ਸਾਡੇ ਵੇਲੇ ਦੀਆਂ ਗੱਲਾਂ ਹੋਰ ਸਨ

ਹਰਮੇਸ਼ ਜੱਸਲ

ਸਾਡੇ ਵੇਲੇ ਦੀਆਂ ਗੱਲਾਂ ਹੋਰ ਸਨ

  • ਹਰਮੇਸ਼ ਜੱਸਲ

(ਸਮਾਜ ਵੀਕਲੀ)- ਮੈਂ ਅੰਬੇਡਕਰ ਮਿਸ਼ਨ ‘ਚ 1974 ਵਿਚ ਆਇਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਜੋ ਬਦਲਾਵ ਆਇਆ ਹੈ, ਉਹ ਬੜਾ ਅਫ਼ਸੋਸਨਾਕ ਹੈ. ਗਿਣਤੀ ਵਿਚ ਅਸੀਂ ਸਾਲ ਦਰ ਸਾਲ ਵਧਦੇ ਗਏ ਪਰ ਕਿਰਦਾਰ ਪੱਖੋ ਅਸੀਂ ਘਟਦੇ ਗਏ. ਪਹਿਲਾਂ ਅਸੀਂ ਸੰਸਥਾ ਪਹਿਲ ਨੂੰ ਦਿੰਦੇ ਸੀ, ਹੁਣ ਪਹਿਲ ਅਸੀਂ ਆਪਣੇ ਆਪ ਨੂੰ ਦਿੰਦੇ ਹਾਂ. ਪਹਿਲਾਂ ਪੈਸਾ ਅਸੀਂ ਸੰਸਥਾ ਨੂੰ ਭੇਜਦੇ ਸੀ, ਹੁਣ ਪੈਸਾ ਵਿਅੱਕਤੀਗਤ ਖਾਤੇ ਵਿਚ ਜਾਂਦਾ ਹੈ. ਪਹਿਲਾਂ ਪੈਸੇ ਨਾਲ ਵਰਕਰਾਂ ਨੂੰ ਫੀਲਡ ਵਿਚ ਮਿਸ਼ਨ ਦੇ ਪਰਚਾਰ ਪਰਸਾਰ ਲਈ ਭੇਜਿਆ ਜਾਂਦਾ ਸੀ, ਹੁਣ ਸਾਰਾ ਪਰਚਾਰ ਫ਼ੇਸਬੁੱਕ , ਵੈਟਸਅੈਪ ਅਤੇ ਲਾਇਵ ਹੋ ਕੇ ਕੀਤਾ ਜਾਂਦਾ ਹੈ. ਪਹਿਲਾਂ ਅਸੀਂ ਜੋ ਵੀ ਕੰਮ ਕਰਨਾ ਹੁੰਦਾ ਸੀ, ਅਸੀਂ ਖੁੱਦ ਕਰਦੇ ਸਾਂ, ਹੁਣ ਅਸੀਂ ਉਹੀ ਕੰਮ ਕਰਨ ਲਈ ਦੂਜਿਆਂ ਨੂੰ ਭੜਕਾਉਦੇ ਹਾਂ. ਇਹ ਸਾਰਾ ਕੰਮ ਅਸੀਂ ਸ਼ੋਸਲ ਮੀਡਿਆ ਦੀ ਮੱਦਦ ਨਾਲ ਕਰਦੇ ਹਾਂ. ਪਹਿਲਾਂ ਅਸੀਂ ਹਰ ਵਰਕਰ ਨੂੰ ਜਾ ਕੇ ਮਿਲਦੇ ਸਾਂ, ਉਸ ਨਾਲ ਵਿਅੱਕਤੀਗਤ ਸਾਂਝ ਹੁੰਦੀ ਸੀ, ਹੁਣ ਅਸੀਂ ਹਰ ਗੱਲ ਸ਼ੋਸਲ ਮੀਡਿਆ ਰਾਹੀ ਦੱਸਕੇ ਸਮਝਦੇ ਹਾਂ ਕਿ ਸਾਡਾ ਕੰਮ ਹੋ ਗਿਆ ਹੈ. ਅਸੀਂ 1000 ਬੰਦੇ ਨੂੰ ਮੈਸੇਜ਼ ਭੇਜਦੇ ਹਾਂ ਪਰ ਆਉਂਦੇ ਸਿਰਫ਼ 100 ਹਨ. ਪਹਿਲਾਂ ਅਖਬਾਰਾਂ ਅਤੇ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ, ਹੁਣ ਸਾਡਾ ਬਹੁਤਾ ਗਿਆਨ ਗੂਗਲ ਤੋੰਂ ਮਿਲਦਾ ਹੈ.ਗੂਗਲ ਉਤੇ ਗਿਆਨ ਬਹੁਤ ਹੈ ਪਰ ਉਹ ਟਿਕਾਉ ਨਹੀਂ ਹੈ. ਪਹਿਲਾਂ ਹਰਗੱਲ ਤੋਲ ਕੇ ਕੀਤੀ ਜਾਂਦੀ ਸੀ, ਹੁਣ ਜਿਆਦਾ ਤਰ ਹਾਂ ਵਿਚ ਹਾਂ ਮਿਲਾਈ ਜਾਂਦੀ ਹੈ, ਬਲਕਿ ਸ਼ੋਸਲ ਮੀਡੀਆਂ ਉਪਰ ਵੀ ਲੋਕਾਂ ਨੇ ਗੈਂਗ ਬਣੇ ਹੋਏ ਹਨ ਜੋ ਆਪਣੇ ਆਪਣੇ ਗਰੁੱਪ ਨੂੰ ਸਪੋਰਟ ਕਰਦੇ ਹਨ. ਇਕ- ਦੂਜੇ ਨੂੰ ਸਪੋਰਟ ਕਰਦੇ ਹਨ. ਪਹਿਲਾਂ ਹਰ ਗੱਲ ਪਰਖੀ ਜਾਂਦੀ ਸੀ, ਫ਼ਿਰ ਸਪੋਰਟ ਕੀਤਾ ਜਾਂਦਾ ਸੀ, ਹੁਣ ਇਹ ਦੇਖਿਆ ਜਾਂਦਾ ਹੈ ਕਿ ਕੀ ਇਹ ਮੇਰੇ ਗਰੁੱਪ ਦਾ ਬੰਦਾ ਹੈ ਜਾਂ ਨਹੀਂ , ਜੇ ਉਹ ਮੇਰੇ ਗਰੁੱਪ ਦਾ ਹੈ ਤਾਂ ਬਿਨਾਂ ਸੋਚੇ ਸਮਝੇ , ਸਪੋਰਟ ਕੀਤੀ ਜਾਂਦੀ ਹੈ. ਉਸ ਨੂੰ ਪਰਮੋਟ ਕੀਤਾ ਜਾਂਦਾ ਹੈ. ਉਸ ਦੀ ਹਾਂ ਵਿਚ ਹਾਂ ਮਿਲਾਈ ਜਾਂਦੀ ਹੈ, ਜੇ ਉਹ ਗਰੁੱਪ ਦਾ ਬੰਦਾ ਨਹੀਂ ਹੈ ਤਾਂ ਉਸ ਨੂੰ ਕੰਨਡੈਂਮ ਕੀਤਾ ਜਾਂਦਾ ਹੈ, ਉਸ ਦੀਆਂ ਲੱਤਾਂ ਖੀਚਿਆਂ ਜਾਂਦੀਆਂ ਹਨ, ਉਸ ਉਪਰ ਗਲਤ ਮਲਤ ਕੁਮੈਂਟ ਕੀਤੇ ਜਾਂਦੇ ਹਨ ਜਿਸ ਨੂੰ ਸ਼ੋਸਲ ਮੀਡੀਆ ਦੀ ਭਾਸ਼ ਵਿਚ “ਟਰੋਲ ਕਰਨਾ ” ਕਿਹਾ ਜਾਂਦਾ ਹੈ. ਇਹ ਬੜਾ ਦੁੱਖਦਾਈ ਹੁੰਦਾ ਹੈ.

