੈਂਦੇ ਆ!”

“ਚੰਗਾ ,ਲਿਆ ਤੇਰਾ ਭਾਂਡਾ ਦੇਅ !”

“ਹੈੱਥੋਂ ਡੋਲਣੀ ‘ ਚ ਪਾ ਦੇ ਭੈਣੇ , ਤੜਕੇ ਵਾਪਸ ਲੈ ਆਊਂਗੀ ।”

“ਮਾਂ ਮੂੰਹ ਜਾ ਵੱਟ ਕੇ ਵਾਪਸ ਮੁੜੀ ਤੇ ਡੋਲਣੀ ‘ ਚ ਦੁੱਧ ਪੇ ਕੇ ਮੈਨੂੰ ਆਹਦੀ,

“ਜਾ ਵੇ ਆਹ ਡੋਲਣੀ ਫੜਾ ਕੇ ਆ ਤੇਰੀ ਤਾਈ ਨੂੰ ।” ਮੈਂ ਡੋਲਣੀ ਫੜਾ ਦਿੱਤੀ ਤੇ ਤਾਈ ਚੁੱਪ ਕਰਕੇ ਚਲੀ ਗਈ ।

ਦੂਜੇ ਦਿਨ ਤੜਕੇ ਤਾਈ ਡੋਲਣੀ ਕੰਧੋਲੀ ਤੇ ਧਰ ਕੇ ਗੂਹਾ – ਕੂੜਾ ਕਰਨ ਵਗ ਗਈ ,ਮਾਂ ਆਟਾ ਗੁੰਨ੍ਹਦੇ ਹੋਏ ਬੋਲੀ ,
“ਪਾਲੇ, ਐਂ ਕਰ ਪੁੱਤ ,ਆਹ ਡੋਲਣੀ ਔਹ ਚੁੱਲ੍ਹੇ ‘ ਚ ਸੁੱਟ ਦੇ ,ਮੈਂ ਆਟਾ ਗੁੰਨ੍ਹ ਕੇ ਮਾਂਜਦੀ ਆਂ।”

ਮੈਨੂੰ ਮਾਂ ਦੀ ਗੱਲ ਦੀ ਸਮਝ ਨਹੀਂ ਆਈ ਕਿਉਕਿ ਤਾਈ ਰੋਜ਼ ਈ ਡੋਲਣੀ ਲੈ ਕੇ ਜਾਂਦੀ ਸੀ ਤੇ ਅਸੀਂ ਇਹ ਕੰਮ ਪਹਿਲਾਂ ਕਦੇ ਨਹੀਂ ਕੀਤਾ ਸੀ ।

ਮੈਂ ਪੁੱਛਿਆ, ” ਮਾਂ, ਕਿਉਂ ? ਚੁੱਲ੍ਹੇ ‘ ਚ ਕਿਉਂ ਸੁੱਟਾਂ !”

“ਤੈਨੂੰ ਨੀ ਪਤਾ ,ਬਾਹਲੇ ਅੰਤਰੇ ਨੀ ਲੈਂਦੇ ਹੁੰਦੇ , ਛੇਤੀ ਕਰ!”

“ਮੈਂ ਨੀ… ,ਮੈਨੂੰ ਦੱਸ ਪਹਿਲਾਂ..! ”

” ਵੇ ,ਅੱਖਲਾ ! ਇਹਨਾਂ ਗ਼ਰੀਬਾਂ ਨੂੰ ਆਪਾਂ ਆਵਦਾ ਭਾਂਡਾ ਨੀ ਦਿੰਦੇ ਹੁੰਦੇ,ਭਾਂਡਾ ਭਿੱਟਿਆ ਜਾਂਦਾ, ਜੇ ਦੇਣਾ ਵੀ ਪੈਜੇ ਤਾਂ ਚੁੱਲ੍ਹੇ ‘ ਚ ਸਿੱਟ ਕੇ ਮਾਂਜੀ ਦਾ ਹੁੰਦਾ, ਫੇਰ ਸੁੱਚਾ ਹੁੰਦਾ, ! ਜਾਅ, ਤੂੰ ਜਵਾਕ ਆਂ ਹਾਲ਼ੇ ,ਤੈਨੂੰ ਅਕਲ਼ ਨੀ।”

