ਵੋਟਾਂ ਪੈਂਦਿਆਂ ਹੀ ਸਿੱਧੂ ਖ਼ਿਲਾਫ਼ ਆਪਣਿਆਂ ਨੇ ਚੁੱਪ ਤੋੜੀ

ਅੰਮ੍ਰਿਤਸਰ (ਸਮਾਜ ਵੀਕਲੀ):  ਪੰਜਾਬ ਵਿਧਾਨ ਸਭਾ ਲਈ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋਣ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੁਣ ਆਪਣਿਆਂ ਦੇ ਹੀ ਨਿਸ਼ਾਨੇ ’ਤੇ ਆ ਗਏ ਹਨ, ਜੋ ਉਨ੍ਹਾਂ ਦੀ ਬੋਲਬਾਣੀ ’ਤੇ ਇਤਰਾਜ਼ ਕਰ ਰਹੇ ਹਨ। ਅੱਜ ਇੱਥੇ ਮੀਡੀਆ ਨਾਲ ਗੱਲ ਕਰਦਿਆਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸ੍ਰੀ ਸਿੱਧੂ ਦੀ ਬੋਲਬਾਣੀ ਕਾਰਨ ਨਾ ਸਿਰਫ ਹਲਕੇ ਦੇ ਲੋਕ ਸਗੋਂ ਹਲਕੇ ਵਿੱਚ ਕੰਮ ਕਰਦੇ ਕਾਂਗਰਸੀ ਆਗੂ ਵੀ ਨਿਰਾਸ਼ ਸਨ, ਜੋ ਇਸੇ ਕਾਰਨ ਕਾਂਗਰਸ ਛੱਡ ਕੇ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਵੀ ਹਰੇਕ ਵਰਕਰ ਅਤੇ ਆਗੂ ਮਾਣ ਸਨਮਾਨ ਚਾਹੁੰਦਾ ਹੈ, ਕੋਈ ਵੀ ਬੇਇੱਜ਼ਤ ਨਹੀਂ ਹੋਣਾ ਚਾਹੁੰਦਾ। ਸ੍ਰੀ ਔਜਲਾ ਨੇ ਕਿਹਾ ਕਿ ਕੋਈ ਵੱਡਾ ਹੋਵੇ ਜਾਂ ਛੋਟਾ, ਹਰੇਕ ਲਈ ਮਾਣ-ਸਨਮਾਨ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਪੂਰਬੀ ਹਲਕੇ ਵਿੱਚ ਵਧੇਰੇ ਲੋਕ ਵਿਰੋਧੀ ਉਮੀਦਵਾਰਾਂ ਦੇ ਨਾਲ ਤੁਰੇ ਹਨ, ਜਿਸ ਕਾਰਨ ਕਾਂਗਰਸੀ ਉਮੀਦਵਾਰ ਪੱਛੜਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਜੋ ਲੋਕ ਚੁੱਪ ਰਹੇ ਹਨ, ਉਨ੍ਹਾਂ ਦੀ ਵੋਟ ਕਿਸੇ ਪਾਸੇ ਵੀ ਜਾ ਸਕਦੀ ਹੈ।

ਸ੍ਰ੍ਰੀ ਔਜਲਾ ਨੇ ਕਿਹਾ ਕਿ ਸ੍ਰੀ ਸਿੱਧੂ ਇੱਕ ਕੌਮੀ ਪੱਧਰ ਦੇ ਆਗੂ ਹਨ ਅਤੇ ਆਪਣੇ ਰੁਝੇਵਿਆਂ ਕਾਰਨ ਉਹ ਹਲਕੇ ਵਿੱਚ ਵੀ ਵਧੇਰੇ ਨਹੀਂ ਜਾ ਸਕੇ, ਜਿਸ ਕਾਰਨ ਵੀ ਲੋਕ ਉਨ੍ਹਾਂ ਨਾਲ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਲਈ ਸ੍ਰੀ ਸਿੱਧੂ ਕੋਲੋਂ ਪ੍ਰੋਗਰਾਮ ਪੁੱਛਿਆ ਗਿਆ ਸੀ ਪਰ ਉਨ੍ਹਾਂ ਕੋਈ ਪ੍ਰੋਗਰਾਮ ਨਹੀਂ ਦਿੱਤਾ।