ਪਹਿਲਾਂ ਖੁੱਦ ਨੂੰ ਪਰਮੋਟ ਕਰਨਾ ਬਹੁਤ ਬੁਰਾ ਸਮਝਿਆ ਜਾਂਦਾ ਸੀ, ਕੋਈ ਆਪਣੇ ਨਾਂ ਨਾਲ ਖੁੱਦ ਮਿਸਟਰ ਜਾਂ ਸਾਹਿਬ ਨਹੀਂ ਲਾਉਦਾ ਸੀ, ਹੁਣ ਹਰ ਆਦਮੀ ਆਪਣੇ ਨਾਂ ਨਾਲ ਖੁੱਦ ਹੀ ਮਿਸਟਰ ਜਾਂ ਸਾਹਿਬ ਲਿਖਦਾ ਹੈ. ਹੁਣ ਮਿਸ਼ਨ ਦੀ ਗੱਲ ਤਾਂ ਛੱਡੋ, ਆਪਣੇ ਜਾਂ ਆਪਣੇ ਪਰੀਵਾਰ ਨੂੰ ਸਪੋਰਟ ਅਤੇ ਪਰਮੋਟ ਕਰਨਾ ਹੀ ਮਿਸ਼ਨ ਸਮਝਿਆਂ ਜਾ ਰਿਹਾ ਹੈ. ਪਹਿਲਾਂ ਕਿਸੇ ਲੋੜਵੰਦ ਹੀ ਮਾਲੀ ਮੱਦਦ ਕੀਤੀ ਜਾਂਦੀ ਸੀ, ਹੁਣ ਵਿੰਗੇ ਸਿੱਧੇ ਢੰਗ ਨਾਲ ਰੇਊੜੀਆਂ ਆਪਣਿਆਂ ਨੂੰ ਵੰਡੀਆਂ ਜਾ ਰਹੀਆਂ ਹਨ ਅਤੇ ਪਰਚਾਰਿਆ ਜਾ ਰਿਹਾ ਹੈ, ਅਸੀਂ ਸਮਾਜ ਭਲਾਈ ਦਾ ਕੰਮ ਕਰ ਰਹੇ ਹਾਂ. ਪਹਿਲਾਂ ਸੰਸਥਾਵਾਂ ਦੇ ਉਦੇਸ਼ ਬੜੇ ਉੱਚੇ ਅਤੇ ਸੁੱਚੇ ਹੁੰਦੇ ਸਨ, ਹੁਣ ਸੰਸਥਾਵਾਂ ਨੂੰ ਬਨਾਉਣ ਅਤੇ ਢਾਉਣ ਨੂੰ ਬਹੁਤਾ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ. ਕਈ ਵਾਰੀ ਤਾਂ ਸੰਸਥਾਵਾਂ ਫ਼ਰਜੀ, ਕਾਗਜ਼ੀ ਜਾਂ ਬੇਲੋੜੀਆਂ ਵੀ ਹੁੰਦੀਆ ਹਨ, ਜਿਨਾਂ ਦਾ ਮਕਸਦ ਦੂਸਰਿਆਂ ਦੇ ਹਿੱਤਾਂ ਨੂੰ ਲਾਭ ਪਹੁੰਚਾਉਣਾ ਜਾਂ ਆਪਣਿਆਂ ਨੂੰ ਨੁਕਸਾਨ ਪਹੁੰਚਾਉਣਾ ਵੀ ਹੁੰਦਾ ਹੈ.

ਪਹਿਲਾਂ ਲੋਕ ਗਰੀਬ ਸਨ, ਪਰ ਵਫ਼ਾਦਾਰ, ਮੇਹਨਤੀ ਅਤੇ ਖੁੱਦਗਰਜ ਨਹੀਂ ਸਨ. ਹੁਣ ਸਾਰਾ ਦਾਰੋਮਦਾਰ ਸਵੈ ਹਿੱਤਾਂ ਦੀ ਪੂਰਤੀ ਲਈ ਹੀ ਕੀਤਾਂ ਜਾਂਦਾ ਹੈ. ਪਹਿਲਾਂ ਲੀਡਰ ਘੱਟ ਹੁੰਦੇ ਸਨ ਪਰ ਲੋਕਾਂ ਲਈ ਲੜਨ ਮਰਨ ਵਾਲੇ ਸਨ, ਇਸੇ ਲਈ ਉਹ ਲੋਕਾਂ ਦੇ ਵਿਸਵਾਸ ਪਾਤਰ ਸਨ, ਹੁਣ ਲੀਡਰ ਥੋੜੀਆਂ ਜਿਹੀਆਂ ਊਟਪਟਾਂਗ ਗੱਲਾਂ ਕਰਦਾ ਹੈ ,ਆਪਣੇ ਆਪ ਨੂੰ ਚਮਕਾਉਦਾ ਹੈ, ਲੋਕਾਂ ਨੂੰ ਗੁੰਮਰਾਹ ਕਰਦਾ ਹੈ ਅਤੇ ਕਿਸੇ ਨਾ ਕਿਸੇ ਪਾਰਟੀ ਵਿਚ ਸ਼ਾਮਲ ਹੋ ਜਾਂਦਾ ਹੈ, ਪਹਿਲਾਂ ਹਰ ਲੀਡਰ ਕਿਸੇ ਨਾ ਕਿਸੇ ਵਿਚਾਰਧਾਰਾ ਕਰਕੇ ਜਾਣਿਆ ਜਾਂਦਾ ਸੀ, ਹੁਣ ਵਿਚਾਰਧਾਰਾ ਦਾ ਪੂਰੀ ਤਰ੍ਹਾਂ ਭੋਗ ਪੈ ਗਿਆ ਹੈ. ਹੁਣ ਲੀਡਰ ਦਿਨ ਵਿਚ ਤਿੰਨ ਤਿੰਨ ਪਾਰਟੀਆਂ ਬਦਲ ਲੈਂਦੇ ਹਨ. ਇਕੋ ਪਰੀਵਾਰ ਦੇ ਮੈਂਬਰ ਅਲੱਗ ਅਲੱਗ ਪਾਰਟੀਆਂ ਦੇ ਮੈਂਬਰ ਹਨ. ਪਹਿਲਾਂ ਅਜਿਹੇ ਲੀਡਰਾਂ ਦੇ ਬਾਈਕਾਟ ਤੱਕ ਕੀਤੇ ਜਾਂਦੇ ਸਨ, ਹੁਣ ਲੋਕ ਗੱਲਾਂ ਕਰ ਛੱਡਦੇ ਹਨ. ਉਸ ਵੇਲੇ ਲੀਡਰ, ਲੋਕਾਂ ਅਤੇ ਪਾਰਟੀਆਂ ਦੇ ਆਪਸੀ ਗੂੜੇ ਸੰਬਧਾਂ ਕਰਕੇ ਹੀ ਵੱਡੀਆਂ ਵੱਡੀਆਂ ਮੁੰਹਿਮਾਂ, ਐਜ਼ੀਟੇਸਨਾਂ ਅਤੇ ਅੰਦੋਲਨ ਸਫ਼ਲ ਹੁੰਦੇ ਸਨ. ਲੋਕ ਮੁੱਦਿਆਂ ਮਹਿੰਗਾਈ, ਬੇਰੋਜ਼ਗਾਰੀ, ਤਨਖਾਹਾਂ ਜਾਂ ਦਿਹਾੜੀ ਵਧਾਉਣ ਲਈ ਧਰਨੇ, ਮੁਜ਼ਾਹਰੇ ਆਮ ਹੁੰਦੇ ਸਨ, ਹੁਣ ਮਹਿੰਗਾਈ ਨਾਲ ਸੱਭ ਪਿੱਸੇ ਜਾ ਰਹੇ ਹਨ, ਕੋਈ ਬੋਲਦਾ ਹੀ ਨਹੀਂ. ਸਰਕਾਰਾਂ ਵੀ ਕੰਮ ਦੇਣ ਦੀ ਬਜਾਏ, ਲੋਕਾਂ ਨੂੰ ਵਿਦਰੋਹ ਤੋਂ ਰੋਕ ਕੇ ਰੱਖਣ ਲਈ ਮੁਫ਼ਤ ਆਟਾ ਦਾਲ ਦੇ ਰਹੀ ਹੈ. ਪਹਿਲਾਂ ਸਰਕਾਰਾਂ ਲੋਕਾਂ ਨੂੰ ਦੇਸ਼ ਦੀ ਸਹੀ ਹਾਲਤ ਦੱਸ ਕੇ ਸਹਿਯੋਗ ਮੰਗਦੀਆਂ ਸਨ, ਹੁਣ ਅੰਕੜਿਆਂ ਨਾਲ ਖੇਡ ਕੇ ਭਾਰਤ ਨੂੰ ਵਿਸ਼ਵ ਤਾਕਤ ਬਣਾਇਆ ਜਾ ਰਿਹਾ ਹੈ.

ਸਾਡਾ ਵੇਲਾ ਪੂਰੀ ਤਰ੍ਹਾਂ ਚੰਗਾ ਨਹੀਂ ਸੀ, ਸਾਧਨਾਂ ਦੀ ਘਾਟ ਸੀ ਪਰ ਤਾਂ ਵੀ ਲੋਕਾਂ ਵਿਚ ਏਨੀ ਬੇਚੈਨੀ ਨਹੀਂ ਸੀ. ਲੁੱਟਾਂ ਖੋਹਾਂ ਤਾਂ ਹੁੰਦੀਆਂ ਸਨ, ਪਰ ਨੈਟ ਉੱਤੇ ਬੈਠ ਕੇ, ਖਾਤਿਆਂ ਵਿਚੋ ਪੈਸੇ ਨਹੀਂ ਕੱਢੇ ਜਾਂਦੇ ਸਨ, ਕਤਲ ਨਹੀਂ ਕਰਵਾਏ ਜਾਂਦੇ ਸਨ, ਬਦਮਾਸ਼ੀ ਵੀ ਚੰਗੇ ਕੰਮ ਲਈ ਕੀਤੀ ਜਾਂਦੀ ਸੀ. ਨਸ਼ਾ ਉਸ ਵੇਲੇ ਵੀ ਚੱਲਦਾ ਸੀ, ਜਿਆਦਾਤਰ ਸ਼ਰਾਬ  ਡੋਡੇ, ਅਫ਼ੀਮ ਹੁੰਦੀ ਸੀ ਜੋ ਏਨੀ ਮਾਰੂ ਨਹੀਂ ਸੀ ਜਿਨੀ ਮਾਰੂ ਹਿਰੋਇਨ ਜਾਂ ਚਿੱਟਾ, ਗੋਲੀਆਂ , ਕੈਪਸੂਲ ਹਨ ਜਿਨ੍ਹਾਂ ਦੀ ਤੋਟ ਤੇ ਪੈਸੇ ਨਾ ਹੋਣ ਕਰਕੇ ਲੁੱਟਾਂ ਖੋਹਾਂ ਆਮ ਹੋ ਗਈਆਂ ਹਨ. ਇਥੋਂ ਤੱਕ ਕਿ ਨਸ਼ੇ ਲਈ ਪੈਸੇ ਨਾ ਦੇਣ ਕਰਕੇ ਮਾਂ ਪਿਉ ਦਾ ਕਤਲ ਤੱਕ ਕਰ ਦਿੱਤਾ ਜਾਂਦਾ ਹੈ. ਉਦੋੰ ਦੁਸਮਣੀਆਂ ਲੰਬੀਆਂ ਚੱਲਦੀਆਂ ਸਨ, ਕਈ ਪੀੜੀਆਂ ਕਚੈਹਿਰੀ ਵਿਚ ਮੁਕੱਦਮੇ ਭੁਗਤਦੀਆਂ ਸਨ ਹੁਣ ਵਾਂਗ ਨਹੀਂ ਪੈਸੇ ਦੇ ਕੇ ਕਤਲ ਕਰਵਾ ਦਿਓ. ਲੋਕ ਭੀੜ ਦੀ ਸ਼ਕਲ ਵਿਚ ਜਿਸਨੂੰ ਮਰਜ਼ੀ ਮਾਰ ਦੇਣ. ਭੀੜ ਨੂੰ ਭੜਕਾ ਕੇ ਕਿਸੇ ਕੌਮ ਦਾ ਸਮੂਲ ਨਾਸ਼ ਕਰਨ ਲਈ ਨਿਕਲ ਪਵੋ ਅਤੇ ਅਮਨੁੱਖੀ ਤੇ ਦਰਿੰਦਗੀ ਨਾਲ ਬੱਚਿਆਂ ਅਤੇ ਅੌਰਤਾਂ ਨੂੰ ਵੀ ਨਾ ਬਖਸ਼ੋ. ਨੈਤਿਕਤਾ ਨਾ ਪਰਿਵਾਰ ਵਿਚ ਨਾ ਸਮਾਜ ਵਿਚ ਅਜੇ ਮਰੀ ਨਹੀਂ ਸੀ. ਮਨੁੱਖ ਹਵਸ ਦਾ ਏਨਾ ਸ਼ਿਕਾਰ ਨਹੀਂ ਜਿੱਨਾ ਅੱਜ ਹੈ. ਅੱਜ ਤਾਂ ਬਾਪ ਆਪਣੀ ਧੀ ਤੱਕ ਨੂੰ ਨਹੀਂ ਬਖਸ਼ਦਾ ਬਾਕੀ ਗੱਲਾਂ ਤਾਂ ਛੱਡੋ!

ਭਾਵੇਂ ਸਾਡੇ ਵੇਲੇ ਅੈਮਰਜੰਸੀ ਲੱਗੀ ਸੀ. ਵਿਰੋਧੀਆਂ ਨੂੰ ਜੇਲ੍ਹਾਂ ਵਿਚ ਬੰਦ ਕੀਤਾ ਗਿਆ ਸੀ.ਲੋਕਤੰਤਰ ਉਸ ਵੇਲੇ ਵੀ ਖਤਰੇ ਵਿਚ ਸੀ, ਉਦੋਂ ਖਤਰਾ ਦਿਖਾਈ ਦਿੰਦਾ ਸੀ ,ਅੱਜ ਖਤਰਾ ਪਹਿਲਾਂ ਨਾਲੋ ਜਿਆਦਾ ਹੈ ਪਰ ਦਿਖਾਈ ਨਹੀਂ ਦੇ ਰਿਹਾ. ਉਪਰੋ ਉਪਰੋ ਸੱਭ ਕੁੱਝ ਠੀਕ ਲੱਗ ਰਿਹਾ ਹੈ. ਧਰਤੀ ਦੇ ਥੱਲੇ ਜਵਾਲਾਮੁੱਖੀ ਧੱਦਕ ਰਿਹਾ ਹੈ. ਭਾਰਤ ਦੇ ਇਤਿਹਾਸ ਵਿਚ ਇਹ ਦੂਜਾ ਮੌਕਾ ਹੈ ਜਦੋ ਧਾਰਮਿਕ ਜਨੂੰਨ ਚਰਮ ਸੀਮਾਂ ਉੱਤੇ ਹੈ, ਧਰਮਨਿਰਪੱਖਤਾ ਦੇ ਮਤਲਬ ਬਦਲ ਗਏ ਹਨ, ਸਮਾਜਵਾਦ ਨੂੰ ਨਕਾਰਿਆ ਜਾ ਰਿਹਾ ਹੈ, ਨਿਜ਼ੀਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ, ਸਰਕਾਰੀ ਅਦਾਰਿਆ ਨੂੰ ਪਰਾਈਵੇਟ ਕੀਤਾ ਜਾ ਰਿਹਾ ਹੈ. ਸਾਡੇ ਵੇਲੇ ਅਜਿਹਾ ਨਹੀਂ ਸੀ. ਅੱਜ ਮੇਰੀ ਉਮਰ 68 ਸਾਲ ਹੋ ਚੁੱਕੀ ਹੈ. ਉਮਰ ਦੇ ਇਸ ਕਾਲ ਖੰਡ ਵਿਚ ਸਿਰਫ਼ ਏਨਾ ਹੀ ਨਹੀਂ ਵਾਪਰਿਆ, ਹੋਰ ਵੀ ਬਹੁਤ ਕੁੱਝ ਹੈ, ਦੱਸਣ ਲਈ ਪਰ ਅੱਜ ਤਾਂ ਐਵੇ ਆਪਣੇ ਵੇਲੇ ਦੀ ਮਿਸ਼ਨਰੀ ਭਾਵਨਾ ਹੀ ਦੱਸਣੀ ਚਾਹੁੰਦਾ ਸੀ, ਪਰ ਲਿਖਦੇ ਸਮੇਂ ਕਈ ਹੋਰ ਗੱਲਾਂ ਨਾਲ ਜੁੜ ਗਈਆਂ. ਗੁਸ਼ਤਾਫ਼ੀ ਮਾਫ਼ !!

ਬਦਲਾਓ ਕੁਦਰਤ ਦਾ ਨਿਯਮ ਹੈ. ਸਮੇਂ ਦੀਆਂ ਲੋੜਾਂ ਮੁਤਾਬਕ ਬਦਲਾਓ ਜਰੂਰੀ ਵੀ ਹੁੰਦਾ ਹੈ ਪਰ ਬੇਵਜ੍ਹਾਂ ਤੇ ਸਵੈਹਿੱਤਾਂ ਦੀ ਪੂਰਤੀ ਕੀਤਾ ਗਿਆ ਬਦਲਾਓ, ਵਿਰੋਧ ਦਾ ਕਾਰਨ ਬਣਦਾ ਹੈ, ਉਹ ਵਿਰੋਧ ਭਾਵੇਂ ਮਨੁੱਖ ਵਲੋਂ ਹੋਵੇ ਜਾਂ ਕੁਦਰਤ ਵਲੋਂ, ਗਲਤ ਨੂੰ ਠੀਕ ਕਰ ਹੀ ਦਿੰਦਾ ਹੈ.

Previous articleED discussing with CBI, NIA ways to get Shahjahan in central agency custody: Sources
Next articleਪਿੰਡ ਰਹਿਪਾ ਵਿਖੇ ਨਗਰ ਕੀਰਤਨ 2 ਮਾਰਚ ਨੂੰ