ਬਾਪੂ ਕੋਲ਼ੇ ਈ ਮੰਜੇ ਦੀ ਦੌਣ ਕਸੀ ਜਾਂਦਾ ਸੀ ,ਉਹਨੂੰ ਪਤਾ ਨੀ ਕੀ ਹੋ ਗਿਆ ,ਛਿੱਤਰ ਲਾਹ ਕੇ ਮਾਂ ਨੂੰ ਡਹਿ ਗਿਆ…
” ਖੜ੍ਹ ਜਾਹ! ਮੇਰੇ ਸਹੁਰੇ ਦੀ ਬਿਮਾਰੀ ..! ਬੇ-ਅਕਲੇ ….ਛੇ ਮੀਹਨੇ ਇਹਨੇ ਤੇਰੇ ਜਵਾਕ ਪਾਲ਼ੇ ਆ , ਸਾਨੂੰ ਰੋਟੀਆਂ ਖਵਾਈਆਂ ,ਫੇਰ ਤਾਂ ਅਸੀਂ ਵੀ ਭਿੱਟੇ ਗਏ..! ਸਾਨੂੰ ਵੀ ਸਿੱਟ ਦੇ ਚੁੱਲ੍ਹੇ ‘ ਚ …! ਵੇਗਾਂ ..! ਸਾਲ਼ੇ ਮੇਰੇ ਦੀ ਬੇ-ਅਕਲ਼ ਕੈਹਜਾ ਕੁਛ ਸਿਖਾਉਂਦੀ ਆ..ਜਵਾਕਾਂ… ਨੂੰ.! ”

ਸੀਬੋ ਭੱਜ ਕੇ ਆਈ ਤੇ ਮਾਂ ਨੂੰ ਛਡਾਈ ,ਉਦੂੰ ਬਾਅਦ ਮਾਂ ਕੰਨ ‘ ਚ ਪਾਈ ਨੀ ਰੜਕੀ ,ਮੈਨੂੰ ,ਉਦੇ ਬਾਪੂ ਨੇ ਬਹੁਤ ਵੱਡਾ ਸਬਕ ਦੇ ਤਾ ਸੀ , ਮੈਂ ਹਜੇ ਵੀ ਸੀਬੋ ਦੀ ਮਾਂ ਵਾਂਗ ਇੱਜਤ ਕਰਦਾਂ …. ਉਹਤੋਂ ਹੁਣ ਕੰਮ ਨੀ ਹੁੰਦਾ, ਉਹਦੀ ਕੁੜੀ ਅਸੀਂ ਵਿਆਹੀ ,ਤਾਏ ਦੇ ਮਰਨ ਪਿੱਛੋਂ ,ਉਹਨੂੰ ਕਦੇ ਕੋਈ ਥੁੜ ਨੀ ਆਉਣ ਦਿੱਤੀ …ਹੁਣ ਤਾਂ ਸ਼ੇਰਾ ਬਹੁਤ ਕੁੱਝ ਬਦਲ ਗਿਆ ,ਪਹਿਲਾਂ ਤਾਂ ਲੋਕ ਸਿਰੇ ਦੇ ਪਸ਼ੂ ਸਨ ..
ਅਸੀਂ ਗੱਲਾਂ ਕਰਦੇ ਹੋਏ ਝਾਲ ਤੋਂ ਥੱਲੇ ਨੂੰ ਉਤਰ ਆਏ…

“ਮਖਿਆ ਤਾਇਆ , ਬੇਸ਼ੱਕ ,ਬਹੁਤ ਕੁੱਝ ਬਦਲ ਗਿਆ ,ਪੜ੍ਹਾਈ -ਲਿਖਾਈ ਆ ਗਈ । ਕੰਮ ਤੇ ਆਉਣ ਵਾਲ਼ੇ ਕਾਮੇ ਨੂੰ ਘਰ ਦੇ ਭਾਂਡੇ ਵਿੱਚ ‘ਚ ਖਾਣਾ ਦੇਣ ਲੱਗ ਗਏ ਹਾਂ ..,ਪਰ ਹਾਲ਼ੇ ਵੀ ਸਾਡੀ ਸੋਚ ਤੇ ਦਿਮਾਗ਼ ‘ ਚ ਬੰਦੇ ਦੇ ਪਹੁੰਚਣ ਤੋਂ ਪਹਿਲਾਂ ਉਸ ਦੀ ਜਾਤ ਪਹੁੰਚ ਜਾਂਦੀ ਹੈ..!”

“ਸ਼ੇਰਾ,ਅਸੀਂ ਸਿਰਫ਼ ਬਾਬੇ ਨਾਨਕ ਦੀ ਬਾਣੀ ਨੂੰ ਰੱਟਾ ਲਾਇਆ ਹੈ , ਧਾਰਨ ਨਹੀਂ ਕੀਤਾ ਤੇ ਇੱਕ ਪਤੇ ਦੀ ਗੱਲ ਤੈਨੂੰ ਹੋਰ ਦਸਦਾ ਇਹ ਜਾਤ – ਪਾਤ, ਛੂਆ-ਛਾਤ ਸਮਾਜ ‘ ਚ ਕਿਤੇ ਨਹੀਂ ਹੈ ਇਹ ਸਾਡੇ ਦਿਮਾਗ਼ ਵਿੱਚ ਹੈ ਤੇ ਦਿਮਾਗ਼ ਆਲ਼ੀ ਚੀਜ਼ ਨੂੰ ਸਾਨੂੰ ਸਮਾਜ ‘ਚੋਂ ਨਹੀਂ ਬਲਕਿ ਦਿਮਾਗ਼ ‘ ਚੋਂ ਈ ਸਾਫ਼ ਕਰਨਾ ਪੈਣਾ …।”

..ਕਹਿੰਦੇ ਹੋਏ ਤਾਇਆ ਆਪਣੀ ਢਾਣੀ ਵੱਲ ਨੂੰ ਮੁੜ ਗਿਆ ਤੇ ਮੈਂ ਅੱਜ ਤੱਕ ਇਸ
ਗੱਲ ਦੀ ਡੁੰਘਾਈ ਨੂੰ ਸਮਝਣ ਦੀ ਕੋਸ਼ਸ਼ ਕਰ ਰਿਹਾ ਹਾਂ ਕਿ ਗੰਦਗੀ ਦਿਮਾਗ਼ ‘
ਚ ਹੈ ਤੇ ਅਸੀਂ ਸਫ਼ਾਈ ਸਮਾਜ ‘ ਚੋਂ ਕਰਨ ਨੂੰ ਫਿਰਦੇ ਹਾਂ…ਅਸਲ ਵਿੱਚ ਸਾਡੀ ‘ਸੋਚ’ ਹੀ ਜੰਗਾਲੀ ਹੈ।

ਜਗਸੀਰ ਸਿੰਘ ‘ਝੁੰਬਾ‘
ਅੰਗਰੇਜ਼ੀ ਮਾਸਟਰ
95014-33344

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਲ੍ਹਾ ਰਾਸ਼ੀ ਸ਼ਾਹ ਵਲੀ ਕਾਦਰੀ ਦਰਬਾਰ ਭੋਗਪੁਰ ਵਿਖੇ ਸਾਲਾਨਾ ਸੂਫੀਆਨਾ ਮੇਲਾ ਮਨਾਇਆ
Next articleਰੁਲ਼ਦੂ ਖਾਧੀ ਪੀਤੀ ਵਿੱਚ ਬੋਲਿਆ