ਸ੍ਰੀ ਔਜਲਾ ਨੇ ਆਪਣੀ ਇਹ ਨਾਰਾਜ਼ਗੀ ਵੋਟਾਂ ਪਾਉਣ ਦਾ ਕੰਮ ਖਤਮ ਹੋਣ ਮਗਰੋਂ ਜਨਤਕ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਨਹੀਂ ਚਾਹੁੰਦੇ ਸਨ ਕਿ ਸ੍ਰੀ ਸਿੱਧੂ ਦੇ ਚੋਣ ਪ੍ਰਚਾਰ ’ਤੇ ਕੋਈ ਮਾੜਾ ਅਸਰ ਪਵੇ।

ਚੋਣਾਂ ਦੌਰਾਨ ਚੋਣ ਪ੍ਰਬੰਧਕ ਕਮੇਟੀ ਦੇ ਮੁਖੀ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਇੱਥੇ ਨਾਰਾਜ਼ ਕਾਂਗਰਸੀਆਂ ਨੂੰ ਮਨਾਉਣ ਲਈ ਵੀ ਆਏ ਸਨ। ਉਨ੍ਹਾਂ ਨੇ ਸੰਸਦ ਮੈਂਬਰ ਸ੍ਰੀ ਔਜਲਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ, ਮੇਅਰ ਕਰਮਜੀਤ ਸਿੰਘ ਰਿੰਟੂ ਤੇ ਹੋਰਨਾਂ ਨਾਲ ਮੀਟਿੰਗ ਵੀ ਕੀਤੀ ਸੀ ਪਰ ਇਸ ਮੀਟਿੰਗ ਮਗਰੋਂ ਵੀ ਨਵਜੋਤ ਸਿੱਧੂ ਨਾਲ ਨਾਰਾਜ਼ ਕਾਂਗਰਸੀ ਉਨ੍ਹਾਂ ਨਾਲ ਨਹੀਂ ਤੁਰੇ ਸਨ, ਸਗੋਂ ਮੇਅਰ ਕਰਮਜੀਤ ਸਿੰਘ ਰਿੰਟੂ ਤਾਂ ਪਾਰਟੀ ਛੱਡ ਕੇ ‘ਆਪ’ ਵਿੱਚ ਚਲੇ ਗਏ ਸੀ।

ਇਸੇ ਤਰ੍ਹਾਂ ਪੂਰਬੀ ਹਲਕੇ ਦੇ ਕਈ ਮੌਜੂਦਾ ਕੌਂਸਲਰ ਵੀ ਸ੍ਰੀ ਸਿੱਧੂ ਦਾ ਸਾਥ ਛੱਡ ਗਏ ਸਨ, ਜਿਨ੍ਹਾਂ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੀ ਪ੍ਰਧਾਨ ਅਤੇ ਕੌਂਸਲਰ ਜਤਿੰਦਰ ਸੋਨੀਆ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਈ। ਸਮੁੱਚੇ ਚੋਣ ਪ੍ਰਚਾਰ ਦੌਰਾਨ ਸ੍ਰੀ ਸਿੱਧੂ ਨੇ ਆਪਣੇ ਵਿਰੋਧੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤੀ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ ਦੇ ਨਿਸ਼ਾਨੇ ’ਤੇ ਰਹੇ ਅਤੇ ਅਜਿਹੀ ਹੀ ਸ਼ਬਦਾਵਲੀ ਉਨ੍ਹਾਂ ਖ਼ਿਲਾਫ਼ ਵੀ ਵਰਤੀ ਗਈ। ਸ੍ਰੀ ਸਿੱਧੂ ਦੀ ਅਜਿਹੀ ਬੋਲਬਾਣੀ ਹਲਕੇ ਦੇ ਲੋਕਾਂ ਨੂੰ ਵੀ ਠੀਕ ਨਹੀਂ ਲੱਗੀ। ਲੋਕਾਂ ਵਿੱਚ ਉਨ੍ਹਾਂ ਦੀ ਬੋਲਬਾਣੀ, ਗੈਰਹਾਜ਼ਰੀ ਅਤੇ ਕੰਮ ਨਾ ਹੋਣਾ ਇਤਰਾਜ਼ ਦੇ ਮੁੱਖ ਕਾਰਨ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਆਪ’ ਦੀ ਸਰਕਾਰ ਬਣਨ ਤੋਂ ਰੋਕਣ ਲਈ ਭਾਜਪਾ, ਬਾਦਲ ਅਤੇ ਕੈਪਟਨ ਇਕਜੁੱਟ ਹੋਏ: ਭਗਵੰਤ ਮਾਨ
Next articleਇਹ ਚੋਣਾਂ ਲੋਕਤੰਤਰ ਨੂੰ ਬਚਾਉਣ ਲਈ ਨੇ: ਅਖਿਲੇਸ਼ ਯਾਦਵ