ਇਹ ਚੋਣਾਂ ਲੋਕਤੰਤਰ ਨੂੰ ਬਚਾਉਣ ਲਈ ਨੇ: ਅਖਿਲੇਸ਼ ਯਾਦਵ

ਪ੍ਰਯਾਗਰਾਜ (ਸਮਾਜ ਵੀਕਲੀ):  ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਇਹ ਚੋਣਾਂ ਕੋਈ ਸਾਧਾਰਨ ਚੋਣਾਂ ਨਹੀਂ ਹਨ। ਇਹ ਲੋਕਤੰਤਰ ਨੂੰ ਬਚਾਉਣ ਅਤੇ ਉੱਤਰ ਪ੍ਰਦੇਸ਼ ਦੀ ਕਿਸਮਤ ਬਦਲਣ ਵਾਲੀਆਂ ਵੋਟਾਂ ਹਨ।

ਸ਼ਹਿਰ ਤੋਂ ਕਰੀਬ ਤੀਹ ਕਿਲੋਮੀਟਰ ਦੂਰ ਭੀਰਪੁਰ ’ਚ ਯਮੁਨਾਪਾਰ ਕਰਚਨਾ ਵਿਧਾਨ ਸਭਾ ਹਲਕੇ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਯਾਦਵ ਨੇ ਕਿਹਾ ਕਿ ਉਹ ਸਮਾਜਵਾਦੀ ਪਾਰਟੀ ਦਾ ਚੋਣ ਮਨੋਰਥ ਪੱਤਰ ਲਾਗੂ ਕਰਨ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਜਦੋਂ ਤੋਂ ਭਾਜਪਾ ਸੱਤਾ ਵਿਚ ਆਈ ਹੈ, ਸੂਬੇ ਵਿਚ ਮਹਿੰਗਾਈ ਅਤੇ ਬੇਰੁਜ਼ਗਾਰੀ ਵਿਚ ਵਾਧਾ ਹੋਇਆ ਹੈ। ਭਾਜਪਾ ਆਗੂਆਂ ਬਾਰੇ ਗੱਲ ਕਰਦਿਆਂ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦਾ ਛੋਟਾ ਆਗੂ ਛੋਟਾ ਝੂਠ ਬੋਲਦਾ ਹੈ, ਵੱਡੇ ਆਗੂ ਵੱਡਾ ਝੂਠ ਬੋਲਦੇ ਹਨ, ਜੋ ਸਿਖਰਲੇ ਆਗੂ ਹਨ ਉਹ ਸਭ ਤੋਂ ਵੱਡਾ ਝੂਠ ਬੋਲਦੇ ਹਨ। ਉਨ੍ਹਾਂ ਰੈਲੀ ਵਿਚ ਪੁੱਜੇ ਹੋਏ ਬੀਐਡ ਅਤੇ ਟੈਟ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿੰਨੀ ਵਾਰ ਉਨ੍ਹਾਂ ਦੇ ਪੇਪਰ ਰੱਦ ਹੋਏ ਜਿਸ ਨਾਲ ਰੁਜ਼ਗਾਰ ਪ੍ਰਭਾਵਿਤ ਹੋਇਆ। ਸਮਾਜਵਾਦੀ ਪਾਰਟੀ ਸਿੱਖਿਆ ਵਿਭਾਗ ਵਿਚ ਵੱਡੇ ਪੱਧਰ ’ਤੇ ਨੌਕਰੀਆਂ ਦੇਵੇਗੀ। ਉਨ੍ਹਾਂ ਵਾਅਦਾ ਕੀਤਾ ਕਿ ਜੇ ਉਨ੍ਹਾਂ ਦੀ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਖਾਲੀ ਪੋਸਟਾਂ ਭਰੀਆਂ ਜਾਣਗੀਆਂ ਜਿਸ ਨਾਲ ਨੌਜਵਾਨਾਂ ਨੂੰ ਵੱਡੇ ਪੱਧਰ ’ਤੇ ਨੌਕਰੀਆਂ ਮਿਲਣਗੀਆਂ। ਇਸ ਦੌਰਾਨ ਯਾਦਵ ਨੇ ਕਿਹਾ ਕਿ ਭਾਜਪਾ ਦੇ ਰਾਜ ਵਿਚ ਬਾਬਾ (ਅਦਿਤਿਆਨਾਥ) ਵੱਖ ਵੱਖ ਸਕੀਮਾਂ ਦੇ ਨਾਂ ਬਦਲ ਦੇ ਵਿਕਾਸ ਦੇ ਦਾਅਵੇ ਕਰ ਰਿਹਾ ਹੈ। ਇਸੇ ਦੌਰਾਨ ਕਈ ਅੰਗਰੇਜ਼ੀ ਅਖਬਾਰਾਂ ਨੇ ਉਸ ਦਾ ਨਾਂ ਹੀ ‘ਬਾਬਾ ਬੁਲਡੋਜ਼ਰ’ ਬਦਲ ਦਿੱਤਾ ਹੈ।

ਰੈਲੀ ਦੇ ਸ਼ੁਰੂ ਵਿਚ ਭੀੜ ਕੰਟਰੋਲ ਤੋਂ ਬਾਹਰ ਹੋ ਗਈ ਸੀ। ਭੀੜ ਨੇ ਬੈਰੀਕੇਡ ਤੋੜ ਦਿੱਤੇ ਅਤੇ ਸਟੇਜ ਦੇ ਨੇੜੇ ਤਕ ਪਹੁੰਚ ਗਈ। ਇਸੇ ਦੌਰਾਨ ਜਦੋਂ ਯਾਦਵ ਦਾ ਹੈਲੀਕਾਪਟਰ ਪੁੱਜਾ ਤਾਂ ਉੱਥੇ ਵੱਡੀ ਭੀੜ ਇਕੱਠੀ ਹੋ ਗਈ ਜਿਸ ਨੂੰ ਖਦੇੜਨ ਲਈ ਪੁਲੀਸ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੋਟਾਂ ਪੈਂਦਿਆਂ ਹੀ ਸਿੱਧੂ ਖ਼ਿਲਾਫ਼ ਆਪਣਿਆਂ ਨੇ ਚੁੱਪ ਤੋੜੀ
Next articleਅਮਰੀਕਾ ਵੱਲੋਂ ਰੂਸ ਖ਼ਿਲਾਫ਼ ਪਾਬੰਦੀਆਂ ਲਾਉਣ ਦੇ ਸੰਕੇਤ