ਕੈਮਰੇ ਅਤੇ ਡੀ.ਵੀ.ਡੀ.ਆਰ ਵੀ ਲੈ ਚੋਰ ਨਾਲ ਹੀ ਲੈ ਗਏ
ਕਪੂਰਥਲਾ ,( ਕੌੜਾ ) – ਆਏ ਦਿਨ ਇਲਾਕੇ ਅੰਦਰ ਚੋਰੀ ਅਤੇ ਲੁੱਟ ਖੋਹ ਦੀਆਂ ਹੋ ਰਹੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਇਹ ਚੋਰੀ ਅਤੇ ਲੁੱਟ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ।ਅਜਿਹੀ ਹੀ ਇੱਕ ਘਟਨਾ ਬੀਤੀ ਰਾਤ ਗੁਰਦੁਆਰਾ ਸਮਾਧ ਬਾਬਾ ਦਰਬਾਰਾ ਸਿੰਘ ਜੀ ਦੇ ਨੇੜੇ ਸਥਿਤ ਜੰਮੂ ਕਰਿਆਨਾ ਸਟੋਰ ਬੂਲਪੁਰ ਤੇ ਵਾਪਰੀ ਜਿੱਥੇ ਚੋਰਾਂ ਨੇ ਬੇਖੌਫ ਹੋ ਕੇ 60 ਹਜ਼ਾਰ ਦੇ ਕਰੀਬ ਨਗਦੀ ਅਤੇ ਘਿਓ,ਡਰਾਈ ਫਰੂਟ ਤੇ ਹੋਰ ਕਰਿਆਨੇ ਦਾ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜੰਮੂ ਕਰਿਆਨਾ ਸਟੋਰ ਬੂਲਪੁਰ ਦੇ ਮਾਲਕ ਸੁਰਿੰਦਰ ਸਿੰਘ ਅਤੇ ਲਖਬੀਰ ਸਿੰਘ ਨੇ ਦੱਸਿਆ ਕਿ ਐਤਵਾਰ ਸਵੇਰ 7 ਵਜੇ ਜਦੋਂ ਉਨ੍ਹਾਂ ਨੇ ਦੁਕਾਨ ਖੋਲੀ ਤਾਂ ਗੱਲੇ ਵਿੱਚ ਪੈਸੇ ਨਾ ਹੋਣ ਕਰਕੇ ਉਹ ਹੱਕੇ ਬੱਕੇ ਰਹਿ ਗਏ।
ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਦੁਕਾਨ ਵਿੱਚ ਲੱਗੇ ਕੈਮਰਿਆਂ ਰਾਹੀਂ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੰਦਰ ਲੱਗੇ ਕੈਮਰੇ ਅਤੇ ਡੀ.ਵੀ.ਡੀ ਆਰ ਵੀ ਗੁੰਮ ਸੀ। ਦੁਕਾਨ ਵਿੱਚ ਪਏ ਦੀ ਸਾਮਾਨ ਦੀ ਜਾਂਚ ਕੀਤੀ ਤਾਂ ਉਸ ਵਿੱਚ ਡਰਾਈ ਫਰੂਟ, ਘਿਓ ਅਤੇ ਹੋਰ ਕੀਮਤੀ ਸਾਮਾਨ ਵੱਡੀ ਮਾਤਰਾ ਵਿੱਚ ਗ਼ਾਇਬ ਸਨ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਆਲਾ ਦੁਆਲਾ ਦੇਖਿਆ ਤਾਂ ਛੱਤ ਦੇ ਉੱਪਰ ਲੱਗਾ ਹੋਇਆ ਦਰਵਾਜ਼ਾ ਟੁੱਟਾ ਹੋਇਆ ਨਜ਼ਰ ਆਇਆ। ਉਨ੍ਹਾਂ ਦੱਸਿਆ ਕਿ ਜਾਂਚ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਸਟੋਰ ਦੇ ਸਾਹਮਣੇ ਬਿਲਕੁਲ ਨਾਲ ਲੱਗਦਾ ਇੱਕ ਦਰੱਖਤ ਹੈ ਜਿਸ ਰਾਹੀਂ ਚੋਰ ਛੱਤ ਤੇ ਚੜ੍ਹ ਗਏ। ਜਿਸ ਤੋਂ ਬਾਅਦ ਉਨ੍ਹਾਂ ਨੇ ਦਰਵਾਜ਼ੇ ਦੀ ਚਾਦਰ ਤੋੜ ਕੇ ਪੋੜੀਆਂ ਰਾਹੀਂ ਅੰਦਰ ਉੱਤਰ ਗਏ ਅਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ।ਮੌਕੇ ਤੇ ਦੇਖਿਆ ਕਿ ਛੱਤ ਉਪਰ ਚੋਰਾਂ ਦੇ ਪੈਰਾਂ ਦੇ ਨਿਸ਼ਾਨ ਲੱਗੇ ਹੋਏ ਸਨ। ਚੋਰਾਂ ਨੇ ਛੱਤ ਉਪਰ ਖੜ੍ਹੇ ਹੋ ਕੇ ਸਟੋਰ ਦੀ ਕੰਧ ਵਿੱਚ ਲੱਗੇ ਐਗਜ਼ਾਸਟ ਫੈਨ ਨੂੰ ਤੋੜ ਕੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਉਹ ਉਸ ਵਿੱਚ ਸਫਲ ਨਹੀਂ ਹੋ ਸਕੇ। ਜਿਸ ਤੋਂ ਬਾਅਦ ਉਨ੍ਹਾਂ ਨੇ ਦਰਵਾਜ਼ੇ ਦੀ ਚਾਦਰ ਨੂੰ ਪੁੱਟਿਆ।ਇਸ ਮੌਕੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਐਤਵਾਰ ਹੋਣ ਕਰਕੇ ਸੰਗਤਾਂ ਸਵੇਰੇ 3.30 ਵਜੇ ਦੇ ਕਰੀਬ ਗੁਰਦੁਆਰਾ ਸਮਾਧ ਬਾਬਾ ਦਰਬਾਰਾ ਸਿੰਘ ਵਿਖੇ ਨਤਮਸਤਕ ਹੋਣ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਸੜਕ ਉੱਪਰ ਚਹਿਲ ਪਹਿਲ ਰਹਿੰਦੀ ਹੈ।ਇਹ ਘਟਨਾ 12 ਤੋਂ 2 ਵਜੇ ਦੇ ਕਰੀਬ ਹੋ ਸਕਦੀ ਹੈ। ਉੱਧਰ ਪੁਲਿਸ ਥਾਣਾ ਤਲਵੰਡੀ ਚੌਧਰੀਆਂ ਦੇ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਗਈ ਹੈ।ਏ.ਐਸ ਆਈ ਮਨਜੀਤ ਸਿੰਘ ਨੇ ਦੱਸਿਆ ਕਿ ਆਲ਼ੇ ਦੁਆਲ਼ੇ ਲੱਗੇ ਸੀ.ਸੀ.ਟੀ .ਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਲਦ ਹੀ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉੱਧਰ ਕਿਸਾਨ ਆਗੂ ਜਥੇਦਾਰ ਸਰਵਨ ਸਿੰਘ ਚੰਦੀ, ਚਰਨਜੀਤ ਸਿੰਘ ਮੋਮੀ, ਕਾਮਰੇਡ ਸੁਰਜੀਤ ਸਿੰਘ ਠੱਟਾ, ਕਾਮਰੇਡ ਮਦਨ ਲਾਲ ਕੰਡਾ, ਕਿਸਾਨ ਆਗੂ ਅਮਰਜੀਤ ਸਿੰਘ ਟਿੱਬਾ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਰਾਤ ਸਮੇਂ ਗਸ਼ਤ ਵਧਾਈ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly